ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਪੰਜਾਬ ਦੀ ਜਵਾਨੀ ’ਤੇ ਬੌਧਿਕ ਹੂੰਝਾ

Posted On November - 28 - 2018

ਪੰਜਾਬ ਦੀਆਂ ਵੱਡੀਆਂ ਸੜਕਾਂ ਕਿਨਾਰੇ ਕਰੋੜਪਤੀਆਂ ਨੇ ‘ਗਰੁੱਪ ਆਫ਼ ਕਾਲਜਿਜ਼’ ਖੋਲ੍ਹੇ ਹੋਏ ਹਨ। ਲਿਸ਼-ਲਿਸ਼ ਕਰਦੀਆਂ ਵਿਸ਼ਾਲ ਇਮਾਰਤਾਂ, ਚੌੜੇ-ਚੌੜੇ ਘਾਹ ਦੇ ਮੈਦਾਨ, ਭਾਂਤ-ਭਾਂਤ ਦੀਆਂ ਫੁੱਲ ਕਿਆਰੀਆਂ। ਬਾਹਰੋਂ ਟਹਿਕਦੇ ਹੋਏ, ਪਰ ਅੰਦਰੋਂ ਨਿਰਾਸ਼ੇ ਮੁੰਡੇ-ਕੁੜੀਆਂ ਦੇ ਚਿਹਰੇ। ਨਾ ਕੋਈ ਘਾਹ ਉੱਤੇ ਤੁਰਦਾ, ਨਾ ਕੋਈ ਖਿੜ੍ਹੇ ਹੋਏ ਫੁੱਲਾਂ ਵੱਲ ਵੇਖਦਾ ਹੈ। ਢਾਕ ਨਾਲ ਲਾਈਆਂ ਮੋਟੀਆਂ-ਭਾਰੀਆਂ ਕਿਤਾਬਾਂ, ਟੁੱਟੀ ਅੰਗਰੇਜ਼ੀ ਵਿਚ ਗੁਫ਼ਤਗੂ ਤੇ ਉੱਖੜੀ ਹੋਈ ਇਨ੍ਹਾਂ ਦੀ ਚਾਲ।
ਵੱਡੀ ਗਿਣਤੀ ਵਿਚ ਨੌਜਵਾਨ-ਮੁਟਿਆਰਾਂ ਮਹਿੰਗੇ ਤਕਨੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਹਨ। ਉੱਚੀਆਂ ਡਿਗਰੀਆਂ ਪ੍ਰਾਪਤ ਕਰਦੇ ਹਨ, ਪਰ ਉਨ੍ਹਾਂ ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲਦੀ। ਉਨ੍ਹਾਂ ਨੂੰ ਕੰਮ ਕਰਨ ਦੇ ਸੁਤੰਤਰ ਮੌਕੇ ਨਹੀਂ ਮਿਲਦੇ। ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਨਹੀਂ ਬਣਦੀ। ਉਹ ਨੌਜਵਾਨ ਫਿਰ ਸਮੁੰਦਰੋਂ ਪਾਰ ਕੋਈ ਹੋਰ ਸੰਸਾਰ ਲੱਭਦੇ ਹਨ। ਵਿਗਿਆਨਕ ਸੋਚ ਵਾਲੇ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਜਾਂਦੇ ਹਨ। ਬਰਤਾਨੀਆ ਦਾ ਸਮੁੱਚਾ ਡਾਕਟਰੀ ਪ੍ਰਬੰਧ ਭਾਰਤ ਵਿਚੋਂ ਗਏ ਡਾਕਟਰਾਂ ਦੇ ਹੱਥਾਂ ਵਿਚ ਹੈ। ਅਮਰੀਕਾ ਵਿਚ ਭਾਰਤ ਵਿਚੋਂ ਗਏ ਸਾਫਟ ਇੰਜਨੀਅਰ ਵੱਡੇ ਕੰਮ ਕਰ ਰਹੇ ਹਨ। ਕੈਨੇਡਾ ਵਿਚ ਭਾਰਤੀ, ਖ਼ਾਸ ਕਰ ਕੇ ਪੰਜਾਬੀ ਡਾਕਟਰ ਅਤੇ ਪੰਜਾਬੀ ਵਕੀਲ ਨਾਮ ਖੱਟ ਰਹੇ ਹਨ। ਇਹ ਪੰਜਾਬ-ਭਾਰਤ ਦੇ ਅਤਿ-ਕਾਬਿਲ ਦਿਮਾਗ ਹੋਰ ਦੇਸ਼ਾਂ ਨੂੰ ਆਪਣੀਆਂ ਮਾਹਿਰ ਸੇਵਾਵਾਂ ਦੇ ਕੇ, ਉੱਨਤ ਦੇਸ਼ਾਂ ਨੂੰ ਹੋਰ ਉੱਨਤ ਕਰ ਰਹੇ ਹਨ ਤੇ ਸਾਡਾ ਆਪਣ ਸੂਬਾ ਤੇ ਦੇਸ਼ ਬੌਧਿਕ ਅਤੇ ਵਿਗਿਆਨਕ ਤੌਰ ’ਤੇ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਪੰਜਾਬੀ ਨੌਜਵਾਨ ਡਾ. ਹਰਗੋਬਿੰਦ ਖੁਰਾਣਾ ਅਮਰੀਕਾ ਵਿਚ ਹਿਜਰਤ ਕਰਕੇ, ਮਿਹਨਤ ਕਰਕੇ, ਸਭ ਤੋਂਂ ਵੱਡਾ ਸਨਮਾਨ ‘ਨੋਬੇਲ ਪੁਰਸਕਾਰ’ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ। ਪੰਜਾਬ ਵਿਚ ਕਿਸੇ ਯੂਨੀਵਰਸਿਟੀ, ਕਿਸੇ ਅਦਾਰੇ ਨੇ ਉਨ੍ਹਾਂ ਨੂੰ ਯੋਗ ਨੌਕਰੀ ਨਹੀਂ ਦਿੱਤੀ ਸੀ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਸਰਮਾਏਦਾਰਾਂ ਵੱਲੋਂ ਸੜਕਾਂ ਕਿਨਾਰੇ ਉਸਾਰੇ ‘ਗਰੁੱਪ ਆਫ਼ ਕਾਲਜਿਜ਼’ ਮੋਟੀਆਂ ਫ਼ੀਸਾਂ ਉਗਰਾਹ ਰਹੇ ਹਨ। ਬੀ.ਟੈੱਕ, ਕੰਪਿਊਟਰ ਕੋਰਸ, ਆਈ.ਟੀ, ਬੀ. ਈ., ਐੱਮ.ਟੈੱਕ, ਐਮ.ਬੀ.ਏ. ਕਰਵਾ ਰਹੇ ਹਨ। ਕਈ ਸਾਲਾਂ ਤੋਂ ਨੌਕਰੀਆਂ ਬੰਦ ਹਨ। ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ। ਸਿਵਲ ਤੇ ਪੁਲੀਸ ਅਫ਼ਸਰਾਂ ਦੀ ਤਕੜੀ ਫ਼ੌਜ ਹੈ। ਮੰਤਰੀ, ਚੇਅਰਮੈਨ, ਉਪ-ਚੇਅਰਮੈਨ, ਉੱਚ ਅਧਿਕਾਰੀ, ਸਰਕਾਰੀ ਲਾਅ ਅਫ਼ਸਰ ਮੋਟਾ ਚੋਗਾ ਚੁਗ ਰਹੇ ਹਨ। ਅਫ਼ਸਰਾਂ ਲਈ ਤਰੱਕੀਆਂ ਹਨ। ਮੰਤਰੀਆਂ, ਧਨਾਢਾਂ ਤੇ ਉੱਚ ਅਧਿਕਾਰੀਆਂ ਦੇ ਪੁੱਤਾਂ-ਧੀਆਂ ਲਈ ਅਫ਼ਸਰੀਆਂ ਹਨ। ਸਾਧਾਰਨ ਪਰਿਵਾਰਾਂ ਦੇ ਪੜ੍ਹੇ-ਲਿਖੇ ਨੌਜਵਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਭਾਰਤ ਤੇ ਪੰਜਾਬ ਦੇ ਕਰਜ਼ੇ ਦੇ ਮਾਰੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਮਾਲਵੇ ਤੋਂ ਬਾਅਦ ਮਾਝੇ ਤੇ ਦੋਆਬੇ ਤੱਕ ਕੈਂਸਰ ਦੀ ਮਾਰ ਪੈ ਰਹੀ ਹੈ। ਗ਼ਰੀਬਾਂ ਲਈ ਮੁਫ਼ਤ ਆਟਾ-ਦਾਲ ਸਕੀਮ ਤਾਂ ਹੈ ਪਰ ਸਿਹਤ ਅਤੇ ਸਿੱਖਿਆ ਦੇ ਸਾਧਨ ਨਹੀਂ ਹਨ। ਸਕੂਲੀ-ਕੁੜੀਆਂ ਲਈ ਮੁਫ਼ਤ ਸਾਈਕਲ ਤਾਂ ਹਨ, ਪਰ ਸੁਰੱਖਿਅਤ ਸੜਕਾਂ ਤੇ ਨਿੱਜੀ ਸੁਰੱਖਿਆ ਨਾ-ਮਾਤਰ ਹੈ। ਸਾਧਨਹੀਣ ਮਾਪਿਆਂ ਦੇ ਬੇਰੁਜ਼ਗਾਰ ਮੁੰਡੇ ਵਿਹਲੇ ਫਿਰਦੇ ਹਨ ਤੇ ਕਈ ਨਸ਼ਿਆਂ, ਚੋਰੀਆਂ ਤੇ ਲੁੱਟਾਂ-ਖੋਹਾਂ ਦੇ ਰਾਹ ਪੈ ਜਾਂਦੇ ਹਨ।
ਪੰਜਾਬ ਦੇ ਪੇਂਡੂ ਮੁੰਡਿਆਂ ਲਈ ਫ਼ੌਜ ਵਧੀਆ ਕਿੱਤਾ ਹੁੰਦਾ ਸੀ। ਨਸ਼ਿਆਂ ਤੇ ਬੇਰੁਜ਼ਗਾਰੀ ਦੇ ਲਤਾੜੇ ਹੋਏ ਪੰਜਾਬੀ ਮੁੰਡੇ ਹੁਣ ਫ਼ੌਜ ਵਿਚ ਭਰਤੀ ਦੇ ਯੋਗ ਵੀ ਨਹੀਂ ਰਹੇ। ਛਾਤੀਆਂ ਸੁੰਗੜ ਗਈਆਂ ਹਨ, ਡੌਲੇ ਚਿਪਕ ਗਏ ਹਨ, ਲੱਤਾਂ ਵਿੰਗੀਆਂ ਹੋ ਗਈਆਂ ਹਨ ਤੇ ਗੋਡੇ ਆਪਸ ਵਿਚ ਭਿੜਦੇ ਹਨ। ਸਿੱਖ ਰੈਜਮੈਂਟ ਲਈ ਪੰਜਾਬ ਵਿਚ ਸਾਬਤ ਸੂਰਤ ਮੁੰਡੇ ਨਹੀਂ ਮਿਲਦੇ। ਉਹ ਵੇਲਾ ਵੀ ਸੀ, ਜਦੋਂ ਪਿੰਡ ਦੇ ਮੁੰਡੇ ਤੜਕੇ ਉੱਠਦੇ ਸਨ। ਫਿਰ ਡੰਗਰਾਂ ਨੂੰ ਪੱਠੇ ਪਾਉਂਦੇ, ਪੱਠਿਆਂ ਵਾਲਾ ਟੋਕਾ ਗੇੜ ਕੇ ਪੱਠੇ ਕੁਤਰਦੇ ਸਨ ਤੇ ਧਾਰਾਂ ਕੱਢਦੇ। ਉਦੋਂ ਕਿਰਤ ਸੱਭਿਆਚਾਰ ਸੀ। ਮੁਫ਼ਤ ਆਟਾ-ਦਾਲ ਨਹੀਂ, ਕਮਾਈ ਹੋਈ ਰੋਟੀ ਖਾਂਦੇ ਸਨ। ਪੜ੍ਹਦੇ ਸਨ, ਖੇਡਦੇ ਸਨ। ਹੁਣ ਨਾ ਸਿਹਤ ਰਹੀ, ਨਾ ਹੀ ਸਿੱਖਿਆ। ਬਨਾਵਟੀ ਖ਼ਪਤ ਸੱਭਿਆਚਾਰ ਭਾਰੂ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਕੋਈ ਮਾਹੌਲ ਹੀ ਨਹੀਂ। ਪ੍ਰਾਈਵੇਟ ਸਕੂਲ ਤੇ ਅਮੀਰਾਂ ਦੇ ਅਦਾਰੇ, ਗ਼ਰੀਬ ਬੱਚਿਆਂ ਦੀ ਪਹੁੰਚ ਤੋਂ ਬਾਹਰ ਹਨ।
ਪਹਿਲਾਂ ਬਹੁਤੇ ਪੰਜਾਬੀ ਨੌਜਵਾਨ ਖ਼ਾਸ ਕਰਕੇ ਸਾਬਤ ਸੂਰਤ ਸਿੰਘ ਨੌਜਵਾਨ, ਹੱਕ-ਸੱਚ ਦੀ ਹਰ ਜੰਗ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਸਨ। ਘੋੜਿਆਂ ਦੀਆਂ ਕਾਠੀਆਂ ਉੱਤੇ ਹੀ ਘੜੀ ਸੌਂ ਕੇ ਨੀਂਦ ਪੂਰੀ ਕਰ ਲੈਂਦੇ ਸਨ। ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਇੱਕ ਹੱਥ ਸ਼ਸਤਰ ਤੇ ਦੂਜੇ ਹੱਥ ਸ਼ਾਸਤਰ ਰੱਖਦੇ ਸਨ। ਹਰੀ ਸਿੰਘ ਨਲੂਆ, ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਸ਼ਾਮ ਸਿੰਘ ਅਟਾਰੀਵਾਲਾ ਤੇ ਬੰਦਾ ਸਿੰਘ ਬਹਾਦਰ ਦੇ ਰਾਹਾਂ ਉੱਤੇ ਚੱਲਦੇ ਸਨ। ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਬੱਬਰ ਅਕਾਲੀ, ਗ਼ਦਰੀ ਬਾਬਿਆਂ ਤੇ ਇਨਕਲਾਬੀ ਯੋਧਿਆਂ ਦੇ ਸੰਘਰਸ਼ ਤੋਂ ਸੇਧ ਲੈਂਦੇ ਸਨ ਤੇ ਬੁਰਾਈਆਂ ਨੂੰ ਵੰਗਾਰਦੇ ਸਨ। ਅਜਿਹੇ ਅਣਖੀਲੇ, ਇੱਜ਼ਤ ਮਾਣ ਖ਼ਾਤਰ ਮਰ-ਮਿਟਣ ਵਾਲੇ ਦਲੇਰ ਪੰਜਾਬੀ ਮੁੰਡੇ ਹੁਣ ਭਾਲਿਆਂ ਨਹੀਂ ਥਿਆਉਂਦੇ। ਅਣ-ਕਮਾਈਆਂ ਦੌਲਤਾਂ ਸਹਾਰੇ ਪਲੇ ਕਾਕੇ ਹੁਣ ਮੱਸਲ, ਮਨੀ ਮੋਬਾਈਲ ਤੇ ਮੋਟਰਸਾਈਕਲਾਂ ਵਿਚ ਉਲਝੇ ਹੋਏ ਹਨ। ਅਸਲਾ ਲਹਿਰਾਉਂਦੇ, ਕੁੜੀਆਂ ਦੇ ਸਕੂਲਾਂ-ਕਾਲਜਾਂ ਸਾਹਮਣੇ ਗੇੜੇ ਲਾਉਂਦੇ ਤੇ ਮੇਲਿਆਂ ਵਿਚ ਚੱਕਰ ਕੱਟਦੇ ਫਿਰਦੇ ਹਨ।
ਪੰਜਾਬੀ ਖੇਤੀ ਪ੍ਰਧਾਨ ਸੂਬਾ ਸੀ, ਪਰ ਹੁਣ ਛੋਟੀ ਖੇਤੀ ਲਾਹੇਵੰਦ ਨਹੀਂ ਰਹੀ। ਛੋਟੇ ਕਿਸਾਨ ਹੌਲੀ ਹੌਲੀ ਸ਼ਾਹੂਕਾਰਾਂ ਤੇ ਆੜ੍ਹਤੀਆਂ ਦੇ ਕਰਜ਼ ਜਾਲ ਵਿਚ ਫਸਦੇ ਜਾ ਰਹੇ ਹਨ। ਬਹੁਤ ਸਾਰੇ ਛੋਟੇ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਗਏ ਹਨ ਤੇ ਅੱਗੇ ਨੌਜਵਾਨ ਵੀ ਖੇਤੀਬਾੜੀ ਨਹੀਂ ਕਰਨਾ ਚਾਹੁੰਦੇ। ਪੰਜਾਬੀ ਮੁੰਡਿਆਂ ਲਈ ਆਪਣੀ ਧਰਤੀ ਸੁੰਗੜਦੀ ਜਾ ਰਹੀ ਹੈ। ਹੁਣ ਆਪਣੀ ਧਰਤੀ ਵੀ ਆਪਣੀ ਨਹੀਂ ਜਾਪਦੀ, ਪਰਾਈ ਧਰਤੀ ਤਾਂ ਪਰਾਈ ਹੈ ਹੀ। ਫਿਰ ਕੀ ਕਰਨ ਸਾਧਾਰਨ ਨੌਜਵਾਨ? ਇਸੇ ਲਈ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ੀ ਧਰਤੀ ਉਤੇ ਚੋਗਾ ਲੱਭਦੇ ਹਨ। ਉਪਰੋਂ ਬੌਧਿਕ ਹੂੰਝਾ (ਬਰੇਨ ਡਰੇਨ) ਫਿਰ ਰਿਹਾ ਹੈ। ਆਓ, ਰਲ-ਮਿਲ ਕੇ ਨੌਜਵਾਨਾਂ ਦੇ ਸੁਰੱਖਿਅਤ ਭਵਿੱਖ ਲਈ ਯਤਨਸ਼ੀਲ ਹੋਈਏ ਤਾਂ ਜੋ ਸਾਡੇ ਨੌਜਵਾਨ ਪੰਜਾਬ ਵਿਚ ਹੀ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਕਰਨ।
ਸੰਪਰਕ: 94638-08697


Comments Off on ਪੰਜਾਬ ਦੀ ਜਵਾਨੀ ’ਤੇ ਬੌਧਿਕ ਹੂੰਝਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.