ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ

Posted On November - 29 - 2018

ਇਸਲਾਮਾਬਾਦ, 29 ਨਵੰਬਰ
ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਖ਼ਾਨ ਨੇ ਮੰਨਿਆ ਕਿ ਦਹਿਸ਼ਤੀ ਸਰਗਰਮੀਆਂ ਲਈ ਆਪਣੀ ਹੀ ਸਰਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਉਨ੍ਹਾਂ ਦੇ ਆਪਣੇ ਮੁਲਕ (ਪਾਕਿਸਤਾਨ) ਦੇ ਹਿੱਤ ਵਿੱਚ ਨਹੀਂ ਹੈ। ਖ਼ਾਨ ਦਾ ਇਹ ਟਿੱਪਣੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਤੋਂ ਇਕ ਦਿਨ ਮਗਰੋਂ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪਾਕਿਤਸਾਨ ਨਾਲ ਉਦੋਂ ਤਕ ਕੋਈ ਸੰਵਾਦ ਅੱਗੇ ਨਹੀਂ ਤੁਰ ਸਕਦਾ ਜਦੋਂ ਤਕ ਉਹ ਭਾਰਤ ਖ਼ਿਲਾਫ਼ ਦਹਿਸ਼ਤੀ ਕਾਰਵਾਈਆਂ ਤੋਂ ਤੌਬਾ ਨਹੀਂ ਕਰ ਲੈਂਦਾ।
ਇਥੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਪੂਰੇ ਹੋਣ ਮੌਕੇ ਰੱਖੇ ਸਮਾਗਮ ਦੌਰਾਨ ਭਾਰਤੀ ਪੱਤਰਕਾਰਾਂ ਦੇ ਸਮੂਹ ਦੇ ਰੂਬਰੂ ਹੁੰਦਿਆਂ ਖ਼ਾਨ ਨੇ ਕਿਹਾ, ‘ਮੁਲਕ ਤੋਂ ਬਾਹਰ ਦਹਿਸ਼ਤੀ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸਰਜ਼ਮੀਨ ਵਰਤਣ ਦੀ ਇਜਾਜ਼ਤ ਦੇਣਾਂ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ।’ ਵਜ਼ੀਰੇ ਆਜ਼ਮ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਭਾਰਤ ਨਾਲ ਅਮਨ ਚਾਹੁੰਦੇ ਹਨ ਤੇ ਸ੍ਰੀ ਮੋਦੀ ਨੂੰ ਮਿਲ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ ਤੇ ਉਹ ਉਨ੍ਹਾਂ ਨਾਲ ਹਰ ਮੁੱਦੇ ’ਤੇ ਗੱਲਬਾਤ ਕਰਨ ਲਈ ਤਿਆਰ ਹਨ। ਕਸ਼ਮੀਰ ਮੁੱਦੇ ਦਾ ਹੱਲ ਸੰਭਵ ਹੈ ਜਾਂ ਨਹੀਂ, ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘ਮੈਂ ਕਿਸੇ ਵੀ ਮੁੱਦੇ ’ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਫ਼ੌਜੀ ਲੜਾਈ ਨਾਲ ਕਸ਼ਮੀਰ ਮੁੱਦੇ ਨੂੰ ਹੱਲ ਨਹੀਂ ਕੀਤਾ ਜਾ ਸਕਦਾ।’ ਉਂਜ ਉਨ੍ਹਾਂ ਕਿਹਾ ਕਿ ‘ਕੁਝ ਵੀ ਨਾਮੁਮਕਿਨ ਨਹੀਂ ਹੈ’ ਤੇ ਲੋਕਾਂ ਦੀ ਵਿਚਾਰਧਾਰਾ ਵਿੱਚ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਨੂੰ ਸ਼ੁਭ ਸੰਕੇਤ ਵਜੋਂ ਪ੍ਰਚਾਰ ਰਿਹਾ ਹੈ, ਪਰ ਇਹ ਸੰਕੇਤ ਇਕਪਾਸੜ ਨਹੀਂ ਹੋ ਸਕਦਾ। ਭਾਰਤ ਵਿੱਚ ਅਗਲੇ ਸਾਲ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਖਾਨ ਨੇ ਕਿਹਾ, ‘ਸਾਨੂੰ ਭਾਰਤ ਵਿੱਚ ਆਮ ਚੋਣਾਂ ਦਾ ਅਮਲ ਮੁਕੰਮਲ ਹੋਣ ਦੀ ਬੇਸਬਰੀ ਨਾਲ ਉਡੀਕ ਹੈ ਤਾਂ ਕਿ ਨਵੀਂ ਦਿੱਲੀ ਤੋਂ ਸ਼ੁਭ ਸੰਕੇਤ ਮਿਲ ਸਕੇ।’ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ ਦਵਾ ਮੁਖੀ ਹਾਫ਼ਿਜ਼ ਸਈਦ, ਜਿਸ ਦੇ ਸਿਰ ’ਤੇ ਅਮਰੀਕਾ ਨੇ 1 ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ, ਨੂੰ ਹੁਣ ਤਕ ਸਜ਼ਾ ਨਾ ਦਿੱਤੇ ਜਾਣ ਬਾਰੇ ਖ਼ਾਨ ਨੇ ਕਿਹਾ ਕਿ ਹਾਫ਼ੀਜ਼ ਸਈਦ ਖ਼ਿਲਾਫ਼ ਯੂਐੱਨ ਦੀਆਂ ਪਾਬੰਦੀਆਂ ਆਇਦ ਹਨ ਤੇ ਉਹਦੇ ਖ਼ਿਲਾਫ਼ ਪਹਿਲਾਂ ਹੀ ਸ਼ਿਕੰਜਾ ਕੱਸਿਆ ਜਾ ਚੁੱਕਾ ਹੈ। 26/11 ਹਮਲੇ ਦੇ ਹੋਰਨਾਂ ਮੁਲਜ਼ਮਾਂ ਬਾਰੇ ਪੁੱਛੇ ਜਾਣ ’ਤੇ ਖ਼ਾਨ ਨੇ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। -ਪੀਟੀਆਈ

ਭਾਰਤੀ ਕੈਦੀ ਦੇ ਕੇਸ ’ਤੇ ਨਜ਼ਰਸਾਨੀ ਦਾ ਭਰੋਸਾ
ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਯਕੀਨ ਦਿਵਾਇਆ ਕਿ ਉਹ ਪਿਸ਼ਾਵਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ (33) ਨਾਲ ਸਬੰਧਤ ਕੇਸ ’ਤੇ ਨਜ਼ਰਸਾਨੀ ਕਰਨਗੇ। ਮੁੰਬਈ ਵਾਸੀ ਅੰਸਾਰੀ ਨੂੰ ਸਾਲ 2012 ਵਿੱਚ ਅਫ਼ਗ਼ਾਨਿਸਤਾਨ ਰਸਤਿਓਂ ਪਾਕਿਸਤਾਨ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਮੌਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਇਥੇ ਇਕ ਕੁੜੀ ਨੂੰ ਮਿਲਣ ਲਈ ਆਇਆ ਸੀ, ਜਿਸ ਨਾਲ ਉਸ ਨੇ ਆਨਲਾਈਨ ਦੋਸਤੀ ਕੀਤੀ ਸੀ। -ਪੀਟੀਆਈ

ਅਤਿਵਾਦ ਨੂੰ ਹਮਾਇਤ ਜਾਰੀ ਰੱਖਣ ’ਤੇ ਕਰਤਾਰਪੁਰ ਲਾਂਘੇ ਦੀ ਕੋਈ ਤੁੱਕ ਨਹੀਂ: ਪੁਰੀ
ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ, ਭਾਰਤ ਖ਼ਿਲਾਫ਼ ਸਰਹੱਦ ਪਾਰੋਂ ਅਤਿਵਾਦ ਨੂੰ ਹਮਾਇਤ ਜਾਰੀ ਰੱਖਦਾ ਹੈ ਤਾਂ ਕਰਤਾਰਪੁਰ ਲਾਂਘੇ ਜਿਹੀ ਪਹਿਲਕਦਮੀ ਦੀ ਕੋਈ ਤੁੱਕ ਨਹੀਂ ਬਣਦੀ। ਲੰਘੇ ਦਿਨ ਪਾਕਿਸਤਾਨ ਸਥਿਤ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਲਈ ਰੱਖੇ ਨੀਂਹ ਪੱਥਰ ਸਮਾਗਮ ਵਿੱਚ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਪੁਰੀ ਨੇ ਕਿਹਾ, ‘ਕਰਤਾਰਪੁਰ ਜਿੱਥੇ ‘ਆਸ ਤੇ ਸ਼ੁਭ ਸੰਕੇਤ ਦਾ ਲਾਂਘਾ’ ਹੈ, ਉੱਥੇ ਇਸ ਨੂੰ ਜ਼ਮੀਨੀ ਹਕੀਕਤਾਂ ਤੋਂ ਲਾਂਭੇ ਨਹੀਂ ਰੱਖਿਆ ਜਾ ਸਕਦਾ।’ ਇਥੇ ਭਾਰਤੀ ਸੀਮਿੰਟ ਉਤਪਾਦਕਾਂ ਦੀ ਐਸੋਸੀਏਸ਼ਨ ਦੀ ਸਾਲਾਨਾ ਕਨਵੈਨਸ਼ਨ ਤੋਂ ਇਕ ਪਾਸੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਚਾਈ ਇਹ ਹੈ ਕਿ ਜ਼ਮੀਨੀ ਹਕੀਕਤਾਂ ਮੁਤਾਬਕ ਇਕ ਮੁਲਕ ਅਤਿਵਾਦ, ਜੋ ਕਿ ਉਹਦੀ ਨੀਤੀ ਦਾ ਹਿੱਸਾ ਹੈ, ਨੂੰ ਗੁਆਂਢੀ ਮੁਲਕ ਖ਼ਿਲਾਫ਼ ਵਰਤ ਰਿਹਾ ਹੈ। -ਪੀਟੀਆਈ


Comments Off on ਭਾਰਤ ਨਾਲ ਹਰ ਮੁੱਦੇ ’ਤੇ ਗੱਲਬਾਤ ਲਈ ਤਿਆਰ: ਇਮਰਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.