ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਅਕਾਲੀ ਦਲ ਦਾ ਦੁਖਾਂਤ

Posted On December - 24 - 2018

ਭਾਈ ਅਸ਼ੋਕ ਸਿੰਘ ਬਾਗੜੀਆ

ਪਿਛਲੇ ਕੁਝ ਸਾਲਾਂ ਤੋਂ ਪੰਥ ਬਹੁਤ ਤੇਜ਼ੀ ਨਾਲ ਨਿਘਾਰ ਵੱਲ ਵਧ ਰਿਹਾ ਹੈ। ਜੋ ਪੰਥ ਵਿਰੋਧੀ ਕਰਨਾ ਚਾਹੁੰਦੇ ਸਨ ਉਹ ਸਿੱਖ ਖ਼ੁਦ ਹੀ ਕਰ ਰਹੇ ਹਨ, ਇਸ ਤੋਂ ਵੱਡੀ ਸ਼ਰਮ ਅਤੇ ਬਦਕਿਸਮਤੀ ਵਾਲੀ ਕੀ ਗੱਲ ਹੋ ਸਕਦੀ ਹੈ? ਪਿਛਲੇ ਕੁਝ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੌਦਾ ਸਾਧ ਨੂੰ ਅਖੌਤੀ ਮੁਆਫ਼ੀਨਾਮਾ, ਪੰਜਾਬ ਵਿਚ ਹੋਈ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਬਣਦੀ ਗੰਭੀਰਤਾ ਨਾਲ ਨੋਟਿਸ ਨਾ ਲੈਣਾ, ਅਕਾਲੀ ਦਲ ਦੇ ਪ੍ਰਭਾਵ ਥੱਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗ਼ਲਤ ਫ਼ੈਸਲੇ ਲੈ ਕੇ ਉਸ ਦੇ ਵੱਕਾਰ ਨੂੰ ਢਾਹ ਲਾਉਣਾ, ਡਾਕਟਰ ਕ੍ਰਿਪਾਲ ਸਿੰਘ ਜਿਹੇ ਸਥਾਪਿਤ ਸਿੱਖ ਵਿਦਵਾਨ ਦਾ ਨਿਰਾਦਰ ਕਰਨਾ ਆਦਿ ਫ਼ੈਸਲਿਆਂ ਨੇ ਐੱਸ.ਜੀ.ਪੀ.ਸੀ. ਨੂੰ ਸਿੱਖ ਜਗਤ ਵਿਚ ਬੇਅਸਰ ਅਤੇ ਬੇਮਾਅਨੇ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਭਾਜਪਾ ਨਾਲ ਸਾਂਠ-ਗਾਂਠ ਵਿਚ ਸਿੱਖਾਂ ਦੇ ਹਿੱਤਾਂ ਦੀ ਰਾਖੀ ਨਾ ਕਰ ਸਕਣਾ, ਪੰਜਾਬ ਦੇ ਪਾਣੀਆਂ ’ਤੇ ਪੰਜਾਬ ਦਾ ਅਧਿਕਾਰ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਤੇ ਆਪਣਾ ਦਾਅਵਾ ਨਾ ਬਣਾ ਸਕਣਾ, ਅਕਾਲੀ ਦਲ ਨੂੰ ਪੰਜਾਬੀ ਪਾਰਟੀ ਪ੍ਰਚਾਰਨਾ ਅਤੇ ਵੋਟਾਂ ਲਈ ਸੌਦਾ ਸਾਧ ਨਾਲ ਅੰਦਰਖਾਤੇ ਸਮਝੌਤੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਡੇਰਾ ਪ੍ਰੇਮੀਆਂ ਨੂੰ ਆਪਣੇ ਰਾਜਕਾਲ ਵਿਚ ਖੁੱਲ੍ਹ ਦੇਣਾ ਦੁਖਦਾਈ ਹੈ।
ਇਨ੍ਹਾਂ ਮੰਦਭਾਗੇ ਫ਼ੈਸਲਿਆਂ ਨੇ ਲੰਬੇ ਸਮੇਂ ਦੀ ਮਿਹਨਤ ਨਾਲ ਖੜ੍ਹੀ ਕੀਤੀ ਸਿੱਖ ਸਿਆਸੀ ਜਮਾਤ ਅਕਾਲੀ ਦਲ ਨੂੰ ਫੀਤਾ-ਫੀਤਾ ਕਰਕੇ ਖ਼ਾਤਮੇ ਦੇ ਕਿਨਾਰੇ ’ਤੇ ਲਿਆ ਕੇ ਖੜ੍ਹਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲਗਪਗ 100 ਸਾਲ ਦੇ ਇਤਿਹਾਸ ਵਿਚ ਇਸ ਨੇ ਕਈ ਦੌਰ ਦੇਖੇ ਅਤੇ ਇਸ ਸਮੇਂ ਦੌਰਾਨ ਇਸ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਕੋਈ ਨਾ ਕੋਈ ਧਿਰ ਇਸੇ ਨਾਮ ਹੇਠ ਆਪਣੀ ਵੱਖਰੀ ਪਾਰਟੀ ਖੜ੍ਹੀ ਕਰਦੀ ਰਹੀ। 1962 ਵਿਚ ਸੰਤ ਫਤਹਿ ਸਿੰਘ ਨੇ ਮਾਸਟਰ ਤਾਰਾ ਸਿੰਘ ਤੋਂ ਨਾਰਾਜ਼ ਹੋ ਕੇ ਸ਼੍ਰੋਮਣੀ ਅਕਾਲੀ ਦਲ (ਸੰਤ ਫਤਹਿ ਸਿੰਘ) ਦਾ ਗਠਨ ਕੀਤਾ, 1990 ਵਿਚ ਜਸਬੀਰ ਸਿੰਘ ਰੋਡੇ ਨੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਖੜ੍ਹੀ ਕੀਤੀ, ਬਾਦਲ ਦਲ ਨਾਲੋਂ ਵੱਖ ਹੋ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1 ਮਈ 1994 ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਐਲਾਨ ਕੀਤਾ। 1996 ਵਿਚ ਇਕ ਹੋਰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦਾ ਜਨਮ ਹੋਇਆ ਜਿਸ ਦੀ ਅਗਵਾਈ ਸਰਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤੀ।

ਭਾਈ ਅਸ਼ੋਕ ਸਿੰਘ ਬਾਗੜੀਆ

ਜਥੇਦਾਰ ਗੁਰਚਰਨ ਸਿੰਘ ਟੌਹੜਾ ਗਰੁੱਪ ਨੇ ਵੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨਾਂ ਦਾ ਇਕ ਗਰੁੱਪ 1999 ਵਿਚ ਹੋਂਦ ਵਿਚ ਲਿਆਂਦਾ। 2004 ਵਿਚ ਸੁਰਜੀਤ ਸਿੰਘ ਬਰਨਾਲਾ ਨੇ ਸ਼੍ਰੋਮਣੀ ਅਕਾਲੀ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦਾ ਨਿਰਮਾਣ ਕੀਤਾ ਜਿਸ ਨੂੰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲਈ ਤਿਲਾਂਜਲੀ ਦੇ ਕੇ ਜੁਆਇਨ ਕਰ ਲਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਉਨ੍ਹਾਂ ਨੂੰ ਲੋਕ ਸਭਾ ਦੀ ਸੀਟ ਲਈ ਟਿਕਟ ਨਹੀਂ ਸੀ ਦਿੱਤੀ, ਪਰ ਕੁਝ ਦੇਰ ਬਾਅਦ ਉਹ ਬਰਨਾਲਾ ਦੇ ਅਕਾਲੀ ਦਲ ਵਿਚ ਆਪਣਾ ਭਵਿੱਖ ਨਾ ਦੇਖਦੇ ਹੋਏ ਵਾਪਸ ਸ਼੍ਰ੍ਰੋਮਣੀ ਅਕਾਲੀ ਦਲ ਵਿਚ ਚਲੇ ਗਏ। 2014 ਵਿਚ ਇਕ ਵਾਰ ਫਿਰ ਯੂਨਾਈਟਿਡ ਸ਼੍ਰੋਮਣੀ ਅਕਾਲੀ ਦਲ ਦਾ ਨਿਰਮਾਣ ਭਾਈ ਮੋਹਕਮ ਸਿੰਘ ਦੀ ਅਗਵਾਈ ਵਿਚ ਹੋਇਆ। ਇੰਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਉਣ ਦੇ ਬਾਵਜੂਦ ਅਸਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਿਆ ਅਤੇ ਉਹ 1920 ਤੋਂ ਲੈ ਕੇ 1980 ਤਕ ਸਿੱਖਾਂ ’ਤੇ ਰਾਜ ਕਰਦਾ ਰਿਹਾ।
1956 ਤੋਂ 1966 ਤਕ ਪੰਜਾਬੀ ਸੂਬੇ ਲਈ ਮੋਰਚੇ ਲਗਾਏ ਗਏ। ਬਹੁਤ ਕੁਰਬਾਨੀਆਂ ਹੋਈਆਂ ਅਤੇ ਅੰਤ ਵਿਚ ਅਕਾਲੀ ਲੀਡਰਸ਼ਿਪ ਨੇ ਅੱਧ-ਅਧੂਰਾ ਪੰਜਾਬੀ ਸੂਬਾ ਸਵੀਕਾਰ ਕਰਕੇ ਆਪਣੇ ਆਪ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ। ਜਿਸ ਵੇਲੇ ਵਿਰੋਧੀ 1961 ਦੀ ਜਨਗਣਨਾ ਵਿਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ ਲਈ ਉਕਸਾ ਰਹੇ ਸਨ ਤਾਂ ਅਕਾਲੀ ਜਾਂ ਸਿੱਖ ਲੀਡਰਸ਼ਿਪ ਨੇ ਇਸ ਨੂੰ ਨੱਥ ਪਾਉਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣ ਤੋਂ ਪਾਸਾ ਵੱਟ ਗਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਤੋਂ ਇਹ ਇਲਾਕੇ ਹਿੰਦੀ ਭਾਸ਼ੀ ਇਲਾਕੇ ਦੇ ਨਾਂ ’ਤੇ ਵੱਖ ਕਰ ਦਿੱਤੇ ਜਿਹੜੇ ਅਸਲ ਵਿਚ ਪੰਜਾਬੀ ਬੋਲਦੇ ਇਲਾਕੇ ਸਨ। ਇਸ ਨਾਲ ਜਿਸ ਸੋਚ ਨੂੰ ਲੈ ਕੇ ਸਿੱਖਾਂ ਅਤੇ ਪੰਜਾਬੀਆਂ ਨੇ ਭਾਸ਼ਾ ਦੇ ਆਧਾਰ ’ਤੇ ਜਿਸ ਪੰਜਾਬੀ ਸੂਬੇ ਲਈ ਮੋਰਚਾ ਲਾਇਆ ਸੀ, ਉਹ ਲੰਗੜਾ-ਲੂਲਾ ਹੀ ਸਾਡੇ ਹੱਥ ਆਇਆ। 1980 ਦੇ ਦਹਾਕੇ ਵਿਚ ਜੋ ਕਾਲੇ ਬੱਦਲ ਪੰਜਾਬ ਵਿਚ ਛਾਏ ਉਨ੍ਹਾਂ ਵਿਚ ਅਕਾਲੀ ਦਲ ਦੀਆਂ ਕਈ ਖਾਮੀਆਂ ਸਾਹਮਣੇ ਆਉਣ ਲੱਗੀਆਂ। ਅਕਾਲੀ ਦਲ ਦੀ ਗ਼ੈਰਹਾਜ਼ਰੀ ਕਾਰਨ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੇ ਸਿਆਸੀ ਨਕਸ਼ੇ ’ਤੇ ਉਭਰਨ ਲੱਗੇ, ਭਾਵੇਂ ਉਨ੍ਹਾਂ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਸਿਆਸਤ ਨਾਲ ਕੋਈ ਵਾਸਤਾ ਨਹੀਂ ਹੈ। 1984 ਵਿਚ ਜਿਸ ਸਮੇਂ ਸਿੱਖ ਘੱਲੂਘਾਰਾ ਹੋਇਆ, ਉਸ ਸਮੇਂ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਪੰਜਾਬ ਵਿਚ ਲੱਭਿਆਂ ਵੀ ਨਹੀਂ ਲੱਭ ਰਹੀ ਸੀ ਅਤੇ ਸਿੱਖਾਂ ਦੇ ਮਨੁੱਖੀ ਅਤੇ ਰਾਜਨੀਤਕ ਅਧਿਕਾਰਾਂ ਦਾ ਤੱਤਕਾਲੀ ਕੇਂਦਰ ਸਰਕਾਰ ਨੇ ਦਿਲ ਖੋਲ੍ਹ ਕੇ ਘਾਣ ਕੀਤਾ। ਪੂਰਾ ਦਹਾਕਾ (1984-94) ਅਤਿਵਾਦ ਅਤੇ ਵੱਖਵਾਦ ਦੇ ਨਾਂ ਹੇਠ ਸਰਕਾਰੀ ਸਿੱਖ ਨਸਲਕੁਸ਼ੀ ਕੀਤੀ ਗਈ, ਪਰ ਅਕਾਲੀ ਲੀਡਰ ਸੁਸਰੀ ਵਾਂਗ ਸੁੱਤੇ ਰਹੇ।
1994 ਤਕ ਪੰਜਾਬ ਵਿਚ ਸ਼ਾਂਤੀ ਬਹਾਲੀ ਦੇ ਨਾਂ ’ਤੇ ਤੱਤਕਾਲੀ ਸਰਕਾਰ ਨੇ ਸਿੱਖ ਨੌਜਵਾਨਾਂ ਨਾਲ ਖ਼ੂਨ ਦੀ ਹੋਲੀ ਖੇਡੀ ਅਤੇ ਸਿੱਖ ਨਸਲਕੁਸ਼ੀ ਵਿਚ ਕੋਈ ਕਸਰ ਨਾ ਛੱਡੀ। ਅਕਾਲੀ ਦਲ ਇਕ ਖੇਤਰੀ ਪਾਰਟੀ ਹੋਣ ਕਰਕੇ ਪੰਜਾਬ ਦੇ ਲੋਕਾਂ ਦੀਆਂ ਤਰਸ ਭਰੀਆਂ ਨਜ਼ਰਾਂ ਅਕਾਲੀ ਲੀਡਰਸ਼ਿਪ ਵੱਲ ਵੇਖਦੀਆਂ ਰਹੀਆਂ ਕਿ ਸ਼ਾਇਦ ਪੰਜਾਬ ਵਿਚ ਚੱਲ ਰਹੀ ਇਸ ਸਮੱਸਿਆ ਦਾ ਸਰਕਾਰ ਨਾਲ ਬੈਠ ਕੇ ਕੋਈ ਹੱਲ ਲੱਭਣਗੇ, ਪਰ ਕੋਈ ਵੀ ਸਿਆਣਾ ਸਿੱਖ ਲੀਡਰ ਸਾਹਮਣੇ ਨਹੀਂ ਆਇਆ ਅਤੇ ਸਰਕਾਰ ਨੇ ਆਪਣੀ ਮਨਮਰਜ਼ੀ ਨਾਲ ਸਿੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਰਾਜਨੀਤਕ ਮੰਗਾਂ ਨੂੰ ਦਬਾ ਕੇ ਪੰਜਾਬ ਵਿਚ ਸ਼ਾਂਤੀ ਲਿਆਂਦੀ।
ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬ ਵਿਚ ਰਾਜ ਕਰਨ ਦਾ ਮੌਕਾ ਦਿੱਤਾ। ਇਹ ਪਾਰਟੀ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ਤੋਂ ਅਕਾਲੀ ਦਲ ਬਾਦਲ ਫਿਰ ਅਕਾਲੀ ਦਲ ਬਾਦਲ ਤੋਂ ਇਕ ਪਰਿਵਾਰਕ ਪਾਰਟੀ ਵਿਚ ਬਦਲ ਗਈ। ਇਸ ਉੱਤੇ ਕਦੇ ਰਾਜਨੀਤੀ ਲਈ ਐੱਸ.ਜੀ.ਪੀ.ਸੀ. ਦਾ ਇਸਤੇਮਾਲ ਅਤੇ ਇਸ ਦੀਆਂ ਚੋਣਾਂ ਸਮੇਂ ਨਸ਼ੇ ਦੀ ਖੁੱਲ੍ਹੀ ਵਰਤੋਂ, ਵੋਟਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖੀ ਅਸੂਲਾਂ ਦੇ ਉਲਟ ਹੁਕਮਨਾਮੇ ਜਾਰੀ ਕਰਵਾਉਣ, ਆਪਣੇ ਨਿੱਘੀ ਮੁਫਾਦਾਂ ਲਈ ਪੰਜਾਬ ਦੇ ਆਰਥਿਕ ਵਸੀਲੀਆਂ ਦੀ ਲੁੱਟ ਖਸੁੱਟ, ਵੋਟ ਬੈਂਕ ਲਈ ਸਿੱਖੀ ਅਸੂਲਾਂ ਨੂੰ ਛਿੱਕੇ ਟੰਗਣ, ਪੰਜਾਬ ਵਿਚ ਨਸ਼ੇ ਦੇ ਦਰਿਆ ਵਗਾਉਣ ਵਾਲੀਆਂ ਤਾਕਤਾਂ ਨੂੰ ਸ਼ਹਿ ਦੇਣ, ਬੇਰੁਜ਼ਗਾਰੀ ਨਾਲ ਨਜਿੱਠਣ ਦਾ ਕੋਈ ਉਪਰਾਲਾ ਨਾ ਕਰਨ ਵਰਗੇ ਦੋਸ਼ ਲੱਗਣ ਲੱਗੇ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਬੁੱਧੀਜੀਵੀ ਵਰਗ, ਸ਼ਰਧਾਵਾਨ ਸਿੱਖ, ਨੌਜੁਆਨ ਪੀੜ੍ਹੀ, ਕਿਸਾਨ ਜਥੇਬੰਦੀਆਂ ਅਤੇ ਆਮ ਜਨਤਾ ਵਿਚ ਨਾਰਾਜ਼ਗੀ ਸਿਖਰ ’ਤੇ ਪਹੁੰਚ ਗਈ। ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਨ੍ਹਾਂ ਦੇ ਦੋਸ਼ੀਆਂ ਪ੍ਰਤੀ ਰਾਜਨੀਤਕ ਲਾਭ ਲੈਣ ਲਈ ਕੋਈ ਕਾਰਵਾਈ ਨਾ ਕਰਨ ਨਾਲ ਅਕਾਲੀ ਦਲ ਪ੍ਰਤੀ ਸਿੱਖਾਂ ਅਤੇ ਪੰਜਾਬੀਆਂ ਦੇ ਗੁੱਸੇ ਨੂੰ ਆਸਮਾਨ ’ਤੇ ਪਹੁੰਚਾ ਦਿੱਤਾ।
ਬੇਸ਼ੱਕ ਅਕਾਲੀ ਦਲ ਵਿਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਪਿਛਲੇ ਕੁਝ ਸਮੇਂ ਦੌਰਾਨ ਇਸ ਦੀਆਂ ਗ਼ਲਤ ਨੀਤੀਆਂ ਕਾਰਨ ਅੰਦਰ ਕਾਫ਼ੀ ਉਥਲ-ਪੁਥਲ ਮਚੀ ਹੋਈ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਿਵਾਰ ਦੇ ਮੈਂਬਰਾਂ ਨੂੰ ਹੀ ਪਾਰਟੀ ਦੀ ਕਮਾਂਡ ਸੌਂਪਣੀ ਅਕਾਲੀ ਦਲ ਲਈ ਦੁਖਦਾਈ ਫ਼ੈਸਲਾ ਸਾਬਤ ਹੋਣ ਲੱਗਾ। ਅਕਾਲੀ ਦਲ ਦੇ ਪ੍ਰਧਾਨ ਦੇ ਗ਼ਲਤ ਫ਼ੈਸਲਿਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਪਰਵਾਹ ਨਾ ਕਰਨ ਨੇ ਅਕਾਲੀ ਦਲ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ। ਟਕਸਾਲੀ ਅਕਾਲੀਆਂ ਆਗੂਆਂ ਨੇ ਆਪਣੇ ਨਿੱਜੀ ਮੁਫਾਦ ਕਾਰਨ ਕੋਈ ਆਵਾਜ਼ ਨਾ ਉਠਾਈ ਅਤੇ ‘ਸੱਤ ਬਚਨੀ’ ਹੋ ਕੇ ਰਹਿ ਗਏ। ਇਨ੍ਹਾਂ ਸਾਰੀਆਂ ਹੀ ਉਪਰੋਕਤ ਘਟਨਾਵਾਂ ਦੇ ਮੱਦੇਨਜ਼ਰ ਹੁਣ ਨਵਾਂ ਅਕਾਲੀ ਦਲ ਬਣਨ ਨਾਲ ਅਕਾਲੀ ਦਲ ਦੇ ਵੱਕਾਰ ਤੇ ਹੋਂਦ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਗਿਆ ਹੈ। ਜੋ ਟਕਸਾਲੀ ਅਕਾਲੀ ਪੁਰਾਤਨ ਅਕਾਲੀ ਦਲ ਅਕਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਵੀ ਬਦਲਦੇ ਹਾਲਾਤ ਮੁਤਾਬਕ ਆਪਣੇ ਪ੍ਰੋਗਰਾਮ ਉਲੀਕਣੇ ਪੈਣਗੇ ਕਿਉਂਕਿ ਇਸ ਗੱਲ ਵਿਚ ਕੋਈ ਵੀ ਦੋ ਰਾਏ ਨਹੀਂ ਕਿ ਇਕ ਘੱਟ ਗਿਣਤੀ ਕੌਮ ਧਰਮ ਦੇ ਆਧਾਰ ’ਤੇ ਭਾਰਤ ਵਰਗੇ ਬਹੁ-ਧਰਮ ਦੇਸ਼ ਵਿਚ ਧਰਮ ’ਤੇ ਆਧਾਰਿਤ ਸਿਆਸਤ ਨਹੀਂ ਕਰ ਸਕਦੀ। ਉਸ ਨੂੰ ਸੂਬੇ ਦੇ ਸਮੁੱਚੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਸਿਆਸਤ ਕਰਨੀ ਪਵੇਗੀ। ਜੋ ਧਾਰਮਿਕ ਗਤੀਵਿਧੀ ਹੈ ਉਹ ਇਸ ਤੋਂ ਵੱਖ ਹੋ ਕੇ ਆਪਣੇ ਧਰਮ ਦਾ ਸੰਚਾਰ ਪ੍ਰਸਾਰ ਕਰਨ ਦੇ ਲਾਇਕ ਹੋਵੇ। ਧਰਮ ਅਤੇ ਰਾਜਨੀਤੀ ਦੋਵਾਂ ਦਾ ਆਪਸ ਵਿਚ ਸਹਿਚਾਰ ਬੇਸ਼ੱਕ ਹੋਵੇ, ਪਰ ਇਕ ਦੂਜੇ ਵਿਚ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ।
ਇਸ ਤੋਂ ਵੀ ਅੱਗੇ ਇਨ੍ਹਾਂ ਰਾਜਨੀਤਕ ਆਗੂਆਂ ਨੂੰ ਭਾਰਤ ਵਿਚ ਸੰਘੀ ਢਾਂਚੇ ਦੇ ਵਿਚਾਰ ਨੂੰ ਖੜ੍ਹਾ ਕਰਨਾ ਚਾਹੀਦਾ ਹੈ ਜਿਸ ਲਈ ਆਨੰਦਪੁਰ ਸਾਹਿਬ ਮਤੇ ਦਾ ਖਰੜਾ ਕਿਸੇ ਵਕਤ ਅਕਾਲੀ ਦਲ ਨੇ ਤਿਆਰ ਕੀਤਾ ਸੀ ਅਤੇ ਖੇਤਰੀ ਪਾਰਟੀਆਂ ਨਾਲ ਮਿਲ ਕੇ ਉਸ ਨੂੰ ਭਾਰਤ ਵਿਚ ਜਮਹੂਰੀ ਸ਼ਾਸਨ ਵਿਚ ਸੰਘੀ ਪ੍ਰਣਾਲੀ ਦੀ ਵਕਾਲਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿਚ ਹੀ ਸੂਬੇ ਦੀਆਂ ਸੱਭਿਆਚਾਰ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਬਚਾ ਕੇ ਪ੍ਰਫੁੱਲਤ ਕੀਤਾ ਜਾ ਸਕਦਾ ਹੈ।

ਸੰਪਰਕ: 98140-95308


Comments Off on ਅਕਾਲੀ ਦਲ ਦਾ ਦੁਖਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.