ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    

ਕਰਤਾਰਪੁਰ ਲਾਂਘਾ: ਕੈਪਟਨ ਨੇ ਮੁੜ ਅਲਾਪਿਆ ਆਈਐਸਆਈ ਦਾ ਰਾਗ

Posted On December - 14 - 2018

ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਨੂੰ ਸੰਬੋਧਨ ਕਰਦੇ ਹੋਏ।

ਦਵਿੰਦਰ ਪਾਲ
ਚੰਡੀਗੜ੍ਹ, 14 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ, ਪੰਜਾਬ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਧੰਨਵਾਦ ਕਰਨ ਸਮੇਂ ਪੇਸ਼ ਕੀਤੇ ਮਤੇ ਉਤੇ ਬੋਲਦਿਆਂ ਇਸ ਲਾਂਘੇ ਨੂੰ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਦੇ ਦਿਮਾਗ ਦੀ ਕਾਢ ਹੋਣ ਦਾ ਰਾਗ ਮੁੜ ਅਲਾਪਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਪਾਕਿ ਸੂਹੀਆ ਏਜੰਸੀ ਨੂੰ ਮੁੜ ਤੋਂ ਪੰਜਾਬ ਵਿੱਚ ਅਤਿਵਾਦ ਫੈਲਾਉਣ ਦੇ ਯਤਨਾਂ ਨੂੰ ਸਿਰੇ ਨਹੀਂ ਚੜ੍ਹਨ ਦੇਵਾਂਗਾ। ਇਸ ਮਤੇ ’ਤੇ ਹੋਏ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਲਾਂਘੇ ਦੇ ਮੁੱਦੇ ’ਤੇ ਨਾਕਾਰਾਤਮਕ ਪਹੁੰਚ ਨਾ ਅਪਨਾਉਣ ਦੀ ਨਸੀਹਤ ਦਿੱਤੀ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਨਾਲ ਸੁਰ ਮਿਲਾਈ। ‘ਆਪ’ ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਤਾਂ ਮੁੱਖ ਮੰਤਰੀ ਦੀ ਅਸਿੱਧੇ ਢੰਗ ਨਾਲ ਤਿੱਖੀ ਅਲੋਚਨਾ ਵੀ ਕੀਤੀ। ਮਹੱਤਵਪੂਰਨ ਤੱਥ ਇਹ ਹੈ ਕਿ ਆਪ ਅਤੇ ਅਕਾਲੀ ਦਲ ਦੇ ਮੈਂਬਰਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਮਾਮਲੇ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਕੁੱਝ ਮੈਂਬਰਾਂ ਨੇ ਆਪਣੇ ਮੰਤਰੀ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਤੱਕ ਨਾ ਕੀਤਾ। ਉਂਜ, ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੇ ਸ੍ਰੀ ਸਿੱਧੂ ਦੀ ਸ਼ਲਾਘਾ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚਲਾਈ ਹੈ ਉਦੋਂ ਤੋਂ ਪੰਜਾਬ ਦੇ ਸਿੱਖਾਂ ਦੀ ਪਾਕਿ ਨਾਲ ਹਮਦਰਦੀ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਨਾਲ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ ਪੰਜਾਬ ਵਿੱਚ ਹਾਲਾਤ ਖ਼ਰਾਬ ਕਰਾਉਣ ਲਈ ਨਵੇਂ ਰੰਗਰੂਟ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਕਿਉਂਕਿ ਪਾਕਿਸਤਾਨ ਦੀ ਫ਼ੌਜ ਦਾ ਰਣਨੀਤਕ ਰਵੱਈਆ ਲੁਕਵਾਂ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਪਾਕਿਸਤਾਨੀ ਫ਼ੌਜ ਦਾ ਸਾਡੇ ਨਾਲ ਕੋਈ ਪਿਆਰ ਨਹੀਂ ਕਿਉਂਕਿ ਸਰਹੱਦਾਂ ’ਤੇ ਰੋਜ਼ਾਨਾਂ ਦੋਵਾਂ ਪਾਸਿਆਂ ਤੋਂ ਹੀ ਇੱਕ ਦੂਜੇ ਦੇ ਜਵਾਨ ਮਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੋਈਆਂ ਅਤਿਵਾਦੀ ਗਤੀਵਿਧੀਆਂ ਅਤੇ ਗ੍ਰਿਫਤਾਰ ਵਿਅਕਤੀਆਂ ਤੋਂ ਬਰਾਮਦ ਹਥਿਆਰਾਂ ਤੇ ਗੋਲੀ ਸਿੱਕੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਚਲਦੀਆਂ ਰਹਿਣਗੀਆਂ ਤਾਂ ਸੋਚਣ ਵਾਲੀ ਗੱਲ ਹੈ ਕਿਉਂਕਿ ਪੰਜਾਬ ’ਚ ਚੱਲੀ ਅਤਿਵਾਦ ਦੇ ਹਨੇਰੀ ਦੌਰਾਨ 35 ਹਜ਼ਾਰ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਉਨ੍ਹਾਂ ਦੁਹਰਾਇਆ ਕਿ ਇਮਰਾਨ ਖ਼ਾਨ ਨੂੰ ਫੌ਼ਜ ਨੇ ਹੀ ਲਾਂਘੇ ਦੀ ਤਰਕੀਬ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚੰਗਾ ਕਾਰਜ ਹੈ ਇਸ ਲਈ ਨਾਕਾਰਾਤਮਕ ਸੋਚ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੂਰੀਆਂ ਢੁਕਵੀਆਂ ਪੇਸ਼ਬੰਦੀਆਂ ਨਾਲ ਹੀ ਲਾਂਘੇ ਲਈ ਸਿਸਟਮ ਅਖਤਿਆਰ ਕੀਤਾ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 100 ਫੀਸਦੀ ਭਾਰਤ ਵਿੱਚੋਂ ਹੀ ਬੰਦਿਆਂ ਦੇ ਜਾਣ ਦੀ ਉਮੀਦ ਹੈ ਤਾਂ ਅਤਿਵਾਦੀ ਕਿੱਥੋਂ ਆ ਜਾਣਗੇ ਜਦੋਂ ਸਾਡੇ ਹੀ ਬੰਦਿਆਂ ਨੇ ਜਾਣਾ ਹੈ ਤੇ ਵਾਪਸ ਆ ਜਾਣਾ ਹੈ। ਉਨ੍ਹਾਂ ਇਹ ਵੀ ਪ੍ਰਸਤਾਵ ਦਿੱਤਾ ਕਿ ਪਾਕਿਸਤਾਨ ਨਾਲ ਜ਼ਮੀਨ ਦੇ ਤਬਾਦਲੇ ਸਬੰਧੀ ਵੀ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਭੇਜਿਆ ਜਾਵੇ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੋਹਾਂ ਮੁਲਕਾਂ ਦਰਮਿਆਨ ਪੈਦਾ ਹੋਈ ਨਫ਼ਰਤ ਹੀ ਪੁਆੜੇ ਦੀ ਜੜ੍ਹ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਤੇ ਪਿਆਰ ਦਾ ਸੰਦੇਸ਼ ਭੇਜਿਆ ਜਾਵੇ ਨਾ ਕਿ ਲੜਨ ਲੜਾਉਣ ਦੀਆਂ ਗੱਲਾਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਤਿਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਕੇ ਪਾਕਿਸਤਾਨ ਵੀ ਇਸ ਸਮੇਂ ਸੁੱਖ ਨਹੀਂ ਭੋਗ ਰਿਹਾ। ਕੰਵਰ ਸੰਧੂ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਪਹਿਲੇ ਕਾਰਜਕਾਲ ਦੌਰਾਨ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਕਰਾਉਂਦੇ ਸਨ ਤੇ ਮਹਿਮਾਨਨਿਵਾਜ਼ੀ ਕਰਦੇ ਸਨ ਤੇ ਮਹਿਮਾਨ ਬਣ ਕੇ ਪਾਕਿਸਤਾਨ ਜਾਂਦੇ ਸਨ ਤਾਂ ਉਸ ਸਮੇਂ ਵੀ ਸਰਹੱਦਾਂ ’ਤੇ ਤਣਾਅ ਸੀ ਤੇ ਅਤਿਵਾਦੀ ਗਤੀਵਿਧੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਸਮਝੌਤਾ ਐਕਸਪ੍ਰੈਸ ਰੇਲਗੱਡੀ ਵਿੱਚ ਬੰਬ ਧਮਾਕਾ ਤਾਂ ਪਾਕਿਸਤਾਨ ਦੇ ਅਤਿਵਾਦੀਆਂ ਨੇ ਨਹੀਂ ਸੀ ਕੀਤਾ ਤੇ ਇਸ ਦਾ ਕੇਸ ਤਾਂ ਭਾਰਤੀਆਂ ’ਤੇ ਚੱਲ ਰਿਹਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਪਿਤਾ ਦੇ ਪਾਏ ਯੋਗਦਾਨ ਨੂੰ ਯਾਦ ਕੀਤਾ ਅਤੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਵਿਅਕਤੀਆਂ ਦੀਆਂ ਤਾਰੀਫਾਂ ਵੀ ਕੀਤੀਆਂ।

ਵਿਧਾਨ ਸਭਾ ਵੱਲੋਂ ਪਾਸ ਕੀਤੇ ਧੰਨਵਾਦੀ ਮਤੇ ਦੀ ਇਬਾਰਤ

ਇਹ ਸਦਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਾ ਹੈ ਅਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਇਸ ਲਾਂਘੇ ਨੂੰ ਖੋਲ੍ਹਣ ਸਬੰਧੀ ਕੀਤੇ ਜਾਣ ਵਾਲੇ ਕੰਮਾਂ ਨੂੰ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ 2019 ਵਿੱਚ ਮਨਾਏ ਜਾਣ ਵਾਲੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਇਹ ਯਕੀਨੀ ਬਣਾਉਂਦੇ ਹੋਏ ਪੂਰਾ ਕੀਤਾ ਜਾਵੇ ਕਿ ਇਸ ਨਾਲ ਪੰਜਾਬ ਵਿੱਚ ਬੜੀਆਂ ਮੁਸ਼ਕਿਲਾਂ ਉਪਰੰਤ ਸਥਾਪਤ ਹੋਈ ਸ਼ਾਂਤੀ ਕਿਸੇ ਵੀ ਤਰੀਕੇ ਭੰਗ ਨਾ ਹੋਵੇ। ਸਦਨ ਨੇ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨ ਨਾਲ ਜ਼ਮੀਨ ਦੇ ਵਟਾਂਦਰੇ ਸਬੰਧੀ ਵੀ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।

ਕਰਤਾਰਪੁਰ ਲਾਂਘੇ ਬਾਰੇ ਸਿਆਸਤ ਨਹੀਂ ਕਰਨੀ ਚਾਹੀਦੀ: ਸਿੱਧੂ

ਚੰਡੀਗੜ੍ਹ (ਬਲਵਿੰਦਰ ਜੰਮੂ): ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਸਿਆਸਤ ਨਹੀਂ ਕਰਨੀ ਚਾਹੀਦੀ। ਲਾਂਘਾ ਕਿਸਾਨਾਂ ਤੇ ਮਜ਼ਦੂਰਾਂ ਦੀ ਖੁਸ਼ਹਾਲੀ ਦਾ ਰਾਹ ਖੋਲ੍ਹੇਗਾ। ਇਸ ਨਾਲ ਕੌਮਾਂਤਰੀ ਸਰਹੱਦ ’ਤੇ ਲੱਗੇ ਗ੍ਰਹਿਣ ਛਟ ਜਾਣਗੇ। ਵਿਧਾਨ ਸਭਾ ਸੈਸ਼ਨ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਾਂਘੇ ਬਾਰੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਜੇ ਕੋਈ ਇਸ ਮੁੱਦੇ ’ਤੇ ਉਨ੍ਹਾਂ ਦੀ ਨਿਖੇਧੀ ਕਰਦਾ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਹੱਦ ’ਤੇ ਖੂਨ ਖਰਾਬਾ ਬੰਦ ਹੋਵੇ। ਲਾਂਘਾ ਖੋਲ੍ਹਣ ਨਾਲ ਅਤਿਵਾਦ ਅਤੇ ਘੁਸਪੈਠ ਵਧਣ ਦੇ ਖਦਸ਼ੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ ਸਾਨੂੰ ਅਤਿਵਾਦ ਤੇ ਦਹਿਸ਼ਤਗਰਦੀ ਦਾ ਚਸ਼ਮਾ ਲਾਹ ਕੇ ਦੇਖਣਾ ਚਾਹੀਦਾ ਹੈ।’’ ਲਾਂਘੇ ਦੇ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਤੇ ਖਾਸ ਕਰ ਕੇ ਕਿਸਾਨਾਂ ਦਾ ਭਲਾ ਹੋਵੇਗਾ ਤੇ ਮਜ਼ਦੂੁਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕੰਪਨੀਆਂ ਨੂੰ ਲਾਂਘੇ ਦੇ ਵਿਕਾਸ ਦਾ ਕੰਮ ਸੌਂਪ ਦਿੱਤਾ ਹੈ ਤੇ ਕੰਮ ਸ਼ੁਰੂ ਹੋ ਗਿਆ ਹੈ।

ਸਿੱਖ ਕਤਲੇਆਮ ਅਤੇ ਕਿਸਾਨਾਂ ਦੇ ਮੁੱਦਿਆਂ ਦੀ ਪਈ ਗੂੰਜ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿਧਾਨ ਸਭਾ ਵਿੱਚ ਅੱਜ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ 1984 ਦੇ ਸਿੱਖ ਕਤਲੇਆਮ, ਸੈਸ਼ਨ ਦਾ ਸਮਾਂ ਵਧਾਉਣ ਅਤੇ ਕਿਸਾਨਾਂ ਦੇ ਮੁੱਦਿਆਂ ’ਤੇ ਜ਼ੋਰਦਾਰ ਹੰਗਾਮਾ ਕੀਤਾ। ਦੋਹਾਂ ਪਾਰਟੀਆਂ ਦੇ ਵਿਧਾਇਕਾਂ ਨੇ ਵੱਖੋ-ਵੱਖਰੇ ਤੌਰ ’ਤੇ ਸਦਨ ਵਿੱਚੋਂ ਵਾਕਆਊਟ ਵੀ ਕੀਤਾ। ਸਦਨ ਵਿੱਚ 1984 ਦੇ ਮੁੱਦਿਆਂ ’ਤੇ ਜਦੋਂ ਅਕਾਲੀ ਦਲ ਦੇ ਮੈਂਬਰਾਂ ਨੇ ਮੱਧ ਪ੍ਰਦੇਸ਼ ਦੇ ਨਵ ਨਿਯੁਕਤ ਮੁੱਖ ਮੰਤਰੀ ਕਮਲ ਨਾਥ ਵੱਲ ਨਿਸ਼ਾਨਾ ਸੇਧਿਆ ਤਾਂ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵੀ ਖੁੱਲ੍ਹ ਕੇ ਸਾਹਮਣੇ ਆ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਮਲ ਨਾਥ ਦਾ ਬਚਾਅ ਕੀਤਾ ਤੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਇਸ ਕਾਂਗਰਸੀ ਨੇਤਾ ਨੂੰ ਅਜੇ ਤੱਕ ਕਿਸੇ ਵੀ ਅਦਾਲਤ ਨੇ ਦੋਸ਼ੀ ਨਹੀਂ ਠਹਿਰਾਇਆ। ਮੁੱਖ ਮੰਤਰੀ ਨੇ ਕਮਲ ਨਾਥ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਫੋਟੋਆਂ ਵੀ ਸਦਨ ਵਿੱਚ ਦਿਖਾਈਆਂ ਅਤੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਜਾ ਰਿਹਾ ਕਾਂਗਰਸ ਨੇਤਾ ਤਿੰਨ ਵਾਰੀ ਕੇਂਦਰ ਸਰਕਾਰ ਵਿੱਚ ਵਜ਼ੀਰ ਰਹਿ ਚੁੱਕਾ ਹੈ ਤੇ ਅਕਾਲੀ ਦਲ ਦੇ ਆਗੂ ਉਸ ਨਾਲ ਮੁਲਾਕਾਤਾਂ ਕਰਦੇ ਰਹੇ ਹਨ ਤੇ ਇਸ ਸਮੇਂ ਬੇਮਤਲਬ ਤੂਲ ਦਿੱਤੀ ਜਾ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਹੁਣ ਤੱਕ ਕਾਂਗਰਸ ਸਰਕਾਰਾਂ ਦੰਗਿਆਂ ਦੇ ਦੋਸ਼ੀਆਂ ਨੂੰ ਬਚਾਉਂਦੀਆਂ ਰਹੀਆਂ ਹਨ।
ਕਾਂਗਰਸੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਕਾਲੀਆਂ ’ਤੇ ਕਟਾਖਸ਼ ਕਰਦਿਆਂ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਕਾ ਨੀਲਾ ਤਾਰਾ ਦੀ ਤਰਫ਼ਦਾਰੀ ਕੀਤੀ ਸੀ ਤੇ ਅਕਾਲੀ ਦਲ ਭਾਜਪਾ ਨਾਲ ਹੀ ਸਿਆਸੀ ਸਾਂਝ ਪਾਈ ਬੈਠਾ ਹੈ। ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਪੰਜ ਅਜਿਹੇ ਵਿਅਕਤੀ ਪ੍ਰਧਾਨ ਮੰਤਰੀ ਬਣੇ ਸਨ ਜਿਨ੍ਹਾਂ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਸੀ ਤੇ ਉਸ ਸਮੇਂ ਦੰਗਿਆਂ ਦੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਵਾਈ। ਅਕਾਲੀ ਦਲ ਨੇ ਇਸ ਮੁੱਦੇ ’ਤੇ ਕਾਂਗਰਸ ਦੇ ਖਿਲਾਫ਼ ਸਦਨ ਦੇ ਵਿਚਕਾਰ ਜਾ ਕੇ ਨਾਹਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨੀ ਮੁੱਦਿਆਂ ’ਤੇ ਬਹਿਸ ਲਈ ਕੰਮ ਰੋਕੂ ਮਤਾ ਵੀ ਲਿਆਂਦਾ ਗਿਆ ਸੀ ਪਰ ਸਪੀਕਰ ਨੇ ਇਹ ਮਤਾ ਰੱਦ ਕਰ ਦਿੱਤਾ ਸੀ। ਪ੍ਰਸ਼ਨ ਕਾਲ ਖ਼ਤਮ ਹੁੰਦਿਆਂ ਹੀ ਆਪ ਵਿਧਾਇਕਾਂ ਨੇ ਸੈਸ਼ਨ ਦਾ ਸਮਾਂ ਘਟਾਉਣ ਦੇ ਮੁੱਦੇ ’ਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ। ਕੰਵਰ ਸੰਧੂ ਨੇ ਕਿਹਾ ਕਿ ਸਦਨ ਦੀਆਂ ਬੈਠਕਾਂ ਘੱਟ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੰਮ ਕਾਰ ਨਾ ਹੋਣ ਦੀ ਦਲੀਲ ਦਿੱਤੀ ਗਈ ਹੈ ਜਦੋਂ ਕਿ ਸੈਸ਼ਨ ਸਰਕਾਰ ਦਾ ਕੰਮਕਾਰ ਕਰਨ ਲਈ ਨਹੀਂ ਹੁੰਦਾ ਲੋਕਾਂ ਦੀਆਂ ਮੰਗਾਂ ਮਸਲਿਆਂ ’ਤੇ ਬਹਿਸ ਕਰਨ ਲਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆ ਰਿਪੋਰਟਾਂ ਅਤੇ ਭਖਦੇ ਮੁੱਦੇ ਹਨ ਜਿਨ੍ਹਾਂ ’ਤੇ ਬਹਿਸ ਕੀਤੀ ਜਾਣੀ ਚਾਹੀਦੀ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਕਰਜ਼ਾ ਕੁਰਕੀ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾ ਰਹੀਆਂ ਹਨ। ਇਸ ਮੁੱਦੇ ’ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਨੋਕ ਝੋਕ ਵੀ ਹੋਈ। ਆਪ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਨੇ ਮਾਨਸਾ-ਭਵਾਨੀਗੜ੍ਹ ਮਾਰਗ ’ਤੇ ਲੱਗਣ ਵਾਲੇ ਟੌਲ ਦਾ ਮੁੱਦਾ ਉਠਾਇਆ ਤੇ ਕੰਵਰ ਸਿੰਘ ਸੰਧੂ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਬਕਾਇਆ ਤੁਰੰਤ ਦੇਣ ਦੀ ਮੰਗ ਰੱਖੀ। ਅਕਾਲੀ ਦਲ ਦੇ ਮੈਂਬਰਾਂ ਨੇ ਕਿਹਾ ਕਿ ਆਲੂ ਰੁਲ਼ ਰਹੇ ਹਨ ਤੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸ ਲਈ ਕਿਸਾਨੀ ਮੁੱਦਿਆਂ ’ਤੇ ਤੁਰੰਤ ਬਹਿਸ ਕਰਾਈ ਜਾਵੇ।


Comments Off on ਕਰਤਾਰਪੁਰ ਲਾਂਘਾ: ਕੈਪਟਨ ਨੇ ਮੁੜ ਅਲਾਪਿਆ ਆਈਐਸਆਈ ਦਾ ਰਾਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.