ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਪੰਜਾਬੀ ਅਤੇ ਰਾਜਸਥਾਨੀ ਵਿਚਾਲੇ ਪੁਲ

Posted On November - 24 - 2018

ਪੰਜਾਬੀ ਸਮਰੱਥ ਭਾਸ਼ਾ ਹੈ। ਇਸ ਦਾ ਆਪਣਾ ਵਿਸ਼ਾਲ ਸ਼ਬਦ ਭੰਡਾਰ ਹੈ। ਇਸ ਦੀ ਆਪਣੀ ਲਿਪੀ ਹੈ ਤੇ ਦੁਨੀਆਂ ਦੀਆਂ ਸਿਰਕੱਢ ਭਾਸ਼ਾਵਾਂ ਵਾਂਗ ਪੰਜਾਬੀ ਦੀਆਂ ਵਧੇਰੇ ਉਪ-ਬੋਲੀਆਂ ਹਨ। ਆਪਣੀਆਂ ਉਪ-ਬੋਲੀਆਂ ਤੋਂ ਬਿਨਾਂ ਪੰਜਾਬੀ ਦੀ ਦੇਸ਼ ਦੀਆਂ ਹੋਰ ਭਾਸ਼ਾਵਾਂ ਤੇ ਬੋਲੀਆਂ ਨਾਲ ਵੀ ਸਾਂਝ ਹੈ। ਪੰਜਾਬੀ ਨਾਲ ਸਾਂਝ ਵਾਲੀਆਂ ਬੋਲੀਆਂ ਵਿਚੋਂ ਇਕ ‘ਬਾਗੜੀ’ ਵੀ ਹੈ। ਬਾਗੜੀ ਦੀ ਗਿਣਤੀ ਪੰਜਾਬੀ ਦੀਆਂ ਉਪ-ਬੋਲੀਆਂ ਵਿਚ ਨਹੀਂ ਕੀਤੀ ਜਾਂਦੀ, ਪਰ ਇਸ ਦੀ ਪੰਜਾਬੀ ਨਾਲ ਸਾਂਝ ਪ੍ਰਤੱਖ ਦਿਸਦੀ ਹੈ। ਬਾਗੜੀ ਅੱਜ ਵੀ ਪੰਜਾਬ ਅਤੇ ਸਾਂਝੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਬੋਲੀ ਜਾਂਦੀ ਹੈ। ਬਾਗੜੀ ਦੀ ਰਾਜਸਥਾਨੀ ਅਤੇ ਪੰਜਾਬੀ ਨਾਲ ਸਾਂਝ ਹੋਣ ਕਰਕੇ ਇਹ ਦੋਵਾਂ ਵਿਚਾਲੇ ਪੁਲ ਦਾ ਕੰਮ ਕਰ ਰਹੀ ਹੈ।
ਮਾਰਵਾੜੀ, ਰਾਜਸਥਾਨੀ ਦੀ ਉਪ-ਬੋਲੀ ਹੈ ਤੇ ਮਾਰਵਾੜੀ ਦਾ ਸਥਾਨਕ ਰੂਪ ਬਾਗੜੀ ਹੈ। ਰਾਜਸਥਾਨ ਵਿਚਲੇ ਮਾਰਵਾੜ ਦੇ ਉੱਤਰੀ ਹਿੱਸੇ ਨੂੰ ਬਾਗੜ ਦਾ ਇਲਾਕਾ ਕਿਹਾ ਜਾਂਦਾ ਹੈ। ਇਹ ਬਾਗੜ ਦਾ ਇਲਾਕਾ ਸਾਂਝੇ ਪੰਜਾਬ ਤੇ ਅੱਜ ਦੇ ਹਰਿਆਣਾ ਦੀ ਰਾਜਸਥਾਨ ਨਾਲ ਲੱਗਦੀ ਹੱਦ ਦੇ ਆਰ-ਪਾਰ ਫੈਲਿਆ ਹੋਇਆ ਹੈ। ਹਨੂਮਾਨਗੜ੍ਹ, ਅਬਹੋਰ, ਫ਼ਾਜ਼ਿਲਕਾ, ਨੌਹਰ, ਭਾਦਰਾ, ਸਿਰਸਾ, ਐਲਨਾਬਾਦ, ਡੱਬਵਾਲੀ, ਰਾਣੀਆਂ, ਕਾਲਾਂਵਾਲੀ, ਫ਼ਤਿਆਬਾਦ, ਭੱਟੂ, ਹਿਸਾਰ, ਭੂਨਾ, ਉਕਲਾਨਾ ਦੇ ਹਿੱਸੇ ਵਿਚ ਬਾਗੜੀ ਲੋਕ ਵਸਦੇ ਹਨ।
‘ਮਾਰਵਾੜ’ ਦੋ ਸ਼ਬਦਾਂ ਮਾਰੂ ਅਤੇ ਵਾੜ ਦੇ ਮੇਲ ਤੋਂ ਬਣਿਆ ਹੈ ਜੋ ਸੰਸਕ੍ਰਿਤ ਸ਼ਬਦ ‘ਮਾਰੂਵਤ’ ਦਾ ਤਦਭਵ ਰੂਪ ਹੈ। ‘ਮਾਰੂ’ ਤੋਂ ਭਾਵ ਖੁਸ਼ਕ ਜਾਂ ਘੱਟ ਉਪਜਾਊ ਅਤੇ ‘ਵਤ’ ਇਲਾਕੇ ਨੂੰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮਾਰਵਾੜ ਅਤੇ ਬਾਗੜ ਤੋਂ ਭਾਵ ਅਤੀਤ ਵਿਚ ਪੰਜਾਬ ਵਿਚਲੇ ਮਾਲਵੇ ਵਾਂਗ ਘੱਟ ਪਾਣੀ ਵਾਲੇ ਅਤੇ ਘੱਟ ਪੈਦਾਵਾਰ ਵਾਲੇ ਇਲਾਕੇ ਤੋਂ ਹੈ।

ਇਕਬਾਲ ਸਿੰਘ ਹਮਜਾਪੁਰ

ਬਾਗੜੀ, ਰਾਜਸਥਾਨੀ ਦੀ ਉਪ-ਬੋਲੀ ਹੈ। ਇਸ ਲਈ ਰਾਜਸਥਾਨੀ ਵਾਂਗ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਂਵਾਂ, ਪੜਨਾਂਵਾਂ ਤੇ ਕਿਰਿਆ ਸ਼ਬਦਾਂ ਦਾ ਅੰਤਲਾ ਉਚਾਰਣ ‘ਓ’ ਰੂਪ ਵਿਚ ਕਰਨਾ ਬਾਗੜੀ ਦੀ ਆਪਣੀ ਮੌਲਿਕ ਤੇ ਨਿਵੇਕਲੀ ਵਿਸ਼ੇਸ਼ਤਾ ਹੈ ਜਿਵੇਂ ਦਲਿਓ, ਮੇਵੋ, ਕੁੜਤੋ, ਸੀਰੋ, ਰਲੋ-ਮਿਲੋ, ਮੇਰੋ, ਤੇਰੋ, ਸਮਝਿਓ, ਖਾਇਓ, ਚੱਲਿਓ ਆਦਿ। ਭਾਸ਼ਾ-ਵਿਗਿਆਨੀਆਂ ਮੁਤਾਬਿਕ ਇਹ 65 ਫ਼ੀਸਦੀ ਦੇ ਕਰੀਬ ਰਾਜਸਥਾਨੀ ਨਾਲ ਮਿਲਦੀ ਹੈ। ਬਾਗੜੀਆਂ ਦਾ ਉਚਾਰਣ ਲਹਿਜਾ ਪੰਜਾਬੀਆਂ ਨਾਲੋਂ ਵਧੇਰੇ ਫੈਲਾਅ ਵਾਲਾ ਹੈ। ਬਾਗੜੀ ਵਿਚਲਾ ਸੰਘੋਸ਼ ਮਹਾਪ੍ਰਾਣ ਧੁਨੀਆਂ ਦਾ ਉਚਾਰਨ ਹਿੰਦੀ ਤੇ ਰਾਜਸਥਾਨੀ ਦੇ ਨੇੜੇ ਹੈ। ਬਾਗੜੀ ਦੀਆਂ ਇਹ ਵਿਸ਼ੇਸ਼ਤਾਵਾਂ ਪੰਜਾਬੀ ਦੇ ਉਲਟ ਹਨ। ਫਿਰ ਵੀ ਬਾਗੜੀ ਦੀ ਪੰਜਾਬੀ ਨਾਲ ਸਾਂਝ ਸਹਿਜੇ ਹੀ ਦਿਸ ਪੈਂਦੀ ਹੈ। ਬਾਗੜੀ ਵੀ ਮਲਵਈ ਵਾਂਗ ‘ਵ’ ਦਾ ਉਚਾਰਨ ‘ਬ’ ਦੇ ਰੂਪ ਵਿਚ ਕਰਦੇ ਹਨ। ਬਾਗੜੀਏ ਅਨੇਕਾਂ ਪੰਜਾਬੀ ਸ਼ਬਦ ਹੂ-ਬ-ਹੂ ਵਰਤਦੇ ਹਨ ਜਿਵੇਂ: ਢਾਣੀ, ਡੰਗਰ, ਦੁੱਧਲ, ਪੁੰਨ, ਬਛੇਰੀ, ਮੜ੍ਹੀ, ਰਿਸ਼ਤਾ, ਰੀਤ, ਤਲਾਅ, ਅਗਾੜੀ, ਤਗੜਾ, ਮਾੜਾ-ਮੋਟਾ, ਬਜ਼ੁਰਗ, ਮੌਜ ਆਦਿ।
ਬਾਗੜੀ ‘ਯ’ ਦੀ ਥਾਂ ‘ਜ’ ਦੀ ਵਰਤੋਂ ਕਰਦੇ ਹਨ। ਪੰਜਾਬੀ ਵਿਚ ਵੀ ਬਹੁਤ ਸਾਰੇ ਸ਼ਬਦਾਂ ਦੇ ਆਰੰਭ ਤੇ ਮੱਧ ਵਿਚ ‘ਯ’ ਦੀ ਥਾਂ ‘ਜ’ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਜਿਵੇਂ ਜਗ, ਜਤਨ, ਜੰਤਰ, ਜੁਗ, ਜੋਧਾ, ਜੋਗੀ, ਸੰਜੋਗ ਆਦਿ। ਪੰਜਾਬੀ ਵਿਚ ਸ਼ਬਦ ਦੇ ਅੰਤ ਵਿਚ ‘ਯ’ ਮੁਕਤਾ ਕਦੇ ਨਹੀਂ ਉਚਾਰਿਆ ਜਾਂਦਾ। ਇਹ ਵਿਸ਼ੇਸ਼ਤਾ ਬਾਗੜੀ ਦੀ ਵੀ ਹੈ।
ਬਾਗੜੀ ਵਿਚ ਹਿੰਦੀ ਦੇ ਉਲਟ ਪੰਜਾਬੀ ਵਾਂਗ ‘ਏ’ ਦੀ ਥਾਂ ਸ਼ਬਦ ਦੇ ਅੰਤ ਵਿਚ ਕੰਨਾ ਲਗਾ ਕੇ ਬਹੁ-ਵਚਨ ਬਣਾਏ ਜਾਂਦੇ ਹਨ। ਬਾਗੜੀ ਦੀਆਂ ਵੀ ਪੰਜਾਬੀ ਵਾਂਗ ਤਿੰਨ ਸੁਰਾਂ ਹਨ। ਬਾਗੜੀ ਵਿਚ ਵੀ ਪੰਜਾਬੀ ਵਾਂਗ ਸੁਰ ਬਦਲਣ ਨਾਲ ਵਾਕ ਦਾ ਅਰਥ ਬਦਲ ਜਾਂਦਾ ਹੈ। ਬਾਗੜੀ ਵਿਚ 31 ਵਿਅੰਜਨ ਤੇ 10 ਸਵਰ ਹਨ ਜੋ ਗੁਰਮੁਖੀ ਵਿਚਲੇ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਦੇ ਲਗਪਗ ਬਰਾਬਰ ਹਨ। ਬਾਗੜੀਏ ਵੀ ਪੰਜਾਬੀਆਂ ਵਾਂਗ ‘ਣ’ ਅਤੇ ‘ੜ’ ਦੀ ਭਰਪੂਰ ਵਰਤੋਂ ਕਰਦੇ ਹਨ। ਪੰਜਾਬੀ ਮੁਹਾਵਰਿਆਂ ਤੇ ਅਖਾਣਾਂ ਦੇ ਦਰਸ਼ਨ ਬਾਗੜੀ ਵਿਚ ਵੀ ਥੋੜ੍ਹੇ ਫ਼ਰਕ ਨਾਲ ਹੋ ਜਾਂਦੇ ਹਨ ਜਿਵੇਂ: ਆਪ ਮਰਿਆ ਜਗ ਪਰਲੋ, ਖੇਤੀ ਖਸਮਾਂ ਸੇਤੀ, ਗਾਂ ਨਾ ਬਾਛੀ ਨੀਂਦ ਆਵੇ ਆਛੀ, ਮਾੜੇ ਕੀ ਲੁਗਾਈ ਸਭ ਕੀ ਭਾਬੀ ਆਦਿ।
ਭਾਸ਼ਾ ਮਾਹਿਰ ਗ੍ਰੀਅਰਸਨ ਦੇ ਸਰਵੇਖਣ ਮੁਤਾਬਿਕ ਬਾਗੜੀਆਂ ਦੀ ਗਿਣਤੀ 3,24,359 ਸੀ। 2011 ਦੀ ਜਨਗਣਨਾ ਅਨੁਸਾਰ ਬਾਗੜੀਆਂ ਦੀ ਗਿਣਤੀ 18,90,815 ਹੈ। 2011 ਦੀ ਜਨਗਣਨਾ ਅਨੁਸਾਰ ਬਾਗੜੀਆਂ ਨੂੰ ਭਾਸ਼ਾਈ ਆਧਾਰ ’ਤੇ ਭਾਵੇਂ ਘੱਟਗਿਣਤੀ ਐਲਾਨਿਆ ਗਿਆ ਹੈ, ਫਿਰ ਵੀ ਪੰਜਾਬੀ-ਰਾਜਸਥਾਨੀ ਦੀ ਸਾਂਝ ਜੋੜਨ ਲਈ ਇਹ ਗਿਣਤੀ ਘੱਟ ਨਹੀਂ। ਪੰਜਾਬ ਵਿਚ ਵਸਦੇ ਬਾਗੜੀਆਂ ਦੀ ਬੋਲੀ ਵਿਚ ਪੰਜਾਬੀ ਸ਼ਬਦਾਵਲੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੇ ਬਾਗੜੀਏ, ਪੰਜਾਬੀ ਦੇ ਹੋਰ ਨੇੜੇ ਹੁੰਦੇ ਜਾ ਰਹੇ ਹਨ। ਇਨ੍ਹਾਂ ਜ਼ਰੀਏ ਪੰਜਾਬੀ-ਰਾਜਸਥਾਨੀ ਦੀ ਸਾਂਝ ਹੋਰ ਪੱਕੀ ਹੁੰਦੀ ਜਾ ਰਹੀ ਹੈ। ਇਹ ਪੰਜਾਬੀ ਲਈ ਸ਼ੁਭ ਸੰਕੇਤ ਹੈ।
ਸੰਪਰਕ: 094165-92149


Comments Off on ਪੰਜਾਬੀ ਅਤੇ ਰਾਜਸਥਾਨੀ ਵਿਚਾਲੇ ਪੁਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.