ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਸਾਹਿਰ ਲੁਧਿਆਣਵੀ ਲਾਹੌਰ ਵਿਚ

Posted On November - 3 - 2018

ਅਨੂਪ ਸਿੰਘ ਸੰਧੂ

ਸਾਹਿਰ ਲੁਧਿਆਣਵੀ

ਅਗਸਤ 1947 ਵਿਚ ਸਾਹਿਰ ਮੁੰਬਈ ਵਿਚ ਸੀ। ਉਹ 1946 ਵਿਚ ਮੁੰਬਈ ਗਿਆ ਸੀ ਅਤੇ ਹਾਲੇ ਤੱਕ ਹਿੰਦੀ ਫ਼ਿਲਮਾਂ ਲਈ ਬਤੌਰ ਗੀਤਕਾਰ ਕੰਮ ਕਰਨ ਲਈ ਆਪਣੀ ਕਿਸਮਤ ਅਜ਼ਮਾ ਰਿਹਾ ਸੀ ਜਿਸ ਵਿਚ ਉਸ ਨੂੰ ਮਾਮੂਲੀ ਸਫਲਤਾ ਮਿਲੀ ਸੀ। ਉਸ ਦੀ ਅੰਮੀ ਲੁਧਿਆਣਾ ਵਿਖੇ ਫੀਲਡਗੰਜ ਨੇੜੇ ਜਗਰਾਓਂ ਪੁਲ ਦੇ ਥੱਲੇ ਇਕ ਘਰ ਵਿਚ ਰਹਿ ਰਹੀ ਸੀ। ਮੁਸਲਿਮ ਆਬਾਦੀ ਪਾਕਿਸਤਾਨ ਜਾ ਰਹੀ ਸੀ ਅਤੇ ਹਿੰਦੂ-ਸਿੱਖ ਭਾਰਤ ਆ ਰਹੇ ਸਨ। ਸਰਹੱਦ ਦੇ ਦੋਵੇਂ ਪਾਸੇ ਲੁੱਟ ਅਤੇ ਦੰਗਿਆਂ ਦਾ ਦੌਰ ਚੱਲ ਰਿਹਾ ਸੀ। ਸਾਹਿਰ ਨੂੰ ਅੰਮੀ ਦਾ ਬੜਾ ਫ਼ਿਕਰ ਲੱਗਿਆ ਹੋਇਆ ਸੀ। ਇਸ ਲਈ ਉਸ ਨੇ ਆਪਣੇ ਲੁਧਿਆਣੇ ਦੇ ਦੋਸਤਾਂ ਨੂੰ ਅੰਮੀ ਨੂੰ ਸੁਰੱਖਿਅਤ ਢੰਗ ਨਾਲ ਲਾਹੌਰ ਭੇਜਣ ਵਿਚ ਮਦਦ ਕਰਨ ਲਈ ਕਿਹਾ। ਉਸ ਦੇ ਸਾਰੇ ਦੋਸਤ ਸਾਹਿਰ ਦੀ ਅੰਮੀ ਨੂੰ ਆਪਣੀ ਮਾਂ ਦਾ ਦਰਜਾ ਦਿੰਦੇ ਸਨ। ਅੰਮੀ ਵੀ ਸਾਹਿਰ ਦੇ ਦੋਸਤਾਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਦੀ ਸੀ।
ਕਾਮਰੇਡ ਮਦਨ ਲਾਲ ਦੀਦੀ, ਜੋਗਿੰਦਰ ਪਾਲ ਪਾਂਡੇ, ਪੇਂਟਰ ਬਾਵਰੀ ਅਤੇ ਕਾਮਰੇਡ ਓਮ ਪ੍ਰਕਾਸ਼ ਨੇ ਅੰਮੀ ਨੂੰ ਪੂਰੀ ਸੁਰੱਖਿਆ ਨਾਲ ਰਫ਼ਿਊਜੀ ਕੈਂਪ ਭੇਜਣ ਵਿਚ ਮਦਦ ਕੀਤੀ। ਫਿਰ ਪੇਂਟਰ ਬਾਵਰੀ ਅੰਮੀ ਨੂੰ ਕੈਂਪ ਤੋਂ ਸਰਹੱਦ ਤੱਕ ਛੱਡ ਕੇ ਆਇਆ। ਜਦੋਂ ਉਹ ਅੰਮੀ ਨੂੰ ਛੱਡ ਕੇ ਵਾਪਸ ਆਇਆ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਮੁਸਲਮਾਨ ਦੀ ਮਦਦ ਕਰਨ ਲਈ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉੱਚੇ-ਲੰਮੇ ਕੱਦ ਅਤੇ ਤਕੜੇ ਜੁੱਸੇ ਵਾਲੇ ਜੋਗਿੰਦਰਪਾਲ ਪਾਂਡੇ ਨੇ ਉਸ ਨੂੰ ਬਚਾਇਆ। ਪਾਂਡੇ ਪੇਂਟਰ ਬਾਵਰੀ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦਾ ਇਲਾਜ ਕਰਵਾਇਆ। ਕੁਝ ਦਿਨ ਰਫਿਊਜੀ ਕੈਂਪ ਵਿਚ ਬੇਘਰਾਂ ਵਾਂਗ ਰਹਿਣ ਤੋਂ ਬਾਅਦ ਸਾਹਿਰ ਦੀ ਅੰਮੀ ਲਾਹੌਰ ਚਲੀ ਗਈ। ਸਾਹਿਰ ਹਾਲੇ ਵੀ ਮੁੰਬਈ ਵਿਚ ਹੀ ਸੀ। ਉਹ ਆਪਣਾ ਕੰਮ-ਕਾਰ ਵਿਚੇ ਛੱਡ ਕੇ ਦਿੱਲੀ ਪਹੁੰਚ ਗਿਆ। ਲਾਹੌਰ ਜਾਣ ਤੋਂ ਪਹਿਲਾਂ ਉਹ ਸੱਤ ਦਿਨ ਦਿੱਲੀ ਰਿਹਾ।

ਅਹਿਮਦ ਨਦੀਮ ਕਾਸਮੀ

ਸਾਹਿਰ ਆਪਣੀ ਅੰਮੀ ਦੀ ਸੁਰੱਖਿਆ ਅਤੇ ਥਾਂ-ਟਿਕਾਣੇ ਬਾਰੇ ਅਣਜਾਣ ਸੀ ਅਤੇ ਉਨ੍ਹਾਂ ਦੀ ਭਾਲ ਵਿਚ ਉਸ ਨੇ ਅਤਿ ਦੇ ਤਸੀਹੇ ਝੱਲੇ। ਕੁਝ ਦਿਨਾਂ ਦੀ ਭਾਲ ਮਗਰੋਂ ਉਸ ਨੇ ਆਪਣੀ ਅੰਮੀ ਨੂੰ ਲੱਭ ਲਿਆ। ਇੱਥੇ ਹੀ ਉਹ ਚੌਧਰੀ ਨਜ਼ੀਰ ਨੂੰ ਮਿਲਿਆ ਜੋ ਸਾਹਿਰ ਦੀ ਸ਼ਾਇਰੀ ਦਾ ਮੁਰੀਦ ਸੀ ਅਤੇ ਮਸ਼ਹੂਰ ਪ੍ਰਕਾਸ਼ਕ ਸੀ। ਉਹ ਲਾਹੌਰ ਵਿਚ ਕੁਝ ਸਰਕਾਰੀ ਅਫ਼ਸਰਾਂ ਨੂੰ ਜਾਣਦਾ ਸੀ। ਉਸ ਦੀ ਮਦਦ ਨਾਲ ਸਾਹਿਰ ਨੂੰ ਇਕ ਰਫਿਊਜੀ ਘਰ ਅਲਾਟ ਹੋ ਗਿਆ। ਇਸ ਘਰ ਵਿਚ ਉਸ ਨੂੰ ਦੋ ਮੰਜੀਆਂ ਮਿਲੀਆਂ। ਕੁਝ ਹੀ ਦਿਨਾਂ ਵਿਚ ਸਾਹਿਰ ਦਾ ਦੋਸਤ ਅਹਿਮਦ ਰਾਹੀ ਉਸ ਨੂੰ ਪਾਕਿਸਤਾਨੀ ਕਮਿਊਨਿਸਟ ਪਾਰਟੀ ਦੇ ਹੈੱਡਕੁਆਰਟਰ ਵਿਚ ਮਿਲ ਗਿਆ। ਉਹ ਵੀ ਪਾਕਿਸਤਾਨ ਪਹੁੰਚ ਚੁੱਕਾ ਸੀ। ਸਾਹਿਰ ਦੀ ਸਿਫ਼ਾਰਿਸ਼ ’ਤੇ ਚੌਧਰੀ ਨਜ਼ੀਰ ਨੇ ਰਾਹੀ ਨੂੰ ਵੀ ਇਕ ਕਮਰੇ ਦਾ ਇਕ ਘਰ ਅਲਾਟ ਕਰਵਾਉਣ ਵਿਚ ਮਦਦ ਕਰ ਦਿੱਤੀ।
ਦੋਵਾਂ ਨੂੰ ਅਲਾਟ ਹੋਏ ਘਰ ਐਬਟ ਰੋਡ ਉੱਤੇ ਬੜੇ ਨੇੜੇ-ਨੇੜੇ ਸਨ। ਉਨ੍ਹਾਂ ਦਾ ਗੁਆਂਢੀ ਵੀ ਲੁਧਿਆਣੇ ਤੋਂ ਆਇਆ ਇਬਨ ਇੰਸ਼ਾ ਸੀ। ਉਨ੍ਹਾਂ ਦਿਨਾਂ ਵਿਚ ਬੜੀ ਗਰਮੀ ਸੀ ਅਤੇ ਘਰਾਂ ਵਿਚ ਨਾ ਹਾਲੇ ਤੱਕ ਪੱਖੇ ਸਨ ਅਤੇ ਨਾ ਬਿਜਲੀ। ਇਸ ਲਈ ਸਾਰੇ ਬਾਸ਼ਿੰਦੇ ਘਰਾਂ ਦੇ ਬਾਹਰ ਸੌਂਦੇ ਸਨ। ਅਹਿਮਦ ਰਾਹੀ ਕੋਲ ਨਾ ਕੋਈ ਮੰਜੀ ਸੀ ਅਤੇ ਨਾ ਹੀ ਖਰੀਦਣ ਲਈ ਪੈਸੇ ਸਨ। ਇਸ ਲਈ ਸਾਹਿਰ ਅਤੇ ਰਾਹੀ ਇਕ ਮੰਜੀ ’ਤੇ ਸੌਂ ਜਾਂਦੇ ਅਤੇ ਦੂਸਰੀ ਮੰਜੀ ’ਤੇ ਸਾਹਿਰ ਦੀ ਅੰਮੀ ਸੌਂਦੀ। ਹਰ ਰਾਤ ਸਾਹਿਰ ਮੰਜੀ ਨਾ ਖਰੀਦਣ ਕਰਕੇ ਰਾਹੀ ਨਾਲ ਗੁੱਸੇ ਹੋ ਜਾਂਦਾ, ਪਰ ਰਾਹੀ ਕੋਲ ਇਸ ਵਾਸਤੇ ਪੈਸੇ ਹੀ ਨਹੀਂ ਸਨ।

ਅਚਲਾ ਸਚਦੇਵ

ਕੈਪੀਟਲ ਸਿਨੇਮਾ ਉਨ੍ਹਾਂ ਦੇ ਘਰ ਦੇ ਬੜਾ ਨੇੜੇ ਸੀ। ਜਦੋਂ ਰਾਤ ਨੂੰ ਪੂਰੀ ਸ਼ਾਂਤੀ ਹੁੰਦੀ ਤਾਂ ਸਿਨੇਮੇ ਦੇ ਅੰਦਰ ਚੱਲ ਰਹੀ ਫ਼ਿਲਮ ਦੇ ਸੰਵਾਦ ਉਹ ਬੜੇ ਆਰਾਮ ਨਾਲ ਸੁਣ ਸਕਦੇ ਸਨ। ਇਸ ਕਰਕੇ ਉਹ ਫ਼ਿਲਮ ਦੇ ਖ਼ਤਮ ਹੋਣ ਤੋਂ ਬਾਅਦ ਹੀ ਸੌਂ ਸਕਦੇ ਸਨ। ਹਰ ਰਾਤ ਉਨ੍ਹਾਂ ਨੂੰ ਸੁਣੇ ਹੋਏ ਡਾਇਲਾਗ ਯਾਦ ਹੋ ਜਾਂਦੇ। ਇੱਥੇ ਉਨ੍ਹਾਂ ਨੇ ਕਈ ਫ਼ਿਲਮਾਂ ਦੇ ਸੰਵਾਦ ਸੁਣੇ ਜਿਨ੍ਹਾਂ ਵਿਚ ਆਗਾ ਹਸ਼ਰ ਕਸ਼ਮੀਰੀ ਅਤੇ ਮਾਸਟਰ ਰਹਿਮਤ ਅਲੀ ਦੇ ਲਿਖੇ ਹੋਏ ਸੰਵਾਦ ਸ਼ਾਮਲ ਸਨ। ਸਾਹਿਰ ਇਨ੍ਹਾਂ ਸੰਵਾਦਾਂ ਨੂੰ ਨਾਟਕੀ ਅੰਦਾਜ਼ ਵਿਚ ਆਪਣੇ ਕੁਝ ਦੋਸਤਾਂ ਨੂੰ ਸਾਰੀ ਜ਼ਿੰਦਗੀ ਸੁਣਾਉਂਦਾ ਰਿਹਾ।
ਚੌਧਰੀ ਨਜ਼ੀਰ ਅਹਿਮਦ ਨੇ ‘ਸਵੇਰਾ’ ਨਾਮ ਦਾ ਦੋ-ਮਹੀਨਾਵਾਰ ਰਸਾਲਾ ਕੱਢਿਆ। ਉਸ ਨੇ ਸਾਹਿਰ ਅਤੇ ਅਹਿਮਦ ਨਦੀਮ ਕਾਸਮੀ ਨੂੰ ਸੰਪਾਦਕ ਰੱਖ ਲਿਆ। ਜਦੋਂ ਇਸ ਦਾ ਪਹਿਲਾ ਅੰਕ ਆਇਆ ਤਾਂ ਇਸ ਦਾ ਕਾਗਜ਼, ਛਪਾਈ ਅਤੇ ਤਸਵੀਰਾਂ ਪਾਠਕਾਂ ਨੂੰ ਖ਼ੂਬ ਪਸੰਦ ਆਈਆਂ। ਇਸ ਰਸਾਲੇ ਵਿਚ ਕਈ ਮਸ਼ਹੂਰ ਲੇਖਕਾਂ ਦੀਆਂ ਮਿੰਨੀ ਕਹਾਣੀਆਂ, ਕਵਿਤਾਵਾਂ ਅਤੇ ਸਾਹਿਤਕ ਲੇਖ ਛਪਦੇ, ਪਰ ਵੰਡ ਹੋ ਜਾਣ ਕਰਕੇ ਇਸ ਦੀ ਪਾਠਕ ਗਿਣਤੀ ਬਹੁਤੀ ਨਹੀਂ ਸੀ। ਇਸ ਕਰਕੇ ਕਮਾਈ ਵੀ ਜ਼ਿਆਦਾ ਨਹੀਂ ਸੀ। ਇਸ ਲਈ ਮਾਲਕ ਸਾਹਿਰ ਨੂੰ ਬਹੁਤ ਘੱਟ ਤਨਖ਼ਾਹ ਦਿੰਦਾ ਸੀ, ਉਹ ਵੀ ਵੀਹ-ਤੀਹ ਰੁਪਏ ਦੀਆਂ ਕਿਸ਼ਤਾਂ ਵਿਚ। ਸਾਹਿਰ ਇਹ ਸਾਰੇ ਪੈਸੇ ਆਪਣੇ ਦੋਸਤਾਂ ’ਤੇ ਖਰਚ ਕਰ ਦਿੰਦਾ ਕਿਉਂਕਿ ਉਸ ਨੂੰ ਆਪਣੇ ਦੋਸਤ ਬੜੇ ਪਿਆਰੇ ਸਨ। ਪੂਰੀ ਜ਼ਿੰਦਗੀ ਸਾਹਿਰ ਨੇ ਆਪਣੇ ਦੋਸਤਾਂ ਬਗੈਰ ਇਕ ਦਿਨ ਵੀ ਨਹੀਂ ਗੁਜ਼ਾਰਿਆ। ਉਸ ਦੀ ਅੰਮੀ ਘਰ ਦਾ ਖਰਚਾ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਚਲਾ ਰਹੀ ਸੀ।
ਇਸ ਦੌਰਾਨ ਉਹ ਦਿੱਲੀ ਵਾਪਸ ਆ ਗਿਆ ਅਤੇ ਬਲਵੰਤ ਗਾਰਗੀ ਨਾਲ ਇਕ ਹਫ਼ਤਾ ਰਿਹਾ। ਗਾਰਗੀ ਵੀ ਦੇਸ਼ ਵੰਡ ਤੋਂ ਬਾਅਦ ਲਾਹੌਰੋਂ ਆਇਆ ਸੀ ਅਤੇ ਲੋਕਲ ਐੱਮ.ਪੀ. ਵੱਲੋਂ ਮਿਲੇ ਦੋ ਕਮਰਿਆਂ ਦੇ ਘਰ ਵਿਚ ਰਹਿ ਰਿਹਾ ਸੀ। ਗਿਆਨ ਸਚਦੇਵ ਅਤੇ ਉਸ ਦੀ ਪਤਨੀ ਅਚਲਾ ਸਚਦੇਵ ਵੀ ਉਸ ਦੇ ਨਾਲ ਹੀ ਰਹਿ ਰਹੇ ਸਨ। ਦਿੱਲੀ ਵਿਚ ਮਜ਼ਹਬੀ ਦੰਗੇ ਚੱਲ ਰਹੇ ਸਨ। ਦਿੱਲੀ ਦੇ ਹਾਲਾਤ ਦੇਖ ਕੇ ਸਾਹਿਰ ਵਾਪਸ ਲਾਹੌਰ ਚਲਾ ਗਿਆ। ਪ੍ਰਕਾਸ਼ ਪੰਡਿਤ ਦੇ ਦੱਸਣ ਮੁਤਾਬਿਕ ਸਾਹਿਰ ਆਪਣੇ ਹਿੰਦੂ-ਸਿੱਖ ਦੋਸਤਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦਾ ਰਿਹਾ। ਸਾਹਿਰ ਇਸਲਾਮਿਕ ਪਾਕਿਸਤਾਨ ਦੀ ਬਜਾਏ ਸੈਕੂਲਰ ਭਾਰਤ ਚਾਹੁੰਦਾ ਸੀ।

ਇਕ ਹੋਰ ਅਧੂਰੀ ਮੁਹੱਬਤ

ਅਹਿਮਦ ਰਾਹੀ ਨੇ ਸਾਹਿਰ ਦੀ ਸੰਨ 1947 ਦੀਆਂ ਸਰਦੀਆਂ ਵੇਲੇ ਦੀ ਇਕ ਹੋਰ ਅਧੂਰੀ ਮੁਹੱਬਤ ਬਾਰੇ ਦਿਲਚਸਪ ਕਿੱਸਾ ਲਿਖਿਆ ਹੈ। ਉਨ੍ਹਾਂ ਦਿਨਾਂ ਵਿਚ ਦੋਵਾਂ ਕੋਲ ਇਕੋ ਊਨੀ ਕੋਟ ਸੀ ਜਿਸ ਨੂੰ ਉਹ ਵਾਰੋ-ਵਾਰੀ ਪਾਉਂਦੇ ਸਨ। ਇਕ ਦਿਨ ਇਕ ਖ਼ੂਬਸੂਰਤ ਔਰਤ ਸਵੇਰਾ ਰਸਾਲੇ ਦੇ ਦਫ਼ਤਰ ਆਈ ਅਤੇ ਸਾਹਿਰ ਨੂੰ ਮਿਲੀ। ਉਹ ਆਪਣੀ ਇਕ ਕਹਾਣੀ ਛਪਾਉਣਾ ਚਾਹੁੰਦੀ ਸੀ। ਉਹ ਵਿਆਹੀ ਹੋਈ ਸੀ, ਪਰ ਕੁਝ ਜ਼ਿਆਦਾ ਆਧੁਨਿਕਤਾ ਦੇ ਰੰਗ ਵਿਚ ਰੰਗੀ ਹੋਈ ਸੀ। ਉਸ ਦਾ ਘਰਵਾਲਾ ਪਾਕਿਸਤਾਨ ਰੇਲਵੇ ਦਾ ਮੁਲਾਜ਼ਮ ਸੀ। ਸਾਹਿਰ ਜੋ ਉਸ ਵੇਲੇ ਪਿਆਰ ਅਤੇ ਰੋਟੀ ਦੋਵਾਂ ਲਈ ਭੁੱਖਾ ਸੀ, ਉਸ ਵਿਚ ਦਿਲਚਸਪੀ ਲੈਣ ਲੱਗਾ। ਉਹ ਉਸ ਦਾ ਪਿੱਛਾ ਕਰਨ ਲੱਗਾ।
ਉਹ ਲਾਹੌਰ ਸ਼ਹਿਰ ਵਿਚ ਸ਼ਿਮਲਾ ਹਿੱਲ ਨੇੜੇ ਮੇਓ ਗਾਰਡਨ ਵਿਚ ਰਹਿੰਦੀ ਸੀ। 1947 ਵਿਚ ਠੰਢ ਬੜੀ ਕੜਾਕੇ ਦੀ ਸੀ। ਸਾਹਿਰ ਊਨੀ ਕੋਟ ਪਾਉਂਦਾ ਅਤੇ ਮੇਓ ਗਾਰਡਨ ਤੱਕ ਪੈਦਲ ਜਾਂਦਾ ਅਤੇ ਉਸ ਦੇ ਘਰ ਦੇ ਬਾਹਰ ਉਸ ਦਾ ਇੰਤਜ਼ਾਰ ਕਰਦਾ। ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਸਾਹਿਰ ਉਸ ਦਾ ਪਿੱਛਾ ਕਰ ਰਿਹਾ ਅਤੇ ਉਸ ਦੇ ਘਰ ਦੇ ਬਾਹਰ ਖੜ੍ਹਾ ਹੈ। ਅਹਿਮਦ ਰਾਹੀ, ਜਿਸ ਨੂੰ ਇਸ ਤਫਰੀ ਲਈ ਸਾਹਿਰ ਦੇ ਨਾਲ ਜਾਣਾ ਪੈਂਦਾ, ਅਕਸਰ ਔਖਾ ਹੋ ਜਾਂਦਾ ਅਤੇ ਸਾਹਿਰ ਨੂੰ ਕਹਿੰਦਾ ਕਿ ਊਨੀ ਕੋਟ ਉਸ ਨੂੰ ਦੇ ਦੇਵੇ ਕਿਉਂਕਿ ਸਾਹਿਰ ਦੇ ਦਿਲ ਵਿਚ ਆਪਣੇ ਇਸ਼ਕ ਦਾ ਨਿੱਘ ਹੈ। ਦੋਵੇਂ ਲਗਪਗ ਹਰ ਰੋਜ਼ ਕੋਟ ਪਾਉਣ ਪਿੱਛੇ ਲੜਦੇ। ਜਿਹੜਾ ਵੀ ਪਹਿਲਾਂ ਕੋਟ ਪਾ ਲੈਂਦਾ, ਉਹ ਦੂਜੇ ਦੀ ਕੋਟ ਪਾਉਣ ਦੀ ਵਾਰੀ ਹੀ ਨਾ ਆਉਣ ਦਿੰਦਾ। ਰਾਹੀ ਨੇ ਸਾਹਿਰ ਦੇ ਇਸ ਪਿਆਰ ਨੂੰ ਅਧੂਰੀ ਮੁਹੱਬਤ ਕਿਹਾ ਹੈ ਕਿਉਂਕਿ ਇਹ ਇਕਪਾਸੜ ਪਿਆਰ ਸੀ। ਜਦੋਂ ਵੀ ਉਹ ਸਾਹਿਰ ਨੂੰ ਮਿਲਦੀ, ਚਿਹਰੇ ’ਤੇ ਮੁਸਕਾਨ ਅਤੇ ਬੜੇ ਨਿੱਘ ਨਾਲ ਉਸ ਨਾਲ ਗੱਲਾਂ ਕਰਦੀ, ਪਰ ਇਹ ਉਸ ਦੀ ਆਦਤ ਅਤੇ ਸੁਭਾਅ ਸੀ। ਨਾਲੇ ਉਸ ਦੀ ਸਾਹਿਰ ਵਿਚ ਬਸ ਇੰਨੀ ਹੀ ਰੁਚੀ ਸੀ ਕਿ ਸਾਹਿਰ ਉਸ ਦੀਆਂ ਕਹਾਣੀਆਂ ਸਵੇਰਾ ਵਿਚ ਛਾਪੇ ਤਾਂ ਕਿ ਉਹ ਕਹਾਣੀ ਲੇਖਿਕਾ ਵਜੋਂ ਸ਼ੋਹਰਤ ਖੱਟ ਸਕੇ। ਰਾਹੀ ਨੇ ਸਾਹਿਰ ਨੂੰ ਕਈ ਵਾਰ ਸਮਝਾਇਆ ਕਿ ਉਸ ਔਰਤ ਦਾ ਪਿੱਛਾ ਕਰਨਾ ਫਜ਼ੂਲ ਹੈ ਕਿਉਂਕਿ ਉਹ ਵਿਆਹੀ ਹੋਈ ਹੈ ਅਤੇ ਖ਼ੁਸ਼ੀ-ਖ਼ੁਸ਼ੀ ਆਪਣੀ ਵਿਆਹੁਤਾ ਜ਼ਿੰਦਗੀ ਗੁਜ਼ਾਰ ਰਹੀ ਹੈ। ਸਾਹਿਰ ਦੇ ਪਿਆਰ ਵਿਚ ਉਸ ਨੂੰ ਕੋਈ ਦਿਲਚਸਪੀ ਨਹੀਂ ਹੋਵੇਗੀ। ਕੁਝ ਚਿਰ ਬਾਅਦ ਸਾਹਿਰ ਦੀ ਉਸ ਪ੍ਰਤੀ ਦਿਲਚਸਪੀ ਖ਼ਤਮ ਹੋ ਗਈ ਅਤੇ ਇਹ ਉਸ ਦੇ ਇਕਪਾਸੜ ਪਿਆਰ ਦਾ ਅੰਤ ਸੀ।

ਅਨੂਪ ਸਿੰਘ ਸੰਧੂ

‘ਮਕਤਾ’ ਉਰਦੂ ਦੇ ਦਫ਼ਤਰ ਵਿਚ ਹਰ ਹਫ਼ਤੇ ਸਾਹਿਤਕ ਮਿਲਣੀ ਹੁੰਦੀ ਜਿਸ ਵਿਚ ਕਈ ਲੇਖਕ ਆਪਣੀਆਂ ਕਹਾਣੀਆਂ, ਕਵਿਤਾਵਾਂ ਅਤੇ ਆਲੋਚਨਾਤਮਕ ਲੇਖ ਪੜ੍ਹਦੇ। ਅਸਲ ਵਿਚ ਇਹ ਦਫ਼ਤਰ ਹੈ ਈ ਨਹੀਂ ਸੀ, ਬਲਕਿ ਇਕ ਦੁਕਾਨ ਵਿਚ ਸਾਹਿਤਕ ਗਤੀਵਿਧੀਆਂ ਲਈ ਰਾਖਵਾਂ ਰੱਖਿਆ ਹੋਇਆ ਕਮਰਾ ਸੀ। ਇਸ ਦਾ ਮਾਲਕ ਮੱਛੀਆਂ ਦਾ ਵਪਾਰੀ ਸੀ, ਪਰ ਉਹ ਸਾਹਿਤਕ ਗਤੀਵਿਧੀਆਂ ਵਿਚ ਖ਼ੂਬ ਦਿਲਚਸਪੀ ਲੈਂਦਾ ਸੀ। ਸਾਹਿਰ ਉਨ੍ਹਾਂ ਦਿਨਾਂ ਵਿਚ ਬਹੁਤ ਸਾਰੀਆਂ ਕਵਿਤਾਵਾਂ ਲਿਖ ਰਿਹਾ ਸੀ ਅਤੇ ਅਕਸਰ ਇਨ੍ਹਾਂ ਹਫ਼ਤਾਵਾਰੀ ਮਿਲਣੀਆਂ ਵਿਚ ਉਹ ਕਵਿਤਾਵਾਂ ਸੁਣਾਉਂਦਾ। ਆਪਣੇ ਸ਼ੁਰੂਆਤੀ ਦੌਰ ਵਿਚ ਸਾਹਿਰ ਨੇ ਕਈ ਬੜੀਆਂ ਕਮਜ਼ੋਰ ਅਤੇ ਸਾਧਾਰਨ ਕਵਿਤਾਵਾਂ ਲਿਖੀਆਂ ਜਦੋਂਕਿ ਕਈ ਬੜੀਆਂ ਚੰਗੀਆਂ ਅਤੇ ਯਾਦਗਾਰੀ ਸਨ। ਇਹ ਕਵਿਤਾਵਾਂ ਤਲਖ਼ੀਆਂ ਦੇ ਪ੍ਰੀਤਲੜੀ ਐਡੀਸ਼ਨ ਵਿਚ ਛਾਪੀਆਂ ਗਈਆਂ, ਪਰ ਬਾਅਦ ਵਾਲੇ ਐਡੀਸ਼ਨਾਂ ਵਿਚੋਂ ਹਟਾ ਦਿੱਤੀਆਂ ਗਈਆਂ।
ਜਦੋਂ ਸਾਹਿਰ ਨੇ ਸਵੇਰਾ ਦਾ ਸੰਪਾਦਨ ਸ਼ੁਰੂ ਕੀਤਾ, ਉਸ ਦਾ ਨਾਮ ਪਹਿਲੇ ਸਫ਼ੇ ’ਤੇ ਛਪਦਾ, ਅਦਾਰਾ: ਅਹਿਮਦ ਨਦੀਮ ਕਾਸਮੀ, ਸਾਹਿਰ ਲੁਧਿਆਣਵੀ। ਸਵੇਰਾ ਇਕ ਅਗਾਂਹਵਧੂ ਕਿਸਮ ਦਾ ਰਸਾਲਾ ਸੀ। ਇਸ ਲਈ ਖ਼ੁਫ਼ੀਆ ਏਜੰਸੀਆਂ ਦੀ ਅੱਖ ਇਸ ’ਤੇ ਹਮੇਸ਼ਾ ਰਹਿੰਦੀ। ਜਦੋਂ ਇਸ ਦਾ ਅਗਲਾ ਐਡੀਸ਼ਨ ਛਪਿਆ ਤਾਂ ਇਕ ਬੰਦਾ ਅਹਿਮਦ ਨਦੀਮ ਕਾਸਮੀ ਕੋਲ ਆ ਕੇ ਪੁੱਛਣ ਲੱਗਾ ਕਿ ਉਸ ਨੇ ਕਾਸਮੀ ਅਤੇ ਸਾਹਿਰ ਨੂੰ ਲੱਭ ਲਿਆ, ਪਰ ਇਹ ਅਦਾਰਾ ਕੌਣ ਹੈ। ਕਾਸਮੀ ਨੂੰ ਉਸ ਬੰਦੇ ’ਤੇ ਹਾਸਾ ਆ ਗਿਆ ਕਿਉਂਕਿ ਉਨ੍ਹਾਂ ਦਿਨਾਂ ਵਿਚ ਖ਼ੁਫ਼ੀਆ ਮਹਿਕਮੇ ਦੇ ਜ਼ਿਆਦਾਤਰ ਮੁਲਾਜ਼ਮ ਅਨਪੜ੍ਹ ਸਨ। ਉਸ ਨੇ ਉਸ ਮੁਲਾਜ਼ਮ ਨੂੰ ਦੱਸਿਆ ਕਿ ਅਦਾਰਾ ਕਿਸੇ ਬੰਦੇ ਦਾ ਨਾਮ ਨਹੀਂ ਬਲਕਿ ਅਦਾਰੇ ਦਾ ਮਤਲਬ ਹੈ ਸੰਪਾਦਕੀ ਮੰਡਲ।
ਸਾਹਿਰ ਨੇ ਰਸਾਲੇ ਵਿਚ ਸਰਕਾਰ ਵਿਰੋਧੀ ਕੁਝ ਲੇਖ ਲਿਖੇ। ਸਾਹਿਰ ਦੇ ਸ਼ੁਭਚਿੰਤਕ ਆਗਾ ਸ਼ੋਰਸ਼ ਕਸ਼ਮੀਰੀ ਨੇ ਅਜਿਹੇ ਲੇਖਾਂ ਅਤੇ ਕਵਿਤਾਵਾਂ ਦੇ ਨਤੀਜੇ ਬਾਰੇ ਸਾਹਿਰ ਨੂੰ ਖ਼ਬਰਦਾਰ ਕੀਤਾ ਕਿਉਂਕਿ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਦਾ ਨੋਟਿਸ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹ ਤਾਂ ਪਤਾ ਨਹੀਂ ਕਿ ਸ਼ੋਰਸ਼ ਦੀ ਇਹ ਚਿੰਤਾ ਸੱਚੀ ਸੀ ਜਾਂ ਨਿਰਾ ਖ਼ਿਆਲ। ਸਾਹਿਰ ਜੋ ਕਿ ਆਪਣੇ ਲੇਖਾਂ ਅਤੇ ਕਵਿਤਾਵਾਂ ਰਾਹੀਂ ਉਪਰੋਂ ਦੇਖਣ ਵਿਚ ਬੜਾ ਦਲੇਰ ਲੱਗਦਾ ਸੀ, ਪਰ ਅਸਲ ਵਿਚ ਉਹ ਅੰਦਰੋਂ ਬੜਾ ਹੀ ਕਮਜ਼ੋਰ ਅਤੇ ਛੇਤੀ ਡਾਵਾਂਡੋਲ ਹੋ ਜਾਣ ਵਾਲਾ ਸ਼ਖ਼ਸ ਸੀ। ਉਹ ਇਸ ਗੱਲ ਤੋਂ ਡਰ ਗਿਆ ਅਤੇ ਆਉਣ ਵਾਲੇ ਨਤੀਜਿਆਂ ਬਾਰੇ ਸੋਚਣ ਲੱਗ ਪਿਆ।
ਸ਼ੋਰਸ਼, ਸਾਹਿਰ ਨੂੰ ਇਹ ਵੀ ਕਹਿੰਦਾ ਹੁੰਦਾ ਸੀ ਕਿ ਕਮਿਊਨਿਸਟ ਉਸ ਦੇ ਮੋਢਿਆਂ ’ਤੇ ਰੱਖ ਕੇ ਬੰਦੂਕ ਚਲਾ ਰਹੇ ਹਨ ਅਤੇ ਉਸ ਨੂੰ ਵਰਤ ਰਹੇ ਹਨ। ਦੂਜੇ ਪਾਸੇ ਕਮਿਊਨਿਸਟਾਂ ਨੇ ਉਸ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਜਦੋਂ ਉਹ ਆਪਣਾ ਰਸਾਲਾ ਇਮਰੋਜ਼ ਸ਼ੁਰੂ ਕਰਨਗੇ ਤਾਂ ਸਾਹਿਰ ਨੂੰ ਸੰਪਾਦਕੀ ਮੰਡਲ ਵਿਚ ਰੱਖਣਗੇ। ਪਰ ਜਦੋਂ ਰਸਾਲਾ ਸ਼ੁਰੂ ਹੋਇਆ ਤਾਂ ਉਨ੍ਹਾਂ ਨੇ ਮੌਲਾਨਾ ਚਿਰਾਜ਼ ਹਸਨ ਹਸਰਤ ਨੂੰ ਸੰਪਾਦਕ ਰੱਖ ਲਿਆ। ਉਹ ਸਾਹਿਰ ਦੇ ਖ਼ਿਲਾਫ਼ ਸੀ। ਸਾਹਿਰ ਮੀਆਂ ਇਫ਼ਤਿਖ਼ਾਰ-ਉਲ-ਦੀਨ ਨੂੰ ਕਈ ਵਾਰ ਮਿਲਿਆ, ਪਰ ਕੋਈ ਫ਼ਾਇਦਾ ਨਾ ਹੋਇਆ। ਉਨ੍ਹਾਂ ਪਰਚੇ ਦੇ ਸੰਪਾਦਕੀ ਮੰਡਲ ਵਿਚ ਸਾਹਿਰ ਨੂੰ ਕੋਈ ਅਹੁਦਾ ਨਾ ਦਿੱਤਾ।
ਸਾਹਿਰ ਨੂੰ ਬਹੁਤ ਵੱਡੀ ਨਮੋਸ਼ੀ ਹੋਈ ਅਤੇ ਉਹ ਉਦਾਸ ਹੋ ਗਿਆ। ਉਸ ਨੂੰ ਸ਼ੋਰਸ਼ ਦੇ ਖਦਸ਼ਿਆਂ ’ਤੇ ਯਕੀਨ ਹੋਣ ਲੱਗਾ। ਜ਼ਹੀਰ ਕਸ਼ਮੀਰੀ, ਹਾਮੀਦ ਅਖ਼ਤਰ ਵਰਗੇ ਕਈ ਨਾਮੀਂ ਲੇਖਕ ਪਹਿਲਾਂ ਹੀ ਜੇਲ੍ਹ ਵਿਚ ਡੱਕੇ ਜਾ ਚੁੱਕੇ ਸਨ। ਸਾਹਿਰ ਵੀ ਉਸ ਦੇ ਸਾਥੀਆਂ ਅਤੇ ਦੋਸਤਾਂ ਵੱਲੋਂ ਅਪਣਾਏ ਗਏ ਕੱਟੜ ਇਸਲਾਮਿਕ ਵਿਚਾਰਾਂ ਤੋਂ ਅੱਕ ਚੁੱਕਾ ਸੀ। ਫਿਰ ਕਿਸੇ ਨੇ ਉਸ ਨੂੰ ਚਿੰਤਾਜਨਕ ਖ਼ਬਰ ਸੁਣਾਈ ਕਿ ਸੱਤਾ ਦੇ ਵਿਰੁੱਧ ਲਿਖਤਾਂ ਕਰਕੇ ਪਾਕਿਸਤਾਨੀ ਸੀ.ਆਈ.ਡੀ. ਉਸ ਨੂੰ ਗ੍ਰਿਫ਼ਤਾਰ ਕਰਨ ਲਈ ਵਾਰੰਟ ਜਾਰੀ ਕਰ ਰਹੀ ਹੈ। ਸੱਚਮੁੱਚ ਉਸ ਦੀ ਕਲਮ ਨੇ ਪੰਦਰਵਾੜੇ ਸਵੇਰਾ ਵਿਚ ਨਵੇਂ ਬਣੇ ਇਸਲਾਮਿਕ ਸਟੇਟ ਦੇ ਖ਼ਿਲਾਫ਼ ਜ਼ਹਿਰ ਉਗਲਿਆ ਸੀ। ਇਸ ਹਾਲਾਤ ਵਿਚ ਸਾਹਿਰ ਕਰੀਬ ਨੌਂ ਮਹੀਨੇ ਪਾਕਿਸਤਾਨ ਵਿਚ ਗੁਜ਼ਾਰਨ ਮਗਰੋਂ ਜੂਨ 1948 ਵਿਚ ਲਾਹੌਰ ਤੋਂ ਭੱਜ ਆਇਆ। ਉਸ ਦਾ ਭਾਰਤ ਆਉਣਾ ਦੇਸ਼ ਲਈ ਫ਼ਾਇਦੇਮੰਦ ਸੀ ਅਤੇ ਪਾਕਿਸਤਾਨ ਲਈ ਬਹੁਤ ਵੱਡਾ ਨੁਕਸਾਨ। ਜਦੋਂ ਸਾਹਿਰ ਨੇ ਲਾਹੌਰ ਛੱਡਿਆ ਤਾਂ ਜੂਨ ਦੀ ਭਖਦੀ ਗਰਮੀ ਵਿਚ ਵੀ ਉਸ ਨੇ ਉਹੀ ਊਨੀ ਕੋਟ, ਵੱਡਾ ਹੈਟ ਅਤੇ ਧੁੱਪ ਵਾਲੀ ਐਨਕ ਪਾਏ ਹੋਏ ਸਨ ਤਾਂ ਕਿ ਪਾਕਿਸਤਾਨੀ ਸੀ.ਆਈ.ਡੀ. ਦੀ ਨਜ਼ਰ ਤੋਂ ਬਚ ਸਕੇ। ਉਹ ਆਪਣੀ ਅੰਮੀ ਨੂੰ ਉੱਥੇ ਹੀ ਛੱਡ ਆਇਆ। ਬਾਅਦ ਵਿਚ ਸਾਹਿਰ ਦਾ ਇਕ ਦੋਸਤ ਲਾਹੌਰ ਗਿਆ ਅਤੇ ਉਸ ਦੀ ਅੰਮੀ ਨੂੰ ਦਿੱਲੀ ਵਾਪਸ ਲੈ ਆਇਆ।


Comments Off on ਸਾਹਿਰ ਲੁਧਿਆਣਵੀ ਲਾਹੌਰ ਵਿਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.