ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ ?

Posted On November - 28 - 2018

ਕਿਤਾਬਾਂ ਦਾ ਕੋਈ ਮੁਕਾਬਲਾ ਨਹੀਂ
ਉਹ ਵੀ ਸਮਾਂ ਸੀ ਜਦੋਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਬੈਠਣ ਲਈ ਵਿਦਿਆਰਥੀਆਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਅਧਿਆਪਕ ਜਾਣ-ਬੁੱਝ ਕੇ ਵਿਦਿਆਰਥੀਆਂ ਨੂੰ ਅਜਿਹੇ ਵਿਸ਼ਿਆਂ ਬਾਰੇ ਨੋਟਸ ਬਣਾਉਣ ਲਈ ਦਿੰਦੇ ਹੁੰਦੇ ਸਨ, ਜਿਨ੍ਹਾਂ ਨੂੰ ਤਿਆਰ ਕਰਨ ਲਈ ਅਲੱਗ-ਅਲੱਗ ਕਿਤਾਬਾਂ ਦਾ ਅਧਿਐਨ ਕਰਨਾ ਪੈਂਦਾ ਸੀ। ਇਸ ਦਾ ਨਤੀਜਾ ਇਹ ਨਿਕਲਦਾ ਸੀ ਕਿ ਵਿਦਿਆਰਥੀਆਂ ਦੀ ਵਿਸ਼ੇ ਉੱਤੇ ਕਮਾਲ ਦੀ ਪਕੜ ਬਣਦੀ ਸੀ, ਪਰ ਹੁਣ ਸਮਾਂ ਬੀਤਣ ਦੇ ਨਾਲ ਲਾਇਬ੍ਰੇਰੀਆਂ ਦੀ ਰੌਣਕ ਖ਼ਤਮ ਹੋ ਰਹੀ ਹੈ। ਵਿਦਿਆਰਥੀਆਂ ਵਿਚ ਇਹ ਆਦਤ ਬਣਦੀ ਜਾ ਰਹੀ ਹੈ ਕਿ ਹਰ ਛੋਟੀ ਮੋਟੀ ਸੂਚਨਾ ਲਈ ਵੀ ਇੰਟਰਨੈੱਟ ਵਰਤਿਆ ਜਾਂਦਾ ਹੈ, ਜੋ ਬੇਹੱਦ ਨੁਕਸਾਨਦੇਹ ਹੈ। ਲਾਇਬ੍ਰੇਰੀਆਂ ਦੀ ਹੋਂਦ ਬਚਾਉਣ ਲਈ ਅਧਿਆਪਕਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਵਿਦਿਆਰਥੀਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਨਾ ਸਮੇਂ ਦੀ ਜ਼ਰੂਰਤ ਹੈ ਕਿ ਵੈੱਬਸਾਈਟਾਂ, ਕਿਤਾਬਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
ਪੰਕਜ ਕੁਮਾਰ ਸ਼ਰਮਾ, ਅੰਮ੍ਰਿਤਸਰ
ਲਾਇਬ੍ਰੇਰੀਆਂ ਸਮੇਂ ਦੇ ਹਾਣ ਦੀਆਂ ਬਣਨ
ਲਾਇਬ੍ਰੇਰੀ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘ਲੀਬਰੇ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕਿਤਾਬਾਂ। ਸਿੱਖਿਆ ਦਾ ਮਾਹੌਲ ਸਿਰਜਨ ਵਿੱਚ ਲਾਇਬ੍ਰੇਰੀ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਚੰਗੀਆਂ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਮਿੱਤਰ ਮੰਨੀਆਂ ਜਾਂਦੀਆਂ ਹਨ ਅਤੇ ਲਾਇਬ੍ਰੇਰੀਆਂ ਅਜਿਹੀਆਂ ਕਿਤਾਬਾਂ ਦਾ ਵਿਸ਼ਾਲ ਭੰਡਾਰ ਹੁੰਦੀਆਂ ਹਨ। ਡਿਜੀਟਲ ਯੁੱਗ ਦੇ ਪ੍ਰਭਾਵ ਕਾਰਨ ਵਿਦਿਆਰਥੀਆਂ ਅਤੇ ਪਾਠਕਾਂ ਦਾ ਲਾਇਬ੍ਰੇਰੀ ਪ੍ਰਤੀ ਰੁਝਾਨ ਘੱਟ ਰਿਹਾ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਅਤੇ ਲਾਇਬ੍ਰੇਰੀਆਂ ਦੇ ਮਹੱਤਵ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਇਸ ਤੋਂ ਇਲਾਵਾ ਲਾਇਬ੍ਰੇਰੀਆਂ ਦੇ ਪ੍ਰਬੰਧਾਂ ਵਿਚ ਸਮੇਂ ਸਮੇਂ ’ਤੇ ਸੁਧਾਰ ਕੀਤੇ ਜਾਣ, ਕਿਤਾਬਾਂ ਦੇ ਕੈਟਾਲੌਗ ਕੰਪਿਊਟਰਾਈਜ਼ਡ ਹੋਣ ਤੇ ਲਾਇਬ੍ਰੇਰੀ ਵਿਚ ਨਵੀਆਂ ਪੁਸਤਕਾਂ ਤੇ ਰਸਾਲੇ ਸਮੇਂ ਸਮੇਂ ’ਤੇ ਸ਼ਾਮਲ ਕੀਤੇ ਜਾਣ। ਇਸ ਬਾਬਤ ਸਾਂਝੇ ਯਤਨ ਕਰਨ ਦੀ ਲੋੜ ਹੈ।
ਗੁਰਮੀਤ ਸਿੰਘ, ਪਿੰਡ ਰਾਜਗੜ੍ਹ (ਪਟਿਆਲਾ)
ਤੁਰਦੀ-ਫਿਰਦੀ ਲਾਇਬ੍ਰੇਰੀ ਮਸਲੇ ਦਾ ਹੱਲ
ਅੱਜ ਦੇ ਤਕਨਾਲੋਜੀ ਦੇ ਜ਼ਮਾਨੇ ਵਿਚ ਲਾਇਬ੍ਰੇਰੀਆਂ ਦੀ ਹੋਂਦ ਬਚਾਉਣ ਲਈ ਪ੍ਰਾਇਮਰੀ ਕਲਾਸਾਂ ਤੋਂ ਕਿਤਾਬ ਸੱਭਿਆਚਾਰ ਪ੍ਰਫੁੱਲਿਤ ਕੀਤਾ ਜਾਵੇ। ਪ੍ਰਾਇਮਰੀ ਸਿੱਖਿਆ ਤੋਂ ਉੱਚ ਸਿੱਖਿਆ ਤੱਕ ਲਾਇਬ੍ਰੇਰੀ ਦਾ ਪੀਰੀਅਡ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ-ਕਾਲਜਾਂ ਵਿਚ ਵਧੇਰੇ ਆਕਰਸ਼ਿਤ ਲਾਇਬ੍ਰੇਰੀਆਂ ਦਾ ਨਿਰਮਾਣ ਕੀਤਾ ਜਾਵੇ। ਮਨੁੱਖੀ ਵਿਕਾਸ ਵਿਚ ਕਿਤਾਬਾਂ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਉਣਾ ਵੀ ਲਾਜ਼ਮੀ ਹੈ। ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਤੇ ਉਸਾਰੂ ਸਾਹਿਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇ। ਕਲਾਸਾਂ ਵਿਚ ਵਧੀਆ ਕਿਤਾਬਾਂ ਉਪਰ ਗੋਸ਼ਟੀ ਕਰਵਾਈ ਜਾਵੇ ਤੇ ਗੋਸ਼ਟੀ ਵਿਚ ਭਾਗ ਲੈਣਾ ਹਰ ਵਿਦਿਆਰਥੀ ਲਈ ਲਾਜ਼ਮੀ ਕੀਤਾ ਜਾਵੇ। ਪਿੰਡਾਂ ਵਿਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ ਤੇ ਤੁਰਦੀ-ਫ਼ਿਰਦੀ ਲਾਇਬ੍ਰੇਰੀ ਵੀ ਹੋਵੇ।
ਡਾ. ਮਨਦੀਪ ਕੌਰ, ਤਪਾ ਮੰਡੀ
ਕਿਤਾਬਾਂ ਦੀ ਚੇਟਕ ਲਾਉਣ ਅਧਿਆਪਕ
ਸਾਰੇ ਸਕੂਲਾਂ ਤੇ ਕਾਲਜਾਂ ਵਿਚ ਲਾਇਬ੍ਰੇਰੀਆਂ ਯਕੀਨੀ ਬਣਾਈਆਂ ਜਾਣ। ਸਕੂਲਾਂ ਤੇ ਕਾਲਜਾਂ ਦੇ ਅਧਿਆਪਕ ਵੀ ਵਿਦਿਆਰਥੀਆਂ ਨੂੰ ਸਿਲੇਬਸਾਂ ਤੋਂ ਬਾਹਰ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ। ਸਕੂਲ ਪੱਧਰ ਤੋਂ ਹੀ ਬਾਲ ਸਭਾ ਵਾਂਗ ਲਾਇਬ੍ਰੇਰੀ ਵਿਚ ਕਿਤਾਬਾਂ ਪੜ੍ਹਨ ਲਈ ਇੱਕ ਦਿਨ ਜਾਂ ਰੋਜ਼ ਇੱਕ ਪੀਰੀਅਡ ਰਾਖਵਾਂ ਹੋਣਾ ਚਾਹੀਦਾ ਹੈ। ਲੇਖਕਾਂ ਦੇ ਜਨਮ ਦਿਵਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਤੇ ਕਿਤਾਬਾਂ ਬਾਰੇ ਦੱਸਣਾ ਚਾਹੀਦਾ ਹੈ। ਉੱਭਰਦੇ ਲੇਖਕਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ। ਸਾਰੀਆਂ ਅਗਾਂਹਵਧੂ ਜਥੇਬੰਦੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਲਾਇਬ੍ਰੇਰੀਆਂ ਲਈ ਕਿਤਾਬਾਂ ਦਾਨ ਕਰਨੀਆਂ ਚਾਹੀਦੀਆਂ ਹਨ।
ਮਨਪ੍ਰੀਤ ਪਿਉਰੀ, ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ)
ਲਾਇਬ੍ਰੇਰੀ ‘ਬ੍ਰੇਨ ਜਿਮ’ ਕਹਿ ਕੇ ਪ੍ਰਚਾਰੀ ਜਾਵੇ
ਡਿਜੀਟਲਾਈਜ਼ੇਸ਼ਨ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਕਿਸੇ ਵੀ ਸੂਚਨਾ ਨੂੰ ਅਸੀਂ ਕੰਪਿਊਟਰ ਦੀ ਸਕਰੀਨ ’ਤੇ ਦੇਖ ਜਾਂ ਪੜ੍ਹ ਸਕਦੇ ਹਾਂ। ਡਿਜੀਟਲ ਯੁੱਗ ਤੋਂ ਬਾਹਰ ਨਹੀਂ ਜਾਇਆ ਜਾ ਸਕਦਾ, ਸਗੋਂ ਲਾਇਬ੍ਰੇਰੀਆਂ ਨੂੰ ਇਸ ਦੇ ਹਾਣ ਦਾ ਬਣਾਉਣਾ ਪਵੇਗਾ। ਲਾਇਬ੍ਰੇਰੀ ਵਿਚ ਅੱਜ-ਕੱਲ੍ਹ ਰੱਖੀ ਜਾਂਦੀ ਮੈਂਬਰਸ਼ਿਪ ਫੀਸ ਨਾਲ ਸਾਜ਼ੋ-ਸਾਮਾਨ ਤੋਂ ਇਲਾਵਾ ਵਾਦ-ਵਿਵਾਦ, ਭਾਸ਼ਣ ਮੁਕਾਬਲੇ ਤੇ ਕੁਈਜ਼ ਆਦਿ ਕਰਵਾਏ ਜਾ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਡਿਜੀਟਲ ਕਿਤਾਬਾਂ, ਫੋਟੋਸਟੇਟ ਤੇ ਇੰਟਰਨੈੱਟ ਵਰਗੀ ਸਹੂਲਤ ਹੋਣੀ ਚਾਹੀਦੀ ਹੈ। ਸਰਕਾਰ ਲਾਇਬ੍ਰੇਰੀ ਨੂੰ ‘ਬ੍ਰੇਨ ਜਿਮ’ ਕਹਿ ਕੇ ਪ੍ਰਚਾਰਿਆ ਜਾਵੇ। ਡਿਜੀਟਲ ਯੁੱਗ ਵਿਚ ਡਿਜੀਟਲ ਲਾਇਬ੍ਰੇਰੀ ਹੀ ਸਮੇਂ ਦੀ ਮੰਗ ਹੈ।
ਅਭੀਜੀਤ ਸਿੰਘ, ਅੰਮ੍ਰਿਤਸਰ
ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ ਜਾਵੇ
ਅੱਜ ਦਾ ਯੁੱਗ ਡਿਜੀਟਲ ਯੁੱਗ ਹੈ। ਅੱਜ-ਕੱਲ੍ਹ ਹਰ ਇਕ ਸੂਚਨਾ ਜਾਂ ਜਾਣਕਾਰੀ ਇੰਟਰਨੈੱਟ ਤੋਂ ਅਸਾਨੀ ਨਾਲ ਮਿਲ ਜਾਂਦੀ ਹੈ, ਇਸੇ ਸਹੂਲਤ ਨੇ ਸਾਨੂੰ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਕਿਤਾਬਾਂ ਮਨੁੱਖ ਦਾ ਸੱਚਾ ਮਿੱਤਰ ਹੁੰਦੀਆਂ ਹਨ। ਇਸ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਘਰਾਂ ਤੇ ਸਕੂਲਾਂ ਵਿਚ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦੀ ਹੋਂਦ ਨੂੰ ਬਚਾਇਆ ਜਾ ਸਕੇ।
ਹਰਪ੍ਰੀਤ ਸਿੰਘ, ਬੂਟਾ ਸਿੰਘ ਵਾਲਾ (ਮੁਹਾਲੀ)
(ਇਹ ਬਹਿਸ ਅਗਲੇ ਵੀਰਵਾਰ ਸਮਾਪਤ ਕੀਤੀ ਜਾਵੇਗੀ)


Comments Off on ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.