ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

‘ਫਾਲਤੂ ਔਰਤ’ ਜਿਹੀਆਂ ਕਹਾਣੀਆਂ ਲਿਖਣ ਵਾਲੀ ਬੇਬਾਕ ਔਰਤ

Posted On November - 18 - 2018

ਵੀਣਾ ਭਾਟੀਆ
ਮੁਲਾਕਾਤ

ਕਦੇ ‘ਖ਼ਾਨਾਬਦੋਸ਼’ ਜਿਹੀ ਲੱਗਦੀ ਹੈ ਜ਼ਿੰਦਗੀ ਤੇ ਕਦੇ ‘ਕੂੜਾ-ਕਬਾੜਾ’ ’ਚੋਂ ਨਿਕਲਦੀ ਹੈ ਜ਼ਿੰਦਗੀ। 84 ਦੀ ਉਮਰ ’ਚ ਵੀ ਉਨ੍ਹਾਂ ਦੇ ਸ਼ਬਦਾਂ ਦਾ ਸਫ਼ਰ ਖ਼ਤਮ ਨਹੀਂ ਹੋਇਆ। ਉੱਘੀ ਲੇਖਿਕਾ ਅਜੀਤ ਕੌਰ ਨਾਲ ਵੀਣਾ ਭਾਟੀਆ ਦੀ ਗੱਲਬਾਤ ਦੇ ਅੰਸ਼ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

* ਦੇਸ਼ ਦੀ ਵੰਡ ਨੂੰ ਤੁਸੀਂ ਬਹੁਤ ਨੇੜਿਉਂ ਦੇਖਿਆ ਹੈ। ਤੁਹਾਡੀ ਨਜ਼ਰ ’ਚ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਸੁਧਾਰਨ ਦਾ ਤਰੀਕਾ ਕਿਹੜਾ ਹੈ?
– ਪਹਿਲੀ ਗੱਲ ਤਾਂ ਇਹ ਹੈ ਕਿ ਦੇਸ਼ ਦੀ ਵੰਡ ਨੂੰ ਰੋਕਿਆ ਜਾ ਸਕਦਾ ਸੀ। ਦੂਜਾ, ਜੇ ਵੰਡ ਹੋਈ ਵੀ ਤਾਂ ਕਿਸੇ ਅਜਿਹੇ ਸਮਝਦਾਰ ਵਿਅਕਤੀ ਰਾਹੀਂ ਹੋਣੀ ਚਾਹੀਦੀ ਸੀ ਜਿਸਨੂੰ ਉਸ ਸਮੇਂ ਦੇ ਭੂਗੋਲ ਬਾਰੇ ਪਤਾ ਹੁੰਦਾ। ਜੇਕਰ ਇੰਝ ਹੁੰਦਾ ਤਾਂ ਰਾਵੀ ਦਰਿਆ ਦੋਵਾਂ ਦੇਸ਼ਾਂ ਵਿਚਕਾਰ ਕੁਦਰਤੀ ਹੱਦ ਬਣਦਾ ਤੇ ਲਾਹੌਰ, ਭਾਰਤ ਦੇ ਹਿੱਸੇ ਆਉਂਦਾ, ਪਰ ਇਸ ਤਰ੍ਹਾਂ ਹੋਇਆ ਨਹੀਂ। ਇਕ ਲਕੀਰ ਖਿੱਚ ਦਿੱਤੀ ਗਈ ਜਿਹੜੀ ਨੋ ਮੈਨਜ਼ ਲੈਂਡ ਬਣ ਕੇ ਰਹਿ ਗਈ ਹੈ। ਜਿੱਥੋਂ ਤਕ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਸੁਧਾਰ ਦਾ ਸਵਾਲ ਹੈ, ਮੈਨੂੰ ਲੱਗਦਾ ਹੈ ਕਿ ਆਮ ਲੋਕਾਂ ਵਿਚਕਾਰ ਸਬੰਧ ਖ਼ਰਾਬ ਨਹੀਂ ਹਨ। ਇਹ ਬੜੇ ਉੱਚੇ ਬੰਦਿਆਂ ਵਿਚਾਲੇ ਪੈਦਾ ਹੋਈ ਗੱਲ ਹੈ। ਕਲਾ ਅਤੇ ਸਭਿਆਚਾਰ ਨਾਲ ਜੁੜੇ ਲੋਕਾਂ ਨਾਲ ਮੈਂ ਜਦੋਂ ਪਾਕਿਸਤਾਨ ਗਈ ਸੀ ਤਾਂ ਅਸੀਂ ਲਾਹੌਰ ਦੇ ਅਨਾਰਕਲੀ ਬਾਜ਼ਾਰ ਗਏ। ਉੱਥੇ ਉਨ੍ਹਾਂ ਲੋਕਾਂ ਨੇ ਭਾਰਤ ਤੋਂ ਆਏ ਲੋਕਾਂ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਲਈ ਕੁਝ ਤੋਹਫ਼ੇ ਵੀ ਮੰਗਵਾਏ ਗਏ। ਸਭ ਨੂੰ ਇਕ ਇਕ ਤੋਹਫ਼ਾ ਦਿੱਤਾ ਗਿਆ, ਪਰ ਮੈਨੂੰ ਦੋ ਤੋਹਫ਼ੇ ਦਿੱਤੇ। ਮੈਨੂੰ ਹੈਰਾਨੀ ਹੋਈ ਤਾਂ ਮੈਂ ਪੁੱਛਿਆ: ਦੂਜਾ ਤੋਹਫ਼ਾ ਕਿਸ ਲਈ? ਤਦ ਉਹ ਕਹਿਣ ਲੱਗੇ: ਦੂਜਾ ਅਰਪਨ ਦੇ ਲਈ। ਮੈਂ ਕਿਹਾ: ਤੁਸੀਂ ਜਾਣਦੇ ਹੋ ਉਹਨੂੰ? ਤਾਂ ਉਨ੍ਹਾਂ ਨੇ ਜਵਾਬ ਦਿੱਤਾ: ਕਿਉਂ ਨਹੀਂ ਜਾਣਦੇ, ਤੁਹਾਨੂੰ ਜਾਣਦੇ ਹਾਂ ਤਾਂ ਅਸੀਂ ਭਾਰਤ ਦੇ ਹਰ ਕਲਾਕਾਰ ਨੂੰ ਜਾਣਦੇ ਹਾਂ।
* ਪਿਛਲੇ ਤਿੰਨ-ਚਾਰ ਦਹਾਕਿਆਂ ਤੋਂ ਤੁਸੀਂ ਲਗਾਤਾਰ ਲੇਖਣੀ ਵੱਲ ਰੁੱਝੇ ਹੋਏ ਹੋ। ਆਪਣੀ ਸ਼ੁਰੂਆਤੀ ਲੇਖਣੀ ਬਾਰੇ ਤੁਹਾਨੂੰ ਕੀ ਯਾਦ ਆਉਂਦਾ ਹੈ? ਪਹਿਲੀ ਕਹਾਣੀ ਬਾਰੇ ਕੁਝ ਦੱਸੋ?
– ਜਦੋਂ ਮੈਂ 15 ਸਾਲ ਦੀ ਸੀ ਤਾਂ ਉਸ ਸਮੇਂ ਮੇਰੇ ਅੰਗਰੇਜ਼ੀ ਦੇ ਅਧਿਆਪਕ ਸਨ ਬਲਦੇਵ। ਮੈਨੂੰ ਉਨ੍ਹਾਂ ਨਾਲ ਇਸ਼ਕ ਹੋ ਗਿਆ, ਪਰ ਉਹ ਮੈਨੂੰ ਬੱਚੀ ਸਮਝਦੇ ਸਨ। ਉਦੋਂ ਮੇਰੇ ਦਿਲ ’ਚ ਹੌਲ ਉੱਠਿਆ ਸੀ ਕਿ ਉਨ੍ਹਾਂ ਨੂੰ ਦੱਸਾਂ ਮੈਂ ਬੱਚੀ ਨਹੀਂ ਹਾਂ, ਮੈਂ ਵੀ ਕੁਝ ਹਾਂ। ਉਸ ਸਮੇਂ ਹੀ ਇੰਟਰ ਕਾਲਜ ਕੰਪੀਟੀਸ਼ਨ ਲਈ ਕਹਾਣੀਆਂ ਮੰਗੀਆਂ ਗਈਆਂ। ਉਸ ਸਮੇਂ ਮੈਂ ਆਪਣੀ ਪਹਿਲੀ ਕਹਾਣੀ ਲਿਖੀ। ਕੰਪੀਟੀਸ਼ਨ ਵਿਚ ਜਦ ਇਹ ਕਹਾਣੀ ਪੜ੍ਹ ਕੇ ਸੁਣਾਈ ਤਾਂ ਉਸ ਨੂੰ ਪਹਿਲਾ ਇਨਾਮ ਮਿਲਿਆ। ਉੱਥੇ ਹੀ ਇਹ ਕਹਾਣੀ ਇਕ ਮੈਗਜ਼ੀਨ ਦੇ ਸੰਪਾਦਕ ਨੇ ਸੁਣੀ ਤੇ ਛਾਪਣ ਲਈ ਮੰਗੀ। ਇਸ ਤਰ੍ਹਾਂ ਮੇਰੀ ਪਹਿਲੀ ਕਹਾਣੀ ਮੈਗਜ਼ੀਨ ’ਚ ਛਪ ਗਈ ਅਤੇ ਫਿਰ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ।

ਅਰਪਨਾ ਕੌਰ ਦੁਆਰਾ ਬਣਾਇਆ ਗਿਆ ਅਜੀਤ ਕੌਰ ਦਾ ਚਿੱਤਰ।

* ਤੁਸੀਂ ਕਹਾਣੀਆਂ ਅਤੇ ਨਾਵਲ ਹੀ ਲਿਖੇ, ਕਵਿਤਾਵਾਂ ਨਹੀਂ ਲਿਖੀਆਂ?
– ਮੈਂ ਕੁਝ ਕੁ ਕਵਿਤਾਵਾਂ ਹੀ ਲਿਖੀਆਂ ਬਚਪਨ ਵਿਚ। ਅੰਮ੍ਰਿਤਾ ਪ੍ਰੀਤਮ ਦੇ ਪਾਪਾ ਮੈਨੂੰ ਪੜ੍ਹਾਉਂਦੇ ਹੁੰਦੇ ਸੀ। ਉਹ ਹਰ ਸਮੇਂ ਇਕ ਕਿਤਾਬ ਸੀਨੇ ਨਾਲ ਲਾਈ ਰੱਖਦੇ। ਰੈੱਡ ਕਵਰ ਦੀ ਉਸ ਕਿਤਾਬ ਉੱਤੇ ਸੁਨਹਿਰੇ ਅੱਖਰਾਂ ਵਿਚ ਲਿਖਿਆ ਸੀ- ‘ਅੰਮ੍ਰਿਤ ਲਹਿਰਾਂ’। ਮੈਨੂੰ ਪਤਾ ਲੱਗਾ ਕਿ ਇਹ ਕਿਤਾਬ ਉਨ੍ਹਾਂ ਦੀ ਧੀ ਅੰਮ੍ਰਿਤਾ ਪ੍ਰੀਤਮ ਨੇ ਲਿਖੀ ਹੈ ਤੇ ਇਹਦੇ ਵਿਚ ਉਸ ਦੀਆਂ ਕਵਿਤਾਵਾਂ ਹਨ। ਉਦੋਂ ਮੈਨੂੰ ਲੱਗਾ ਕਿ ਜੇ ਮੈਂ ਵੀ ਕਵਿਤਾਵਾਂ ਲਿਖਾਂ ਤਾਂ ਮੇਰੇ ਪਾਪਾ ਵੀ ਮੇਰੀ ਕਿਤਾਬ ਨੂੰ ਸੀਨੇ ਨਾਲ ਲਾਉਣਗੇ। ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਪਰ ਉਹ ਬੜੀ ਛੋਟੀ ਉਮਰ ਦੀ ਗੱਲ ਹੈ।
* ਵਿਆਹ ਹੋਣ ਮਗਰੋਂ ਜਦੋਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ ਤਾਂ ਤੁਸੀਂ ਲਿਖਣ ਦੇ ਸ਼ੌਕ ਦਾ ਕੀ ਕੀਤਾ?
– ਵਿਆਹ ਮਗਰੋਂ ਜ਼ਿੰਮੇਵਾਰੀਆਂ ਦੇ ਨਾਲ ਤਕਲੀਫ਼ਾਂ ਵੀ ਵਧ ਗਈਆਂ, ਮੇਰੀ ਜ਼ਿੰਦਗੀ ਖਾਨਾਬਦੋਸ਼ ਹੋ ਗਈ। ਮੇਰੇ ਪਤੀ ਦੀ ਇਕ ਮਹਿਬੂਬਾ ਸੀ ਜਦ ਉਹ ਕਿਤੇ ਚਲੀ ਜਾਂਦੀ ਤਾਂ ਮੈਨੂੰ ਘਰ ਬੁਲਾ ਲੈਂਦਾ ਸੀ ਤੇ ਜਦੋਂ ਉਹ ਆ ਜਾਂਦੀ ਤਾਂ ਮੈਨੂੰ ਪੇਕੇ ਭੇਜ ਦਿੰਦਾ ਸੀ। 12 ਸਾਲ ਤਕ ਉਸ ਨੇ ਮੈਨੂੰ ਫੁੱਟਬਾਲ ਬਣਾਈ ਰੱਖਿਆ। ਮੇਰੇ ਬੱਚੇ ਸੀ ਅਤੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕਦੇ ਇਧਰ ਤੇ ਕਦੇ ਉਧਰ ਨੂੰ ਚਲੀ ਜਾਂਦੀ ਸੀ। ਪਤੀ ਨੇ ਕਿਹਾ ਕਹਾਣੀ ਨਹੀਂ ਲਿਖਣੀ, 12 ਸਾਲ ਤਕ ਮੈਂ ਕੋਈ ਕਹਾਣੀ ਨਹੀਂ ਲਿਖੀ। ਹੁਣ ਲੱਗਦਾ ਹੈ ਕਿ ਸ਼ਾਇਦ ਸੌ ਡੇਢ ਸੌ ਕਹਾਣੀਆਂ ਉਨ੍ਹਾਂ 12 ਸਾਲਾਂ ’ਚ ਮਰ ਗਈਆਂ ਹੋਣਗੀਆਂ। ਮੇਰੇ ਦਿਮਾਗ਼ ਵਿਚ ਕਈ ਕਹਾਣੀਆਂ ਆਉਂਦੀਆਂ ਸਨ, ਪਰ ਮੈਂ ਅੰਦਰ ਹੀ ਅੰਦਰ ਦਬਾ ਦਿੰਦੀ ਸੀ ਕਿਉਂਕਿ ਪਤੀ ਦਾ ਹੁਕਮ ਮੰਨਣਾ ਸੀ। ਇਹੀ ਮਾਂ-ਪਿਓ ਨੇ ਸਿਖਾਇਆ ਸੀ।

ਵੀਣਾ ਭਾਟੀਆ

* ਤੁਸੀਂ ਆਪਣੇ ਪਤੀ ਨੂੰ ਆਖ਼ਰੀ ਵਾਰ ਕਦੋਂ ਮਿਲੇ ਸੀ?
– ਮੈਂ 1970 ਵਿਚ ਉਸ ਦੀ ਮੌਤ ਉੱਪਰ ਸਹੁਰੇ ਘਰ ਗਈ ਸੀ। ਉਸ ਸਮੇਂ ਮੈਂ ਇੰਸ਼ੋਰੈਂਸ, ਗੱਡੀ, ਮਕਾਨ ਦੇ ਸਾਰੇ ਕਾਗਜ਼ਾਂ ਉੱਪਰ ਦਸਤਖ਼ਤ ਕਰ ਦਿੱਤੇ ਸਨ ਕਿ ਮੈਨੂੰ ਕੁਝ ਨਹੀਂ ਚਾਹੀਦਾ।
* ਕੀ ਤੁਹਾਡੇ ਪਤੀ ਨੇ ਤੁਹਾਡੀਆਂ ਲਿਖੀਆਂ ਕਹਾਣੀਆਂ ਨਾਵਲ ਕਦੇ ਪੜ੍ਹੇ ਸਨ?
– ਨਹੀਂ ਜੀ, ਉਹ ਤਾਂ ਆਖ਼ਰੀ ਸਮੇਂ ਤਕ ਮੇਰੇ ਤੋਂ ਸੜਦੇ ਰਹੇ।
* ਕੀ ਇਕ ਔਰਤ ਨੂੰ ਜਿਉਣ ਲਈ ਸੱਚਮੁੱਚ ਆਦਮੀ ਦੀ ਲੋੜ ਹੁੰਦੀ ਹੈ?
– ਜ਼ਰੂਰੀ ਤਾਂ ਹੈ ਜੇਕਰ ਨਿਭ ਜਾਵੇ, ਜੇਕਰ ਨਾ ਨਿਭੇ ਤਾਂ ਬਿਲਕੁਲ ਜ਼ਰੂਰੀ ਨਹੀਂ। ਇਉਂ ਜ਼ਰੂਰ ਲੱਗਦਾ ਹੈ ਕਿ ਕੋਈ ਚੰਗਾ ਆਦਮੀ ਮਿਲ ਜਾਏ ਤਾਂ ਠੀਕ ਹੈ। ਨਾ ਮਿਲੇ ਤਾਂ ਉਸ ਦੇ ਬਿਨਾਂ ਜ਼ਿੰਦਗੀ ਜੀਵੀ ਜਾ ਸਕਦੀ ਹੈ।
* ਤੁਹਾਡੀ ਨਜ਼ਰ ’ਚ ਨਾਰੀਵਾਦ ਕੀ ਹੈ? ਕੀ ਤੁਸੀਂ ਖ਼ੁਦ ਨੂੰ ਨਾਰੀਵਾਦੀ ਮੰਨਦੇ ਹੋ?
– ਮੈਂ ਨਾਰੀਵਾਦੀ ਹਾਂ, ਪਰ ਅਜਿਹੀ ਨਾਰੀਵਾਦੀ ਨਹੀਂ ਜਿਹੜੀ ਹਰ ਗੱਲ ਉੱਪਰ ਰੌਲ਼ਾ ਪਾ ਕੇ ਬਹਿ ਜਾਵੇ। ਮੈਂ ਵਿਚਾਰਾਂ ਨੂੰ ਲੈ ਕੇ ਨਾਰੀਵਾਦੀ ਹਾਂ। ਮੇਰੀ ਨਜ਼ਰ ’ਚ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ਼ ਮਰਦਾਂ ਦੇ ਵਿਰੁੱਧ ਹੋਣਾ ਹੀ ਇਸ ਦਾ ਮਤਲਬ ਨਹੀਂ।
* ਤੁਸੀਂ 1987 ਤੋਂ ਸਾਰਕ ਸਮਾਗਮ ਦਾ ਪ੍ਰਬੰਧ ਕਰਦੇ ਆ ਰਹੇ ਹੋ। ਕਿਵੇਂ ਲੱਗਦਾ ਹੈ ਤੁਹਾਨੂੰ?
– ਸਾਰਕ ਦਾ ਬਣਨਾ ਤੇ ਉਸ ਨਾਲ ਜੁੜੇ ਹੋਣਾ ਆਪਣੇ ਆਪ ’ਚ ਇਕ ਵੱਡੀ ਪ੍ਰਾਪਤੀ ਹੈ। ਇਹ ਅੱਠ ਦੇਸ਼ਾਂ ’ਚ ਇਕੋ ਇਕ ਅਜਿਹੀ ਸੰਸਥਾ ਹੈ। ਇਹ ਦੇਖ ਕੇ ਮਨ ਸੰਤੁਸ਼ਟ ਹੁੰਦਾ ਹੈ ਕਿ ਇਸ ਦੀ ਬਦੌਲਤ ਅੱਠ ਦੇਸ਼ਾਂ ਦੇ ਲੇਖਕ ਅਤੇ ਕਲਾਕਾਰ ਆਪਸ ਵਿਚ ਮਿਲ ਬੈਠਦੇ ਹਨ ਤੇ ਆਪਸੀ ਵਿਚਾਰ ਵਟਾਂਦਰਾ ਕਰਦੇ ਹਨ। ਸਾਰਕ ਰਾਹੀਂ ਹੀ ਅਸੀਂ ਰਾਈਟਰ ਵੀਜ਼ਾ ਦੀ ਕਾਰਵਾਈ ਨੂੰ ਸੌਖਾ ਬਣਾ ਲਿਆ। ਇਹ ਆਪਣੇ ਆਪ ਵਿਚ ਬਹੁਤ ਵੱਡੀ ਪ੍ਰਾਪਤੀ ਹੈ।
* ਤੁਸੀਂ ਕਈਆਂ ਨੂੰ ਅੱਗੇ ਵਧਣ ਵਿਚ ਮਦਦ ਕੀਤੀ, ਉਨ੍ਹਾਂ ਨੂੰ ਮੰਚ ਦਿੱਤਾ। ਇਸ ਲਈ ਤੁਹਾਡਾ ਆਧਾਰ ਕੀ ਰਹਿੰਦਾ ਹੈ?
– ਆਧਾਰ ਇਹੋ ਕਿ ਮੈਨੂੰ ਠੀਕ ਲੱਗਣਾ ਚਾਹੀਦਾ ਹੈ। ਜਗਜੀਤ ਸਿੰਘ ਦਾ ਪਹਿਲਾ ਪ੍ਰੋਗਰਾਮ ਵੀ ਮੈਂ ਹੀ ਕਰਾਇਆ ਸੀ। ਜਦੋਂ ਉਹਦੇ ਪ੍ਰੋਗਰਾਮ ਦੇ ਪੋਸਟਰ ਲੱਗੇ ਤਾਂ ਕੋਈ ਆਉਣ ਲਈ ਤਿਆਰ ਨਹੀਂ ਸੀ। ਉਸ ਸਮੇਂ ਦਿਲੀਪ ਕੁਮਾਰ ਨਾਲ ਮੇਰੀ ਜਾਣ-ਪਛਾਣ ਸੀ। ਮੈਂ ਉਸ ਨੂੰ ਕਿਹਾ ਕਿ ਯੂਸਫ਼ ਵੀਰ ਇਕ ਲੜਕਾ ਹੈ ਤੇ ਮੈਂ ਉਹਦੇ ਨਾਲ ਵਾਅਦਾ ਕਰ ਚੁੱਕੀ ਹਾਂ ਕਿ ਉਹਦਾ ਪ੍ਰੋਗਰਾਮ ਕਰਾਵਾਂਗੀ, ਪਰ ਕੋਈ ਉਹਦੇ ਪ੍ਰੋਗਰਾਮ ਦੀ ਟਿਕਟ ਲੈਣ ਲਈ ਤਿਆਰ ਨਹੀਂ। ਕਮਾਨੀ ਆਡੀਟੋਰੀਅਮ ਬੁੱਕ ਹੋ ਚੁੱਕਾ ਹੈ। ਹਾਲ ਖਾਲੀ ਰਹੇਗਾ ਤਾਂ ਉਹਦਾ ਦਿਲ ਟੁੱਟ ਜਾਏਗਾ, ਕਿਰਪਾ ਕਰਕੇ ਤੁਸੀਂ ਆ ਜਾਓ ਅਤੇ ਉਹ ਆ ਗਏ। ਅਸੀਂ ਵੱਡੇ ਵੱਡੇ ਬੈਨਰ ਲਾ ਦਿੱਤੇ ਕਿ ਦਿਲੀਪ ਕੁਮਾਰ ਆ ਰਹੇ ਨੇ। ਫਿਰ ਤਾਂ ਕਮਾਨੀ ਆਡੀਟੋਰੀਅਮ ਦੁੱਗਣਾ ਭਰ ਗਿਆ ਅਤੇ ਸੜਕ ਤਕ ਭੀੜ ਸੀ। ਦਿਲੀਪ ਕੁਮਾਰ ਆਏ ਤਾਂ ਉਨ੍ਹਾਂ ਨੇ ਮੰਚ ਉੱਪਰ ਆ ਕੇ ਕਿਹਾ ਕਿ ਮੈਂ ਸਥਾਪਤ ਗਾਉਣ ਵਾਲਿਆਂ ਨੂੰ ਪ੍ਰਮੋਟ ਕਰਦੇ ਹੋਏ ਤੇ ਉਨ੍ਹਾਂ ਤੋਂ ਪੈਸਾ ਬਣਾਉਂਦੇ ਹੋਏ ਲੋਕਾਂ ਨੂੰ ਦੇਖਿਆ ਹੈ ਪਰ ਅਜੀਤ ਕੌਰ ਜਿਹੀ ਝੱਲੀ ਔਰਤ ਨਹੀਂ ਦੇਖੀ ਜਿਹੜੀ ਕੋਲੋਂ ਪੈਸੇ ਖ਼ਰਚ ਕਰਕੇ ਨਵੇਂ ਕਲਾਕਾਰਾਂ ਨੂੰ ਮੌਕਾ ਦੇਵੇ। ਦਿਲੀਪ ਕੁਮਾਰ ਨੇ ਜਗਜੀਤ ਸਿੰਘ ਦਾ ਵਾਜਾ ਚੁੱਕਿਆ ਅਤੇ ਕਿਹਾ ਕਿ ਮੈਂ ਜ਼ਿੰਦਗੀ ’ਚ ਕਦੇ ਪਬਲਿਕ ਵਿਚ ਨਹੀਂ ਗਾਇਆ, ਪਰ ਮੈਂ ਅੱਜ ਅਜੀਤ ਕੌਰ ਲਈ ਪਹਿਲੀ ਗ਼ਜ਼ਲ ਗਾਵਾਂਗਾ। ਇਸ ਤਰ੍ਹਾਂ ਪਹਿਲੀ ਗ਼ਜ਼ਲ ਦਿਲੀਪ ਕੁਮਾਰ ਨੇ ਗਾਈ, ਫਿਰ ਜਗਜੀਤ ਸਿੰਘ ਨੇ ਪ੍ਰੋਗਰਾਮ ਪੇਸ਼ ਕੀਤਾ।
* ਜਗਜੀਤ ਸਿੰਘ ਨੂੰ ਤੁਸੀਂ ਕਿਵੇਂ ਮਿਲੇ?
– ਵੈਸਟਰਨ ਟੀ.ਵੀ. ਦੇ ਗਿਆਨ ਵਚਾਨੀ ਮੈਨੂੰ ਜਾਣਦੇ ਸਨ। ਇਕ ਦਿਨ ਉਹ ਮੇਰੇ ਕੋਲ ਆਏ ਤੇ ਉਨ੍ਹਾਂ ਜਗਜੀਤ ਸਿੰਘ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਗਜੀਤ ਸਿੰਘ ਉਸ ਦੇ ਬੜੇ ਵਧੀਆ ਦੋਸਤ ਹਨ ਤੇ ਬਹੁਤ ਚੰਗੀ ਗ਼ਜ਼ਲ ਗਾਉਂਦੇ ਹਨ। ਫਿਰ ਮੈਂ ਕਿਹਾ ਕਿ ਜਗਜੀਤ ਸਿੰਘ ਨੂੰ ਮੇਰੇ ਘਰ ਲੈ ਕੇ ਆਓ, ਮੈਂ ਵੀ ਸੁਣਨਾ ਚਾਹਾਂਗੀ। ਜਗਜੀਤ ਸਿੰਘ ਤਬਲਾ-ਹਾਰਮੋਨੀਅਮ ਲੈ ਕੇ ਮੇਰੇ ਘਰ ਪਹੁੰਚ ਗਿਆ ਅਤੇ ਮੈਂ ਸੁਣਿਆ। ਸੱਚਮੁੱਚ ਬਹੁਤ ਹੀ ਵਧੀਆ ਗਾਉਂਦਾ ਸੀ।
* ਤੁਸੀਂ ਜਗਜੀਤ ਸਿੰਘ ਨੂੰ ਆਖ਼ਰੀ ਵਾਰ ਕਦੋਂ ਮਿਲੇ?
– ਕੁਵੈਤ ਏਅਰਪੋਰਟ ’ਤੇ ਮੁਲਾਕਾਤ ਹੋਈ ਸੀ। ਉਹ ਪੇਸ਼ਕਾਰੀ ਦੇ ਕੇ ਆ ਰਿਹਾ ਸੀ ਤੇ ਅਸੀਂ ਜਾ ਰਹੇ ਸੀ।
* ਇਨ੍ਹਾਂ ਦਿਨਾਂ ਵਿਚ ਤੁਸੀਂ ਕੀ ਕਰ ਰਹੇ ਹੋ?
– ਨਵੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਹਾਂ ਅਤੇ ਲਿਖਦੀ ਵੀ ਹਾਂ। ਹੁਣ ਇਕ ਨਵੀਂ ਕਿਤਾਬ ਪ੍ਰਕਾਸ਼ਤ ਹੋਈ ਹੈ ‘ਏਥੇ ਕਿੱਧਰੇ ਹੁੰਦੀ ਸੀ ਜ਼ਿੰਦਗੀ’।
* ਕੋਈ ਕੰਮ ਜਿਸ ਨੂੰ ਨਾ ਕਰਨ ਦਾ ਅਫ਼ਸੋਸ ਹੈ?
– ਮੈਂ ਜੀਵਨ ਨੂੰ ਲੈ ਕੇ ਸਹਿਜ ਰਹੀ ਹਾਂ। ਬਸ ਇਹੀ ਅਫ਼ਸੋਸ ਹੈ ਕਿ ਮੈਂ ਜ਼ਿਆਦਾ ਨਾਵਲ ਨਹੀਂ ਲਿਖ ਸਕੀ।

ਸੰਪਰਕ: 90135-10023


Comments Off on ‘ਫਾਲਤੂ ਔਰਤ’ ਜਿਹੀਆਂ ਕਹਾਣੀਆਂ ਲਿਖਣ ਵਾਲੀ ਬੇਬਾਕ ਔਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.