ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਐਨਟੀਏ ਨੈੱਟ: ਪਹਿਲੇ ਪਰਚੇ ਲਈ ਅਹਿਮ ਨੁਕਤੇ

Posted On December - 5 - 2018

ਕਾਲਜ ਜਾਂ ਯੂਨੀਵਰਸਿਟੀ ਵਿਚ ਪੜ੍ਹਾਉਣ ਦੀ ਰੁਚੀ ਰੱਖਦੇ ਹੋ ਤਾਂ ਲੋੜੀਂਦੀ ਵਿਦਿਅਕ ਯੋਗਤਾ ਤੋਂ ਇਲਾਵਾ ਨੈੱਟ (ਕੌਮੀ ਯੋਗਤਾ ਪ੍ਰੀਖਿਆ) ਪਾਸ ਕਰਨਾ ਜ਼ਰੂਰੀ ਹੈ। ਇਹ ਟੈਸਟ ਸਾਲ ਵਿਚ ਦੋ ਵਾਰ ਲਿਆ ਜਾਂਦਾ ਹੈ। ਇਸ ਵਾਰ ਯੂਜੀਸੀ ਵੱਲੋਂ ਟੈਸਟ ਲੈਣ ਦਾ ਜ਼ਿੰਮਾ ਐਨਟੀਏ (ਨੈਸ਼ਨਲ ਟੈਸਟਿੰਗ ਏਜੰਸੀ) ਨੂੰ ਦਿੱਤਾ ਗਿਆ ਹੈ। ਮਨੁੱਖੀ ਸਰੋਤ ਮੰਤਰਾਲੇ ਅਧੀਨ ਆਉਂਦੀ ਇਹ ਏਜੰਸੀ ਉਚੇਰੀ ਸਿੱਖਿਆ ਵਿਚ ਦਾਖ਼ਲੇ/ਫੈਲੋਸ਼ਿਪ ਆਦਿ ਲਈ ਪ੍ਰੀਖਿਆਵਾਂ ਲੈਂਦੀ ਹੈ। ਇਸ ਵਾਰ ਟੈਸਟ 18 ਦਸੰਬਰ ਤੋਂ 22 ਦਸੰਬਰ 2018 ਤੱਕ ਕੰਪਿਊਟਰ ਬੇਸਡ ਟੈਸਟ ਮੋਡ ਰਾਹੀਂ ਲਿਆ ਜਾ ਰਿਹਾ ਹੈ।
ਇਹ ਪ੍ਰੀਖਿਆ ਸਿਰਫ਼ ਅਸਿਸਟੈਂਟ ਪ੍ਰੋਫੈਸਰ ਲਈ ਯੋਗਤਾ ਜਾਂ ਦੋਵੇਂ ਭਾਵ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਅਤੇ ਅਸਿਸਟੈਂਟ ਪ੍ਰੋਫੈਸਰ ਲਈ ਯੋਗਤਾ ਲਈ ਹੁੰਦੀ ਹੈ। ਕੌਮੀ ਪੱਧਰ ਦੀ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਅਤੇ ਜੇਆਰਐਫ ਲਈ ਯੋਗ ਬਣਾਉਂਦੀ ਹੈ। ਇਸ ਪ੍ਰੀਖਿਆ ਵਿਚ ਇਕੋ ਦਿਨ ਦੋ ਪੇਪਰ ਹੁੰਦੇ ਹਨ। ਪਹਿਲਾ ਪੇਪਰ ਸਾਰਿਆਂ ਲਈ ਸਾਂਝਾ ਹੈ ਅਤੇ ਦੂਜਾ ਪੇਪਰ ਆਪਣੇ ਵਿਸ਼ੇ ਦਾ ਹੁੰਦਾ ਹੈ। ਪਹਿਲਾ ਪੇਪਰ ਵਿਦਿਆਰਥੀ ਦੇ ਆਮ ਗਿਆਨ, ਖੋਜ ਕਰਨ ਦੀ ਯੋਗਤਾ, ਗਣਿਤ ਯੋਗਤਾ, ਕੰਪਿਊਟਰ ਗਿਆਨ ਆਦਿ ਦੀ ਪਰਖ ਲਈ ਲਿਆ ਜਾਂਦਾ ਹੈ। ਇਸ ਤਹਿਤ ਪਹਿਲਾਂ 60 ਵਿਚੋਂ 50 ਪ੍ਰਸ਼ਨ ਕਰਨੇ ਹੁੰਦੇ ਸਨ, ਪਰ ਇਸ ਵਾਰ 50 ਵਿਚੋਂ 50 ਸਵਾਲ ਕਰਨੇ ਹਨ। ਇੱਕ ਪ੍ਰਸ਼ਨ ਦੇ 2 ਅੰਕ ਹਨ ਤੇ ਇਹ ਪੇਪਰ 100 ਅੰਕਾਂ ਦਾ ਹੈ। ਦੋਵੇਂ ਪੇਪਰ ਪਾਸ ਕਰਨ ਲਈ ਘੱਟੋ-ਘੱਟ ਅੰਕ 40 ਅੰਕ (ਜਨਰਲ ਸ਼੍ਰੇਣੀ ਲਈ) ਅਤੇ 35 ਅੰਕ ( ਐਸਸੀ/ ਐਸਟੀ/ ਓਬੀਸੀ/ ਪੀਡਬਲਿਊਡੀ) ਲਈ ਨਿਰਧਾਰਿਤ ਕੀਤੇ ਗਏ ਹਨ। ਪਹਿਲਾ ਪੇਪਰ 10 ਸੈਕਸ਼ਨਾਂ ਵਿਚ ਵੰਡਿਆ ਗਿਆ ਹੈ ਤੇ ਹਰ ਸੈਕਸ਼ਨ ਵਿਚ 5 ਪ੍ਰਸ਼ਨ ਹਨ।
ਆਮ ਤੌਰ ’ਤੇ ਵਿਦਿਆਰਥੀ ਇਸੇ ਭੁਲੇਖੇ ਵਿਚ ਹੁੰਦੇ ਹਨ ਕਿ ਇਹ ਸੌਖਾ ਪੇਪਰ ਹੈ, ਪਰ ਇਹ ਪੇਪਰ ਕਾਫ਼ੀ ਲੰਮਾ ਤੇ ਗੁੰਝਲਦਾਰ ਹੁੰਦਾ ਹੈ ਤੇ ਬਹੁਤੇ ਵਿਦਿਆਰਥੀਆਂ ਦਾ ਪੇਪਰ ਇਕ ਘੰਟੇ ਵਿਚ ਪੂਰਾ ਹੀ ਨਹੀਂ ਹੁੰਦਾ। ਇਸ ਪੇਪਰ ਵਿਚ ਟੀਚਿੰਗ ਐਪਟੀਚਿਊਡ, ਰਿਸਰਚ ਐਪਟੀਚਿਊਡ, ਕਮਿਊਨੀਕੇਸ਼ਨ ਸਕਿੱਲ, ਰੀਜ਼ਨਿੰਗ, ਕਮਿਊਨੀਕੇਸ਼ਨ, ਡੇਟਾ ਇੰਟਰਪ੍ਰੀਟੇਸ਼ਨ, ਰੀਡਿੰਗ ਕਾਂਪ੍ਰੀਹੈਨਸ਼ਨ, ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ, ਐਨਵਾਇਰਮੈਂਟ ਤੇ ਹਾਇਰ ਐਜੂਕਸ਼ਨ ਵਿਸ਼ੇ ਹਨ। ਆਓ, ਇਸ ਪੇਪਰ ’ਚ ਸਫ਼ਲਤਾ ਲਈ ਕੁਝ ਨੁਕਤਿਆਂ ’ਤੇ ਚਰਚਾ ਕਰੀਏ।

ਮਨਿੰਦਰ ਕੌਰ ਫਰੀਦਕੋਟ

* ਘਰੋਂ ਹੀ ਪੇਪਰ ਦੇ ਪੂਰੇ ਪੈਟਰਨ ਨੂੰ ਸਮਝ ਕੇ ਜਾਓ। ਇਸ ਮਗਰੋਂ ਟੈਸਟ ਵਿਚ ਬੈਠ ਕੇ ਵੀ ਜ਼ਰੂਰੀ ਹਦਾਇਤਾਂ ਪੜ੍ਹੋ।
* ਹਰ ਵਿਸ਼ੇ ਦੇ ਹਰ ਟੌਪਿਕ ਦਾ ਗੂੜ੍ਹ ਅਧਿਐਨ ਜ਼ਰੂਰੀ ਹੈ, ਕਿਉਂਕਿ ਹਰ ਸੈਕਸ਼ਨ ਵਿਚੋਂ 5 ਪ੍ਰਸ਼ਨ ਪੁੱਛੇ ਜਾਂਦੇ ਹਨ।
* ਇਸ ਵਿਚ ਅਧਿਆਪਨ ਤੇ ਖੋਜ ਬਾਰੇ ਵੀ ਪ੍ਰਸ਼ਨ ਪੁੱਛੇ ਜਾਂਦੇ ਹਨ, ਇਸ ਲਈ ਅਧਿਆਪਨ ਅਤੇ ਖੋਜ ਸਬੰਧੀ ਵਿਸ਼ਿਆਂ ਨੂੰ ਡੂੰਘਾਈ ਨਾਲ ਪੜ੍ਹੋ।
* ਵੱਖ ਵੱਖ ਵੈੱਬਸਾਈਟਾਂ ’ਤੇ ਉਪਲੱਬਧ ਇਸ ਪ੍ਰੀਖਿਆ ਦੀ ਜਾਣਕਾਰੀ ਦਾ ਪੂਰਾ ਲਾਭ ਉਠਾਓ ਤੇ ਟੈਸਟ ਤੋਂ ਕੁਝ ਦਿਨ ਪਹਿਲਾਂ ਵੱਖ ਵੱਖ ਵੈੱਬਸਾਈਟਾਂ ’ਤੇ ਪ੍ਰੈਕਟਿਸ ਲਈ ਦਿੱਤੇ ਪ੍ਰਸ਼ਨ ਹੱਲ ਕਰੋ ਜਾਂ 10 ਸਾਲਾਂ ਦੇ ਪੁਰਾਣੇ ਪਰਚੇ ਹੱਲ ਕਰੋ।
* ਟੈਸਟ ਵਿਚ ਜਿੰਨੇ ਵੀ ਦਿਨ ਰਹਿ ਗਏ ਹੋਣ, ਉਨ੍ਹਾਂ ਦਾ ਵੱਧ ਤੋਂ ਵੱਧ ਲਾਹਾ ਲਵੋ ਤੇ ਟੈਸਟ ਵਿਚ ਰਹਿੰਦੇ ਦਿਨਾਂ ਦੇ ਹਿਸਾਬ ਨਾਲ ਟਾਈਮ ਟੇਬਲ/ਸ਼ਡਿਊਲ ਤਿਆਰ ਕਰੋ ਤੇ ਉਸ ’ਤੇ ਅਮਲ ਵੀ ਕਰੋ।
* ਦੇਸ਼ ਦੀ ਹਾਇਰ ਐਜੂਕੇਸ਼ਨ ਪ੍ਰਣਾਲੀ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ ਹੋਣੀ ਚਾਹੀਦੀ ਹੈ, ਕਿਉਂਕਿ ਟੈਸਟ ਵਿਚ ਕੁਝ ਪ੍ਰਸ਼ਨ ਉਚੇਰੀ ਸਿੱਖਿਆ ਬਾਰੇ ਵੀ ਆਉਂਦੇ ਹਨ।
* ਗਣਿਤ ਦੇ ਮੁਢਲੇ ਸਿਧਾਂਤਾਂ ਵਿਚੋਂ ਪੁੱਛੇ ਜਾਣ ਵਾਲੇ ਸਵਾਲ ਅਕਸਰ ਦਸਵੀਂ ਦੇ ਸਿਲੇਬਸ ਵਿਚੋਂ ਹੀ ਹੁੰਦੇ ਹਨ, ਜੋ ਜ਼ਿਆਦਾਤਰ ਸੈੱਟਸ/ਪੈਟਰਨਜ਼ ਅਪਰੌਕਸੀਮੇਸ਼ਨ ਤਕਨੀਕਾਂ ’ਤੇ ਆਧਾਰਿਤ ਹੁੰਦੇ ਹਨ। ਇਸ ਲਈ ਦਸਵੀਂ ਦੇ ਗਣਿਤ ਦੇ ਸਿਲੇਬਸ ਦੀ ਦੁਹਰਾਈ ਜ਼ਰੂਰ ਕਰੋ।
* ਡੇਟਾ ਇੰਟਰਪ੍ਰੀਟੇਸ਼ਨਜ਼ ਸਬੰਧੀ ਸਵਾਲਾਂ ਦੇ ਹੱਲ ਲਈ ਦਸਵੀਂ ਦੀ ਸਟੈਟਿਸਟਿਕਸ ਦੀ ਦੁਹਰਾਈ ਕਰੋ।
* ਇਸ ਤੋਂ ਇਲਾਵਾ ਅਣਡਿੱਠੇ ਪੈਰੇ (ਕਾਂਪ੍ਰੀਹੈਨਸ਼ਨ ਪੈਰੇ) ਵੀ ਪੇਪਰ ਵਿਚ ਆਉਂਦੇ ਹਨ, ਜਿਨ੍ਹਾਂ ਵਿਚੋਂ ਜਵਾਬ ਲੱਭਣੇ ਹੁੰਦੇ ਹਨ। ਇਸ ਲਈ ਅੰਗਰੇਜ਼ੀ ਦੀਆਂ ਕਿਤਾਬਾਂ ’ਚ ਇਨ੍ਹਾਂ ਦਾ ਅਭਿਆਸ ਕਰੋ।
* ਵਾਤਾਵਰਨ ਨਾਲ ਸਬੰਧਤ ਭਾਗ ਦੀ ਤਿਆਰੀ ਲਈ ਦਸਵੀਂ ਦੇ ਸਿਲੇਬਸ ਵਿਚ ਖ਼ਾਸ ਕਰ ਕੇ ਪ੍ਰਦੂਸ਼ਣ, ਪ੍ਰਦੂਸ਼ਣ ਕੰਟਰੋਲ, ਕੁਦਰਤੀ ਸਰੋਤਾਂ ਤੇ ਊਰਜਾ ਸਰੋਤਾਂ ਜਿਹੇ ਵਿਸ਼ੇ ਅਤੇ ਵਾਤਾਵਰਣ ਬਾਰੇ ਨਵੀਆਂ ਅਧਿਐਨ ਰਿਪੋਰਟਾਂ ਪੜ੍ਹੋ।
* ਆਈਸੀਟੀ ਅਤੇ ਹਾਇਰ ਐਜੂਕੇਸ਼ਨ ਪ੍ਰਣਾਲੀ ਵਰਗੇ ਟੌਪਿਕਸ ਦੀ ਤਿਆਰੀ ਲਈ ਯੂਜੀਸੀ-ਨੈੱਟ ਵੱਲੋਂ ਨਿਰਧਾਰਿਤ ਕਿਤਾਬਾਂ ਹੀ ਪੜ੍ਹੋ, ਕਿਉਂਕਿ ਇਹ ਵਿਸ਼ੇ ਪੇਚੀਦਾ ਹੋਣ ਕਾਰਨ ਤਿਆਰੀ ਲਈ ਵਾਧੂ ਸਮੇਂ ਦੀ ਮੰਗ ਕਰਦੇ ਹਨ। ਆਈਸੀਟੀ ਵਿਚ ਕੰਪਿਊਟਰ ਨਾਲ ਸਬੰਧਤ ਪਰਿਭਾਸ਼ਾਵਾਂ, ਐਬਰੀਵੀਏਸ਼ਨਜ਼ ਤੇ ਟਰਮੀਨਾਲੋਜੀ ਸਬੰਧੀ ਪ੍ਰਸ਼ਨ ਹੀ ਪੱਛੇ ਜਾਂਦੇ ਹਨ।
* ਅਭਿਆਸ ਕਰ ਕੇ ਪੇਪਰ ਹੱਲ ਕਰਨ ਦੀ ਰਫ਼ਤਾਰ ਵਧਾਓ ਤਾਂ ਜੋ ਪੇਪਰ ਸਮੇਂ ’ਤੇ ਪੂਰਾ ਹੋ ਸਕੇ, ਕਿਉਂਕਿ ਸਿਲੇਬਸ ਕਾਫ਼ੀ ਜ਼ਿਆਦਾ ਹੈ ਤੇ ਪੇਪਰ ਸਮੇਂ ’ਤੇ ਪੂਰਾ ਕਰਨਾ ਵੀ ਵੱਡੀ ਉਪਲੱਬਧੀ ਹੈ। ਇਸ ਲਈ ਤਿਆਰ ਕਰਦੇ ਸਮੇਂ ਸੰਖੇਪ ਨੋਟਸ ਵੀ ਜ਼ਰੂਰ ਤਿਆਰ ਕਰਦੇ ਜਾਓ ਤੇ ਮਹੱਤਵਪੂਰਨ ਨੁਕਤਿਆਂ ਨੂੰ ਨਾਲ ਨਾਲ ਲਿਖਦੇ ਜਾਓ।
* ਪੇਪਰ ਤੇ ਸਾਰੇ ਸੈਕਸ਼ਨਾਂ ਬਾਰੇ ਅਪਡੇਟ ਜ਼ਰੂਰ ਸਮੇਂ ਸਮੇਂ ’ਤੇ ਦੇਖਦੇ ਰਹੋ। ਸਭ ਤੋਂ ਜ਼ਰੂਰੀ ਉਤਸ਼ਾਹ ਤੇ ਹੌਸਲਾ ਹੈ। ਜੇ ਜਿੱਤਣ ਦੀ ਸੋਚਾਂਗੇ ਤਾਂ ਜ਼ਰੂਰ ਜਿੱਤਾਂਗੇ। ਇਸ ਲਈ ਜਿੰਨਾ ਵੀ ਸਮਾਂ ਰਹਿ ਗਿਆ ਹੋਵੇ, ਉਸ ਦਾ ਪੂਰਾ ਲਾਹਾ ਲੈਂਦੇ ਹੋਏ, ਉਤਸ਼ਾਹ ਨਾਲ ਤਿਆਰੀ ਕਰੋ, ਨਾ ਕਿ ਡਰ ਡਰ ਕੇ।
ਇਨ੍ਹਾਂ ਸਾਰਿਆਂ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਕੁਝ ਕੁ ਹਫ਼ਤਿਆਂ ਵਿਚ ਨੈੱਟ ਦੇ ਪਹਿਲੇ ਪੇਪਰ ਦੀ ਤਿਆਰੀ ਕੀਤੀ ਜਾ ਸਕਦੀ ਹੈ। ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ www.nta.ac.in, www.ntanet.nic.in ਤੋਂ ਲਈ ਜਾ ਸਕਦੀ ਹੈ।
ਸੰਪਰਕ:
maninderkaurcareers@gmail.com


Comments Off on ਐਨਟੀਏ ਨੈੱਟ: ਪਹਿਲੇ ਪਰਚੇ ਲਈ ਅਹਿਮ ਨੁਕਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.