85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਲਾਹੌਰ ਦਰਬਾਰ ਦੀ ਅਜ਼ਮਤ ਤੇ ਗੰਧਲੀ ਸਿਆਸਤ…

Posted On November - 4 - 2018

ਵਾਹਗਿਓਂ ਪਾਰ

ਪਾਕਿਸਤਾਨ ਰਹਿੰਦੇ ਅਫ਼ਗਾਨ ਸ਼ਰਨਾਰਥੀ।

ਇਤਿਹਾਸਕ ਧਰੋਹਰਾਂ ਨੂੰ ਲੈ ਕੇ ਗੰਧਲੀ ਸਿਆਸਤ ਖੇਡਣਾ ਦੱਖਣੀ ਏਸ਼ੀਆ ਵਿਚ ਆਮ ਰੁਝਾਨ ਹੈ। ਪਾਕਿਸਤਾਨ ਵਿਚ ਇਸ ਸਮੇਂ ਇਸ ਕਿਸਮ ਦੀ ਸਿਆਸਤ ਹੰਗੇਰੀਅਨ ਚਿੱਤਰਕਾਰ ਆਗਸਟ ਸ਼ੌਏਫਟ ਵੱਲੋਂ ਬਣਾਏ ਚਿੱਤਰਾਂ ਨੂੰ ਲੈ ਕੇ ਖੇਡੀ ਜਾ ਰਹੀ ਹੈ। ਸ਼ੌਏਫਟ 1841-42 ਵਿਚ ਲਾਹੌਰ ’ਚ ਰਿਹਾ। ਪਾਕਿਸਤਾਨੀ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਵਿਚ ਪ੍ਰਕਾਸ਼ਿਤ ਫ਼ਕੀਰ ਸੱਯਦ ਐਜਾਜ਼ੂਦੀਨ ਦੇ ਲੇਖ ਮੁਤਾਬਿਕ ਸ਼ੌਏਫਟ 1809 ਵਿਚ ਆਸਟਰੋ-ਹੰਗੇਰੀਅਨ ਸਾਮਰਾਜ ਦੀ ਅਹਿਮ ਨਗਰੀ ਬੁਡਾਪੈਸਟ (ਹੁਣ ਹੰਗੇਰੀਅਨ ਰਾਜਧਾਨੀ) ਦੇ ਮੁਕਾਬਲਤਨ ਗ਼ਰੀਬਾਨਾ ਹਿੱਸੇ ਪੈਸਟ ਵਿਚ ਕਲਾਕਾਰਾਂ ਦੇ ਪਰਿਵਾਰ ’ਚ ਜਨਮਿਆ। 28 ਸਾਲਾਂ ਦੀ ਉਮਰ ਵਿਚ ਉਹ ਵਿਸ਼ਵ ਭ੍ਰਮਣ ਉੱਤੇ ਨਿਕਲ ਗਿਆ। 1838 ਵਿਚ ਉਹ ਹਿੰਦੋਸਤਾਨ ਪਹੁੰਚਿਆ। 1841 ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਮਹਾਰਾਜਾ ਸ਼ੇਰ ਸਿੰਘ ਦੇ ਦਰਬਾਰ ’ਚ ਹਾਜ਼ਰੀ ਭਰੀ।
ਮਹਾਰਾਜਾ ਸ਼ੇਰ ਸਿੰਘ ਯੂਰੋਪੀਅਨ, ਖ਼ਾਸ ਕਰਕੇ ਅੰਗਰੇਜ਼ਾਂ ਤੋਂ ਬਹੁਤ ਪ੍ਰਭਾਵਿਤ ਸੀ। ਸ਼ੌਏਫਟ ਨੇ ਉਸ ਦੀ ਇਕ ਤਸਵੀਰ ਬਣਾਈ ਜੋ ਕਿ ਮਹਾਰਾਜੇ ਤੇ ਖ਼ਾਲਸਾ ਦਰਬਾਰ ਦੀ ਸ਼ਾਨੋ-ਸ਼ੌਕਤ ਨੂੰ ਅਸਲ ਰੂਪ ਵਿਚ ਪੇਸ਼ ਕਰਦੀ ਸੀ। ਇਹ ਤਸਵੀਰ ਸ਼ਾਹੀ ਤੋਸ਼ਾਖਾਨੇ ਦਾ ਸ਼ਿੰਗਾਰ ਬਣੀ। ਲਾਹੌਰ ਵਿਚ ਆਪਣੇ ਇਕ ਸਾਲ ਦੇ ਕਿਆਮ ਦੌਰਾਨ ਸ਼ੌਏਫਟ ਨੇ ਬਹੁਤ ਸਾਰੀਆਂ ਤਸਵੀਰਾਂ ਬਣਾਈਆਂ। ਇਨ੍ਹਾਂ ਵਿਚੋਂ ਸੌ ਦੇ ਕਰੀਬ ਤਸਵੀਰਾਂ ਨੂੰ ਉਸ ਨੇ 1855 ਵਿਚ ਵੀਏਨਾ ਵਿਚ ਲਗਾਈ ਇਕ ਨੁਮਾਇਸ਼ ਵਿਚ ਪ੍ਰਦਰਸ਼ਿਤ ਕੀਤਾ। ਉਦੋਂ ਤਕ ਸਿੱਖ ਰਾਜ ਬਿਖਰ ਚੁੱਕਾ ਸੀ, ਪਰ ਇਹ ਤਸਵੀਰਾਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਵੀ ਸਿੱਖ ਰਾਜ ਦੀ ਅਜ਼ਮਤ ਤੇ ਧਰਮ ਨਿਰਪੇਖ ਕਿਰਦਾਰ ਦਾ ਪ੍ਰਮਾਣ ਸਨ। ਇਨ੍ਹਾਂ ਬਾਰੇ ਪਤਾ ਲੱਗਣ ’ਤੇ ਇਨ੍ਹਾਂ ਵਿਚੋਂ ਬਹੁਤੀਆਂ ਮਹਾਰਾਜਾ ਦਲੀਪ ਸਿੰਘ ਵਾਸਤੇ ਖਰੀਦ ਲਈਆਂ ਗਈਆਂ। ਜਦੋਂ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਬਾਂਬਾ ਸਦਰਲੈਂਡ ਲਾਹੌਰ ਆ ਵਸੀ ਤਾਂ ਇਹ ਤਸਵੀਰਾਂ ਮਾਡਲ ਟਾਊਨ ਸਥਿਤ ਉਸ ਦੇ ਨਿਵਾਸ ਦਾ ਸ਼ਿੰਗਾਰ ਬਣੀਆਂ। 1957 ਵਿਚ ਬਾਂਬਾ ਦੇ ਇੰਤਕਾਲ ਮਗਰੋਂ ਇਹ ਉਸ ਦੇ ਮੁਖ਼ਤਾਰ ਪੀਰ ਕਰੀਮ ਬਖ਼ਸ਼ ਸਪਰਾ ਕੋਲ ਸਨ। ਉਸ ਪਾਸੋਂ ਇਹ ਪਾਕਿਸਤਾਨ ਸਰਕਾਰ ਨੇ ਖ਼ਰੀਦ ਲਈਆਂ।
ਸਰਕਾਰੀ ਰੰਗ-ਢੰਗ ਸਮੁੱਚੇ ਦੱਖਣੀ ਏਸ਼ੀਆ ’ਚ ਇਕੋ ਜਿਹੇ ਹਨ। ਖਰੀਦੀਆਂ ਗਈਆਂ ਇਹ ਤਸਵੀਰਾਂ ਲਾਹੌਰ ਦੇ ਕਿਲੇ ਦੀ ਸਿੱਖ ਗੈਲਰੀ ਦੇ ਇਕ ਕਮਰੇ ਵਿਚ ਤਾਲਾਬੰਦ ਪਈਆਂ ਸੜਦੀਆਂ ਰਹੀਆਂ। ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ ਵਿਚਲੇ ਹੰਗੇਰੀਅਨ ਸਫ਼ੀਰ ਇਸਤਵਾਕ ਸਜ਼ੇਬੋ ਤੇ ਉਸ ਦੀ ਪਤਨੀ ਐਮਿਲੀਆ ਦੇ ਯਤਨਾਂ ਸਦਕਾ ਇਨ੍ਹਾਂ ਤਸਵੀਰਾਂ ਦੀ ਮੁਰੰਮਤ ਤੇ ਅਸਲ ਰੂਪ ’ਚ ਪਰਤਾਉਣ ਦਾ ਅਮਲ ਚੱਲਦਾ ਆ ਰਿਹਾ

ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਮਹਾਰਾਜਾ ਸ਼ੇਰ ਸਿੰਘ ਦਾ ਆਗਸਟ ਸ਼ੌਏਫਟ ਵੱਲੋਂ ਬਣਾਇਆ ਚਿੱਤਰ।

ਹੈ। ਹੰਗੇਰੀਅਨ ਸਰਕਾਰ 10 ਅਹਿਮ ਤਸਵੀਰਾਂ ਨੂੰ ਬਿਹਤਰ ਢੰਗ ਨਾਲ ਸੁਰਜੀਤ ਕਰਨ ਲਈ ਬੁਡਾਪੈਸਟ ਮੰਗਵਾਉਣਾ ਚਾਹੁੰਦੀ ਹੈ ਜਿੱਥੇ ਇਹ ਇਤਿਹਾਸਕ ਸ਼ਾਹੀ ਮਹੱਲ ਵਿਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਪਾਕਿਸਤਾਨ ਸਰਕਾਰ ਇਸ ਮਾਮਲੇ ’ਚ ਲਗਾਤਾਰ ਢਿੱਲ-ਮੱਠ ਦਿਖਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਕੌਮੀ ਧਰੋਹਰ ਮੁਲਕ ਤੋਂ ਬਾਹਰ ਨਹੀਂ ਭੇਜਣਾ ਚਾਹੁੰਦੀ। ਪਰ ਅਸਲ ਕਾਰਨ ਇਸਲਾਮੀ ਪਾਰਟੀਆਂ ਦਾ ਵਿਰੋਧ ਹੈ। ਉਹ ਲਾਹੌਰ ਦੇ ਖੁਸ਼ਗਵਾਰ ਸਿੱਖ ਅਤੀਤ ਨੂੰ ਸਵੀਕਾਰਨ ਦੇ ਸਖ਼ਤ ਖ਼ਿਲਾਫ਼ ਹਨ।
* * *
ਸ਼ਰਨਾਰਥੀ ਸੰਕਟ ਤੇ ਨਾਗਰਿਕਤਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੋਇਆ ਹੈ ਕਿ ਗ਼ੈਰ-ਅਮਰੀਕੀਆਂ ਦੇ ਅਮਰੀਕਾ ’ਚ ਜਨਮੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਇਸ ਐਲਾਨ ਨੂੰ ਅਮਰੀਕੀ ਸੰਵਿਧਾਨ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਉਲਟ ਸਥਿਤੀ ਪਾਕਿਸਤਾਨ ਵਿਚ ਹੈ ਜਿੱਥੇ ਛੇ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨਿਆ ਸੀ ਕਿ ਪਾਕਿਸਤਾਨ ’ਚ ਜਨਮੇ ਅਫ਼ਗਾਨ ਬੱਚਿਆਂ ਨੂੰ ਪਾਕਿਸਤਾਨੀ ਨਾਗਰਿਕਤਾ ਦਿੱਤੀ ਜਾਵੇਗੀ, ਪਰ ਹੁਣ ਉਸ ਨੂੰ ਇਸ ਐਲਾਨ ਤੋਂ ਪੈਰ ਪਿਛਾਂਹ ਖਿੱਚਣੇ ਪੈ ਰਹੇ ਹਨ।
ਪਾਕਿਸਤਾਨ ਵਿਚ ਲੱਖਾਂ ਅਫ਼ਗਾਨ ਸ਼ਰਨਾਰਥੀ ਦਹਾਕਿਆਂ ਤੋਂ ਰਹਿੰਦੇ ਆ ਰਹੇ ਹਨ। ਉਨ੍ਹਾਂ ਤੋਂ ਇਲਾਵਾ ਬੰਗਲਾਦੇਸ਼ੀ ਤੇ ਰੋਹਿੰਗੀਆ ਵੀ ਵੱਡੀ ਗਿਣਤੀ ਵਿਚ ਕਰਾਚੀ ’ਚ ਵਸੇ ਹੋਏ ਹਨ। ਇਨ੍ਹਾਂ ਬਾਰੇ ਕੋਈ ਵੀ ਵਿਆਪਕ ਤੇ ਸਪਸ਼ਟ ਕੌਮੀ ਨੀਤੀ ਅਜੇ ਤਕ ਵਜੂਦ ਵਿਚ ਨਹੀਂ ਆਈ। ਅੰਗਰੇਜ਼ੀ ਰੋਜ਼ਨਾਮਾ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਕਦੇ ਸ਼ਰਨਾਰਥੀਆਂ ਨੂੰ ਦਹਿਸ਼ਤੀ ਹਮਲਿਆਂ ਲਈ ਦੋਸ਼ੀ ਦੱਸਿਆ ਜਾਂਦਾ ਹੈ ਅਤੇ ਕਦੇ ਉਨ੍ਹਾਂ ਦੇ ਨਾਂ ’ਤੇ ਕੌਮਾਂਤਰੀ ਏਜੰਸੀਆਂ ਤੋਂ ਅਰਬਾਂ ਦੀ ਖ਼ੈਰਾਤ ਮੰਗੀ ਜਾਂਦੀ ਹੈ। ਕੋਈ ਵੱਡਾ ਦਹਿਸ਼ਤੀ ਕਾਰਾ ਹੋਣ ’ਤੇ ਛਾਪੇ ਸ਼ਰਨਾਰਥੀ ਬਸਤੀਆਂ ’ਤੇ ਵੱਜਦੇ ਹਨ ਹਾਲਾਂਕਿ ਅਧਿਕਾਰੀ ਇਹ ਜਾਣਦੇ ਹਨ ਕਿ ਦਹਿਸ਼ਤੀ ਅਨਸਰ ਜਾਂ ਤਾਲਿਬਾਨ ਕਮਾਂਡਰ ਸ਼ਰਨਾਰਥੀ ਕੈਂਪਾਂ ਵਿਚ ਨਹੀਂ, ਸ਼ਹਿਰਾਂ ਦੇ ਅਮੀਰਾਨਾ ਮੁਹੱਲਿਆਂ ਵਿਚ ਠਾਠ ਨਾਲ ਰਹਿੰਦੇ ਹਨ। ਪਾਕਿਸਤਾਨੀ ਕੌਮੀ ਕੈਬਨਿਟ ਨੇ ਫਰਵਰੀ 2017 ਵਿਚ ਸ਼ਰਨਾਰਥੀ ਪ੍ਰਬੰਧਨ ਨੀਤੀ ਦਾ ਖਰੜਾ ਪਾਸ ਕੀਤਾ ਸੀ। ਇਸ ਖਰੜੇ ਨੂੰ ਕਾਨੂੰਨੀ ਸ਼ਕਲ ਦਿੱਤੀ ਜਾਣੀ ਸੀ, ਪਰ ਅਜੇ ਤਕ ਇਸ ਦਿਸ਼ਾ ’ਚ ਕੋਈ ਕਦਮ ਨਹੀਂ ਚੁੱਕਿਆ ਗਿਆ।
ਅਖ਼ਬਾਰ ਅਨੁਸਾਰ ਗਿਲਗਿਤ-ਬਾਲਟਿਸਤਾਨ ਖੇਤਰ ’ਚ ਸ਼ਰਨਾਰਥੀ ਸਮੱਸਿਆ ਵੱਖਰਾ ਰੁਖ਼ ਅਖ਼ਤਿਆਰ ਕਰ ਗਈ ਹੈ। ਉੱਥੇ ਚੀਨੀ ਮੁਸਲਮਾਨਾਂ (ਊਈਗ਼ਰਾਂ) ਵੱਲੋਂ ਪਾਕਿਸਤਾਨੀ ਔਰਤਾਂ ਨਾਲ ਵਿਆਹ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ ਕਈ ਬੰਦੇ ਇਸਲਾਮੀ ਦਹਿਸ਼ਤੀ ਸੰਗਠਨਾਂ ਦੇ ਮੈਂਬਰ ਦੱਸੇ ਜਾਂਦੇ ਹਨ। ਇਹ ਮਾਮਲਾ ਪਾਕਿਸਤਾਨੀ ਅਧਿਕਾਰੀਆਂ ਤੇ ਸਰਕਾਰ ਲਈ ਵੱਖਰੀ ਸਿਰਦਰਦੀ ਬਣਦਾ ਜਾ ਰਿਹਾ ਹੈ।
* * *

ਸੁਪਰੀਮ ਕੋਰਟ ਦੇ ਫ਼ੈਸਲੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਕੱਟੜਪੰਥੀ।

ਕੱਵਾਲੀ ਦੇ ਰੰਗ, ਫ਼ਿਲਮਾਂ ਦੇ ਸੰਗ
ਉਰਦੂ ਰੋਜ਼ਨਾਮਾ ‘ਜੰਗ’ ਵਿਚ ਆਸਿਫ਼ ਨੂਰਾਨੀ ਦਾ ਖ਼ੂਬਸੂਰਤ ਮਜ਼ਮੂਨ ਛਪਿਆ ਹੈ ਜਿਸ ਵਿਚ ਕੱਵਾਲੀ ਨੂੰ ਮਕਬੂਲ ਬਣਾਈ ਰੱਖਣ ਵਿਚ ਫ਼ਿਲਮਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਹੈ। ਮਜ਼ਮੂਨ ਅਨੁਸਾਰ 13ਵੀਂ ਸਦੀ ਦੇ ਸੂਫ਼ੀ ਸੰਤ ਅਮੀਰ ਖੁਸਰੋ ਨੇ ਗਾਇਕੀ ਦੇ ਜਿਸ ਅੰਗ ਦੀ ਅੱਲ੍ਹਾ ਪਾਕ ਤੇ ਮੁਰਸ਼ਦ ਦੀ ਇਬਾਦਤ ਲਈ ਸਿਰਜਣਾ ਕੀਤੀ ਸੀ, ਉਸ ਨੂੰ ਹੁਣ ਫ਼ਿਲਮ ਜਗਤ ਵੱਲੋਂ ਸਿਹਤਮੰਦ ਰੱਖਿਆ ਜਾ ਰਿਹਾ ਹੈ। ਕੱਵਾਲੀ ਅੱਠ ਸਦੀਆਂ ਤੋਂ ਇਬਾਦਤਗਾਹਾਂ ਤੇ ਦਰਗਾਹਾਂ ਵਿਚ ਗਾਈ ਜਾ ਰਹੀ ਹੈ, ਪਰ ਇਸ ਨੂੰ ਅਸਲ ਮਕਬੂਲੀਅਤ ਇਕ ਸਦੀ ਤੋਂ ਫ਼ਿਲਮਾਂ ਦੇ ਜ਼ਰੀਏ ਮਿਲੀ। ਮਜ਼ਮੂਨ ਅਨੁਸਾਰ ਮਸ਼ਹੂਰ ਸੰਗੀਤ ਸ਼ਾਸਤਰੀ ਕੁਮਾਰ ਪ੍ਰਸਾਦ ਮੁਖਰਜੀ ਦੀ ਰਾਇ ਸੀ ਕਿ ਕੱਵਾਲੀ ਨੇ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਨੂੰ ਅਮੀਰੀ ਬਖ਼ਸ਼ੀ ਅਤੇ ਖ਼ਿਆਲ ਗਾਇਕੀ ਦੀ ਪੈਦਾਇਸ਼ ਕੱਵਾਲੀ ਵਿਚੋਂ ਹੀ ਹੋਈ।
ਹੁਣ ਤੋਂ ਸੱਤ ਦਹਾਕੇ ਪਹਿਲਾਂ ਤਕ ਕੱਵਾਲੀ ਸਿਰਫ਼ ਮਰਦ ਹੀ ਗਾਉਂਦੇ ਸਨ, ਪਰ ਫ਼ਿਲਮਾਂ ਨੇ ਜ਼ਨਾਨਾ ਕੱਵਾਲ ਵੀ ਪੈਦਾ ਕਰ ਦਿੱਤੇ। ਸਭ ਤੋਂ ਪਹਿਲਾਂ ਫ਼ਿਲਮ ‘ਜ਼ੀਨਤ’ (1943) ਵਿਚ ਮਹਿਲਾਵਾਂ ਵੱਲੋਂ ਕੱਵਾਲੀ ਦੀ ਪੇਸ਼ਕਾਰੀ ਦਿਖਾਈ ਗਈ। ਇਸ ਦੇ ਬੋਲ ਨਕਸ਼ਬ ਨੇ ਲਿਖੇ ਸਨ ਅਤੇ ਧੁਨ ਹਫ਼ੀਜ਼ ਖ਼ਾਨ ਦੀ ਸੀ। ਇਸ ਨੂੰ ਗਾਇਆ ਨੂਰ ਜਹਾਂ, ਜ਼ੋਹਰਾ ਬਾਈ ਅੰਬਾਲੇਵਾਲੀ, ਕਲਿਆਣੀ ਤੇ ਸਾਥੀਆਂ ਨੇ ਸੀ। ਇਸ ਮਗਰੋਂ ਫ਼ਿਲਮ ‘ਬਾਜ਼ਾਰ’ (1949) ਦੀ ਕੱਵਾਲੀ ਭਾਰਤ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਬਹੁਤ ਮਕਬੂਲ ਹੋਈ। ‘ਜ਼ਰਾ ਸੁਨਲੋ ਅਪਨੇ ਪਿਆਰ ਕੇ ਅਫ਼ਸਾਨੇ ਕਹਿਤੇ ਹੈਂ…’ ਬੋਲਾਂ ਵਾਲੀ ਇਸ ਕੱਵਾਲੀ ਨੂੰ ਕਮਰ ਜਲਾਲਾਬਾਦੀ (ਅਸਲ ਨਾਮ ਓਮ ਪ੍ਰਕਾਸ਼ ਭੰਡਾਰੀ) ਨੇ ਲਿਖਿਆ ਸੀ, ਧੁਨ ਹੁਸਨਲਾਲ ਭਗਤਰਾਮ ਦੀ ਸੀ ਅਤੇ ਗਾਇਆ ਰਾਜਕੁਮਾਰੀ, ਲਤਾ ਤੇ ਸਾਥੀਆਂ ਨੇ ਸੀ। ਪਾਕਿਸਤਾਨੀ ਫ਼ਿਲਮਾਂ ’ਚ ਪਹਿਲੀ ਜ਼ਨਾਨਾ ਕੱਵਾਲੀ ਫ਼ਿਲਮ ‘ਮਹਿਤਾਬ’ (1962) ਵਿਚ ਪੇਸ਼ ਕੀਤੀ ਗਈ। ‘ਕਯਾ ਅਦਾ-ਇ-ਦਿਲਬਰੀ ਹੈ ਯਾ ਨਿਗਾਹੇ ਨਾਜ਼ ਹੈ’ ਦੇ ਬੋਲਾਂ ਵਾਲੀ ਕੱਵਾਲੀ ਨੂੰ ਸ਼ਬਨਮ ਕਿਰਾਨਵੀ ਨੇ ਲਿਖਿਆ ਸੀ ਤੇ ਸੰਗੀਤ ਮਨਜ਼ੂਰ-ਅਸ਼ਰਫ਼ ਦੀ ਜੋੜੀ ਦਾ ਸੀ। ਗਾਇਆ ਨਸੀਮ ਬੇਗਮ, ਮਾਲਾ ਤੇ ਸਾਥੀਆਂ ਨੇ ਸੀ।
ਆਸਿਫ਼ ਨੂਰਾਨੀ ਨੇ ਸਾਲ 2018 ਦੀ ਸੁਪਰਹਿੱਟ ਪਾਕਿਸਤਾਨੀ ਫ਼ਿਲਮ ‘7 ਦਿਨ ਮੁਹੱਬਤ’ ਦੀ ਕੱਵਾਲੀ ਦੀ ਪ੍ਰਸ਼ੰਸਾ ਕੀਤੀ ਹੈ, ਪਰ ਨਾਲ ਹੀ ਉਸ ਦਾ ਸ਼ਿਕਵਾ ਹੈ ਕਿ ਕਿਸੇ ਵੀ ਪਾਕਿਸਤਾਨੀ ਫ਼ਿਲਮ ਵਿਚ ਭਾਰਤੀ ਫ਼ਿਲਮ ‘ਬਰਸਾਤ ਕੀ ਰਾਤ’ (1960) ਦੇ ਮਿਆਰ ਵਾਲੀਆਂ ਕੱਵਾਲੀਆਂ ਨਹੀਂ ਆਈਆਂ ਜਿਨ੍ਹਾਂ ’ਚ ਸਾਹਿਰ ਲੁਧਿਆਣਵੀ ਦੇ ਬੋਲਾਂ ਨੂੰ ਸੰਗੀਤਕਾਰ ਰੌਸ਼ਨ ਨੇ ਚਾਰ ਚੰਨ ਲਾਏ ਸਨ; ਅਤੇ ਨਾ ਹੀ ਕਿਸੇ ਪਾਕਿਸਤਾਨੀ ਸੰਗੀਤਕਾਰ ਨੇ ਅਲਾਮਾ ਇਕਬਾਲ ਦੀਆਂ ਰਚਨਾਵਾਂ ਨੂੰ ਆਪਣੀਆਂ ਧੁਨਾਂ ਰਾਹੀਂ ਉਹ ਅਮਰਤਾ ਬਖ਼ਸ਼ੀ ਜੋ ਭਾਰਤੀ ਸੰਗੀਤਕਾਰ ਮਦਨ ਮੋਹਨ ਨੇ ਇਕਬਾਲ ਦੀ ਬੇਮਿਸਾਲ ਗ਼ਜ਼ਲ ‘ਕਭੀ ਐ ਹਕੀਕਤੇ ਮੁੰਤਜ਼ਰ, ਨਜ਼ਰ ਆ ਲਿਬਾਸ-ਇ-ਮਿਜਾਜ਼ ਮੇਂ’ (ਦੁਲਹਨ ਏਕ ਰਾਤ ਕੀ, 1967) ਨੂੰ ਕੱਵਾਲੀ ਦੇ ਰੂਪ ਵਿਚ ਬਖ਼ਸ਼ੀ।
* * *
ਆਸੀਆ ਬੀਬੀ ਫ਼ੈਸਲੇ ਖਿਲਾਫ਼ ਅਪੀਲ
ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਆਸੀਆ ਬੀਬੀ ਕੁਫ਼ਰ ਕੇਸ ਦੀ ਸ਼ਿਕਾਇਤਕਾਰ ਕਾਰੀ ਕਲਾਮ ਨੇ ਆਸੀਆ ਨੂੰ ਬਰੀ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਖਿਲਾਫ਼ ਇਸੇ ਅਦਾਲਤ ਦੀ ਲਾਹੌਰ ਰਜਿਸਟਰੀ ਕੋਲ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਹੈ। ਵਕੀਲ ਗ਼ੁਲਾਮ ਮੁਸਤਫ਼ਾ ਰਾਹੀਂ ਦਾਇਰ ਕੀਤੀ ਇਸ ਪਟੀਸ਼ਨ ’ਚ ਇਹ ਬੇਨਤੀ ਕੀਤੀ ਗਈ ਹੈ ਕਿ ਫ਼ੈਸਲੇ ’ਤੇ ਨਜ਼ਰਸਾਨੀ ਦਾ ਅਮਲ ਜਲਦ ਸ਼ੁਰੂ ਕੀਤਾ ਜਾਵੇ ਅਤੇ ਇਹ ਅਮਲ ਪੂਰਾ ਹੋਣ ਤਕ ਆਸੀਆ ਨੂੰ ਪਾਕਿਸਤਾਨ ਤੋਂ ਬਾਹਰ ਜਾਣ ਤੋਂ ਰੋਕਿਆ ਜਾਵੇ। ਪਟੀਸ਼ਨਰ ਨੇ ਇਸ ਪਟੀਸ਼ਨ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਨੁਕਸਦਾਰ ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਐੱਫਆਈਆਰ ਦਰਜ ਕਰਵਾਉਣ ਵਿਚ ਦੇਰੀ ਤੋਂ ਇਹ ਸਿੱਟਾ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਜੁਰਮ ਵਾਪਰਿਆ ਹੀ ਨਹੀਂ। ਸੁਪਰੀਮ ਕੋਰਟ ਨੇ ਇਸ ਪਟੀਸ਼ਨ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਲਾਹੌਰ ਦਰਬਾਰ ਦੀ ਅਜ਼ਮਤ ਤੇ ਗੰਧਲੀ ਸਿਆਸਤ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.