ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਅਜੋਕੇ ਵਿਦਿਅਕ ਢਾਂਚੇ ਦਾ ਕੱਚ-ਸੱਚ

Posted On December - 12 - 2018

ਤਕਨਾਲੋਜੀ ਅਤੇ ਮੁਕਾਬਲੇ ਦੇ ਅਜੋਕੇ ਦੌਰ ਵਿਚ ਮਿਆਰੀ ਤੇ ਉਚੇਰੀ ਸਿੱਖਿਆ ਹਾਸਲ ਕਰਨੀ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਅੱਜ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ-ਕਾਲਜਾਂ ਵਿਚ ਪੜ੍ਹਨੇ ਪਾਉਣਾ ਲੋਚਦਾ ਹੈ, ਚਾਹੇ ਉਹ ਅਦਾਰੇ ਕਿੰਨੀਆਂ ਹੀ ਮੋਟੀਆਂ ਫੀਸਾਂ ਬਟੋਰ ਰਹੇ ਹੋਣ। ਇਸੇ ਕਾਰਨ ਜਗ੍ਹਾ ਜਗ੍ਹਾ ਸਕੂਲ-ਕਾਲਜ ਖੁੱਲ੍ਹ ਗਏ ਹਨ। ਸਾਡੇ ਦੇਸ਼ ਅਤੇ ਸੂਬੇ ਵਿਚ ਵਿਦਿਅਕ ਅਦਾਰਿਆਂ ਦੀ ਗਿਣਤੀ ਭਾਵੇਂ ਬਹੁਤ ਵਧ ਗਈ ਹੈ, ਪਰ ਸਿੱਖਿਆ ਦਾ ਮਿਆਰ ਉਨਾ ਹੀ ਥੱਲੇ ਡਿੱਗ ਗਿਆ ਹੈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਭਾਰਤ ਕੋਲ ਬਹੁਤ ਤੇਜ਼ ਦਿਮਾਗ ਵਿਦਿਆਰਥੀ ਅਤੇ ਵਿਸ਼ਵ ਪੱਧਰੀ ਸੰਸਥਾਵਾਂ ਹਨ, ਭਾਰਤ ਦਾ ਸਿੱਖਿਆ ਬੁਨਿਆਦੀ ਢਾਂਚਾ ਸਭ ਤੋਂ ਵੱਡਾ ਹੈ, ਪਰ ਅਜੇ ਤੱਕ ਕੋਈ ਵੀ ਭਾਰਤੀ ਸੰਸਥਾ ਸਿਖਰਲੇ 200 ਰੈਂਕ ਵਿਚ ਨਹੀਂ ਆਈ ਹੈ।
ਪੁਰਾਣੇ ਸਮਿਆਂ ਵਿਚ ਟਾਵਾਂ-ਟਾਵਾਂ ਇਨਸਾਨ ਹੀ ਉਚੇਰੀ ਵਿਦਿਆ ਪ੍ਰਾਪਤ ਕਰਦਾ ਸੀ। ਉਨ੍ਹਾਂ ਸਮਿਆਂ ਵਿਚ ਨਾ ਤਾਂ ਇੰਨੀਆਂ ਸਹੂਲਤਾਂ ਹੁੰਦੀਆਂ ਸਨ ਤੇ ਨਾ ਹੀ ਪੜ੍ਹਾਈ ਪ੍ਰਤੀ ਇੰਨੀ ਜਾਗਰੂਕਤਾ, ਪਰ ਜੋ ਵੀ ਉਚੇਰੀ ਵਿਦਿਆ ਪ੍ਰਾਪਤ ਕਰ ਲੈਂਦਾ ਸੀ, ਉਸ ਨੂੰ ਵਿਦਵਾਨ ਮੰਨਿਆ ਜਾਂਦਾ ਸੀ, ਕਿਉਂਕਿ ਉਸ ਇਨਸਾਨ ਦਾ ਹਰ ਚੀਜ਼ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਸੀ ਤੇ ਉਸ ਕੋਲ ਗਿਆਨ ਦਾ ਭੰਡਾਰ ਹੁੰਦਾ ਸੀ। ਉਹ ਆਮ ਇਨਸਾਨ ਨਾਲੋਂ ਦੂਰ-ਅੰਦੇਸ਼ੀ ਹੁੰਦਾ ਸੀ, ਪਰ ਅੱਜ ਦੇ ਸਮੇਂ ਵਿਚ ਟਾਵਾਂ ਟਾਵਾਂ ਹੀ ਅਨਪੜ੍ਹ ਹੈ ਤੇ ਬਹੁਤਾ ਸਮਾਜ ਪੜ੍ਹਿਆ-ਲਿਖਿਆ ਹੈ। ਵੱਡੀ ਗਿਣਤੀ ਲੋਕ, ਖ਼ਾਸ ਕਰ ਕੇ ਨੌਜਵਾਨ ਉਚੇਰੀ ਸਿੱਖਿਆ ਪ੍ਰਾਪਤ ਹਨ, ਪਰ ਇਨ੍ਹਾਂ ਵਿਚੋਂ ਬਹੁਤੇ ਵਿਦਵਾਨ ਨਹੀਂ, ਬਲਕਿ ਤਕਨੀਕੀ ਯੁੱਗ ਦੇ ਕਿਸੇ ‘ਉਤਪਾਦ’ ਵਾਂਗ ਹਨ। ਅਜੋਕੇ ਵਿਦਿਆਰਥੀਆਂ ਲਈ ‘ਉਤਪਾਦ’ ਸ਼ਬਦ ਇਸ ਲਈ ਵਰਤਿਆ ਹੈ, ਕਿਉਂਕਿ ਆਧੁਨਿਕੀਕਰਨ ਦੇ ਨਾਮ ’ਤੇ ਹੁਣ ਬਹੁਤੇ ਵਿਦਿਅਕ ਅਦਾਰੇ ਵਿਦਿਆਰਥੀਆਂ ਨੂੰ ਕਿਸੇ ਮਸ਼ੀਨ ਵਿਚੋਂ ਬਣ ਕੇ ਨਿਕਲੇ ‘ਉਤਪਾਦ’ ਵਰਗਾ ਹੀ ਬਣਾ ਰਹੇ ਹਨ, ਜੋ ਨੰਬਰਾਂ ਲਈ ਰੱਟੇ ਲਾਉਂਦੇ ਹਨ, ਪਰ ਸੰਵਾਦ ਨਹੀਂ ਰਚਾਉਂਦੇ। ਬਹੁਤੇ ਪਾੜ੍ਹਿਆਂ ਨੂੰ ਦੀਨ-ਦੁਨੀਆਂ ਦਾ ਕੁਝ ਪਤਾ ਹੀ ਨਹੀਂ ਹੁੰਦਾ।

ਡਾ. ਮਨਜੋਤ ਕੌਰ ਮਾਨਗੜ੍ਹ

‘ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ’ (ਅਸਰ) 2017 ਅਨੁਸਾਰ 14-18 ਉਮਰ ਵਰਗ ਦੇ ਤਕਰੀਬਨ 25 ਫ਼ੀਸਦੀ ਵਿਦਿਆਰਥੀ ਆਪਣੀ ਮੂਲ ਭਾਸ਼ਾ ਵਿਚ ਪਾਠ ਪੜ੍ਹਨ ’ਚ ਅਸਮਰੱਥ ਹਨ। ਇਸ ਸਥਿਤੀ ਵਿਚ ਭਾਰਤ ਵਿਚ ‘ਸਿੱਖਿਆ ਦੇ ਅਧਿਕਾਰ ਐਕਟ’ ਤਹਿਤ ਵਿਦਿਆਰਥੀ ਨੂੰ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੇ ਬਲਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ ਸੀ। ਬੇਸ਼ੱਕ ਇਸ ਨੇ ਵਿਦਿਆਰਥੀਆਂ ਦੀ ਦਾਖ਼ਲਾ ਦਰ ਵਧਾ ਦਿੱਤੀ ਸੀ, ਪਰ ਇਸ ਨੀਤੀ ਨੇ ਸਿੱਖਿਆ ਪ੍ਰਣਾਲੀ ਨੂੰ ਮੂੰਧੇ ਮੂੰਹ ਸੁੱਟਣ ਵਿਚ ‘ਵੱਡਾ ਯੋਗਦਾਨ’ ਪਾਇਆ। ਹੁਣ ਭਾਵੇਂ ਇਹ ਨੀਤੀ ਲਾਗੂ ਨਹੀਂ ਹੈ, ਪਰ ਇਸ ਦਾ ਮਾੜਾ ਅਸਰ ਪਿਆ। ਨੈਸ਼ਨਲ ਅਚੀਵਮੈਂਟ ਸਰਵੇਖਣ (ਐਨਏਐੱਸ) ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਇਸ ਨੀਤੀ ਦਾ ਅਸਰ ਇਹ ਹੋਇਆ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਤੀਜੀ ਜਮਾਤ ਦੇ ਵਿਦਿਆਰਥੀ ਤੋਂ ਵੀ ਵੱਧ ਮਾੜਾ ਪ੍ਰਦਰਸ਼ਨ ਕਰਨ ਲੱਗ ਪਿਆ।
ਅਜੋਕੇ ਸਮੇਂ ਵਿਚ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਨੂੰ ਨਾ ਤਾਂ ਜ਼ਿੰਦਗੀ ਦੇ ਅਰਥ ਸਮਝਾਏ ਜਾਂਦੇ ਹਨ ਅਤੇ ਨਾ ਹੀ ਪੜ੍ਹਾਈ ਦੇ। ਉਨ੍ਹਾਂ ਨੂੰ ਦੋ ਹੀ ਗੱਲਾਂ ਸਮਝਾਈਆਂ ਅਤੇ ਸਿਖਾਈਆਂ ਜਾਂਦੀਆਂ ਹਨ, ਜਿਨਾਂ ਵਿਚੋਂ ਪਹਿਲੀ ਹੈ ‘ਮੁਕਾਬਲੇਬਾਜ਼ੀ’। ਮੁਕਾਬਲੇ ਕਰ ਕੇ, ਇੱਕ ਦੂਜੇ ਤੋਂ ਵੱਧ ਨੰਬਰ ਲੈਣ ਦੀ ਹੋੜ ਨੇ ਪਾੜ੍ਹਿਆਂ ’ਤੇ ਮਾਨਸਿਕ ਦਬਾਅ ਵੀ ਵਧਾ ਦਿੱਤਾ ਹੈ। ਪੁਰਾਣੇ ਸਮਿਆਂ ਵਿਚ ਪਾੜ੍ਹਿਆਂ ਨੂੰ ਸਿਖਾਇਆ ਜਾਂਦਾ ਸੀ ਕਿ ‘ਗਿਆਨ ਵੰਡਣ ਨਾਲ ਵਧਦਾ ਹੈ’, ਪਰ ਅੱਜ ਸਥਿਤੀ ਉਲਟ ਹੈ। ਪਹਿਲਾਂ ਸੀਨੀਅਰ ਵਿਦਿਆਰਥੀ ਹੀ ਜੂਨੀਅਰਾਂ ਨੂੰ ਪੜ੍ਹਾ ਦਿੰਦੇ ਸਨ ਤੇ ਸਹਿਪਾਠੀ ਵੀ ਮਦਦ ਕਰਦੇ ਸਨ, ਪਰ ਹੁਣ ਕੋਈ ਅਜਿਹਾ ਕਰਨ ਲਈ ਰਾਜ਼ੀ ਨਹੀਂ ਹੈ। ਇਸ ਮੁਕਾਬਲੇਬਾਜ਼ੀ ਨੇ ਪਿਆਰ ਤੇ ਸਾਂਝ ਨੂੰ ਵੀ ਸੱਟ ਮਾਰੀ ਹੈ। ਦੂਜਾ ਹੈ, ਰੱਟਾ ਲਾਉਣਾ। ਹੁਣ ਮਾਪੇ ਵੀ ਪੁੱਤਾਂ ਧੀਆਂ ’ਤੇ ਵੱਧ ਤੋਂ ਵੱਧ ਨੰਬਰ ਲੈਣ ਦਾ ਦਬਾਅ ਪਾਉਂਦੇ ਹਨ, ਜਿਸ ਕਾਰਨ ਵਿਦਿਆਰਥੀ ਰੱਟਾ ਲਾਉਣ ਲੱਗ ਜਾਂਦੇ ਹਨ, ਪਰ ਪੱਲੇ ਕੁਝ ਵੀ ਨਹੀਂ ਪੈਂਦਾ। 200 ਭਾਰਤੀ ਤੇ ਵਿਦੇਸ਼ੀ ਕੰਪਨੀਆਂ ਦੇ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਜ਼ਿਆਦਾਤਰ ਭਾਰਤੀ ਗ੍ਰੈਜੂਏਟ, ਆਪਣੀਆਂ ਸੰਸਾਰਕ ਗੰਝਲਾਂ ਸੁਲਝਾਉਣ ਵਿਚ ਅਸਮਰੱਥ ਸਨ। ਇਸ ਦਾ ਕਾਰਨ ਹੈ ਕਿ ਅਜੋਕੀ ਸਿੱਖਿਆ ਪ੍ਰਣਾਲੀ ਮਿਆਰੀ ਨਹੀਂ ਰਹੀ ਤੇ ਨਾ ਹੀ ਉਸ ਵਿਚ ਬੌਧਿਕਤਾ ਜਾਂ ਨੈਤਿਕਤਾ ਦਾ ਸਬਕ ਹੁੰਦਾ ਹੈ, ਇਸ ਲਈ ਵਿਦਿਆਰਥੀਆਂ ਅੰਦਰ ਕੁਝ ਨਵਾਂ ਸੋਚਣ ਜਾਂ ਕਰਨ ਦੀ ਸ਼ਕਤੀ ਘਟ ਰਹੀ ਹੈ। ਇਕ ਕੌਮੀ ਪੱਧਰ ਦੇ ਸਰਵੇਖਣ ਅਨੁਸਾਰ 80 ਫ਼ੀਸਦੀ ਪ੍ਰਿੰਸੀਪਲਾਂ ਦਾ ਮੰਨਣਾ ਹੈ ਕਿ ‘ਰੱਟਾ ਸਿਖਲਾਈ’ ਉਤੇ ਜ਼ੋਰ ਸਾਡੀ ਸਿੱਖਿਆ ਪ੍ਰਣਾਲੀ ਦਾ ਮਿਆਰ ਤੇਜ਼ੀ ਨਾਲ ਘਟਾ ਰਿਹਾ ਹੈ। ਬਹੁਤੇ ਨੌਜਵਾਨ ਕੁਝ ਨਵਾਂ ਸਿੱਖਣ ਜਾਂ ਕਰਨ ਵਿਚ ਦਿਲਚਸਪੀ ਨਹੀਂ ਦਿਖਾਉਂਦੇ।
ਇਸ ਸਥਿਤੀ ਵਿਚ ਸਾਡੇ ਵਿਦਿਅਕ ਢਾਂਚੇ ਵਿਚ ਵੱਡੀ ਤਬਦੀਲੀ ਦੀ ਲੋੜ ਹੈ। ਨੌਜਵਾਨਾਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਦਿਆ ਦੇ ਅਸਲੀ ਅਰਥ ਵੀ ਸਮਝਾਏ ਜਾਣੇ ਚਾਹੀਦੇ ਹਨ ਤਾਂ ਜੋ ਉਹ ਬੌਧਿਕ ਤੇ ਨੈਤਿਕ ਤੌਰ ’ਤੇ ਵੀ ਮਜ਼ਬੂਤ ਹੋ ਸਕਣ।

ਇਸ ਲੇਖ ਨੇ ਗੰਭੀਰ ਮਸਲੇ ਉਠਾਏ ਹਨ। ਪੰਜਾਬ ਦੇ ਵਿਦਿਅਕ ਢਾਂਚੇ ਨੂੰ ਖੋਰਾ ਲੱਗ ਚੁੱਕਾ ਹੈ। ਇਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ, ਸਰਕਾਰ, ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕ, ਸਾਇੰਸਦਾਨ, ਸਮਾਜ ਸ਼ਾਸਤਰੀ, ਭਾਸ਼ਾਵਾਂ ਦੇ ਵਿਦਵਾਨ ਤੇ ਅਧਿਆਪਕ ਯੂਨੀਅਨਾਂ। ਸਾਡੀਆਂ ਯੂਨੀਵਰਸਿਟੀਆਂ ਸੰਸਾਰ ਪੱਧਰ ਦੇ ਮਿਆਰ ਨੂੰ ਕਦੇ ਵੀ ਨਹੀਂ ਪਹੁੰਚ ਸਕਦੀਆਂ, ਕਿਉਂਕਿ ਏਥੇ ਪੜ੍ਹਾਉਣ ਵਾਲਿਆਂ ਦੀ ਪ੍ਰਤੀਬੱਧਤਾ ਵਿਦਿਆਰਥੀਆਂ ਨਾਲ ਨਹੀਂ ਹੈ, ਸਗੋਂ ਇਨ੍ਹਾਂ ਗੱਲਾਂ ਨਾਲ ਹੈ ਕਿ ਉਹ ਕਿੰਨੇ ਘੰਟੇ ਕੰਮ ਕਰਦੇ ਹਨ ਜਾਂ ਉਨ੍ਹਾਂ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ। ਉਨ੍ਹਾਂ ਨੇ ਖ਼ੁਦ ਕੀ ਮਿਆਰੀ ਖੋਜ ਕੀਤੀ ਜਾਂ ਕਰਾਈ ਹੈ, ਇਸ ਦਾ ਲੇਖਾ-ਜੋਖਾ ਲੈਣ ਵਾਲਾ ਕੋਈ ਨਹੀਂ। ਸਾਡੇ ਸਕੂਲ, ਸਰਕਾਰ ਅਤੇ ਅਧਿਆਪਕ ਜਥੇਬੰਦੀਆਂ ਵਿਚਕਾਰ ਖਿੱਚੋਤਾਣ ਦਾ ਖੇਤਰ ਬਣੇ ਹੋਏ ਹਨ ਤੇ ਜੋ ਵਿਦਿਆਰਥੀਆਂ ਅਤੇ ਪੜ੍ਹਾਈ ਦਾ ਹਾਲ ਹੈ, ਉਹ ਸਭ ਦੇ ਸਾਹਮਣੇ ਹੈ। ਸਕੂਲ ਪੱਧਰ ਸਹੀ ਨਾ ਹੋਣ ਕਾਰਨ ਵਿਦਿਆਰਥੀ ਯੂਨੀਵਰਸਿਟੀਆਂ ਵਿਚ ਵੀ ਚੰਗੀ ਕਾਰਗੁਜ਼ਾਰੀ ਦਿਖਾਉਣ ਤੋਂ ਅਸਮਰੱਥ ਹੁੰਦੇ ਹਨ। ਲੋਕ, ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦੇ ਹਨ ਜੋ ਸਵੇਰੇ ਸੱਤ ਵਜੇ ਖੇਸ ਦੀ ਬੁੱਕਲ ਮਾਰ ਕੇ ਕਿਸੇ ਸਕੂਲ ਵਿਚ ਪਹੁੰਚ ਜਾਂਦੇ ਸਨ ਤੇ ਸਕੂਲ ਦਾ ਅਚਨਚੇਤ ਮੁਆਇਨਾ ਕਰਦੇ ਸਨ। ਅੱਜ, ਨਾ ਸਾਡੇ ਸਿਆਸਤਦਾਨ ਅਤੇ ਨਾ ਹੀ ਵਿਦਿਅਕ ਢਾਂਚੇ ਨਾਲ ਸਬੰਧਤ ਅਫ਼ਸਰਾਂ ਵਿਚ ਉਹ ਪਹਿਲਕਦਮੀ ਨਜ਼ਰ ਆਉਂਦੀ ਹੈ, ਜਿਸ ਲਈ ਕੈਰੋਂ ਨੂੰ ਯਾਦ ਕੀਤਾ ਜਾਂਦਾ ਹੈ। ਅਧਿਆਪਕਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਸ ਲਗਨ ਦੀ ਵੱਡੀ ਘਾਟ ਹੈ, ਜਿਸ ਕਰ ਕੇ ਪੰਜਾਬ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱੱਧਰ ਦੇ ਵਿਦਵਾਨ ਪੈਦਾ ਕਰਨ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਸੀਨੀਅਰ ਰਿਸਰਚ ਫੈਲੋ, ਪੀਏਯੂ, ਲੁਧਿਆਣਾ
ਸੰਪਰਕ: manjot@pau.edu


Comments Off on ਅਜੋਕੇ ਵਿਦਿਅਕ ਢਾਂਚੇ ਦਾ ਕੱਚ-ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.