ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਗਦਰੀ ਬਾਬਾ ਵਸਾਖਾ ਸਿੰਘ ਦਦੇਹਰ

Posted On December - 4 - 2018

ਡਾ. ਗੁਰਬਿੰਦਰ ਸਿੰਘ ਸੰਧੂ

ਗਦਰੀ ਇਨਕਲਾਬੀਆਂ ਵਿਚ ਸੁੱਚੇ ਮੋਤੀ ਦੀ ਤਰ੍ਹਾਂ ਚਮਕ ਰੱਖਣ ਵਾਲੇ ਬਾਬਾ ਵਸਾਖਾ ਸਿੰਘ ਦਦੇਹਰ ਦਾ ਨਾਂ ਗਦਰ ਪਾਰਟੀ ਦੇ ਇਤਿਹਾਸ ਵਿਚ ਸੁਨਿਹਰੀ ਪੰਨਿਆਂ ਵਿਚ ਦਰਜ ਹੈ। ਦੇਸ਼ ਭਗਤ ਦੇ ਨਾਲ ਸੰਤ ਲਫਜ਼ ਬਾਬਾ ਵਸਾਖਾ ਸਿੰਘ ਦੇ ਹਿੱਸੇ ਆਇਆ ਕਿਉਂਕਿ ਸੰਤ ਸੁਭਾਅ ਉਨ੍ਹਾਂ ਨੂੰ ਵਿਰਸੇ ਵਿਚ ਪ੍ਰਾਪਤ ਹੋਇਆ।
ਬਾਬਾ ਵਸਾਖਾ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਕਲਾਂ ਤੋਂ 3 ਕਿਲੋਮੀਟਰ ਦੂਰ ਦੱਖਣ ਦੀ ਬਾਹੀ ਵਿਚ ਨਗਰ ਦਦੇਹਰ ਸਾਹਿਬ ਵਿਚ ਦਿਆਲ ਸਿੰਘ ਤੇ ਇੰਦਰ ਕੌਰ ਦੇ ਘਰ 13 ਅਪਰੈਲ 1877 ਨੂੰ ਵਿਸਾਖੀ ਵਾਲੇ ਦਿਨ ਹੋਇਆ। ਇਸ ਕਰਕੇ ਉਨ੍ਹਾਂ ਦੇ ਤਾਇਆ ਖੁਸ਼ਹਾਲ ਸਿੰਘ ਨੇ ਇਨ੍ਹਾਂ ਦਾ ਨਾਂ ਵਸਾਖਾ ਸਿੰਘ ਰੱਖਿਆ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਗ੍ਰੰਥੀ ਈਸ਼ਰ ਦਾਸ ਤੋਂ ਪ੍ਰਾਪਤ ਕੀਤੀ ਅਤੇ ਸੰਤ ਸੁਭਾਅ ਦੀ ਗੁੜ੍ਹਤੀ ਤਾਇਆ ਖੁਸ਼ਹਾਲ ਸਿੰਘ ਤੋਂ ਮਿਲੀ।
18 ਸਾਲ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋਏ ਅਤੇ ਇਸ ਦੌਰਾਨ ਰਾਵਲਪਿੰਡੀ ਵਿਚ ਅਜੀਤ ਸਿੰਘ ਦੀ ਇਕ ਥੜਲੇਦਾਰ ਤਕਰੀਰ ਸੁਣੀ। ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਫ਼ੌਜ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਅਤੇ ਦੇਸ਼ ਦੀ ਆਜ਼ਾਈ ਵੱਲ ਜੂਝ ਪਏ। ਵਾਪਸ ਆਪਣੇ ਨਗਰ ਦਦੇਹਰ ਆ ਕੇ ਪਿੰਡ ਦੇ ਇਕ ਸਾਥੀ ਦੀ ਮਦਦ ਨਾਲ ਉਹ ਸ਼ੰਘਾਈ ਪਹੁੰਚੇ ਤੇ ਉਥੇ ਪੁਲੀਸ ਵਿਚ ਭਰਤੀ ਹੋ ਗਏ। ਪਰ ਉਥੇ ਰਿਸ਼ਵਤ ਦਾ ਜ਼ਿਆਦਾ ਜੋਰ ਹੋਣ ਕਾਰਨ ਉਨ੍ਹਾਂ ਨੂੰ ਇਹ ਨੌਕਰੀ ਰਾਸ ਨਾ ਆਈ ਅਤੇ ਅਮਰੀਕਾ ਚਲੇ ਗਏ। ਇਥੇ ਉਨ੍ਹਾਂ ਦਾ ਮੇਲ ਬਾਬਾ ਜਵਾਲਾ ਸਿੰਘ ਨਾਲ ਹੋਇਆ। ਦੋਵਾਂ ਨੇ ਮਿਲ ਕੇ ਅਮਰੀਕਾ ਸਰਕਾਰ ਕੋਲੋਂ 500 ਏਕੜ ਦਾ ਫਾਰਮ ਠੇਕੇ ’ਤੇ ਲੈ ਲਿਆ। ਇਹ ਫਾਰਮ ਆਲੂਆਂ ਦਾ ਬਾਦਸ਼ਾਹ ਦੇ ਨਾਂ ਨਾਲ ਕਾਫੀ ਮਸ਼ਹੂਰ ਹੋਇਆ। ਇਥੇ ਹੀ ਉਨ੍ਹਾਂ ਦਾ ਮੇਲ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਨਾਲ ਹੋਇਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਗਦਰ ਪਾਰਟੀ ਤਿਆਰ ਕੀਤੀ ਅਤੇ ਗਦਰ ਅਖ਼ਬਾਰ ਵੀ ਕੱਢਿਆ, ਜਿਸ ਵਿਚ ਹਿੰਦੋਸਤਾਨ ਦੀਆਂ ਸਮੱਸਿਆਵਾਂ ਅਤੇ ਗੁਲਾਮੀ ਤੋਂ ਛੁਟਕਾਰਾ ਪਾਉਣ ਬਾਰੇ ਜਾਣੂ ਕਰਵਾਇਆ ਜਾਂਦਾ ਸੀ। ਇਸ ਪਾਰਟੀ ਦਾ ਪਹਿਲਾ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਪਾਰਟੀ ਬਣਨ ਮਗਰੋਂ ਬਾਬਾ ਜੀ ਹੋਰ ਵੀ ਸਰਗਰਮ ਹੋ ਗਏ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਛੇੜੇ ਗਏ ਗਦਰ ਅੰਦੋਲਨ ਦੇ ਉਦੇਸ਼ ਅਨੁਸਾਰ ਵਾਪਿਸ ਭਾਰਤ ਪਰਤ ਆਏ।
ਇਥੇ ਇਨ੍ਹਾਂ ਪੰਜਾਬੀ ਦੇਸ਼ ਭਗਤਾਂ ਦੇ ਨਵੇਂ ਇਮਤਿਹਾਨ ਦਾ ਦੌਰ ਸ਼ੁਰੂ ਹੋਇਆ। ਜੇਲ੍ਹ ਦੇ ਜਾਲਮ ਪ੍ਰਬੰਧ ਵਿਰੁੱਧ ਕੀਤੇ ਗਏ ਸੰਘਰਸ਼ ਵਿਚ ਨੌਜਵਾਨ ਵਸਾਖਾ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 1920 ਵਿਚ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾ ਕਰਕੇ ਪਿੰਡ ਦਦੇਹਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਅੰਗਰੇਜ਼ ਸਰਕਾਰ ਨੇ ਬਾਬਾ ਜੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ।
ਉਨ੍ਹਾਂ ਨੇ ਆਪਣੇ ਨਗਰ ਵਿਚ ਨਜ਼ਰਬੰਦ ਰਹਿ ਕੇ ਦੇਸ਼ ਭਗਤ ਪਰਿਵਾਰਕ ਸਹਾਇਕ ਕਮੇਟੀ ਦਾ ਗਠਨ ਕੀਤਾ, ਜਿਸ ਦੇ ਪ੍ਰਧਾਨ ਉਹ ਆਪ ਸਨ। ਇਸ ਕਮੇਟੀ ਦਾ ਮੁੱਖ ਉਦੇਸ਼ ਦੇਸ਼ ਭਗਤਾਂ ਦੇ ਰੁਲਦੇ ਪਰਿਵਾਰਾਂ ਦੀ ਮਾਲੀ ਮਦਦ ਕਰਨਾ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮੁਫ਼ਤ ਪ੍ਰਬੰਧ ਕਰਨਾ ਤੇ ਜੇਲ੍ਹਾਂ ਵਿਚ ਰੁਲ ਰਹੇ ਗਦਰੀਆਂ ਦੀਆਂ ਮੁਲਾਕਾਤਾਂ ਅਤੇ ਰਿਹਾਈ ਦਾ ਪ੍ਰਬੰਧ ਕਰਨਾ ਸੀ। ਲੋਕਾਂ ਨੇ ਇਸ ਕਮੇਟੀ ਦਾ ਬੜਾ ਸਾਥ ਦਿੱਤਾ।
ਆਪਣੀ ਜਵਾਨੀ ਦੇ ਸਮੇਂ ਤੋਂ ਹੀ ਉਹ ਧਾਰਮਿਕ ਰੁਚੀਆਂ ਰੱਖਦੇ ਸਨ। ਸਿੱਖੀ ਦੇ ਆਦਰਸ਼ਾਂ ਦੀ ਪਾਲਣਾ ਕਰਨਾ ਅਤੇ ਦੇਸ਼ ਭਗਤੀ ਲਈ ਜੀਵਨ ਅਰਪਣ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਸਨ। ਉਹ ਗੁਰਦੁਆਰਾ ਪੰਜਾ ਸਾਹਿਬ ਦੀ ਉਸਾਰੀ ਮੌਕੇ ਇਸ ਦਾ ਨੀਂਹ ਪੱਧਰ ਰੱਖਣ ਵਾਲਿਆਂ ਵਿਚੋਂ ਇਕ ਸਨ। ਇਨ੍ਹਾਂ ਸਮਿਆਂ ਵਿਚ ਅਕਾਲੀ ਲਹਿਰ ਆਜ਼ਾਦੀ ਦੀ ਦੇਸ਼ ਵਿਆਪੀ ਲਹਿਰ ਦਾ ਅਨਿੱਖੜਵਾਂ ਅੰਗ ਸੀ ਤੇ ਕੁਦਰਤੀ ਤੌਰ ’ਤੇ ਇਸ ਵਿਚ 1914-1915 ਵਾਲੇ ਗਦਰੀ ਬਾਬਿਆਂ ਦਾ ਡੂੰਘਾ ਸਤਿਕਾਰ ਸੀ। ਸੰਤ ਵਸਾਖਾ ਸਿੰਘ 1934 ਵਿਚ ਅਕਾਲ ਤਖਤ ਦੇ ਜਥੇਦਾਰ ਨਿਯੁਕਤ ਕੀਤੇ ਗਏ। ਇਹ ਤੱਥ ਇਸ ਗੱਲ ਦਾ ਸਬੂਤ ਹੈ ਕਿ ਉਸ ਸਮੇਂ ਤੱਕ ਅਕਾਲੀ ਦਲ ਵਿਚ ਦੇਸ਼ ਭਗਤੀ ਦੀਆਂ ਭਾਵਨਾਂ ਬਲਵਾਨ ਸਨ ਪਰ ਇਹ ਸਥਿਤੀ ਲੰਬਾ ਸਮਾਂ ਨਾ ਰਹਿ ਸਕੀ। 1937 ਤੱਕ ਪੁੱਜਦਿਆਂ ਅਕਾਲੀ ਦਲ ’ਤੇ ਸਿੱਖ ਜਗੀਰਦਾਰ ਤੇ ਸਰਮਾਏਦਾਰਾਂ ਦਾ ਗਲਬਾ ਕਾਇਮ ਹੋ ਚੁੱਕਾ ਸੀ। ਇਨ੍ਹਾਂ ਹਾਲਤਾਂ ਵਿਚ ਬਾਬਾ ਵਸਾਖਾ ਸਿੰਘ ਨੇ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ। ਅਕਾਲੀ ਲਹਿਰ ਵਿਚਲੇ ਵਧੇਰੇ ਰੋਸ਼ਨ ਦਿਮਾਗ ਇਨਕਲਾਬੀ ਵਿਚਾਰਧਾਰਾ ਤੋਂ ਪ੍ਰੇਰਿਤ ਹੋਏ।
ਇਨਕਲਾਬ ਦੀ ਸਫਲਤਾ ਦੋਂ ਬਾਅਦ ਗਦਰ ਪਾਰਟੀ ਪਾਰਟੀ ਰੂਸ ਵਿਚ ਵਾਪਰੇ 1917 ਦੇ ਅਕਤੂਬਰ ਇਨਕਲਾਬ ਦੇ ਪ੍ਰਭਾਵ ਅਧੀਨ ਆ ਗਈ। 1926 ਵਿਚ ਕੱਢੇ ਗਏ ਪੰਜਾਬੀ ਮਾਸਿਕ ਕਿਰਤੀ ਦੇ ਨਾਲ ਜੁੜੇ ਅਨਸਰਾਂ ਨੇ ਕਿਰਤੀ ਪਾਰਟੀ ਦਾ ਰੂਪ ਧਾਰਨ ਕੀਤਾ। ਇਨ੍ਹਾਂ ਵਰ੍ਹਿਆਂ ਵਿਚ ਬਾਬਾ ਵਸਾਖਾ ਸਿੰਘ ਦੇ ਇਨਕਲਾਬੀਆਂ ਨਾਲ ਸੰਪਰਕ ਜਾਰੀ ਰਹੇ। 1940 ਵਿਚ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰਕੇ ਦਿਊਲੀ ਕੈਂਪ ਵਿਚ ਨਜ਼ਰਬੰਦ ਕਰ ਦਿੱਤਾ ਗਿਆ, ਜਿੱਥੇ ਗਦਰੀ ਇਨਕਲਾਬੀ ਅਤੇ ਕਮਿਊਨਿਸਟ ਆਗੂ ਕੈਦ ਸਨ। ਫਿਰ ਬਿਮਾਰੀ ਕਾਰਨ 1941 ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਨੂੰ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਤੋਂ ਦੇਸ਼ ਭਗਤ ਯਾਦਗਾਰ ਟਰੱਸਟ ਦਾ ਪ੍ਰਧਾਨ ਬਣਾਇਆ ਗਿਆ।
ਅੰਤ ਇਹ ਇਨਕਲਾਬੀ ਸੂਰਮਾ 5 ਦਸੰਬਰ 1957 ਨੂੰ ਤਰਨਤਾਰਨ ਵਿਚ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਪੁਰਖ ਦੀ ਗੋਦ ਵਿਚ ਸਮਾ ਗਿਆ। ਨਗਰ ਦਦੇਹਰ ਸਾਹਿਬ ਹਰ ਸਾਲ ਪੰਜ ਦਸੰਬਰ ਨੂੰ ਬਾਬਾ ਵਸਾਖਾ ਸਿੰਘ ਦੀ ਬਰਸੀ ਮਨਾਉਂਦਾ ਹੈ।

ਸੰਪਰਕ: 98555-80028


Comments Off on ਗਦਰੀ ਬਾਬਾ ਵਸਾਖਾ ਸਿੰਘ ਦਦੇਹਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.