ਅੰਡੇਮਾਨ ਨਿਕੋਬਾਰ ਤੋਂ ਸ਼ੁਰੂ ਹੋਇਆ ਸੰਘਰਸ਼ !    ਕੀ ਅਸੀਂ ਕਦੇ ਜਾਗਾਂਗੇ ? !    ਨਿਵਾਣਾਂ ਵੱਲ ਜਾਂਦੀ ਰਾਜਨੀਤੀ !    ਜਪਾਨ ਤੋਂ ਸਬਕ ਸਿੱਖੇ ਪੰਜਾਬ !    ਤੁਸ਼ਾਮ ਦੀ ਬਾਰਾਂਦਰੀ !    ਠੰਢਾ ਲੋਹਾ !    ਇੱਛਾਵਾਂ ਦੇ ਦਮਨ ਦਾ ਦੁਖਾਂਤ !    ਪੰਜਾਬੀ ਸਿਨੇਮਾ ਦਾ ਇਤਿਹਾਸ !    ਮੱਧਕਾਲੀ ਪੰਜਾਬ ਦੀਆਂ ਪੰਜ ਸਦੀਆਂ ਦਾ ਪ੍ਰਮਾਣਿਕ ਇਤਿਹਾਸ !    ਗ਼ਜ਼ਲ !    

ਸ਼ੈਕਸਪੀਅਰ ਤੇ ਸਲਫਾਸ

Posted On November - 18 - 2018

ਸੁਰਖ਼ੀ-ਜੰਗ ਹਾਰਦਾ ਕਿਸਾਨ, ਮਜ਼ਦੂਰ

ਢਾਈ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਸਹਾਫ਼ਤੀ ਸੰਸਾਰ ਵਿੱਚ ਬਿਤਾਉਣ ਤੋਂ ਬਾਅਦ ਇੱਕ ਗੱਲ ਮੈਂ ਹਿੱਕ ’ਤੇ ਥਾਪੜਾ ਮਾਰ ਕੇ ਤੁਹਾਨੂੰ ਦੱਸ ਸਕਦਾ ਹਾਂ ਕਿ ਕਿਸੇ ਖ਼ਬਰ ਦੀ ਸੁਰਖ਼ੀ ਇੰਝ ਲਿਖੀ ਜਾਂਦੀ ਹੈ ਕਿ ਤੁਹਾਡਾ ਉਹਨੂੰ ਮੱਲੋ-ਮੱਲੀ ਪੜ੍ਹਨ ਦਾ ਮਨ ਕਰੇ। ਵੈਸੇ ਇਸ ਗਿਆਨ ਦੀ ਪ੍ਰਾਪਤੀ ਲਈ ਚੌਥਾਈ ਸਦੀ ਤੋਂ ਵਧੀਕ ਗਾਲਣ ਦੀ ਲੋੜ ਨਹੀਂ ਸੀ। ਇਹ ਤਾਂ ਮੈਨੂੰ ਤਾਂ ਵੀ ਪਤਾ ਲੱਗ ਜਾਂਦਾ ਜੇ ਦਸਵੀਓਂ ਹਟ ਮੈਂ ਪੰਸਾਰੀ ਦੀ ਹੱਟੀ ਖੋਲ੍ਹ ਲੈਂਦਾ ਤੇ ਸਵੇਰੇ-ਸਵੇਰੇ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਸਰਸਰੀ ਜਿਹੀ ਇੱਕ ਨਜ਼ਰ ਮਾਰ ਲੈਂਦਾ।
ਹਰ ਵਾਰੀ ਖ਼ਬਰ ਦੀ ਸੁਰਖ਼ੀ ਵਿੱਚ ਜਾਨ ਪਾਉਣੀ ਪੈਂਦੀ ਹੈ ਤਾਂ ਜੋ ਤੁਸੀਂ ਖ਼ਬਰ ਨੂੰ ਪੜ੍ਹੋ, ਇਹ ਤੁਹਾਡੇ ਮਨ-ਮਸਤਕ ਵਿੱਚ ਰਚੇ-ਵਸੇ। ਇੱਕੋ ਸੁਰਖ਼ੀ ਦੋ ਵਾਰੀ ਨਹੀਂ ਛਪ ਸਕਦੀ, ਵਾਰ-ਵਾਰ ਤਾਂ ਬਿਲਕੁਲ ਵੀ ਨਹੀਂ। ਨਵੀਂ ਹੋਵੇ, ਖ਼ਬਰ ਪੜ੍ਹਨ ਲਈ ਕਹੇ, ਦਿਲ ਨੂੰ ਟੁੰਬੇ, ਹਲੂਣ ਕੇ ਰੱਖ ਦੇਵੇ, ‘ਹਾਏ ਇਹ ਕੀ ਹੋ ਗਿਆ’ ਦਾ ਅਹਿਸਾਸ ਜਗਾਵੇ, ਤਾਂ ਸੁਰਖ਼ੀ ਹੁੰਦੀ ਹੈ।
ਜੇ ਤੁਸਾਂ ਕੱਲ੍ਹ ਵੀ ਪੜ੍ਹੀ ਸੀ, ਫਿਰ ਕਾਹਦੀ ਸੁਰਖ਼ੀ? ਵੈਸੇ ਅਖ਼ਬਾਰਾਂ ਨੇ ਇੱਕ ਐਸੀ ਭਾਸ਼ਾ ਦਾ ਨਿਰਮਾਣ ਕੀਤਾ ਹੋਇਆ ਹੈ ਜਿਹੜੀ ਇਹ ਤੈਅ ਕਰਦੀ ਹੈ ਕਿ ਤੁਸੀਂ ਕਿਹੜੀਆਂ ਖ਼ਬਰਾਂ ਪੜ੍ਹੋ, ਕਿਹੜੀ ਖ਼ਬਰ ਪਹਿਲੋਂ ਪੜ੍ਹੋ, ਕਿਹੜੀ ਸੁਰਖ਼ੀ ਦੇ ਕੋਲੋਂ ਦੀ ਬਿਨਾਂ ਪੜ੍ਹਿਆਂ ਲੰਘ ਜਾਵੋ। ਸੁਰਖ਼ੀ ਦਾ ਵੱਡ-ਆਕਾਰੀ ਹੋਣਾ, ਅੱਖਰਾਂ ਦਾ ਪਤਲਾ ਹੋਣਾ, ਖ਼ਬਰ ਨਾਲ ਫੋਟੋ ਹੈ ਜਾਂ ਨਹੀਂ, ਸੁਰਖ਼ੀ ਜਾਂ ਫੋਟੋ ਦੋ ਕਾਲਮਾਂ ਵਿੱਚ ਫੈਲੀ ਹੈ ਕਿ ਚਾਰ ਕਾਲਮਾਂ ਵਿੱਚ, ਕੀ ਖ਼ਾਸ-ਖ਼ਾਸ ਬਿੰਦੂਆਂ ਨੂੰ ਤੁਹਾਡੇ ਧਿਆਨ-ਗੋਚਰੇ ਲਿਆਉਣ ਲਈ ਵੱਖਰੀ ਡੱਬੀ ਵਿੱਚ ਚਿੰਨਿਆ ਗਿਆ ਹੈ – ਇਹ ਸਾਰੀ ਉਹ visual ਭਾਸ਼ਾ ਹੈ ਜਿਸ ਵਿੱਚ ਅਖ਼ਬਾਰੀ ਅਮਲਾ ਮਾਹਿਰ ਹੁੰਦਾ ਹੈ। ਬਹੁਤੇ ਪਾਠਕ ਅਣਭੋਲ ਹੀ ਇਨ੍ਹਾਂ ਲੁਕਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਨੇਮਬੱਧ ਤਰੀਕਿਆਂ ਨਾਲ ਅਖ਼ਬਾਰ ਪੜ੍ਹਦੇ ਨੇ, ਆਪਣੇ ਦੂਰ-ਨੇੜੇ ਦੇ ਸੰਸਾਰ ਨੂੰ ਜਾਣਦੇ ਨੇ, ਮੁੱਦਿਆਂ ਉੱਤੇ ਆਪਣੀ ਪਹੁੰਚ ਦਾ ਨਿਰਮਾਣ ਕਰਦੇ ਨੇ।
ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਪਹਿਲਾਂ ਹੀ ਸਾਡੇ ਕੋਲ ਅਖ਼ਬਾਰਾਂ, ਖ਼ਬਰਾਂ ਨੂੰ ਦੇਣ ਲਈ ਸਮਾਂ ਅਤੇ ਮਸਤਕ ਵਿੱਚ ਸਥਾਨ ਦੀ ਕਮੀ ਹੈ, ਕਿਸੇ ਅਜਿਹੀ ਸੁਰਖ਼ੀ ਦਾ ਅੱਖੋਂ-ਪਰੋਖੇ ਹੋਣਾ ਲਾਜ਼ਮੀ ਹੀ ਹੈ ਜਿਹੜੀ ਅਸੀਂ ਵਾਰ-ਵਾਰ ਕਈ ਮਹੀਨਿਆਂ, ਸਾਲਾਂ ਤੋਂ ਨਿੱਤ ਹੀ ਪੜ੍ਹ ਰਹੇ ਹਾਂ।
ਕਰਜ਼ੇ ਨੇ ਲਈ ਇੱਕ ਕਿਸਾਨ ਦੀ ਜਾਨ।
ਕਰਜ਼ੇ ਥੱਲੇ ਦੱਬੇ ਕਿਸਾਨ ਨੇ ਕੀਤੀ ਆਤਮ ਹੱਤਿਆ।
ਇੱਕੋ ਦਿਨ ਤਿੰਨ ਕਿਸਾਨਾਂ ਨੇ ਕੀਤੀ ਆਤਮ ਹੱਤਿਆ।

ਐੱਸ.ਪੀ. ਸਿੰਘ*

ਇਹ ਸੁਰਖ਼ੀਆਂ ਕੰਮ ਨਹੀਂ ਕਰਦੀਆਂ। ਇਹ ਪਹਿਲੋਂ ਹੀ ਪੜ੍ਹੀਆਂ ਹੋਈਆਂ ਹੁੰਦੀਆਂ ਹਨ। ਕਦੀ ਕਦੀ ਕਿਸੇ ਖ਼ਬਰਾਂ ਦੇ ਅਲਸਾਏ ਦਿਨ ਅਖ਼ਬਾਰ ਦੀ ਮੇਜ਼ ’ਤੇ ਬੈਠਾ ਕੋਈ ਸਹਿ-ਸੰਪਾਦਕ ਸੁਰਖ਼ੀ ਨੂੰ ਰਤਾ ਮੋੜਦਾ ਏ, ਆਪਣੇ ਅੰਦਰਲੇ ਨੂੰ ਝੰਜੋੜਦਾ ਏ, ਸ਼ਬਦਕੋਸ਼ ਵਿੱਚੋਂ ਕਿਸੇ ਦਿਲ-ਪਸੀਜ ਸ਼ਬਦ ਨੂੰ ਸੁਰਖ਼ੀ ਵਿੱਚ ਜੋੜਦਾ ਏ।
ਆੜ੍ਹਤੀਏ ਦੇ ਕਰਜ਼ੇ ਥੱਲੇ ਦੱਬੇ ਕਿਸਾਨ ਨੇ ਕੀਤੀ ਜੀਵਨ ਲੀਲਾ ਸਮਾਪਤ।
ਪਰ ਇਹ ਸੁਰਖ਼ੀ ਵੀ ਕੰਮ ਨਹੀਂ ਕਰਦੀ। ਇਹ ਵੀ ਪਹਿਲੋਂ ਪੜ੍ਹੀਆਂ ਬਹੁਤ ਸਾਰੀਆਂ ਸੁਰਖ਼ੀਆਂ ਵਿੱਚੋਂ ਇੱਕ ਹੈ। ਲੋਕਾਂ ਇਹ ਸਭ ਖ਼ਬਰਾਂ ਪੜ੍ਹੀਆਂ ਹੋਈਆਂ ਹਨ। ਕਿਸਾਨ ਦਾ ਨਾਮ, ਉਮਰ, ਉਹਦੇ ਪਿੰਡ ਦਾ ਨਾਮ, ਕਰਜ਼ੇ ਦੀ ਕੁੱਲ ਰਕਮ, ਪਤਨੀ ਜਾਂ ਬੱਚਿਆਂ ਦਾ ਵੇਰਵਾ। ਸਲਫ਼ਾਸ ਕਿ ਰੱਸੀ? ਰੇਲਗੱਡੀ ਅੱਗੇ ਛਾਲ ਜਾਂ ਨਹਿਰ ’ਚ ਡੁੱਬਿਆ? ਕਦੀ ਕਦੀ ਖੇਤਾਂ ਵਿਚ ਜਾ ਆਪਣੇ ਆਪ ਨੂੰ ਅੱਗ ਲਾ ਕੇ ਸਾੜਨ ਵਾਲੀ ਸੁਰਖ਼ੀ ਪਹਿਲਾਂ ਖ਼ਬਰ ਪੜ੍ਹਨ ਲਈ ਤੁਹਾਨੂੰ ਰੋਕ ਲੈਂਦੀ ਸੀ, ਹੁਣ ਇਹ ਵਰਤਾਰਾ ਵੀ ਅਣਹੋਣੀ ਨਹੀਂ ਰਹਿ ਗਿਆ।
ਪੰਜਾਬ ਦੇ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ, ਮਜ਼ਦੂਰਾਂ ਦੀ ਅਜਿਹੀ ਲਗਾਤਾਰਤਾ ਨਾਲ ਅਣਆਈ ਮੌਤ ਦੇ ਮੂੰਹ ਜਾਣ ਦੇ ਵਰਤਾਰੇ ਦਾ ਅਜੇ ਕੋਈ ਬਿੰਬ-ਚਿਹਰਾ ਨਹੀਂ ਬਣਿਆ। ਤੁਸੀਂ ਕੁਤਬਦੀਨ ਅੰਸਾਰੀ ਨੂੰ ਨਹੀਂ ਜਾਣਦੇ ਪਰ ਉਹਦੇ ਚਿਹਰੇ, ਉਹਦੀਆਂ ਅੱਖੀਆਂ, ਉਹਦੇ ਜੁੜੇ ਹੱਥਾਂ, ਉਹਦੀ ਸ਼ਕਲ ਤੇ ਉੱਕਰੇ ਡਰ ਅਤੇ ਰਹਿਮ ਦੀ ਦੁਹਾਈ ਦੇ ਅਣਬੋਲੇ ਖੁਦਾਈ ਬੋਲ ਤੋਂ ਵਾਕਿਫ਼ ਹੋ। ਇਹ 2002 ਦੇ ਗੁਜਰਾਤ ਦੰਗਿਆਂ ਦਾ ਚਿਹਰਾ ਹੈ। ਮੰਡਲ ਕਮਿਸ਼ਨ ਦੇ ਵਿਰੋਧ ਵਿੱਚ ਉੱਠੀ ਵਿਦਿਆਰਥੀ ਲਹਿਰ ਨੂੰ ਦਿੱਲੀ ਯੂਨੀਵਰਸਿਟੀ ਦੇ ਰਾਜੀਵ ਗੋਸਵਾਮੀ ਦੀ ਅੱਗ ਦੇ ਭਾਂਬੜਾਂ ਵਾਲੀ ਤਸਵੀਰ ਦਹਾਕਿਆਂ ਤੋਂ ਰੂਪਮਾਨ ਕਰ ਰਹੀ ਹੈ। ਪੰਜਾਬ ਦੇ ਖ਼ੇਤ-ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਹਿੱਸੇ ਅਜੇ ਪੱਤਰਕਾਰੀ ਨੇ ਕੋਈ ਪ੍ਰਵਾਨਿਤ ਬਿੰਬ ਨਹੀਂ ਵਰਤਾਇਆ।
ਇਹਦਾ ਇੱਕ ਕਾਰਨ ਅਖ਼ਬਾਰੀ ਸੁਰਖ਼ੀਆਂ ਦੇ ਨਿਰਮਾਣ ਦੀ ਰਾਜਨੀਤੀ ਹੈ। ‘ਕਰਜ਼ੇ ਨੇ ਲਈ ਇੱਕ ਕਿਸਾਨ ਦੀ ਜਾਨ’ ਵਾਲੀ ਸੁਰਖ਼ੀ ਖ਼ਬਰ ਵਿੱਚੋਂ ਮਨੁੱਖ ਨੂੰ ਮਨਫ਼ੀ ਕਰਦੀ ਹੈ। ਇਸ ਹੱਦ ਤੱਕ ਕਿ ਤੁਸੀਂ ਕਦੀ ਅਣਛਪੀਆਂ ਸੁਰਖ਼ੀਆਂ ਬਾਰੇ ਸੁਰਖ਼ੀ ਹੀ ਨਹੀਂ ਪੜ੍ਹੀ। ਕੀ ਅਸੀਂ ਇਸ ਗੱਲ ’ਤੇ ਧਿਆਨ ਦਿੱਤਾ ਹੈ ਕਿ ਬੀਤੇ ਕੁਝ ਸਾਲਾਂ ਵਿੱਚ ਕਿਸੇ ਵੀ ਕਿਸਾਨ, ਮਜ਼ਦੂਰ ਦੀ ਮੌਤ ਉੱਤੇ ਸਥਾਨਕ ਰਾਜ ਨੇਤਾ ਜਾਂ ਅਫ਼ਸਰ ਦਾ ਰਵਾਇਤੀ ਅਫ਼ਸੋਸ ਪ੍ਰਗਟਾਉਂਦਾ ਬਿਆਨ ਆਉਣੋਂ ਬੰਦ ਹੋ ਗਿਆ ਹੈ।
‘ਕਰਜ਼ੇ ਨੇ ਲਈ ਇੱਕ ਕਿਸਾਨ ਦੀ ਜਾਨ’ ਹੁਣ ਖ਼ਬਰ ਨਹੀਂ ਰਹੀ। ਏਸੇ ਲਈ ਹੋਰ ਖ਼ਬਰਾਂ ਥੱਲੇ ਇਸ ਖ਼ਬਰ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਕੁਝ ਹੀ ਮਹੀਨੇ ਪਹਿਲੋਂ ਦੇ ਰੱਦੀ ਹੋ ਚੁੱਕੇ ਅਖ਼ਬਾਰਾਂ ਨੂੰ ਫਰੋਲੋ। ਯਾਦ ਕਰੋ ਉਹ ਵ੍ਹਾ-ਵਰੋਲਾ ਜਿਹੜਾ ਕਿਸਾਨ, ਮਜ਼ਦੂਰ ਖ਼ੁਦਕੁਸ਼ੀਆਂ ਦੇ ਮੁੱਦੇ ਉੱਤੇ ਝੁੱਲਿਆ ਸੀ। ਕਰਜ਼ਾ-ਮੁਆਫ਼ੀ ਬਾਰੇ ਅਖ਼ਬਾਰੀ ਲੇਖ, ਤਰਜੀਹੇ, ਸੁਰਖ਼ੀਆਂ ਅਤੇ ਟੀਵੀ ਦੇ ਭਖਵੇਂ ਡਿਬੇਟਾਂ ਨੇ ਪਿੜ ਮੱਲਿਆ ਸੀ। ਨੇਤਾ ਸਟੇਜਾਂ ’ਤੇ ਚੜ੍ਹੇ ਸਨ। ਕਿਸਾਨਾਂ ਨੂੰ ਛੇ-ਛੇ ਫੁੱਟੇ ਕਰਜ਼ਾ-ਮੁਆਫ਼ੀ ਦੇ ਸਰਟੀਫਿਕੇਟ ਸ਼ਹਿਰ-ਦਰ-ਸ਼ਹਿਰ ਭੇਂਟ ਹੋਏ ਸਨ। ਟੀਵੀ ’ਤੇ ਸਿੱਧੇ ਪ੍ਰਸਾਰਣ ਰਾਹੀਂ ਤੁਹਾਡੇ ਤੱਕ ਗੁਰਬਤ ਦੇ ਇਹ ਤਿਉਹਾਰੀ ਦ੍ਰਿਸ਼ ਪੁੱਜਦੇ ਕੀਤੇ ਸਨ।
ਸ਼ੈਕਸਪੀਅਰ ਨੂੰ ਉਹਦੇ ਤੋਂ ਮੁਆਫ਼ੀ ਮੰਗ ਹੁਣ ਇੰਝ ਹੀ ਪੜ੍ਹਨਾ ਹੋਵੇਗਾ ਕਿ ਦੁਨੀਆ ਇੱਕ ਰੰਗਮੰਚ ਹੈ ਜਿੱਥੇ ਇੱਕ ਸੁਰਖ਼ੀ ਨੇ ਦੂਜੀ ਸੁਰਖ਼ੀ ਨੂੰ ਕੂਹਣੀ ਮਾਰ, ਅਖ਼ਬਾਰੀ ਪੰਨੇ ਤੋਂ ਥੱਲੇ ਸੁੱਟਣਾ ਹੁੰਦਾ ਹੈ।
ਨਵੀਆਂ ਸੁਰਖ਼ੀਆਂ ਆ ਗਈਆਂ ਨੇ। ਕੁਝ ਤਾਂ ਗੁਰ-ਅਦਬ ਦੇ ਸਵਾਲ ਨਾਲ ਵਰੋਸਾਈਆਂ ਨੇ। ਸੌ ਸਾਲ ਪੁਰਾਣੀ ਕਿਸੇ ਰਾਜਨੀਤਕ ਪਾਰਟੀ ਦੇ ਹਸ਼ਰ ਬਾਰੇ ਸੁਰਖ਼ੀਆਂ ਸਾਹਵੇਂ ‘ਕਰਜ਼ੇ ਨੇ ਲਈ ਇੱਕ ਕਿਸਾਨ ਦੀ ਜਾਨ’ ਤਾਂ ਬੇਸ਼ਕੀਮਤੀ ਅਖ਼ਬਾਰੀ ਜਗ੍ਹਾ ਨੂੰ ਬਰਬਾਦ ਕਰਨ ਦੇ ਤੁੱਲ ਹੈ। ਮਜ਼ਦੂਰ, ਕਿਸਾਨ ਹੁਣ ਏਡੇ ਪਾੜ੍ਹੇ ਵੀ ਨਹੀਂ ਕਿ ਸੁਰਖ਼ੀ-ਜੰਗ ਵਿੱਚ ਨਵੇਂ ਹਥਿਆਰ ਤਾਮੀਰ ਕਰਨ। ਘੋਲੀ ਪਾੜ੍ਹੇ ਤਾਂ ‘ਸੰਘਰਸ਼ੀ ਅਧਿਆਪਕਾਂ ਨੇ ਖੂਨ ਦੇ ਚਿਰਾਗ਼ ਬਾਲੇ’ ਵਾਲੀ ਸੁਰਖ਼ੀ ਨਾਲ ਮੁੱਖ ਪੰਨੇ ’ਤੇ ਝੰਡੇ ਝੁਲਾ ਰਹੇ ਨੇ। ਸਲਫ਼ਾਸ ਤੇ ਰੱਸੀ ਦੇ ਗੈਰ-ਰਸਮੀ ਪ੍ਰਯੋਗ ਕਰਨ ਵਾਲੇ ਮਹਿਜ਼ ‘ਕਰਜ਼ੇ ਨੇ ਲਈ ਇਕ ਕਿਸਾਨ ਦੀ ਜਾਨ’ ਵਾਲੀ ਸੁਰਖ਼ੀ ਹੰਢਾ ਰਹੇ ਨੇ।
ਅਜਿਹੀ ਸੁਰਖ਼ੀ ਦੇ ਪਿੱਛੇ ਕਿਸਾਨ ਦਾ ਇਕ ਚਿਹਰਾ ਹੁੰਦਾ ਹੈ। ਉਹਦੀ ਕੋਈ ਕਾਲਜ ਪੜ੍ਹਦੀ ਧੀ ਹੁੰਦੀ ਹੈ। ਕਾਲਜ ਵਿੱਚ ਸ਼ੈਕਸਪੀਅਰ ਪੜ੍ਹਦੀ ਉਹ ਸ਼ਾਮ ਨੂੰ ਘਰੇ ਗੋਹਾ-ਕੂੜਾ ਵੀ ਕਰਦੀ ਏ। ਮਹੀਆਂ ਦਾ ਦੁੱਧ ਵੀ ਚੋਂਦੀ ਏ। ਸ਼ਹਿਰ ਦੀਆਂ ਮੁਟਿਆਰਾਂ ਤੋਂ ਆਪਣੇ ਸ਼ੈਕਸਪੀਅਰ ਦੀ ਦੂਰੀ ਬਹੁਕਰ ਨਾਲ ਸਾਫ਼ ਕਰਦੀ ਏ। ਗਲੀ ਦੇ ਮੋੜ ’ਤੇ ਦੁਕਾਨਦਾਰ ਨਾਲ ਉਸ ਕਿਸਾਨ ਦੀ ਲੰਘਦਿਆਂ-ਟੱਪਦਿਆਂ ਸਤਿ ਸ੍ਰੀ ਅਕਾਲ ਹੁੰਦੀ ਏ। ਪਿੰਡੋਂ ਦੂਰ ਰਹਿੰਦੀ ਕਿਸਾਨ ਦੀ ਵੱਡੀ ਵਿਧਵਾ ਭੈਣ, ਉਹਦੇ ਬੇਲੀ, ਉਹਦਾ ਪੁਰਾਣਾ ਬਜ਼ੁਰਗ ਅਧਿਆਪਕ – ਇਨ੍ਹਾਂ ਸਭ ਨਾਲ ਰਿਸ਼ਤਿਆਂ ਦਾ ਇੱਕ ਸੰਸਾਰ ਹੁੰਦਾ ਹੈ। ਜਿਸ ਦਿਨ ਉਸ ਸਲਫਾਸ ਖਾਧੀ, ਇਹ ਸਾਰਾ ਸੰਸਾਰ ਹਿੱਲਦਾ ਹੈ। ਕਿੰਨੀਆਂ ਅੱਖੀਆਂ, ਕਿੰਨੇ ਅੱਥਰੂ, ਕਿੰਨੀਆਂ ਰਾਤਾਂ ਦਾ ਖਲਾਅ, ਦੁਕਾਨਦਾਰ ਦੀ ਕਿੰਨੀ ਦੁਬਿਧਾ ਕਿ ਹੁਣ ਉਹ ਲੰਘਦੀ-ਟੱਪਦੀ ਜੁਆਨ ਯਤੀਮ ਧੀ ਨੂੰ ਸਤਿ ਸ੍ਰੀ ਅਕਾਲ ਬੁਲਾਵੇ ਜਾਂ ਨਾ, ਕਿਉਂ ਜੋ ਟੁਰ ਗਏ ਬਾਪੂ ਦੀ ਯਾਦ ਕਿਤੇ ਭੁੱਬ ਨਾ ਕਢਾ ਦੇਵੇ ਵਿਚਾਰੀ ਦੀ! ਇਸ ਸਭ ਨੂੰ ਰੂਪਮਾਨ ਕਰਨ ਲਈ ਤਾਂ ਸਾਡੇ ਸਮਿਆਂ ਦਾ ਕੋਈ ਸ਼ੈਕਸਪੀਅਰ ਚਾਹੀਦਾ ਸੀ। ਅਜੇ ਤਾਂ ਸਾਡੇ ਸੁਰਖ਼ੀਘਾੜੇ ‘ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ’ ਤੱਕ ਹੀ ਕਲਮ ਘਸਾਈ ਕਰ ਰਹੇ ਨੇ। ਓਧਰ ਨਵੀਆਂ ਸੁਰਖ਼ੀਆਂ ਅੰਗਾਰਿਆਂ ਵਾਂਗ ਭਖਦੀਆਂ ਇਸ ਨਿਮਾਣੀ ਸੁਰਖ਼ੀ ਨੂੰ ਵੀ ਕੂਹਣੀ ਮਾਰ ਅਖ਼ਬਾਰੀ ਦਲ੍ਹੀਜ ਤੋਂ ਬਾਹਰ ਧੱਕ ਰਹੀਆਂ ਨੇ। ਇਸ ਸਭ ਤੋਂ ਬੇਖ਼ਬਰ ਕਿਸਾਨ ਸਲਫਾਸ ਤੇ ਰੱਸਿਆਂ ਦਾ ਪ੍ਰਯੋਗ ਕਰ ਰਹੇ ਨੇ। ਬੇਖ਼ਬਰ ਹੁਣ ਬੇ-ਖ਼ਬਰ ਹੀ ਸ਼ੈਕਸਪੀਅਰ ਦੇ ਰੰਗਮੰਚ ਤੋਂ ਜਾ ਰਹੇ ਨੇ।
*ਲੇਖਕ ਸੀਨੀਅਰ ਪੱਤਰਕਾਰ ਹੈ ਤੇ ਸੁਰਖ਼ੀਆਂ ਦੀ ਸਿਆਸਤ ਦੇ ਮੁਹਾਜ਼ ’ਤੇ ਮਸ਼ਕਾਂ ਕਰਦਾ ਰਿਹਾ ਹੈ।


Comments Off on ਸ਼ੈਕਸਪੀਅਰ ਤੇ ਸਲਫਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.