85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਸਟੇਟ ਤੇ ਸੇਠ ਮੀਡੀਆ ਦਾ ਗ਼ਲਬਾ ਵਧਿਆ…

Posted On November - 18 - 2018

ਪਾਕਿਸਤਾਨੀ ਆਜ਼ਾਦ ਮੀਡੀਆ ਨੂੰ ਉਮੀਦ ਸੀ ਕਿ 25 ਜੁਲਾਈ ਦੀਆਂ ਆਮ ਚੋਣਾਂ ਮਗਰੋਂ ਮੁਲਕ ਵਿਚੋਂ ਮੀਡੀਆ ਸੈਂਸਰਸ਼ਿਪ ਦਾ ਯੁੱਗ ਸਮਾਪਤ ਹੋ ਜਾਵੇਗਾ, ਪਰ ਹੋਇਆ ਇਸ ਤੋਂ ਉਲਟ। ‘ਫਰਾਈਡੇਅ ਟਾਈਮਜ਼’ ਵਿਚ ਮੁਰਤਜ਼ਾ ਸੋਲਾਂਗੀ ਦੀ ਰਿਪੋਰਟ ਅਨੁਸਾਰ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਨਵੀਂ ਹਕੂਮਤ ਨੂੰ ਵੀ ਆਜ਼ਾਦ ਤੇ ਨਿਰਪੱਖ ਮੀਡੀਆ ਹਜ਼ਮ ਨਹੀਂ ਹੋ ਰਿਹਾ। ਇਮਰਾਨ ਨੂੰ ਸ਼ਿਕਵਾ ਹੈ ਕਿ ਮੀਡੀਆ ਵੱਲੋਂ ਉਸ ਦੀ ਮੁਖ਼ਾਲਫ਼ਤ ਕਾਰਨ ਨਾ ਤਾਂ ਕੌਮੀ ਅਸੈਂਬਲੀ ਅਤੇ ਨਾ ਹੀ ਪੰਜਾਬ ਅਸੈਂਬਲੀ ਵਿਚ ਉਸ ਦੀ ਪਾਰਟੀ ਪੀ.ਟੀ.ਆਈ. ਨੂੰ ਸਪਸ਼ਟ ਬਹੁਮਤ ਹਾਸਲ ਹੋ ਸਕਿਆ।
ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣਾਂ ਤੋਂ ਬਾਅਦ ਕੌਮੀ ਅਸੈਂਬਲੀ ਵਿਚ ਹੁਕਮਰਾਨ ਧਿਰ ਦੇ ਮੈਂਬਰਾਂ ਦੀ ਗਿਣਤੀ 156 ਹੈ। ਏਨੀ ਹੀ ਗਿਣਤੀ ਵਿਰੋਧੀ ਧਿਰ ਦੇ ਮੈਂਬਰਾਂ ਦੀ ਹੈ। ਇਮਰਾਨ ਦੀ ਅਗਵਾਈ ਵਾਲੀ ਕੁਲੀਸ਼ਨ ਅੰਦਰਲੇ ਭਾਈਵਾਲਾਂ- ਮੁਤਹਿਦਾ ਕੌਮੀ ਮੂਵਮੈਂਟ (ਐਮ.ਕਿਊ.ਐਮ.) ਜਾਂ ਬਲੋਚ ਨੈਸ਼ਨਲਿਸਟ ਪਾਰਟੀ (ਮੈਂਗਲ) ਦਾ ਜੇਕਰ ਇਕ ਵੀ ਮੈਂਬਰ ਟੁੱਟ ਜਾਏ ਤਾਂ ਇਮਰਾਨ ਸਰਕਾਰ ਅਸਥਿਰ ਹੋ ਸਕਦੀ ਹੈ।
ਲਾਹੌਰ ’ਚ ਵੀ ਪੀਟੀਆਈ ਦੀ ਰਹਿਨੁਮਾਈ ਵਾਲੀ ਸਰਕਾਰ ਦੀ ਹਾਲਤ ਮਰਕਜ਼ ਵਿਚਲੀ ਸਰਕਾਰ ਵਰਗੀ ਹੀ ਹੈ। ਪੀਟੀਆਈ ਦੇ ਤਿੰਨ ਸਰਕਰਦਾ ਆਗੂ- ਤਾਹਿਰ ਬਸ਼ੀਰ ਚੀਮਾ, ਪਰਵੇਜ਼ ਇਲਾਹੀ ਅਤੇ ਆਸਿਫ਼ ਜਹਾਂਗੀਰ ਖ਼ਾਨ ਤਾਰੀਨ ਦਰਮਿਆਨ ਵਾਰਤਾਲਾਪ ਦੀ ਜਿਹੜੀ ਆਡੀਓ ਹਾਲ ਹੀ ਵਿਚ ਵਾਇਰਲ ਹੋਈ, ਉਸ ਤੋਂ ਜ਼ਾਹਿਰ ਹੁੰਦਾ ਹੈ ਕਿ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਖਿਲਾਫ਼ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਅਜਿਹੇ ਆਲਮ ਵਿਚ ਸਰਕਾਰ ਦੀ ਕੋਸ਼ਿਸ਼ ਹੈ ਕਿ ਮੀਡੀਆ ਵਿਚ ਉਸ ਖਿਲਾਫ਼ ਨਾਂਹਪੱਖੀ ਰਿਪੋਰਟਾਂ ਘੱਟ ਤੋਂ ਘੱਟ ਨਸ਼ਰ ਹੋਣ।
ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਇਮਰਾਨ ਨੇ ਪਹਿਲਾਂ ਐਲਾਨ ਕੀਤਾ ਕਿ ਪਿਛਲੀ ਕੌਮੀ ਸਰਕਾਰ ਵੱਲੋਂ ਮੀਡੀਆ ’ਚ ਕੀਤੀ ਗਈ ਇਸ਼ਤਿਹਾਰਬਾਜ਼ੀ ਦੇ ਬਿਲਾਂ ਦੀ ਅਦਾਇਗੀ ਨਹੀਂ ਕੀਤੀ ਗਈ ਜਾਵੇਗੀ। ਜਦੋਂ ਇਸ ਦੇ ਖ਼ਿਲਾਫ਼ ਮੀਡੀਆ ਨੇ ਇਕਸੁਰ ਹੋ ਕੇ ਆਵਾਜ਼ ਉਠਾਈ ਤਾਂ ਉਨ੍ਹਾਂ ਅਖ਼ਬਾਰਾਂ ਤੇ ਚੈਨਲਾਂ ਦੇ ਬਿਲ ਨਿਕਲਣੇ ਸ਼ੁਰੂ ਹੋ ਗਏ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਹਨ। ਜਿਹੜੇ ਸਰਕਾਰ ਤੋਂ ਵੱਖਰੀ ਬੋਲੀ ਬੋਲਦੇ ਹਨ, ਉਨ੍ਹਾਂ ਦੀਆਂ ਅਦਾਇਗੀਆਂ ਉੱਤੇ

ਇਤਰਾਜ਼ ਲੱਗ ਰਹੇ ਹਨ। ਇਕ ਮਰਕਜ਼ੀ ਵਜ਼ੀਰ ਨੇ ਤਾਂ ਇੱਥੋਂ ਤਕ ਕਿਹਾ ਕਿ ਮੀਡੀਆ ਨੂੰ ਸਟੇਟ ਤੇ ਸਰਕਾਰ-ਪ੍ਰੇਮੀ ਸੇਠਾਂ ਤਕ ਮਹਿਦੂਦ ਕੀਤਾ ਜਾਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸੋਚ ਦੀ ਹਮਾਇਤ ਇਸਲਾਮਾਬਾਦ (ਸਰਕਾਰ) ਤੋਂ ਇਲਾਵਾ ਰਾਵਲਪਿੰਡੀ (ਥਲ ਸੈਨਾ ਹੈੱਡਕੁਆਰਟਰ) ਵੱਲੋਂ ਵੀ ਕੀਤੀ ਜਾ ਰਹੀ ਹੈ।
* * *
ਅਸਮਾ ਜਹਾਂਗੀਰ ਨੂੰ ਸਲਾਮ
ਰਹੂਮ ਅਸਮਾ ਜਹਾਂਗੀਰ ਦੇ ਕੰਮ ਨੂੰ ਪਾਕਿਸਤਾਨ ਦੇ ਅੰਗਰੇਜ਼ੀ ਭਾਸ਼ੀ ਮੀਡੀਆ ਨੇ ਹਮੇਸ਼ਾ ਸਲਾਹਿਆ ਹੈ, ਪਰ ਪਾਕਿਸਤਾਨ ਵਿਚ ਮਨੁੱਖੀ ਹੱਕਾਂ ਦੀ ਹਿਫ਼ਾਜ਼ਤ ਲਈ ਉਸ ਦੀ ਜੱਦੋਜਹਿਦ ਨੂੰ ਉਰਦੂ ਮੀਡੀਆ ਨੇ ਮੁਨਾਸਿਬ ਵੁੱਕਤ ਨਹੀਂ ਦਿੱਤੀ। ਉਸ ਦੇ ਹੱਕ ਵਿਚ ਘੱਟ ਅਤੇ ਵਿਰੋਧ ਵਿਚ ਵੱਧ ਮਜ਼ਮੂਨ ਛਪਦੇ ਰਹੇ ਹਨ। ਪਰ ਰੋਜ਼ਨਾਮਾ ‘ਜੰਗ’ ਵਿਚ ਚਾਰ ਦਿਨ ਪਹਿਲਾਂ ਛਪੇ ਮਜ਼ਮੂਨ ਵਿਚ ਅਸਮਾ ਨੂੰ ਬੜੀ ਖ਼ੂਬਸੂਰਤੀ ਅਕੀਦਤ ਪੇਸ਼ ਕੀਤੀ ਗਈ ਹੈ। ਪ੍ਰਸੰਗ ਅਸਮਾ ਨੂੰ ਸਾਲ 2018 ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਨਿਵਾਜੇ ਜਾਣਾ ਹੈ। ਸ਼ਾਹਿਦ ਬਿਲੌਰੀ ਵੱਲੋਂ ਲਿਖੇ ਇਸ ਮਜ਼ਮੂਨ ਅਨੁਸਾਰ ਪਾਕਿਸਤਾਨ ਨੇ ਭਾਵੇਂ ਅਸਮਾ ਦੀ ਜੱਦੋਜਹਿਦ ਨੂੰ ਅਣਮਨੇ ਢੰਗ ਨਾਲ ਸਵੀਕਾਰਿਆ, ਪਰ ਬਾਕੀ ਦਾ ਜਹਾਨ ਉਸ ਦੇ ਦਲੇਰਾਨਾ ਸੰਘਰਸ਼ ਨੂੰ ਲਗਾਤਾਰ ਮਾਨਤਾ ਦਿੰਦਾ ਆਇਆ ਹੈ। ਬੜੀ ਜ਼ਹੀਨ ਖ਼ਾਤੂਨ ਸੀ ਅਸਮਾ ਬੀਬੀ। ਉਸ ਨੇ ਯਾਹੀਆ ਖ਼ਾਨ, ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ਼ ਵਰਗੇ ਫ਼ੌਜੀ ਤਾਨਾਸ਼ਾਹਾਂ ਦਾ ਅਦਾਲਤਾਂ ਦੇ ਅੰਦਰ ਵੀ ਵਿਰੋਧ ਕੀਤਾ ਅਤੇ ਸੜਕਾਂ ਉੱਤੇ ਵੀ। ਉਸ ਨੇ ਹਾਸ਼ੀਏ ’ਤੇ ਪੁੱਜੇ ਲੋਕਾਂ ਨੂੰ ਆਵਾਜ਼ ਬਖ਼ਸ਼ੀ ਅਤੇ ਸ਼ੋਸ਼ਿਤ ਵਰਗਾਂ ਦੇ ਹਕੂਕ ਲਈ ਲਗਾਤਾਰ ਲੜਦੀ ਰਹੀ। ਜ਼ਿਆ ਦੇ ਹੁਦੂਦ ਆਰਡੀਨੈਂਸ ਦਾ ਉਸ ਨੇ ਸਭ ਤੋਂ ਤਿੱਖਾ ਵਿਰੋਧ ਕੀਤਾ ਕਿਉਂਕਿ ਇਹ ਬਦਕਾਰੀ ਤੇ ਬਲਾਤਕਾਰ ਦਰਮਿਆਨ ਅੰਤਰ ਮੇਟਦਾ ਸੀ ਅਤੇ ਪੀੜਤ ਨੂੰ ਹੀ ਗੁਨਾਹਗਾਰ ਬਣਾਉਂਦਾ ਸੀ। 1979 ਵਿਚ ਲਾਗੂ ਹੋਏ ਇਸ ਆਰਡੀਨੈਂਸ ਖਿਲਾਫ਼ ਉਸ ਦੀ ਕਾਨੂੰਨੀ ਤੇ ਸਿਆਸੀ ਜੱਦੋਜਹਿਦ 27 ਵਰ੍ਹੇ ਚੱਲਦੀ ਰਹੀ ਅਤੇ ਉਸ ਨੇ ਇਸ ਨੂੰ ਤਰਮੀਮ ਕਰਵਾ ਕੇ ਹੀ ਦਮ ਲਿਆ।
ਪਾਕਿਸਤਾਨ ਦੇ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਲਈ ਵੀ ਉਹ ਹਮੇਸ਼ਾਂ ਡਟੀ ਰਹੀ। ਉਸ ਦੇ ਯਤਨਾਂ ਸਦਕਾ ਆਸੀਆ ਬੀਬੀ ਕੇਸ ਸੁਪਰੀਮ ਕੋਰਟ ਵਿਚ ਪਹੁੰਚਿਆ ਅਤੇ ਆਖ਼ਿਰ ਆਸੀਆ ਬੀਬੀ ਨੂੰ ਇਨਸਾਫ਼ ਨਸੀਬ ਹੋਇਆ।
ਅਸਮਾ ਨੂੰ ਜ਼ਿੰਦਗੀ ਭਰ ਨਫ਼ਰਤ ਤੇ ਮਰਦਾਵੇਂ ਹੈਂਕੜ ਨਾਲ ਜੂਝਣਾ ਪਿਆ। ਸੋਸ਼ਲ ਮੀਡੀਆ ’ਤੇ ਉਸ ਖ਼ਿਲਾਫ਼ ਝੂਠ ਫੈਲਾਏ ਗਏ ਅਤੇ ਕੁਫ਼ਰ ਤੋਲਿਆ ਗਿਆ। ਅਜਿਹੀ ਮੁਹਿੰਮ ਹੁਣ ਵੀ ਖ਼ਤਮ ਨਹੀਂ ਹੋਈ। ਅਜਿਹੇ ਕੂੜ ਪ੍ਰਚਾਰ ਦੇ ਬਾਵਜੂਦ ਅਸਮਾ ਨੇ ਜ਼ਿੰਦਗੀ ਭਰ ਸੁਹਜ ਨਹੀਂ ਤਿਆਗੀ। ਇਸ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਦੀ ਇਸ ਅਜ਼ੀਮ ਬੇਟੀ ਦੇ ਕੱਟੜਤਾ ਤੇ ਜਾਹਲਵਾਦ ਖ਼ਿਲਾਫ਼ ਸੰਘਰਸ਼ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਉਸ ਵੱਲੋਂ ਕਾਇਮ ਕੀਤੇ ਆਦਰਸ਼ਾਂ ਦੀ ਡਟਵੀਂ ਪੈਰਵੀ ਤੇ ਹਿਫ਼ਾਜ਼ਤ ਕੀਤੀ ਜਾਵੇ।
* * *
ਚਿਤਰਾਲ ਤੇ ਖ਼ੁਦਕੁਸ਼ੀਆਂ
ਕਬੂਜ਼ਾ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਖੇਤਰ ਦੀ ਚਿਤਰਾਲ ਵਾਦੀ ਨੂੰ ਅਤਿਅੰਤ ਰਮਣੀਕ ਇਲਾਕਾ ਮੰਨਿਆ ਜਾਂਦਾ ਹੈ, ਪਰ ਹੁਣ ਇਸ ਦੀ ਸ਼ਨਾਖ਼ਤ ਖ਼ੁਦਕੁਸ਼ੀਆਂ ਦੀ ਵਾਦੀ ਵਜੋਂ ਹੋਣ ਲੱਗੀ ਹੈ। ਪਾਕਿਸਤਾਨੀ ਅਖ਼ਬਾਰ ‘ਡੇਲੀ ਟਾਈਮਜ਼’ ਵਿਚ ਛਪੀ ਇਕ ਰਿਪੋਰਟ ਮੁਤਾਬਿਕ ਚਿਤਰਾਲ ਵਿਚ ਖ਼ੁਦਕੁਸ਼ੀਆਂ ਵੀ ਸਰਦ ਰੁੱਤ ਦੌਰਾਨ ਹੁੰਦੀਆਂ ਹਨ-ਗਰਮੀਆਂ ਦੌਰਾਨ ਅਜਿਹੀ ਘਟਨਾ ਨਾਂ-ਮਾਤਰ ਹੀ ਵਾਪਰਦੀ ਹੈ। ਖ਼ੁਦਕੁਸ਼ੀਆਂ ਦੀ ਤਾਦਾਦ ਵਿਚ ਵਾਧੇ ਦਾ ਸਿਲਸਿਲਾ 2006 ਵਿਚ ਸ਼ੁਰੂ ਹੋਇਆ। ਉਸ ਸਾਲ ਪੂਰੇ ਚਿਤਰਾਲ ਖਿੱਤੇ ’ਚ 203 ਖ਼ੁਦਕੁਸ਼ੀਆਂ ਹੋਈਆਂ। 2017 ਦੌਰਾਨ ਸਾਲਾਨਾ ਤਾਦਾਦ 407 ਉੱਤੇ ਪਹੁੰਚ ਗਈ। ਇਕੱਲੇ ਗਿਜ਼ਰ ਕਸਬੇ ਵਿਚ 2017 ਦੌਰਾਨ ਖ਼ੁਦਕੁਸ਼ੀਆਂ ਦੇ 79 ਕੇਸ ਵਾਪਰੇ।
ਚਿਤਰਾਲ ਖਿੱਤੇ ਵਿਚ ਸਰਦੀਆਂ ਅਕਤੂਬਰ ਤੋਂ ਅੱਧ ਅਪਰੈਲ ਤਕ ਚਲਦੀਆਂ ਹਨ। ਇਹ ਮੌਸਮ ਇਨਸਾਨੀ ਜੀਵਨ ਲਈ ਮੁਸ਼ਕਿਲਾਂ ਪੈਦਾ ਕਰਦਾ ਹੈ। ਇਸ ਇਲਾਕੇ ਦੇ ਲੋਕ ਬੇਹੱਦ ਮਿਹਨਤੀ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਕੀੜੀਆਂ ਵਰਗੀ ਹੈ- ਸਾਰਾ ਦਿਨ ਕੰਮ ਵਿਚ ਲੱਗੇ ਰਹਿੰਦੇ ਹਨ। ਪਰ ਆਧੁਨਿਕਤਾ ਤੇ ਐਸ਼ੋ-ਆਰਾਮ ਦੇ ਸਾਧਨਾਂ ਦੇ ਪ੍ਰਚਲਣ ਨੇ ਲੋਕ ਜੀਵਨ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਨਵੀਂ ਪੀੜ੍ਹੀ ਬਾਕੀ ਦੁਨੀਆਂ ਦੇ ਲੋਕਾਂ ਵਰਗਾ ਜੀਵਨ ਜਿਊਣਾ ਲੋਚਣ ਲੱਗੀ ਹੈ। ਅਜਿਹੀ ਲੋਚਾ ਨੇ ਡਿਪ੍ਰੈਸ਼ਨ ਤੇ ਹੋਰ ਮਾਨਸਿਕ ਮਰਜ਼ਾਂ ਦਾ ਪਸਾਰਾ ਤੇਜ਼ੀ ਨਾਲ ਵਧਾਇਆ ਹੈ। ਡਾਕਟਰ ਇਹ ਮੰਨਦੇ ਹਨ ਕਿ ਸਿਆਲਾਂ ’ਚ ਹੀ ਖ਼ੁਦਕੁਸ਼ੀਆਂ ਦੀ ਮੁੱਖ ਵਜ੍ਹਾ ਉਸ ਰੁੱਤ ਦੀ ਯੱਖਤਾ ਤੇ ਇਸ ਨਾਲ ਜੁੜੀ ਇਕੱਲਤਾ ਹੈ। ਹੁਣ ਆਗ਼ਾ ਖ਼ਾਨ ਫਾਊਂਡੇਸ਼ਨ ਦੀ ਸ਼ਾਖ- ਦਿਹਾਤੀ

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ

ਸਹਾਇਤਾ ਪ੍ਰੋਗਰਾਮ ਨੇ ਇਸ ਖ਼ਿੱਤੇ ਵਿੱਚ ਖ਼ੁਦਕੁਸ਼ੀਆਂ ਦੇ ਰੁਝਾਨ ਦਾ ਅਧਿਐਨ ਕਰਨ ਅਤੇ ਇਸ ਰੁਝਾਨ ਨੂੰ ਠੱਲ੍ਹ ਪਾਉਣ ਦੇ ਯਤਨ ਆਰੰਭੇ ਹਨ।
* * *
ਬ੍ਰਿਗੇਡੀਅਰ ਚਾਂਦਪੁਰੀ ਤੇ ਪਾਕਿਸਤਾਨ
971 ਦੀ ਲੌਂਗੇਵਾਲਾ ਦੀ ਲੜਾਈ ਦੇ ਭਾਰਤੀ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਚਲਾਣੇ ਦੀ ਖ਼ਬਰ ਨੂੰ ਐਤਵਾਰ ਨੂੰ ਪਾਕਿਸਤਾਨੀ ਮੀਡੀਆ ਨੇ ਆਮ ਤੌਰ ’ਤੇ ਨਜ਼ਰਅੰਦਾਜ਼ ਕੀਤਾ, ਪਰ ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਵਿਚ ਛਪੀ ਇਕ ਚਿੱਠੀ ਵਿਚ ਸੇਵਾਮੁਕਤ ਕਰਨਲ ਫਰਹਤ ਚੱਠਾ ਨੇ ਲਿਖਿਆ: ‘‘ਚਾਂਦਪੁਰੀ ਬਾਰੇ ਦਾਅਵਿਆਂ ਨਾਲ ਅਸੀਂ ਭਾਵੇਂ ਮੁਤਫ਼ਿਕ ਨਾ ਹੋਈਏ, ਫਿਰ ਵੀ ਅਸਲੀਅਤ ਇਹ ਹੈ ਕਿ ਲੌਂਗੇਵਾਲਾ ਵਿਚ ਪਾਕਿਸਤਾਨੀ ਫ਼ੌਜ ਨੇ ਰਣਨੀਤਕ ਸੂਝ ਦੀ ਡੂੰਘੀ ਘਾਟ ਦਰਸਾਈ। ਸਾਡੀ ਫ਼ੌਜ ਨੂੰ 1965 ਦੀਆਂ ਯੁੱਧਨੀਤਕ ਨਾਕਾਮੀਆਂ ਤੋਂ ਸਬਕ ਸਿੱਖਣੇ ਚਾਹੀਦੇ ਸਨ, ਪਰ 1971 ਵਿਚ ਇਕ ਵੀ ਫ਼ੌਜੀ ਪੈਂਤੜਾ ਅਜਿਹਾ ਨਹੀਂ ਰਿਹਾ ਜਿਸ ਤੋਂ ਇਹ ਜ਼ਾਹਿਰ ਹੋਵੇ ਕਿ ਅਸੀਂ 1965 ਦੀ ਜੰਗ ਤੋਂ ਕੋਈ ਸਬਕ ਸਿੱਖਿਆ। ਸਾਡੀ ਇਸੇ ਨਾਕਾਮੀ ਨੇ ਚਾਂਦਪੁਰੀ ਨੂੰ ਹੀਰੋ ਬਣਨ ਦਾ ਮੌਕਾ ਬਖ਼ਸ਼ਿਆ।’’
ਪੰਜਾਬੀ ਟ੍ਰਿਬਿਊਨ ਫੀਚਰ


Comments Off on ਸਟੇਟ ਤੇ ਸੇਠ ਮੀਡੀਆ ਦਾ ਗ਼ਲਬਾ ਵਧਿਆ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.