ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਪੰਡਿਤ ਜਵਾਹਰਲਾਲ ਨਹਿਰੂ ਦੇ ਦੇਹਾਂਤ ’ਤੇ ਅਟਲ ਬਿਹਾਰੀ ਵਾਜਪਾਈ ਦੇ ਮਨੋਭਾਵ

Posted On November - 13 - 2018

ਪ੍ਰਧਾਨ ਜੀਓ,
ਇਕ ਸੁਪਨਾ ਸੀ ਜੋ ਅਧੂਰਾ ਰਹਿ ਗਿਆ, ਇਕ ਗੀਤ ਸੀ ਜੋ ਗੂੰਗਾ ਹੋ ਗਿਆ, ਇਕ ਲੋਅ ਸੀ ਜੋ ਅਨੰਤ ਵਿਚ ਲੀਨ ਹੋ ਗਈ। ਸੁਪਨਾ ਸੀ ਅਜਿਹੇ ਇਕ ਸੰਸਾਰ ਦਾ ਜੋ ਭੈਅ ਤੇ ਭੁੱਖ ਤੋਂ ਰਹਿਤ ਹੋਵੇਗਾ, ਗੀਤ ਸੀ ਇਕ ਅਜਿਹੇ ਮਹਾਂਕਾਵਿ ਦਾ ਜਿਸ ਵਿਚ ਗੀਤਾਂ ਦੀ ਗੂੰਜ ਅਤੇ ਗੁਲਾਬ ਦੀ ਮਹਿਕ ਸੀ। ਲੌਅ ਸੀ ਅਜਿਹੇ ਦੀਪਕ ਦੀ ਜੋ ਰਾਤ ਭਰ ਜਲਦਾ ਰਿਹਾ, ਹਰੇਕ ਹਨੇਰੇ ਨਾਲ ਲੜਦਾ ਰਿਹਾ ਅਤੇ ਸਾਨੂੰ ਰਸਤਾ ਦਿਖਾ ਕੇ, ਇਕ ਸਵੇਰ ਨਿਰਵਾਣ ਨੂੰ ਪ੍ਰਾਪਤ ਹੋ ਗਏ। ਮੌਤ ਅਟੱਲ ਹੈ, ਸਰੀਰ ਨਾਸ਼ਵਾਨ ਹੈ। ਖਰੇ ਸੋਨੇ ਦੀ ਜਿਸ ਦੇਹ ਨੂੰ ਅਸੀਂ ਚਿਤਾ ’ਤੇ ਚੜ੍ਹਾ ਕੇ ਆਏ ਹਾਂ ਉਸ ਦਾ ਨਾਸ਼ ਨਿਸ਼ਚਿਤ ਸੀ। ਪਰ ਕੀ ਇਹ ਜ਼ਰੂਰੀ ਸੀ ਕਿ ਮੌਤ ਇੰਨੀ ਚੋਰੀ ਛਿਪੇ ਆਉਂਦੀ? ਜਦੋਂ ਸੰਗੀ ਸਾਥੀ ਸੌਂ ਰਹੇ ਸੀ, ਜਦੋਂ ਪਹਿਰੇਦਾਰ ਬੇਖ਼ਬਰ ਸਨ, ਸਾਡੀ ਜ਼ਿੰਦਗੀ ਦਾ ਇਕ ਬੇਸ਼ਕੀਮਤੀ ਖ਼ਜ਼ਾਨਾ ਲੁੱਟਿਆ ਗਿਆ। ਭਾਰਤਮਾਤਾ ਇਸ ’ਤੇ ਸੋਗਵਾਰ ਹੈ। ਉਸ ਦਾ ਸਭ ਤੋਂ ਲਾਡਲਾ ਰਾਜਕੁਮਾਰ ਖੋ ਗਿਆ ਹੈ। ਮਾਨਵਤਾ ਅੱਜ ਗ਼ਮਗੀਨ ਹੈ। ਉਸ ਦਾ ਪੁਜਾਰੀ ਸੌਂ ਗਿਆ ਹੈ। ਸ਼ਾਂਤੀ ਅੱਜ ਅਸ਼ਾਂਤ ਹੈ-ਉਸ ਦਾ ਪਹਿਰੇਦਾਰ ਚਲਿਆ ਗਿਆ ਹੈ। ਦਲਿਤਾਂ ਦਾ ਸਹਾਰਾ ਛੁੱਟ ਗਿਆ ਹੈ। ਜਨ ਜਨ ਦੀ ਅੱਖ ਦਾ ਤਾਰਾ ਟੁੱਟ ਗਿਆ ਹੈ। ਰੰਗਮੰਚ ਦਾ ਪਰਦਾ ਡਿੱਗ ਗਿਆ ਹੈ। ਵਿਸ਼ਵ ਦੇ ਰੰਗਮੰਚ ਦਾ ਮੋਹਰੀ ਅਭਿਨੇਤਾ ਆਪਣਾ ਅੰਤਮ ਅਭਿਨੈ ਦਿਖਾ ਕੇ ਅੰਤਰਧਿਆਨ ਹੋ ਗਿਆ ਹੈ।
ਮਹਾਂਰਿਸ਼ੀ ਵਾਲਮੀਕਿ ਨੇ ਰਾਮਾਇਣ ਵਿਚ ਭਗਵਾਨ ਰਾਮ ਦੇ ਸਬੰਧ ਵਿਚ ਕਿਹਾ ਹੈ ਕਿ ਉਹ ਅਸੰਭਵਾਂ ਦੇ ਸਮਤੋਲ ਸਨ। ਪੰਡਿਤ ਜੀ ਦੇ ਜੀਵਨ ਵਿਚ ਮਹਾਂਕਾਵਿ ਦੇ ਉਸ ਕਥਨ ਦੀ ਝਲਕ ਦਿਖਾਈ ਦਿੰਦੀ ਹੈ। ਉਹ ਸ਼ਾਂਤੀ ਦੇ ਪੁਜਾਰੀ ਲੇਕਿਨ ਕ੍ਰਾਂਤੀ ਦੇ ਅਲੰਬਰਦਾਰ ਸਨ; ਉਹ ਅਹਿੰਸਾ ਦੇ ਉਪਾਸ਼ਕ ਸਨ, ਲੇਕਿਨ ਆਜ਼ਾਦੀ ਅਤੇ ਸਨਮਾਨ ਦੀ ਰੱਖਿਆ ਲਈ ਹਰ ਹਥਿਆਰ ਨਾਲ ਲੜਨ ਦੇ ਹਾਮੀ ਸਨ। ਉਹ ਵਿਅਕਤੀਗਤ ਆਜ਼ਾਦੀ ਦੇ ਹਮਾਇਤੀ ਸਨ ਲੇਕਿਨ ਆਰਥਿਕ ਸਮਾਨਤਾ ਲਿਆਉਣ ਲਈ ਵਚਨਬੱਧ ਸਨ। ਉਨ੍ਹਾਂ ਸਮਝੌਤਾ ਕਰਨ ਵਿਚ ਕਿਸੇ ਤੋਂ ਭੈਅ ਨਹੀਂ ਖਾਧਾ, ਕਿੰਤੂ ਕਿਸੇ ਤੋਂ ਭੈਅਭੀਤ ਹੋ ਕੇ ਸਮਝੌਤਾ ਨਹੀਂ ਕੀਤਾ। ਪਾਕਿਸਤਾਨ ਅਤੇ ਚੀਨ ਪ੍ਰਤੀ ਉਨ੍ਹਾਂ ਦੀ ਨੀਤੀ ਇਸੇ ਅਖੰਡ ਸੁਮੇਲ ਦੀ ਪ੍ਰਤੀਕ ਸੀ। ਇਸ ਵਿਚ ਉਦਾਰਤਾ ਵੀ ਸੀ, ਦ੍ਰਿੜਤਾ ਵੀ ਸੀ। ਇਹ ਦੁਰਭਾਗ ਹੈ ਕਿ ਇਸ ਉਦਾਰਤਾ ਨੂੰ ਕਮਜ਼ੋਰੀ ਸਮਝਿਆ ਗਿਆ ਜਦਕਿ ਕੁਝ ਲੋਕਾਂ ਨੇ ਉਨ੍ਹਾਂ ਦੀ ਦ੍ਰਿੜਤਾ ਨੂੰ ਹਠਧਰਮੀ ਸਮਝਿਆ।
ਮੈਨੂੰ ਯਾਦ ਹੈ ਕਿ ਚੀਨੀ ਹਮਲੇ ਦੇ ਦਿਨਾਂ ਵਿਚ ਜਦੋਂ ਸਾਡੇ ਪੱਛਮੀ ਮਿੱਤਰ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਸੀਂ ਕਸ਼ਮੀਰ ਦੇ ਸਵਾਲ ਉਪਰ ਪਾਕਿਸਤਾਨ ਨਾਲ ਕੋਈ ਸਮਝੌਤਾ ਕਰ ਲਈਏ ਤਦ ਮੈਂ ਇਕ ਦਿਨ ਉਨ੍ਹਾਂ ਨੂੰ ਬਹੁਤ ਹੀ ਅਸਹਿਜ ਤੱਕਿਆ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਸ਼ਮੀਰ ਦੇ ਸਵਾਲ ’ਤੇ ਸਮਝੌਤਾ ਨਹੀਂ ਹੋਵੇਗਾ ਤਾਂ ਸਾਨੂੰ ਦੋ ਮੋਰਚਿਆਂ ’ਤੇ ਲੜਨਾ ਪਵੇਗਾ ਤਾਂ ਉਹ ਵਿਗੜ ਗਏ ਅਤੇ ਕਹਿਣ ਲੱਗੇ ਕਿ ਜੇ ਲੋੜ ਪਈ ਤਾਂ ਅਸੀਂ ਦੋਵੇਂ ਮੋਰਚਿਆਂ ’ਤੇ ਲੜਾਂਗੇ। ਕਿਸੇ ਦਬਾਅ ਹੇਠ ਆ ਕੇ ਉਹ ਗੱਲਬਾਤ ਕਰਨ ਦੇ ਖ਼ਿਲਾਫ਼ ਸਨ।
ਸ੍ਰੀਮਾਨ ਜੀਓ, ਜਿਸ ਸੁਤੰਤਰਤਾ ਦੇ ਉਹ ਸੈਨਾਨੀ ਤੇ ਪਹਿਰੇਦਾਰ ਸਨ, ਉਹ ਸੁਤੰਤਰਤਾ ਅੱਜ ਸੰਕਟ ਵਿਚ ਘਿਰੀ ਹੈ। ਸੰਪੂਰਨ ਸ਼ਕਤੀ ਨਾਲ ਸਾਨੂੰ ਆਪਣੀ ਰੱਖਿਆ ਕਰਨੀ ਪਵੇਗੀ। ਜਿਸ ਰਾਸ਼ਟਰੀ ਏਕਤਾ ਤੇ ਅਖੰਡਤਾ ਦੇ ਉਹ ਮੋਹਰੀ ਨਾਇਕ ਸਨ, ਅੱਜ ਉਹ ਵੀ ਔਖੀ ਘੜੀ ’ਚੋਂ ਲੰਘ ਰਹੀ ਹੈ। ਹਰ ਕੀਮਤ ਚੁਕਾ ਕੇ ਸਾਨੂੰ ਉਸ ਨੂੰ ਕਾਇਮ ਰੱਖਣਾ ਹੋਵੇਗਾ। ਜਿਸ ਭਾਰਤੀ ਲੋਕਤੰਤਰ ਦੀ ਉਨ੍ਹਾਂ ਸਥਾਪਨਾ ਕੀਤੀ, ਉਸ ਨੂੰ ਸਫ਼ਲ ਬਣਾਇਆ, ਅੱਜ ਉਸ ਦੇ ਭਵਿੱਖ ਨੂੰ ਲੈ ਕੇ ਵੀ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ। ਸਾਨੂੰ ਆਪਣੀ ਏਕਤਾ ਨਾਲ, ਅਨੁਸ਼ਾਸਨ ਨਾਲ, ਆਤਮ ਭਰੋਸੇ ਨਾਲ ਲੋਕਤੰਤਰ ਨੂੰ ਸਫ਼ਲ ਕਰ ਕੇ ਦਿਖਾਉਣਾ ਹੈ। ਨੇਤਾ ਚਲਿਆ ਗਿਆ, ਸ਼ਾਗਿਰਦ ਰਹਿ ਗਏ। ਸੂਰਜ ਅਸਤ ਹੋ ਗਿਆ, ਤਾਰਿਆਂ ਦੀ ਛਾਵੇਂ ਅਸੀਂ ਆਪਣਾ ਮਾਰਗ ਲੱਭਣਾ ਹੈ।
ਇਹ ਇਕ ਮਹਾਂਪ੍ਰੀਖਿਆ ਦਾ ਸਮਾਂ ਹੈ। ਜੇ ਅਸੀਂ ਸਭ ਆਪਣੇ ਆਪ ਨੂੰ ਸਮਰਪਿਤ ਕਰ ਸਕੀਏ ਇਕ ਅਜਿਹੇ ਮਹਾਨ ਉਦੇਸ਼ ਲਈ ਜਿਸ ਦੇ ਤਹਿਤ ਭਾਰਤ ਮਜ਼ਬੂਤ ਹੋਵੇ, ਸਮੱਰਥ ਅਤੇ ਖੁਸ਼ਹਾਲ ਹੋਵੇ ਅਤੇ ਆਤਮ ਸਨਮਾਨ ਨਾਲ ਵਿਸ਼ਵ ਸ਼ਾਂਤੀ ਦੀ ਚਿਰਸਥਾਈ ਸਥਾਪਨਾ ਲਈ ਆਪਣਾ ਯੋਗਦਾਨ ਪਾ ਸਕੇ ਤਾਂ ਅਸੀਂ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਅਰਪਿਤ ਕਰਨ ਵਿਚ ਸਫ਼ਲ ਹੋ ਸਕਾਂਗੇ। ਸੰਸਦ ਵਿਚ ਉਨ੍ਹਾਂ ਦੀ ਥਾਂ ਪੂਰਤੀ ਕਦੇ ਨਹੀਂ ਹੋਵੇਗੀ। ਸ਼ਾਇਦ ਤੀਨਮੂਰਤੀ ਨੂੰ ਉਨ੍ਹਾਂ ਜਿਹੀ ਹਸਤੀ ਕਦੇ ਵੀ ਆਪਣੇ ਹੋਂਦ ਨਾਲ ਸਾਰਥਕ ਨਹੀਂ ਕਰੇਗਾ।
ਉਹ ਸ਼ਖ਼ਸੀਅਤ, ਉਹ ਜ਼ਿੰਦਾਦਿਲੀ, ਵਿਰੋਧੀ ਨੂੰ ਵੀ ਨਾਲ ਲੈ ਕੇ ਚੱਲਣ ਦੀ ਉਹ ਭਾਵਨਾ, ਉਹ ਸੱਜਣਤਾ, ਉਹ ਮਹਾਨਤਾ ਸ਼ਾਇਦ ਨੇੜ ਭਵਿੱਖ ਵਿਚ ਦੇਖਣ ਨੂੰ ਨਹੀਂ ਮਿਲੇਗੀ। ਮਤਭੇਦ ਹੁੰਦਿਆਂ ਵੀ ਉਨ੍ਹਾਂ ਦੇ ਮਹਾਨ ਆਦਰਸ਼ਾਂ ਪ੍ਰਤੀ, ਉਨ੍ਹਾਂ ਦੀ ਪ੍ਰਮਾਣਿਕਤਾ ਪ੍ਰਤੀ, ਉਨ੍ਹਾਂ ਦੀ ਦੇਸ਼ਭਗਤੀ ਪ੍ਰਤੀ ਅਤੇ ਉਨ੍ਹਾਂ ਦੇ ਅਟੁੱਟ ਸਾਹਸ ਪ੍ਰਤੀ ਮੇਰੇ ਦਿਲ ਵਿਚ ਆਦਰ ਤੋਂ ਬਿਨਾਂ ਹੋਰ ਕੁਝ ਨਹੀਂ ਹੈ।
ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਉਸ ਮਹਾਨ ਆਤਮਾ ਦੇ ਪ੍ਰਤੀ ਆਪਣੀ ਨਿੱਘੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।


Comments Off on ਪੰਡਿਤ ਜਵਾਹਰਲਾਲ ਨਹਿਰੂ ਦੇ ਦੇਹਾਂਤ ’ਤੇ ਅਟਲ ਬਿਹਾਰੀ ਵਾਜਪਾਈ ਦੇ ਮਨੋਭਾਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.