ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਕਰਤਾਰਪੁਰ ਲਾਂਘੇ ਉੱਤੇ ਸਿਆਸਤ

Posted On December - 12 - 2018

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਇਕ ਹੋਰ ਬਿਆਨ ਨਾਲ ਸਿਆਸਤ ਮੁੜ ਭਖ ਗਈ ਹੈ। ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨੀ ਫ਼ੌਜ ਦੀ ਸਾਜ਼ਿਸ਼ ਵਾਲੇ ਬਿਆਨ ਦਾ ਪ੍ਰਭਾਵ ਇਹੀ ਲਿਆ ਗਿਆ ਕਿ ਕੈਪਟਨ ਲਾਂਘਾ ਖੋਲ੍ਹਣ ਦੇ ਹੱਕ ਵਿਚ ਨਹੀਂ ਹਨ। ਅਕਾਲੀ ਦਲ ਅਤੇ ਹੋਰ ਧਿਰਾਂ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ। ਕੈਪਟਨ ਨੇ ਹਾਲਾਂਕਿ ਸਪੱਸ਼ਟੀਕਰਨ ਵੀ ਦਿੱਤਾ ਹੈ ਕਿ ਕਾਂਗਰਸ ਪਾਰਟੀ ਅਤੇ ਉਹ ਨਿੱਜੀ ਤੌਰ ਉੱਤੇ ਲਾਂਘਾ ਖੋਲ੍ਹਣ ਦੇ ਹੱਕ ਵਿਚ ਰਹੇ ਹਨ ਅਤੇ ਪਾਕਿਸਤਾਨੀ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੱਕ ਵਾਅਦਾ ਪੂਰਾ ਕਰਨ ਦੀ ਅਪੀਲ ਵੀ ਕੀਤੀ ਹੈ, ਇਸ ਸਭ ਦੇ ਬਾਵਜੂਦ ਪਾਕਿਸਤਾਨ ਨਾਲ ਸਬੰਧਾਂ ਜਾਂ ਲਾਂਘੇ ਬਾਰੇ ਕੈਪਟਨ ਦੇ ਬਿਆਨ ਕਾਂਗਰਸ ਪਾਰਟੀ ਜਾਂ ਉਨ੍ਹਾਂ ਦੀ ਖ਼ੁਦ ਦੀ ਪੁਰਾਣੀ ਸਮਝ ਤੋਂ ਹਟ ਕੇ ਆਉਣ ਕਰਕੇ ਧਿਆਨ ਖਿੱਚਦੇ ਰਹੇ ਹਨ। ਕੈਪਟਨ ਵੱਲੋਂ 26 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘਾ ਖੋਲ੍ਹਣ ਦੇ ਉਦਘਾਟਨ ਮੌਕੇ ਪਾਕਿਸਤਾਨੀ ਫ਼ੌਜ ਦੇ ਜਨਰਲ ਨੂੰ ਦਿੱਤੀਆਂ ਚਿਤਾਵਨੀਆਂ ਵੀ ਉਵੇਂ ਬੇਲੋੜੀਆਂ ਸਮਝੀਆਂ ਗਈਆਂ ਜਿਵੇਂ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘੇ ਦੀ ਬੁਨਿਆਦ ਰੱਖਦੇ ਹੋਏ ਕਸ਼ਮੀਰ ਦਾ ਕੀਤਾ ਗਿਆ ਜ਼ਿਕਰ।
ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰਕੇ ਆਪਣੇ ਦਰਸ਼ਨ ਨੂੰ ਹਕੀਕੀ ਰੂਪ ਦਿੱਤਾ। ਸਿੱਖ ਸੱਤ ਦਹਾਕਿਆਂ ਤੋਂ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਅਰਦਾਸ ਕਰਦੇ ਆਏ ਹਨ ਤੇ ਕਈ ਵਾਰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਪੱਧਰ ਉੱਤੇ ਗੱਲਬਾਤ ਵੀ ਹੋਈ ਪਰ ਇਮਰਾਨ ਖਾਨ ਦੇ ਹਲਫ਼ਦਾਰੀ ਸਮਾਗਮ ਵਿਚ ਨਵਜੋਤ ਸਿੰਘ ਸਿੱਧੂ ਦੇ ਜਾਣ ਅਤੇ ਉੱਥੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਸਿੱਧੂ ਨੂੰ ਲਾਂਘਾ ਖੋਲ੍ਹਣ ਦੀ ਸੂਚਨਾ ਦਿੱਤੀ। ਭਾਰਤ ਵਾਲੇ ਪਾਸੇ ਬਹੁਤ ਸਾਰੇ ਲੋਕਾਂ ਨੇ ਸਿੱਧੂ ਅਤੇ ਬਾਜਵਾ ਦੀ ਜੱਫ਼ੀ ਨੂੰ ਹੀ ਮੁੱਦਾ ਬਣਾ ਲਿਆ। ਇਸੇ ਦੌਰਾਨ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਪੱਧਰ ਉੱਤੇ ਗੱਲਬਾਤ ਹੋਈ ਅਤੇ ਲਾਂਘਾ ਖੋਲ੍ਹਣ ਦਾ ਉਦਘਾਟਨੀ ਦਿਨ ਵੀ ਆਣ ਢੁੱਕਾ। ਇਸ ਵਿਚ ਨਵਜੋਤ ਸਿੱਧੂ ਨੇ ਨਾਮਣਾ ਖੱਟਿਆ, ਭਾਵੇਂ ਕਾਂਗਰਸ, ਭਾਜਪਾ ਅਤੇ ਅਕਾਲੀ ਵੀ ਆਪਣੀ ਪਿੱਠ ਥਾਪੜਦੇ ਰਹੇ।
ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਨਹੀਂ ਹੈ ਬਲਕਿ ਭਾਰਤ ਅਤੇ ਪਾਕਿਸਤਾਨ ਦੀ ਤਰੱਕੀ ਦਾ ਲਾਂਘਾ ਵੀ ਬਣ ਸਕਦਾ ਹੈ। ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਟੂਰਿਜ਼ਮ ਵੀ ਵਿਕਸਿਤ ਹੋਵੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਬੇਰੁਜ਼ਗਾਰੀ, ਗ਼ਰੀਬੀ ਤੇ ਖੇਤੀ ਸੰਕਟ ਨਾਲ ਜੂਝ ਰਹੇ ਭਾਰਤ ਲਈ ਵੀ ਭਾਰਤ-ਪਾਕਿ ਸਰਹੱਦਾਂ ਮੋਕਲੀਆਂ ਕਰਨ ਲਈ ਰਾਹ ਖੁੱਲ੍ਹ ਸਕਦੇ ਹਨ। ਅਤਿਵਾਦ ਸੰਸਾਰ-ਵਿਆਪੀ ਵਰਤਾਰਾ ਬਣ ਗਿਆ ਹੈ ਪਰ ਜੇ ਦੋਵੇਂ ਦੇਸ਼ਾਂ ਅੰਦਰ ਗੱਲਬਾਤ ਬੰਦ ਹੋਈ ਹੋਵੇ ਤਾਂ ਉਸ ਦਾ ਹੱਲ ਲੱਭਣ ਵੱਲ ਕਦਮ ਵਧਾਏ ਜਾ ਸਕਦੇ ਹਨ। ਇਮਰਾਨ ਖਾਨ ਵੱਲੋਂ ਆਪਣੀ ਧਰਤੀ ਉੱਤੋਂ ਭਾਰਤ ਖ਼ਿਲਾਫ਼ ਕੋਈ ਅਤਿਵਾਦੀ ਗਤੀਵਿਧੀ ਨਾ ਹੋਣ ਦੇਣ ਦੇ ਬਿਆਨ ਉੱਤੇ ਅਮਲ ਕਰਵਾਉਣ ਦੀ ਰਣਨੀਤੀ ਕਾਰਗਰ ਹੋ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ, ਸਿਆਸੀ ਪਾਰਟੀਆਂ ਦੇ ਆਗੂ, ਬੁੱਧੀਜੀਵੀਆਂ ਅਤੇ ਆਮ ਲੋਕਾਂ ਨੂੰ ਤਾਂ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਮਾਹੌਲ ਬਣਾਉਣ ਲਈ ਲੋਕ ਰਾਇ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਦੋਵਾਂ ਪਾਸਿਆਂ ਦੇ ਲੋਕ ਅਮਨ ਅਤੇ ਪਿਆਰ-ਮੁਹੱਬਤ ਚਾਹੁੰਦੇ ਹਨ। ਲੋਕ ਮਨਾਂ ਦੀ ਤਰਜਮਾਨੀ ਹੀ ਸਿਆਸੀ ਆਗੂਆਂ ਦੀ ਜ਼ਿੰਮੇਵਾਰੀ ਹੁੰਦੀ ਹੈ।


Comments Off on ਕਰਤਾਰਪੁਰ ਲਾਂਘੇ ਉੱਤੇ ਸਿਆਸਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.