ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਚੋਣ ਦੀ ਆਜ਼ਾਦੀ ਦਾ ਮਹੱਤਵ

Posted On December - 19 - 2018

ਚੋਣ ਦੀ ਆਜ਼ਾਦੀ ਦਾ ਮਹੱਤਵ ਕੀ ਹੁੰਦਾ ਹੈ? ਖ਼ੁਦ ਲਈ ਕੋਈ ਵੀ ਫ਼ੈਸਲਾ ਕਰ ਸਕਣਾ, ਕਿਉਂ ਜ਼ਰੂਰੀ ਹੈ? ਸਾਨੂੰ ਇਹ ਗੱਲ ਲੰਮਾ ਸਮਾਂ ਸਮਝ ਨਹੀਂ ਆਈ। ਜੇ ਹੁਣ ਅਜੋਕੀ ਪੀੜ੍ਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਵੱਡਿਆਂ ਦੇ ਮਨ ਵਿਚ ਤਕਲੀਫ ਉੱਸਲਵੱਟੇ ਲੈਂਦੀ ਹੈ। ਭਾਰਤੀ ਲੋਕ ਇਹ ਸੋਚਦੇ ਹਨ ਕਿ ਦਿਮਾਗ ਖ਼ਾਸ ਤਰ੍ਹਾਂ ਦਾ ਆਗਿਆਪਾਲਕ ਹੁੰਦਾ ਹੈ। ਉਸ ਆਗਿਆਪਾਲਕ ਮਨ ਅਤੇ ਦਿਮਾਗ ਦੀ ਪਰਿਭਾਸ਼ਾ ਹੈ, ਮਾਂ-ਪਿਉ ਦੀ ਹਰ, ਹਰ ਮਤਲਬ ਹਰ ਗੱਲ ਮੰਨਣ ਵਾਲਾ, ਆਪਣੇ ਦਿਮਾਗ ਤੋਂ ਕੰਮ ਨਾ ਲੈ ਕੇ ਪਾਈ ਗਈ ਲੀਹ ਉਤੇ ਤੁਰਨ ਵਾਲਾ, ਖ਼ੁਦ ਦੀ ਇੱਛਾ ਦਾ ਤਿਆਗ ਕਰਕੇ ਉਨ੍ਹਾਂ ਦੀ ਪਸੰਦ ਅਨੁਸਾਰ ਪੜ੍ਹਾਈ ਲਿਖਾਈ ਕਰਨ, ਨੌਕਰੀ ਚੁਣਨ, ਰਿਸ਼ਤੇ ਬਣਾਉਣ, ਕੱਪੜੇ ਪਾਉਣ ਜਾਂ ਖਾਣ-ਪੀਣ ਵਾਲਾ ਹੀ ਆਗਿਆਕਾਰ ਕਹਾਉਣ ਦਾ ਹੱਕਦਾਰ ਹੈ। ਕੀ ਆਗਿਆਕਾਰੀ ਦੀ ਇਹ ਪਰਿਭਾਸ਼ਾ ਸਹੀ ਹੈ? ਕੀ ਅਜੋਕੇ ਸਮੇਂ ਵਿਚ ਇਸ ਨੂੰ ਇੰਨ-ਬਿੰਨ ਮੰਨਿਆ ਜਾਣਾ ਠੀਕ ਹੈ?
ਸਾਡਾ ਭਾਈਚਾਰਾ ਭੌਤਿਕ ਬਦਲਾਅ ਨੂੰ ਤਾਂ ਸਹਿਜੇ ਹੀ ਪ੍ਰਵਾਨ ਕਰ ਲੈਂਦਾ ਹੈ, ਪਰ ਵਿਚਾਰਾਤਮਕ ਪੱਖੋਂ ਅਸੀਂ ਖੜੋਤ ਦਾ ਸ਼ਿਕਾਰ ਹੋਏ ਹਾਂ। ਹੈਰਾਨੀ ਦੀ ਗੱਲ ਹੈ ਕਿ ਜੇ ਨੌਜਵਾਨ ਆਪਣੀ ਪਸੰਦ ਦਾ ਕੁਝ ਕਰਦੇ ਹਨ ਤਾਂ ਬਹੁਤੀ ਵਾਰ ਮਾਂ-ਪਿਉ ਦੇ ਸਨਮਾਨ ਨੂੰ ਠੇਸ ਲੱਗ ਸਕਦੀ ਹੈ। ਨੌਜਵਾਨਾਂ ਦੀਆਂ ਮਨਮਰਜ਼ੀਆਂ ਤੋਂ ਸਮਾਜ ਨੂੰ ਡਰ ਪੈਦਾ ਹੁੰਦਾ ਹੈ, ਕਿਉਂ? ਖ਼ੁਦ ਕੀਤੇ ਗ਼ਲਤ ਫ਼ੈਸਲੇ ਤੋਂ ਡਰ ਕੇ ਸਾਨੂੰ ਕੋਈ ਵੀ ਫ਼ੈਸਲਾ ਕਰਨ ਦੇ ਅਧਿਕਾਰ ਤੋਂ ਵਾਂਝਾ ਕਿਉਂ ਰੱਖਿਆ ਜਾਂਦਾ ਹੈ? ਸਾਡੇ ਸਮਾਜ ਵਿਚ ‘ਨਿੱਜੀ ਚੋਣ’ ਜਿਹੀ ਕਿਸੇ ਵਸਤੂ ਦੀ ਹੋਂਦ ਕਿਉਂ ਨਹੀਂ ਹੈ ? ਸਾਨੂੰ ਫ਼ੈਸਲੇ ਲੈਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਬਿਨਾਂ ਇਸ ਡਰ ਤੋਂ ਕਿ ਫ਼ੈਸਲੇ ਦਾ ਨਤੀਜਾ ਸਹੀ ਹੋਵੇਗਾ ਜਾਂ ਨਹੀਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕੁਝ ਗ਼ਲਤ ਫ਼ੈਸਲੇ ਸਹੀ ਫ਼ੈਸਲਿਆਂ ਦੀ ਪਿੱਠਭੂਮੀ ਬਣੇ ਖੜ੍ਹੇ ਹੁੰਦੇ ਹਨ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵੱਡਿਆਂ ਦੇ ਸਾਰੇ ਫ਼ੈਸਲੇ ਸਹੀ ਨਹੀਂ ਹੁੰਦੇ ਤੇ ਛੋਟਿਆਂ ਦੇ ਸਾਰੇ ਫ਼ੈਸਲੇ ਗ਼ਲਤ ਨਹੀਂ ਹੁੰਦੇ। ਅਸੀਂ ਇਕ-ਦੂਜੇ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ। ਕਾਰਨ? ਬਜ਼ੁਰਗ ਇਹ ਸੋਚਦੇ ਹਨ ਕਿ ਅਸੀਂ ਵੱਡੇ ਹਾਂ, ਸਾਡਾ ਤਜਰਬਾ ਜ਼ਿਆਦਾ ਹੈ ਤਾਂ, ਛੋਟਿਆਂ ਨੂੰ ਸਿਰਫ਼ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ, ਪਰ ਮੈਂ ਇਸ ਨਾਲ ਸਹਿਮਤੀ ਨਹੀਂ ਹੈ, ਕਿਉਂਕਿ ਵੱਡਿਆਂ ਤੋਂ ਵੀ ਭੁੱਲਾਂ ਹੁੰਦੀਆਂ ਹਨ ਤੇ ਕਈ ਵਾਰ ਉਨ੍ਹਾਂ ਭੁੱਲਾਂ ਦਾ ਖ਼ਮਿਆਜ਼ਾ ਛੋਟਿਆਂ ਨੂੰ ਭੁਗਤਣਾ ਪੈਂਦਾ ਹੈ।

ਸੋਹਜ ਦੀਪ

ਆਪਣੇ ਲਈ ਕੁਝ ਵੀ ਖ਼ਰੀਦਣ, ਨੌਕਰੀ ਕਰਨ, ਦੇਸ਼ ਵਿਚ ਰਹਿਣ ਜਾਂ ਬਾਹਰ ਜਾਣ, ਵਿਆਹ ਕਰਵਾਉਣ ਆਦਿ ਫ਼ੈਸਲੇ ਆਰਥਿਕਤਾ ’ਤੇ ਨਿਰਭਰ ਹੁੰਦੇ ਹਨ। ਇਨ੍ਹਾਂ ਵਿਚ ਆਰਥਿਕਤਾ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਅਸੀਂ ਆਰਥਿਕ ਤੌਰ ’ਤੇ ਸਮਰੱਥ ਹੋਵਾਂਗੇ ਤਾਂ ਆਪਣੀ ਚੋਣ ਦਾ ਅਧਿਕਾਰ ਵੀ ਹਾਸਲ ਕਰ ਸਕਦੇ ਹਾਂ। ਆਰਥਿਕ ਤੌਰ ’ਤੇ ਆਤਮ-ਨਿਰਭਰ ਨਾ ਹੋਣ ਕਾਰਨ ਨੌਜਵਾਨ ਆਪ ਫ਼ੈਸਲੇ ਲੈਣ ਦਾ ਅਧਿਕਾਰ ਵੀ ਹਾਸਲ ਨਹੀਂ ਕਰ ਪਾਉਂਦੇ, ਕਿਉਂਕਿ ਉਨ੍ਹਾਂ ਨੂੰ ਅਜਿਹੇ ਫ਼ੈਸਲੇ ਲੈਣ ਸਮੇਂ ਪਰਿਵਾਰ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ। ਚਾਹੇ ਇਹ ਗੱਲ ਮੰਨ ਲਈਏ ਕਿ ਕਿ ਕੋਈ ਵੀ ਮਾਂ-ਬਾਪ ਜਾਣ-ਬੁੱਝ ਕੇ ਆਪਣੇ ਬੱਚਿਆਂ ਲਈ ਗ਼ਲਤ ਫ਼ੈਸਲਾ ਨਹੀਂ ਕਰਦੇ, ਪਰ ਕੀ ਕੋਈ ਵਿਅਕਤੀ ਖ਼ੁਦ ਲਈ ਗ਼ਲਤ ਫ਼ੈਸਲਾ ਕਰੇਗਾ?
ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਫ਼ੈਸਲੇ ਕਰ ਸਕਣ ਦੀ ਆਦਤ ਪਾਉਣ ਦੀ ਹੈ। ਉਸ ਤੋਂ ਵੀ ਵੱਧ ਜ਼ਰੂਰੀ ਹੈ, ਫ਼ੈਸਲੇ ਕਰਨ ਦੇ ਹੌਸਲਿਆਂ ਅਤੇ ਉਨ੍ਹਾਂ ਨੂੰ ਨਿਭਾਉਣ ਦੀ ਸਮਰੱਥਾ ਦੀ ਹੈ। ਸਾਨੂੰ ਆਪਣੇ ਫ਼ੈਸਲੇ ਲੈਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਸਾਨੂੰ ਆਪਣੀਆਂ ਗ਼ਲਤੀਆਂ ਨੂੰ ਪ੍ਰਵਾਨ ਕਰਨਾ ਆਉਣਾ ਚਾਹੀਦਾ ਹੈ। ਸਾਨੂੰ ਆਪਣੀ ਜ਼ਿੰਦਗੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜੇਕਰ ਅਸੀਂ ਗ਼ਲਤ ਫ਼ੈਸਲਿਆਂ ਨੂੰ ਕਬੂਲ ਕਰਨਾ ਸਿੱਖਾਂਗੇ ਤਾਂ ਹੀ ਅਸੀਂ ਸਹੀ ਫ਼ੈਸਲਿਆਂ ਨੂੰ ਮਾਣ ਸਕਣ ਦਾ ਹੱਕ ਰੱਖਾਂਗੇ। ਸਾਡਾ ਸਮਾਜਿਕ ਢਾਂਚਾ ਸੱਭਿਅਤਾ ਦੇ ਪੱਖੋਂ ਬਦਲਾਅ ਬਹੁਤ ਤੇਜ਼ੀ ਨਾਲ ਕਬੂਲ ਰਿਹਾ ਹੈ, ਪਰ ‘ਜਗੀਰੂ ਪ੍ਰਬੰਧ’ ਅਜੇ ਵੀ ਹੈ, ਇਸ ਸਥਿਤੀ ਨੂੰ ਬਦਲਣ ਲਈ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਦੀ ਲੋੜ ਹੈ। ਉਹ ਕਿਤਾਬਾਂ ਜਿਹੜੀਆਂ ਸਾਡੀ ਮਾਨਸਿਕਤਾ ਨੂੰ ਨਿਖਾਰਨ ਵਿਚ ਸਹਾਇਤਾ ਕਰ ਸਕਦੀਆਂ ਹਨ।
ਮੇਰੇ ਉਪਰੋਕਤ ਵਿਚਾਰਾਂ ਦਾ ਇਹ ਭਾਵ ਨਹੀਂ ਹੈ ਕਿ ਸਾਨੂੰ ਕਿਸੇ ਦੀ ਗੱਲ ਮੰਨਣੀ ਨਹੀਂ ਚਾਹੀਦੀ। ਨਾ ਹੀ ਇਸ ਦਾ ਭਾਵ ਮਾਂ-ਬਾਪ ਅਤੇ ਬੱਚਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਕਰਨਾ ਹੈ। ਇੱਥੇ ਗੱਲ ‘ਸੰਵਾਦ’ ਦੀ ਪ੍ਰਕਿਰਿਆ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਤੇ ਫ਼ੈਸਲੇ ਲੈਣ ਦੀ ਸਮਰੱਥਾ ਪੈਦਾ ਕਰਨ ਦੀ ਹੋ ਰਹੀ ਹੈ। ਇਹ ਸੰਵਾਦ ਬਾਬੇ ਨਾਨਕ ਦੀ ਬਾਣੀ ਵਿਚ ‘ਕਿਛੁ ਸੁਣੀਏ ਕਿਛੁ ਕਹੀਏ’ ਦੇ ਰੂਪ ਵਿਚ ਆਇਆ ਹੈ। ਅਸੀਂ ਪੜ੍ਹ-ਲਿਖ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਲੋਚਦੇ ਹਾਂ, ਜਿਸ ਵਿਚ ਸਾਡਾ ਮਕਸਦ ਮਹਿਜ਼ ਵੱਡੀਆਂ ਕੋਠੀਆਂ-ਕਾਰਾਂ ਜਾਂ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਿਤਾਉਣਾ ਨਹੀਂ ਹੈ, ਬਲਕਿ ਸਾਡੇ ਸਮਾਜ ਵਿਚੋਂ ਧਰਮ, ਜਾਤ ਤੇ ਅਖੌਤੀ ਗੌਰਵ ਦੇ ਨਾਂ ’ਤੇ ਹੁੰਦੇ ਵਿਤਕਰਿਆਂ ਤੋਂ ਛੁਟਕਾਰਾ ਪਾਉਣਾ ਹੈ। ਜੇਕਰ ਅਸੀਂ ਮਾਨਸਿਕ ਰੂਪ ਵਿਚ ਸੰਕੀਰਣਤਾ ਤੋਂ ਮੁਕਤ ਹੋ ਕੇ ਫ਼ੈਸਲੇ ਕਰਾਂਗੇ ਤਾਂ ਰਾਜਨੀਤਿਕ ਢਾਂਚੇ ਨੂੰ ਵੀ ਬਦਲ ਸਕਾਂਗੇ।
ਸਾਡੀ ਪੁਰਾਣੀ ਪੀੜ੍ਹੀ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਨਵੀਂ ਪੀੜ੍ਹੀ ਨੂੰ ਫ਼ੈਸਲੇ ਲੈਣ ਦੀ ਆਜ਼ਾਦੀ ਦੇ ਕੇ ਉਹ ਖ਼ੁਦ ਵੀ ਬਹੁਤ ਸਾਰੀਆਂ ਚਿੰਤਾਵਾਂ ਤੋਂ ਆਜ਼ਾਦ ਹੋਣਗੇ, ਕਿਉਂਕਿ ਗ਼ੁਲਾਮੀ ਪੈਦਾ ਕਰਨ ਵਾਲਾ ਵਿਅਕਤੀ ਗ਼ੁਲਾਮੀ ਤੋਂ ਮੁਕਤ ਨਹੀਂ ਹੁੰਦਾ। ਵੱਡਿਆਂ ਲਈ ਉਹ ਸਮਾਂ ਸਭ ਤੋਂ ਵੱਧ ਸਕੂਨ ਵਾਲਾ ਹੁੰਦਾ ਹੈ, ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦੀ ਔਲਾਦ ਫ਼ੈਸਲੇ ਲੈਣਾ ਸਿੱਖ ਗਈ ਹੈ।

ਆਪਣੇ ਲਈ ਕੁਝ ਵੀ ਖ਼ਰੀਦਣ, ਨੌਕਰੀ ਕਰਨ, ਦੇਸ਼ ਵਿਚ ਰਹਿਣ ਜਾਂ ਬਾਹਰ ਜਾਣ, ਵਿਆਹ ਕਰਵਾਉਣ ਆਦਿ ਫ਼ੈਸਲੇ ਆਰਥਿਕਤਾ ’ਤੇ ਵੀ ਨਿਰਭਰ ਹੁੰਦੇ ਹਨ। ਜੇਕਰ ਅਸੀਂ ਆਰਥਿਕ ਤੌਰ ’ਤੇ ਸਮਰੱਥ ਹੋਵਾਂਗੇ ਤਾਂ ਆਪਣੀ ਚੋਣ ਦਾ ਅਧਿਕਾਰ ਵੀ ਹਾਸਲ ਕਰ ਸਕਦੇ ਹਾਂ। ਆਰਥਿਕ ਤੌਰ ’ਤੇ ਆਤਮ-ਨਿਰਭਰ ਨਾ ਹੋਣ ਕਾਰਨ ਨੌਜਵਾਨ ਆਪ ਫ਼ੈਸਲੇ ਲੈਣ ਦਾ ਅਧਿਕਾਰ ਹਾਸਲ ਨਹੀਂ ਕਰ ਪਾਉਂਦੇ ਤੇ ਉਨ੍ਹਾਂ ਨੂੰ ਪਰਿਵਾਰ ਦੇ ਮੂੰਹ ਵੱਲ ਦੇਖਣਾ ਪੈਂਦਾ ਹੈ। ਚਾਹੇ ਇਹ ਗੱਲ ਮੰਨ ਲਈਏ ਕਿ ਕਿ ਕੋਈ ਵੀ ਮਾਂ-ਬਾਪ ਜਾਣ-ਬੁੱਝ ਕੇ ਆਪਣੇ ਬੱਚਿਆਂ ਲਈ ਗ਼ਲਤ ਫ਼ੈਸਲਾ ਨਹੀਂ ਲੈਂਦੇ, ਪਰ ਕੀ ਕੋਈ ਵਿਅਕਤੀ ਖ਼ੁਦ ਲਈ ਗ਼ਲਤ ਫ਼ੈਸਲਾ ਕਰੇਗਾ?

ਖੋਜਾਰਥੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ


Comments Off on ਚੋਣ ਦੀ ਆਜ਼ਾਦੀ ਦਾ ਮਹੱਤਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.