ਆਰਫ ਕਾ ਸੁਣ ਵਾਜਾ ਰੇ !    ਮਹਾਰਾਣਾ ਪ੍ਰਤਾਪ ਦਾ ਮੁਗ਼ਲਾਂ ਵਿਰੁੱਧ ਸੰਘਰਸ਼ !    ਸ਼ਹੀਦ ਬਾਬਾ ਦੀਪ ਸਿੰਘ !    ਮੁਗਲ ਇਮਾਰਤ ਕਲਾ ਦੀ ਸ਼ਾਨ ਸਰਾਏ ਅਮਾਨਤ ਖ਼ਾਨ !    ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਸੁਣਵਾਈ ਸ਼ੁਰੂ !    ਨੀਰਵ ਮੋਦੀ ਦਾ ਜ਼ਬਤ ਸਾਮਾਨ ਹੋਵੇਗਾ ਨਿਲਾਮ !    ਕੋਲਕਾਤਾ ’ਚੋਂ 25 ਕਿਲੋ ਹੈਰੋਇਨ ਫੜੀ !    ਭਾਜਪਾ ਆਗੂ ਬਿਰੇਂਦਰ ਸਿੰਘ ਵਲੋਂ ਰਾਜ ਸਭਾ ਤੋਂ ਅਸਤੀਫ਼ਾ !    ਮਹਾਰਾਸ਼ਟਰ ਦੇ ਸਕੂਲਾਂ ’ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਲਾਜ਼ਮੀ ਕਰਾਰ !    ਰੂਸ ਦੇ ਹਵਾਈ ਹਮਲੇ ’ਚ ਸੀਰੀਆ ’ਚ 23 ਮੌਤਾਂ !    

ਪਹਿਲਾ ਵਿਸ਼ਵ ਯੁੱਧ ਤੇ ਪੰਜਾਬ

Posted On November - 17 - 2018

ਰਾਬਿੰਦਰ ਨਾਥ ਟੈਗੋਰ ਨੇ ਗੀਤਾਂਜਲੀ ਵਿਚ ਲਿਖਿਆ ਹੈ, ‘‘ਜਦੋਂ ਮੈਂ ਇੱਥੋਂ ਜਾਵਾਂਗਾ ਤਾਂ ਇਨ੍ਹਾਂ ਸ਼ਬਦਾਂ ਨੂੰ ਮੇਰੇ ਵਿਦਾਈ ਸ਼ਬਦ ਸਮਝਣਾ ਕਿਉਂਕਿ ਜੋ ਮੈਂ ਦੇਖਿਆ ਹੈ, ਉਹ ਅਦਭੁੱਤ ਸੀ ਤੇ ਕੋਈ ਵੀ ਉਸ ਤੋਂ ਅਗਾਂਹ ਨਹੀਂ ਜਾ ਸਕਦਾ।’’ ਟੈਗੋਰ ਨੇ ਇਹ ਸ਼ਬਦ ਉਦੋਂ ਲਿਖੇ ਜਦ ਉਸ ਦਾ ਮਨ ਪ੍ਰਕਿਰਤੀ ਦੀ ਵਿਸ਼ਾਲਤਾ ਨੂੰ ਵੇਖਦਿਆਂ ਅਚੰਭੇ ਨਾਲ ਭਰ ਗਿਆ ਸੀ, ਵਿਸਮਾਦ ਦੀ ਅਵਸਥਾ ਵਿਚ। ਇਹੀ ਸ਼ਬਦ ਇੰਗਲੈਂਡ ਦੇ ਪ੍ਰਸਿੱਧ ਸ਼ਾਇਰ ਵਿਲਫਰੈੱਡ ਓਵਨ ਨੇ ਪਹਿਲੇ ਸੰਸਾਰ ਯੁੱਧ ਵਿਚ ਲੜਦਿਆਂ ਆਪਣੀ ਮਾਂ ਨੂੰ ਭੇਜੇ ਆਖ਼ਰੀ ਖ਼ਤ ਵਿਚ ਲਿਖੇ। ਉਹ ਪਹਿਲੇ ਸੰਸਾਰ ਯੁੱਧ ਦੀ ਉਸ ਭਿਆਨਕਤਾ ਨੂੰ ਵੇਖ ਰਿਹਾ ਸੀ ਜੋ ਹੁਣ ਤਕ ਦੇ ਹੋਏ ਯੁੱਧਾਂ ਵਿਚੋਂ ਸਭ ਤੋਂ ਜ਼ਿਆਦਾ ਅਮਾਨਵੀ ਸੀ, ਜਿਸ ਵਿਚ ਲੱਖਾਂ ਲੋਕ ਮਾਰੇ ਗਏ ਤੇ ਅਪਾਹਜ ਹੋਏ। ਵਿਲਫਰੈੱਡ ਓਵਨ ਖ਼ੁਦ ਮਾਰਿਆ ਗਿਆ। 1992-93 ਵਿਚ ਇਸ ਯੁੱਧ ਬਾਰੇ ‘ਬਰਡ ਸਾਂਗ’ ਨਾਂ ਦਾ ਨਾਵਲ ਲਿਖਦਿਆਂ ਸਬੈਸਟੀਅਨ ਫਾਕਸ ਨੇ ਫਿਰ ਏਹੀ ਸ਼ਬਦ ਵਰਤੇ, ਇਹ ਦੱਸਣ ਲਈ ਕਿ ਮਨੁੱਖਤਾ ਨੇ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਜਿਹੋ ਜਿਹੇ ਅਮਾਨਵੀ ਦਿਸਹੱਦੇ ਵੇਖੇ, ਪਹਿਲੇ ਸੰਸਾਰ ਯੁੱਧ ਦਾ ਕਹਿਰ ਤੇ ਭਿਅੰਕਰਤਾ ਵੀ ਓਨੀ ਹੀ ਅਮਾਨਵੀ ਪਰਵੇਸ਼ ਵਾਲੀ ਸੀ।
ਇਸ ਜੰਗ ਵਿਚ ਇਕ ਪਾਸੇ ਜਰਮਨੀ, ਆਸਟਰੀਆ-ਹੰਗਰੀ ਤੇ ਇਟਲੀ ਦੀ ਤਿੱਕੜੀ ਸੀ ਅਤੇ ਦੂਸਰੇ ਪਾਸੇ ਫਰਾਂਸ, ਰੂਸ ਅਤੇ ਇੰਗਲੈਂਡ ਦੀ। ਜਾਪਾਨ ਤੇ ਰੋਮਾਨੀਆ ਨੇ ਫਰਾਂਸ, ਰੂਸ ਤੇ ਇੰਗਲੈਂਡ ਦਾ ਸਾਥ ਦਿੱਤਾ ਜਦੋਂਕਿ ਆਟੋਮਨ ਬਾਦਸ਼ਾਹਤ ਨੇ ਆਸਟਰੀਆ-ਹੰਗਰੀ ਤੇ ਜਰਮਨੀ ਦਾ। ਅਮਰੀਕਾ ਨੇ ਪਹਿਲਾਂ ਨਿਰਪੱਖਤਾ ਵਿਖਾਈ ਪਰ 1917 ਵਿਚ ਉਸ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕੀਤਾ। ਅੰਤਲੇ ਵਰ੍ਹਿਆਂ ਵਿਚ ਇਟਲੀ ਦੂਸਰੀ ਧਿਰ ਨਾਲ ਰਲ ਗਿਆ। ਏਸ ਜੰਗ ਦਾ ਮੁੱਖ ਕਾਰਨ ਸੀ ਕਿ ਇਹ ਤਾਕਤਾਂ ਏਸ਼ੀਆ ਤੇ ਅਫ਼ਰੀਕਾ ਦੇ ਵੱਧ ਤੋਂ ਵੱਧ ਦੇਸ਼ਾਂ ’ਤੇ ਕਾਬਜ਼ ਹੋਣਾ ਚਾਹੁੰਦੀਆਂ ਸਨ ਅਤੇ ਓਥੋਂ ਦੇ ਕੁਦਰਤੀ ਖ਼ਜ਼ਾਨਿਆਂ ਨੂੰ ਲੁੱਟਣ ਦੇ ਨਾਲ ਨਾਲ ਓਥੇ ਆਪਣੀਆਂ ਮੰਡੀਆਂ ਸਥਾਪਿਤ ਕਰਨਾ ਚਾਹੁੰਦੀਆਂ ਸਨ। ਜਰਮਨੀ ਜ਼ਿਆਦਾ ਰਫ਼ਤਾਰ ਨਾਲ ਤਰੱਕੀ ਕਰਕੇ ਤਾਕਤਵਰ ਬਣ ਰਿਹਾ ਸੀ ਅਤੇ ਇੰਗਲੈਂਡ ਤੇ ਫਰਾਂਸ ਰੂਸ ਨਾਲ ਮਿਲ ਕੇ ਉਸ ਦੇ ਵਧਦੇ ਹੋਏ ਪਸਾਰ ਨੂੰ ਰੋਕਣਾ ਚਾਹੁੰਦੇ ਸਨ।
ਇਸ ਜੰਗ ਨੇ ਦੁਨੀਆਂ ਦੇ ਇਤਿਹਾਸ ਵਿਚ ਇਤਿਹਾਸਕ ਤਬਦੀਲੀਆਂ ਲਿਆਂਦੀਆਂ। ਰੂਸੀ, ਜਰਮਨੀ, ਆਸਟਰੋ-ਹੰਗਰੀਅਨ ਤੇ ਇਟਲੀ ਦੀਆਂ ਬਾਦਸ਼ਾਹਤਾਂ ਤਬਾਹ ਹੋ ਗਈਆਂ ਤੇ ਇਨ੍ਹਾਂ ਦੀ ਥਾਂ ’ਤੇ ਕੌਮੀਅਤ ’ਤੇ ਆਧਾਰਿਤ ਦੇਸ਼ ਹੋਂਦ ਵਿਚ ਆਏ। ਰੂਸ ਵਿਚ ਸੋਵੀਅਤ ਇਨਕਲਾਬ ਆਇਆ। 1918 ਵਿਚ ਜੰਗਬੰਦੀ ਹੋ ਗਈ ਅਤੇ ਵਰਸੇਲਜ ਦੀ ਸੰਧੀ ਰਾਹੀਂ ਜਰਮਨੀ ਉੱਤੇ ਬਹੁਤ ਸਖ਼ਤ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਸਿੱਟੇ ਵਜੋਂ ਨਾਜ਼ੀ ਪਾਰਟੀ ਦਾ ਉਦੈ ਸ਼ੁਰੂ ਹੋਇਆ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਯਹੂਦੀਆਂ ਦੇ ਘਾਣ ਤੇ ਦੂਸਰੇ ਸੰਸਾਰ ਯੁੱਧ ਦੀ ਬੁਨਿਆਦ ਪਹਿਲੇ ਸੰਸਾਰ ਯੁੱਧ ਦੇ ਖ਼ਤਮ ਹੋਣ ਦੇ ਨਾਲ ਨਾਲ ਹੀ ਰੱਖੀ ਗਈ।
ਯੁੱਧ ਵਿਚ ਲਗਭਗ ਸੱਤ ਕਰੋੜ ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਛੇ ਕਰੋੜ ਯੂਰੋਪੀਅਨ ਸਨ। ਲਗਭਗ 90 ਲੱਖ ਫ਼ੌਜੀ ਅਤੇ 7 ਲੱਖ ਆਮ ਲੋਕ ਮਾਰੇ ਗਏ। ਭੁੱਖਮਰੀ, ਪਲੇਗ ਅਤੇ ਇਨਫਲੂਏਂਜਾ ਦੀਆਂ ਬਿਮਾਰੀਆਂ ਨੇ ਲੱਖਾਂ ਜਾਨਾਂ ਲਈਆਂ। ਇਸ ਦੌਰਾਨ ਹੋਈ ਨਸਲਕੁਸ਼ੀ (ਜੈਨੋਸਾਈਡ) ਵਿਚ 15 ਲੱਖ ਅਰਮੀਨੀਅਨ, 2.5 ਲੱਖ ਅਸੀਰਅਨ (ਇਰਾਕ, ਟਰਕੀ ਆਦਿ ਵਿਚ ਰਹਿਣ ਵਾਲੇ) ਈਸਾਈ ਤੇ 3.5 ਲੱਖ ਤੋਂ ਵੱਧ ਅਨਤੋਲੀਅਨ ਤੇ ਪੋਟਿੰਕ ਗਰੀਕ ਮਾਰੇ ਗਏ।
ਇਸ ਜੰਗ ਵਿਚ ਹਿੰਦੋਸਤਾਨ ਦੇ ਦਸ ਲੱਖ ਸਿਪਾਹੀ ਵੀ ਸ਼ਾਮਲ ਹੋਏ ਜਿਨ੍ਹਾਂ ਵਿਚੋਂ ਲਗਭਗ 74 ਹਜ਼ਾਰ ਮਾਰੇ ਗਏ ਤੇ 70 ਹਜ਼ਾਰ ਜ਼ਖ਼ਮੀ ਹੋਏ। ਹਿੰਦੋਸਤਾਨ ਦੇ ਵੱਖ ਵੱਖ ਹਿੱਸਿਆਂ ਤੋਂ ਗਈਆਂ ਫ਼ੌਜਾਂ ਅਫ਼ਰੀਕਾ, ਯੂਰੋਪ, ਮੈਸੋਪੋਟਾਮੀਆ (ਦਜ਼ਲਾ ਅਤੇ ਫ਼ਰਾਤ ਦਰਿਆਵਾਂ ਵਿਚਲਾ ਖੇਤਰ ਜਿਸ ਵਿਚ ਇਰਾਕ, ਕੁਵੈਤ ਅਤੇ ਸਾਊਦੀ ਅਰਬ, ਸੀਰੀਆ ਅਤੇ ਟਰਕੀ ਦੇ ਕੁਝ ਹਿੱਸੇ ਸ਼ਾਮਲ ਹਨ), ਗੈਲੀਪੌਲੀ ਅਤੇ ਦੁਨੀਆਂ ਦੇ ਹੋਰ ਭਾਗਾਂ ਵਿਚ ਲੜੀਆਂ। ਮੈਸੋਪੋਟਾਮੀਆ ਵਿਚੋਂ ਲੜੀਆਂ ਫ਼ੌਜਾਂ ਵਿਚ ਪੰਜਾਬ ਦੇ ਬਹੁਤ ਸਾਰੇ ਸਿਪਾਹੀਆਂ ਨੇ ਹਿੱਸਾ ਲਿਆ ਤੇ ਇਸ ਕਰਕੇ ਪੰਜਾਬੀ ਇਸ ਨੂੰ ‘ਬਸਰੇ ਦੀ ਲਾਮ’ ਕਹਿ ਕੇ ਵੀ ਯਾਦ ਕਰਦੇ ਹਨ।
ਯੁੱਧ ਦੇ ਸ਼ੁਰੂ ਹੋਣ ਵੇਲੇ ਹਿੰਦੋਸਤਾਨ ਤੋਂ ਗਈਆਂ ਫ਼ੌਜਾਂ ਵਿਚ ਇਕ ਲੱਖ ਪੰਜਾਬੀ ਸ਼ਾਮਿਲ ਸਨ ਜਿਨ੍ਹਾਂ ਦੀ ਗਿਣਤੀ 1918 ਤਕ ਚਾਰ ਲੱਖ ਸੱਤਰ ਹਜ਼ਾਰ ਤਕ ਪਹੁੰਚ ਗਈ। ਇਸ ਤਰ੍ਹਾਂ ਪੰਜਾਬੀ ਹਿੰਦੋਸਤਾਨ ਤੋਂ ਗਈ ਫ਼ੌਜ ਦਾ 40 ਫ਼ੀਸਦੀ ਹਿੱਸਾ ਹੋ ਗਏ ਜਦੋਂਕਿ ਪੰਜਾਬ ਦੀ ਆਬਾਦੀ ਹਿੰਦੋਸਤਾਨ ਦੀ ਆਬਾਦੀ ਦਾ 7.5 ਫ਼ੀਸਦ ਸੀ। ਲਗਭਗ 13 ਹਜ਼ਾਰ ਪੰਜਾਬੀ ਸਿਪਾਹੀ ਮਾਰੇ ਗਏ ਅਤੇ ਏਨੀ ਹੀ ਗਿਣਤੀ ਵਿਚ ਜ਼ਖ਼ਮੀ ਹੋਏ। ਇਸ ਭਰਤੀ ਵਿਚ ਕੁਝ ਲੋਕ ਤਾਂ ਮਰਜ਼ੀ ਨਾਲ ਭਰਤੀ ਹੋਏ ਪਰ ਬਹੁਤ ਸਾਰੀ ਭਰਤੀ ਜ਼ਬਰਦਸਤੀ ਕਰਵਾਈ ਗਈ ਅਤੇ ਜ਼ਬਰਦਸਤੀ ਭਰਤੀ ਕਰਾਉਣ ਵਾਲਿਆਂ ਨੂੰ ਵੱਡੇ ਵੱਡੇ ਸਰਕਾਰੀ ਖ਼ਿਤਾਬਾਂ ਤੇ ਜਗੀਰਾਂ ਨਾਲ ਨਿਵਾਜਿਆ ਗਿਆ।
ਬਸਤੀਵਾਦੀ ਨਿਜ਼ਾਮ ਹੇਠ ਰਹਿ ਚੁੱਕੇ ਲੋਕਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਮਾਨਸਿਕਤਾ ਬਹੁਤ ਜਟਿਲ ਤੇ ਗੁੰਝਲਦਾਰ ਹੁੰਦੀ ਹੈ। ਪੰਜਾਬੀਆਂ ਨੂੰ ਵੀ ਇਹ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਕਿ ਪਹਿਲੇ ਸੰਸਾਰ ਯੁੱਧ ਵਿਚ ਮਾਰੇ ਜਾਣ ਵਾਲੇ ਪੰਜਾਬੀਆਂ ਨੂੰ ਉਨ੍ਹਾਂ ਦੀ ਬਹਾਦਰੀ ਦੀ ਦਾਸਤਾਨ ਵਜੋਂ ਪੇਸ਼ ਕੀਤਾ ਜਾਏ ਜਾਂ ਮਜਬੂਰੀ ਕਾਰਨ ਜਾਂ ਮਰਜ਼ੀ ਨਾਲ ਭਰਤੀ ਹੋਏ ਲੋਕਾਂ ਦੀ ਉਸ ਹੋਣੀ ਵਜੋਂ ਜਿਸ ਕਰਕੇ ਉਨ੍ਹਾਂ ਨੂੰ ਬਸਤੀਵਾਦੀ ਹਿੱਤਾਂ ਲਈ ਲੜਨਾ ਪਿਆ। ਪੰਜਾਬੀ ਲੋਕ-ਮਾਨਸ ਵਿਚ ਇਹ ਯਾਦਾਂ ਬਹੁਤ ਵਿਰੋਧਾਭਾਸ ਵਾਲੀਆਂ ਹਨ। ਜੰਗ ਦੇ ਸ਼ੁਰੂ ਵਿਚ ਭਾਈ ਛਲੀਆ ਪਟਿਆਲੇ ਵਾਲੇ ਨੇ ਅੰਗਰੇਜ਼ਾਂ ਦੇ ਕਹਿਣ ’ਤੇ ਇਹ ਤਵਾ ਬਣਾਇਆ : ‘‘ਭਰਤੀ ਹੋ ਜਾ ਵੇ ਬਾਹਰ ਖੜ੍ਹੇ ਰੰਗਰੂਟ/ ਏਥੇ ਖਾਵੇਂ ਸੁੱਕੀ ਹੋਈ ਰੋਟੀ ਓਥੇ ਖਾਵੇਂ ਫਰੂਟ/ ਏਥੇ ਪਾਵੇਂ ਫਟੇ ਹੋਏ ਲੀੜੇ ਓਥੇ ਪਾਵੇਂ ਸੂਟ/ ਏਥੇ ਪਾਵੇਂ ਟੁੱਟੀ ਹੋਈ ਜੁੱਤੀ ਓਥੇ ਪਾਵੇਂ ਬੂਟ।’’ ਜਦ ਲੜਾਈ ਬਹੁਤ ਲੰਬੀ ਹੋ ਗਈ ਅਤੇ ਪੰਜਾਬੀਆਂ ਦੇ ਵੱਡੀ ਗਿਣਤੀ ਵਿਚ ਮਰਨ ਅਤੇ ਜੰਗ ਦੌਰਾਨ ਅਣਮਨੁੱਖੀ ਤੇ ਅਮਾਨਵੀ ਹਾਲਾਤ ਦੀਆਂ ਖ਼ਬਰਾਂ ਪੰਜਾਬ ਪਹੁੰਚੀਆਂ ਤਾਂ ਪੰਜਾਬੀ ਲੋਕ-ਮਾਨਸ ਹਲੂਣਿਆ ਗਿਆ ਜਿਸ ਦੀਆਂ ਯਾਦਾਂ ਇਹੋ ਜਿਹੇ ਗੀਤਾਂ ਵਿਚ ਸਮੋਈਆਂ ਹੋਈਆਂ ਹਨ: ‘‘ਸੜਕਾਂ ਵਿਚ ਟੋਏ ਨੀ/ ਬੱਚੜੇ ਗ਼ਰੀਬਾਂ ਦੇ/ ਬਸਰੇ ਵਿਚ ਮੋਏ ਨੀ।’’… ‘‘ਸੜਕਾਂ ’ਤੇ ਜੰਡੀਆਂ ਨੀ/ ਬਸ ਕਰ ਜਰਮਨ ਭੈੜਿਆ/ ਘਰੇ ਘਰ ਰੰਡੀਆਂ ਨੀ।’’… ‘‘ਤੱਤੀ ਰੇਤ ਕੜਾਹੀਆਂ ਦੀ/ ਬਸ ਕਰ ਜਰਮਨੀਆਂ/ ਨਈਂ ਲੋੜ ਲੜਾਈਆਂ ਦੀ।’’… ‘‘ਮਰ ਗਏ ਪੰਛੀ, ਮਰ ਗਏ ਹਾਸੇ, ਸੱਭੇ ਬੇੜੀਆਂ ਡੁੱਬੀਆਂ/ ਖਾ ਖਾ ਮਾਸ ਲਹੂ ਵੀ ਪੀਣੇ, ਕਬਰ ਦੀਆਂ ਨੇ ਰਮਜ਼ਾਂ ਗੁੱਝੀਆਂ।’’ ਦਿਲ ਵਿਚ ਧੂਹ ਪਾਉਣ ਵਾਲੀਆਂ ਇਹ ਸਤਰਾਂ ਵੀ ਉਨ੍ਹਾਂ ਵੇਲਿਆਂ ਦੀ ਯਾਦ ਹਨ: ‘‘ਬਸਰੇ ਦੀ ਲਾਮ ਟੁੱਟ ਜੇ/ ਨੀ ਮੈਂ ਰੰਡੀਓ ਸੁਹਾਗਣ ਹੋਵਾਂ।’’ ਤੇ ਫੇਰ ਜਦੋਂ ਪੰਜਾਬੀ ਘਰਾਂ ਨੂੰ ਮੁੜੇ ਤਾਂ ਪੰਜਾਬੀ ਮਾਵਾਂ ਨੇ ਕਿਹਾ: ‘‘ਮਾਵਾਂ ਦੇ ਸਭ ਬੱਚੜੇ ਪਰਦੇਸ/ ਮੈਂਡੇ ਬੱਚੜਿਓ ਵੇ, ਮੌਲ਼ਾ ਲਾਮ ਤ੍ਰੋੜੈ ਨੇ/ ਪੰਜ ਤਨ ਰਾਖਾ ਨੇ, ਅੱਲਾ ਖ਼ੈਰੀਂ ਮੋੜੈ ਨੇ।’’
ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਜੰਗ ਦੇ ਸ਼ੁਰੂ ਵਿਚ ਹੀ ਕੈਨੇਡਾ ਤੇ ਅਮਰੀਕਾ ਨੂੰ ਪਰਵਾਸ ਕਰ ਗਏ ਪੰਜਾਬੀਆਂ ਨੇ ਗ਼ਦਰ ਪਾਰਟੀ ਬਣਾਈ ਅਤੇ ਉਹ ਅੰਗਰੇਜ਼ੀ ਰਾਜ ਦਾ ਤਖ਼ਤਾ ਪਲਟਾਉਣ ਲਈ ਪੰਜਾਬ ਪਰਤੇ। ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਹੋਰਨਾਂ ਦੀ ਅਗਵਾਈ ਹੇਠ ਕਰਾਈ ਜਾਣ ਵਾਲੀ ਫ਼ੌਜੀ ਬਗ਼ਾਵਤ ਕਾਮਯਾਬ ਨਾ ਹੋਈ ਅਤੇ ਬਹੁਤ ਸਾਰੇ ਗ਼ਦਰੀ ਫ਼ਾਂਸੀ ’ਤੇ ਟੰਗੇ ਗਏ ਤੇ ਬਾਕੀਆਂ ਨੇ ਕਾਲੇ ਪਾਣੀ ਵਿਚ ਲੰਬੀਆਂ ਸਜ਼ਾਵਾਂ ਭੋਗੀਆਂ। ਇਸੇ ਤਰ੍ਹਾਂ ਗ਼ਦਰੀਆਂ ਦੇ ਪ੍ਰਭਾਵ ਹੇਠਾਂ ਆਈ ਸਿੰਗਾਪੁਰ ’ਚ ਸਥਿਤ ਪੰਜਵੀਂ ਲਾਈਟ ਇਨਫੈਂਟਰੀ, ਜਿਸ ਵਿਚ ਜ਼ਿਆਦਾਤਰ ਪੰਜਾਬੀ, ਮੁਸਲਮਾਨ ਤੇ ਪਠਾਣ ਸਨ, ਨੇ ਬਗ਼ਾਵਤ ਕਰ ਦਿੱਤੀ। ਇਸ ਰਜਮੈਂਟ ਦੇ ਬਹੁਤ ਸਾਰੇ ਵਿਦਰੋਹੀਆਂ ਨੂੰ ਉਮਰ ਕੈਦ ਤੇ ਹੋਰ ਲੰਬੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇਸ ਤਰ੍ਹਾਂ ਇਸ ਯੁੱਧ ਵਿਚ ਜਿੱਥੇ ਲੱਖਾਂ ਪੰਜਾਬੀ ਅੰਗਰੇਜ਼ਾਂ ਦੇ ਹਿੱਤਾਂ ਲਈ ਲੜੇ, ਉੱਥੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਅੰਗਰੇਜ਼ੀ ਸਾਮਰਾਜ ਦੇ ਜੂਲੇ ਨੂੰ ਗਲੋਂ ਲਾਹੁਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ।
ਅੰਗਰੇਜ਼ੀ ਸਾਮਰਾਜ ਨੇ ਹਿੰਦੋਸਤਾਨੀ ਸਿਪਾਹੀਆਂ ਦੀ ਦੇਣ ਨੂੰ ਵਡਿਆਇਆ ਤੇ ਯਾਦਗਾਰ ਵਜੋਂ ਦਿੱਲੀ ਵਿਚ ‘ਇੰਡੀਆ ਗੇਟ’ ਬਣਾਇਆ ਪਰ ਇਸ ਵਿਚ ਹਕੂਮਤ ਨੇ ਸਾਮਰਾਜੀ ਜ਼ਹਿਨੀਅਤ ਦਾ ਭਰਪੂਰ ਪ੍ਰਗਟਾਵਾ ਕੀਤਾ। ਜਿੱਥੇ ਮਜਬੂਰੀ ਵਿਚ ਦਿਖਾਈ ਗਈ ਬਹਾਦਰੀ ਨੂੰ ਅੰਗਰੇਜ਼ੀ ਬਾਦਸ਼ਾਹਤ ਵਿਚ ਵਿਸ਼ਵਾਸ ਤੇ ਵਫ਼ਾਦਾਰੀ ਦਾ ਪ੍ਰਤੀਕ ਮੰਨਿਆ, ਉੱਥੇ ਉਨ੍ਹਾਂ ਨੇ ਲੋਕਾਂ ਦੀ ਜਗੀਰਦਾਰੀ ਬਿਰਤੀ ਨੂੰ ਹਉਮੈ ਦੇ ਪੱਠੇ ਪਾਉਣ ਵਿਚ ਕੋਈ ਕਸਰ ਨਾ ਛੱਡੀ। ਅੰਗਰੇਜ਼ਾਂ ਨੇ ਇਸ ਬਹਾਦਰੀ ਨੂੰ ਰਾਜਪੂਤਾਂ, ਗੋਰਖਿਆਂ, ਸਿੱਖਾਂ, ਮਰਾਠਿਆਂ ਤੇ ਕਈ ਜਾਤਾਂ ’ਤੇ ਆਧਾਰਿਤ ਬਣਾਈਆਂ ਗਈਆਂ ਰਜਮੈਂਟਾਂ ਤੇ ਉਨ੍ਹਾਂ ਜਾਤਾਂ ਜਾਂ ਨਸਲਾਂ ਦੀ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਦੇ ਸਬੂਤ ਵਜੋਂ ਪੇਸ਼ ਕੀਤਾ ਗਿਆ। ਇਹ ਜ਼ਹਿਨੀਅਤ ਅੱਜ ਵੀ ਆਪਣਾ ਕੰਮ ਕਰਦੀ ਦਿਖਾਈ ਦਿੰਦੀ ਹੈ ਅਤੇ ਪੱਛਮੀ ਤਾਕਤਾਂ ਮੌਕਾ ਪੈਣ ’ਤੇ ਇਸ ਲੜਾਈ ਵਿਚ ਗ਼ੈਰ-ਯੂਰੋਪੀਅਨ ਲੋਕਾਂ ਦੁਆਰਾ ਪਾਏ ਗਏ ਹਿੱਸੇ ਨੂੰ ਵੱਖ ਵੱਖ ਨਸਲਾਂ ਤੇ ਧਰਮਾਂ ਦੀ ਉਨ੍ਹਾਂ ਪ੍ਰਤੀ ਵਫ਼ਾਦਾਰੀ ਦੀ ਯਾਦ ਵਜੋਂ ਵਡਿਆਉਂਦੀਆਂ ਹਨ ਅਤੇ ਆਪਣੇ ਦੇਸ਼ਾਂ ਵਿਚਲੇ ਸਿਆਸੀ ਸਮੀਕਰਨਾਂ ਲਈ ਵਰਤਦੀਆਂ ਹਨ। ਨਿਸ਼ਚੇ ਹੀ ਪੰਜਾਬੀ ਬਹੁਤ ਬਹਾਦਰ ਹਨ ਤੇ ਇਸ ਬਹਾਦਰੀ ਨੂੰ ਵਡਿਆਇਆ ਜਾਣਾ ਚਾਹੀਦਾ ਹੈ ਪਰ ਇਸ ਵਡਿਆਈ ਨੂੰ ਇਤਿਹਾਸਕ ਪਰਿਪੇਖ ਵਿਚ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਅਸਲੀ ਵਡਿਆਈ ਦੇ ਹੱਕਦਾਰ ਉਹ ਲੋਕ ਹਨ ਜਿਨ੍ਹਾਂ ਨੇ ਗ਼ੁਲਾਮੀ ਵਿਰੁੱਧ ਲੜਦਿਆਂ ਅੰਗਰੇਜ਼ਾਂ ਨਾਲ ਆਢਾ ਲਿਆ।
ਇਸ ਜੰਗ ਦੀਆ ਯਾਦਾਂ ਮਨੁੱਖੀ ਲਾਲਚ ਕਾਰਨ ਹੋਈ ਭਿਆਨਕ ਬੇਰਹਿਮੀ, ਕਰੂਰਤਾ ਤੇ ਬਰਬਰਤਾ ਵਾਲੀਆਂ ਹਨ ਅਤੇ ਮਨੁੱਖਤਾ ਨੂੰ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। ਏਹੋ ਜਿਹੇ ਹਾਲਾਤ ਵਿਚ ਦਿਖਾਈ ਗਈ ਨਿੱਜੀ ਬਹਾਦਰੀ ਕਿਸੇ ਇਨਸਾਨ ਜਾਂ ਪਰਿਵਾਰ ਲਈ ਨਿੱਜੀ ਸਨਮਾਨ ਦੀ ਹੱਕਦਾਰ ਹੈ ਅਤੇ ਉਸ ਨੂੰ ਏਸੇ ਤਰ੍ਹਾਂ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ, ਸਮੂਹਿਕ ਜਸ਼ਨ ਵਜੋਂ ਨਹੀਂ।

-ਸਵਰਾਜਬੀਰ


Comments Off on ਪਹਿਲਾ ਵਿਸ਼ਵ ਯੁੱਧ ਤੇ ਪੰਜਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.