ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    ਕੈਬਨਿਟ ਮੰਤਰੀਆਂ ਨੇ ਸੰਘਵਾਦ ਦੇ ਮੁੱਦੇ ’ਤੇ ਬਾਦਲਾਂ ਨੂੰ ਘੇਰਿਆ !    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਰਿਲੀਜ਼ !    ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਕਿਲੇਬੰਦੀ !    

ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On November - 21 - 2018

ਕਿਤਾਬ ਸੱਭਿਆਚਾਰ ਪ੍ਰਫੁੱਲਿਤ ਕਰਨ ਦੀ ਲੋੜ
ਅੱਜ ਜਦੋਂ ਡਿਜੀਟਲ ਯੁੱਗ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਵੱਲ ਮੋੜਨ ਦੀ ਲੋੜ ਹੈ। ਅੱਜ-ਕੱਲ੍ਹ ਮਾਪਿਆਂ ਵੱਲੋਂ ਕੁਝ ਤਾਂ ਬੱਚਿਆਂ ਦੀ ਜ਼ਿੱਦ ਕਰਕੇ ਅਤੇ ਕੁਝ ਉਨ੍ਹਾਂ ਨੂੰ ਆਹਰੇ ਲਾਉਣ ਖ਼ਾਤਰ ਮੋਬਾਈਲ ਦਾ ਸਹਾਰਾ ਲੈਂਦੇ ਆਮ ਦੇਖਿਆ ਜਾਂਦਾ ਹੈ। ਇਸ ਦੀ ਬਜਾਏ ਬੱਚਿਆਂ ਨੂੰ ਬਚਪਨ ਤੋਂ ਹੀ ਉਸਾਰੂ ਬਾਲ ਸਾਹਿਤ ਨਾਲ ਜੋੜਨ ਦੀ ਲੋੜ ਹੈ। ਬਾਲ ਕਹਾਣੀਆਂ, ਬਾਲ ਗੀਤ, ਬੁਝਾਰਤਾਂ, ਪ੍ਰੇਰਕ ਕਥਾਵਾਂ, ਮਹਾਨ ਪੁਰਸ਼ਾਂ ਦੀਆਂ ਜੀਵਨੀਆਂ ਆਦਿ ਨਾਲ ਸਬੰਧਤ ਕਿਤਾਬਾਂ ਪੜ੍ਹਨ ਦੀ ਆਦਤ ਜੇਕਰ ਸ਼ੁਰੂ ਤੋਂ ਹੀ ਪੈ ਜਾਵੇ ਤਾਂ ਇਸ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ, ਮੌਲਿਕ ਚਿੰਤਨ ਤੇ ਸ਼ਖ਼ਸੀਅਤ ਉਸਾਰੀ ਵਿਚ ਹਾਂ-ਪੱਖੀ ਅਸਰ ਪੈਂਦਾ ਹੈ। ਇਸ ਕੰਮ ਲਈ ਮਾਪੇ, ਵਿਦਿਅਕ ਸੰਸਥਾਵਾਂ ਤੇ ਸਮਾਜ ਸਭ ਦਾ ਸਾਂਝਾ ਹੰਭਲਾ ਬਹੁਤ ਸਹਾਈ ਹੋ ਸਕਦਾ ਹੈ। ਪਿੰਡਾਂ ਦੀਆਂ ਪੰਚਾਇਤਾਂ, ਨੌਜਵਾਨ ਸਭਾਵਾਂ, ਕਲੱਬਾਂ ਤੇ ਗ਼ੈਰ ਸਰਕਾਰੀ ਸੰਸਥਾਵਾਂ ਆਦਿ ਦੇ ਸਹਿਯੋਗ ਨਾਲ ਸਰਕਾਰ ਨੂੰ ਵੀ ਪਿੰਡ ਪੱਧਰ ’ਤੇ ਲਾਇਬ੍ਰੇਰੀਆਂ ਦੀ ਸਹੂਲਤ ਦਾ ਵਿਸਥਾਰ ਕਰਨਾ ਚਾਹੀਦਾ ਹੈ। ਜਿਸ ਸਮਾਜ ਵਿਚ ਲੋਕਾਂ ਨੂੰ ਕਿਤਾਬਾਂ ਦੀ ਚੇਟਕ ਲੱਗੀ ਹੋਵੇ, ਉੱਥੇ ਲਾਇਬ੍ਰੇਰੀਆਂ ਦੀ ਹੋਂਦ ਬਚਾਉਣਾ ਕੋਈ ਮੁਸ਼ਕਿਲ ਨਹੀਂ ਹੋਏਗਾ।
ਕੁਲਦੀਪ ਸ਼ਰਮਾ, ਪਿੰਡ ਖੁੱਡੀਆਂ ਗੁਲਾਬ ਸਿੰਘ (ਸ੍ਰੀ ਮੁਕਤਸਰ ਸਾਹਿਬ)

ਸਰਕਾਰ ਲਾਇਬ੍ਰੇਰੀਆਂ ਦੀ ਹੋਂਦ ਬਚਾਵੇ
ਕਿਤਾਬਾਂ ਜਿਹਾ ਸਾਥੀ ਕੋਈ ਨਹੀਂ ਹੋ ਸਕਦਾ। ਲਾਇਬ੍ਰੇਰੀ ਗਿਆਨ ਦਾ ਭੰਡਾਰ ਹੈ, ਜਿੱਥੇ ਹਰ ਕੋਈ ਗਿਆਨ ਪ੍ਰਾਪਤੀ ਲਈ ਆ ਸਕਦਾ ਹੈੇ। ਅਜੋਕੇ ਸਮੇਂ ਡਿਜੀਟਲ ਯੁੱਗ ਵਿਚ ਮੋਬਾਈਲ, ਕੰਪਿਊਟਰ ਆਦਿ ਨੇ ਲਾਇਬ੍ਰੇਰਰੀ ਨੂੰ ਗਹਿਰੀ ਸੱਟ ਮਾਰੀ ਹੈ। ਅੱਜ ਪੰਜਾਬ ਹੀ ਨਹੀਂ, ਭਾਰਤ, ਬਲਕਿ ਦੁਨੀਆਂ ਦੇ ਬਹੁਤ ਸਾਰੇ ਲੋਕ ਡਿਜੀਟਲ ਲਾਇਬ੍ਰ੍ਰੇਰੀਆਂ ਉਤੇ ਨਿਰਭਰ ਕਰਦੇ ਹਨ। ਲਾਇਬ੍ਰ੍ਰੇਰੀ ਦੀ ਹੋਂਦ ਬਚਾਉਣ ਲਈ ਸਕੂਲਾਂ ਤੇ ਕਾਲਜਾਂ ਆਦਿ ਵਿਚ ਮੁਹਿੰਮ ਚਲਾਈ ਜਾਵੇ ਤੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਮੁਹੱਈਆ ਕਰਾਈਆਂ ਜਾਣ। ਲਾਇਬ੍ਰੇਰੀ ਵਿਚ ਦਾਖ਼ਲੇ ਦੀ ਪ੍ਰਕਿਰਿਆ ਆਸਾਨ ਬਣਾਈ ਜਾਵੇ। ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਸਰਕਾਰੀ ਲਾਇਬ੍ਰ੍ਰੇਰੀਆਂ ਦੀ ਹੋਂਦ ਬਚਾਏੇ।
ਹਰਮਨਦੀਪ ਸਿੰਘ, ਜਗਤਾਰ ਨਗਰ, ਪਟਿਆਲਾ

ਪਿੰਡਾਂ ਦੇ ਯੂਥ ਕਲੱਬ ਹੰਭਲਾ ਮਾਰਨ
ਚੰਗੀਆਂ ਕਿਤਾਬਾਂ ਨੇ ਸਾਰਥਕ ਜ਼ਿੰਦਗੀ ਜਿਊਣ ਦਾ ਸਬਕ ਆਪਣੇ ਅੰਦਰ ਸਮੇਟਿਆ ਹੋਇਆ ਹੈ। ਨਿੱਜੀ ਜਾਂ ਜਨਤਕ ਲਾਇਬ੍ਰੇਰੀ ਇਨ੍ਹਾਂ ਦਾ ਘਰ ਹੁੰਦਾ ਹੈ। ਵਿਦਿਆਰਥੀ ਵਰਗ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਵਿਚ ਮਾਪੇ ਅਤੇ ਅਧਿਆਪਕ ਅਹਿਮ ਯੋਗਦਾਨ ਪਾ ਸਕਦੇ ਹਨ। ਕਿਤਾਬਾਂ ਪ੍ਰਤੀ ਲੋਕ ਜਾਗਰੂਕਤਾ ਦੇ ਨਾਲ ਨਾਲ ਪਿੰਡ ਪਿੰਡ ਪੱਧਰ ’ਤੇ ਲਾਇਬ੍ਰੇਰੀਆਂ ਹੋਣੀਆਂ ਜ਼ਰੂਰੀ ਹਨ ਤਾਂ ਜੋ ਲੋਕ ਇਸ ਦਾ ਲਾਹਾ ਲੈ ਸਕਣ। ਇਸ ਖੇਤਰ ਵਿਚ ਸਰਕਾਰੀ ਪੱਧਰ ’ਤੇ ਉਪਰਾਲਿਆਂ ਦੇ ਨਾਲ ਨਾਲ ਪਿੰਡਾਂ ਦੇ ਯੂਥ ਕਲੱਬ ਮੋਹਰੀ ਭੂਮਿਕਾ ਨਿਭਾਅ ਸਕਦੇ ਹਨ।
ਗੋਬਿੰਦਰ ਸਿੰਘ ਢੀਂਡਸਾ, ਪਿੰਡ ਬਰੜ੍ਹਵਾਲ ਲੰਮਾ ਪੱਤੀ (ਸੰਗਰੂਰ)

ਪਾੜ੍ਹਿਆਂ ਨੂੰ ਜਾਗਰੂਕ ਕੀਤਾ ਜਾਵੇ
ਇੱਕੀਵੀਂ ਸਦੀ ਵਿਗਿਆਨ ਦਾ ਯੁੱਗ ਹੈ, ਜੋ ਮਨੁੱਖਾਂ ਲਈ ਬਹੁਤ ਲਾਹੇਵੰਦ ਹੈ, ਪਰ ਇਸ ਤਕਨੀਕੀ ਯੁੱਗ ਦੇ ਕਈ ਨੁਕਸਾਨ ਵੀ ਹੋਏ ਹਨ। ਇਸ ਵਿਗਿਆਨਕ ਯੁੱਗ ਨੇ ਕਿਤਾਬਾਂ ਦੀ ਹਰਮਨ-ਪਿਆਰਤਾ ਘਟਾ ਦਿੱਤੀ ਹੈ ਤੇ ਲਾਇਬ੍ਰੇਰੀਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਕਿਤਾਬਾਂ ਦੀ ਥਾਂ ਮੋਬਾਈਲ ਤੇ ਲੈਪਟੌਪ ਨੇ ਲੈ ਲਈ ਹੈ। ਕੋਈ ਵੀ ਲਾਇਬ੍ਰੇਰੀ ਵਿਚ ਜਾ ਕੇ ਕਿਤਾਬਾਂ ਨਹੀਂ ਪੜ੍ਹਨਾ ਚਾਹੁੰਦਾ। ਇਸ ਮਸਲੇ ਦਾ ਮੁਢਲਾ ਹੱਲ ਜਾਗਰੂਕਤਾ ਹੈ। ਬੱਚਿਆਂ ਨੂੰ ਕਿਤਾਬਾਂ ਵੱਲ ਆਕਰਸ਼ਿਤ ਕਰਨਾ ਚਾਹੀਦਾ ਹੈ। ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਦੇਣ ਦੀ ਥਾਂ ਉਨ੍ਹਾਂ ਨੂੰ ਕਿਤਾਬਾਂ ਦੀ ਮਹੱਤਤਾ ਦੱਸਣੀ ਚਾਹੀਦੀ ਹੈ। ਸਾਰੇ ਸਕੂਲਾਂ ਵਿਚ ਲਾਇਬ੍ਰੇਰੀਆਂ ਹੋਣ ਤਾਂ ਜੋ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਹੋਵੇ। ਪਿੰਡਾਂ ਤੇ ਸ਼ਹਿਰਾਂ ਵਿਚ ਨਵੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ।
ਸੁਖਜਿੰਦਰ ਸਿੰਘ ਕਾਲਾਬੂਲਾ (ਈ-ਮੇਲ)

ਪੰਜਾਬ ਵਿਚ ਲਾਇਬ੍ਰੇਰੀ ਐਕਟ ਲਾਗੂ ਹੋਵੇ
ਤਕਨੀਕੀ ਯੁੱਗ ਵਿਚ ਲਾਇਬ੍ਰੇਰੀਆਂ ਅਤੇ ਪਾਠਕਾਂ ਦੀ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਮੁੱਖ ਕਾਰਨ ਲਾਇਬ੍ਰੇਰੀਆਂ ਦਾ ਸਮੇਂ ਦਾ ਹਾਣੀ ਨਾ ਬਣਨਾ ਹੈ। ਇਸ ਦਾ ਮੁੱਖ ਕਾਰਨ ਪੰਜਾਬ ਅੰਦਰ ਲਾਇਬ੍ਰੇਰੀ ਐਕਟ ਲਾਗੂ ਨਾ ਹੋਣਾ ਹੈ। ਹਰ ਵਿਦਿਅਕ ਅਦਾਰੇ ਅੰਦਰ ਲਾਇਬ੍ਰੇਰੀ ਅਤੇ ਲੈਬ ਦਾ ਹੋਣ ਬਹੁਤ ਜ਼ਰੂਰੀ ਹੈ, ਪਰ ਜ਼ਿਆਦਾਤਰ ਵਿਦਿਅਕ ਅਦਾਰੇ ਖਾਨਾਪੂਰਤੀ ਹੀ ਕਰਦੇ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਸਾਹਿਤ ਨਾਲ ਤੰਦ ਨਹੀਂ ਜੁੜਦੀ। ਵਿਦਿਆਰਥੀਆਂ ਅਤੇ ਸਮਾਜ ਦੇ ਚੰਗੇ ਅਕਸ ਲਈ ਲਾਇਬ੍ਰੇਰੀਆਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ, ਜਿਸ ਲਈ ਹੋਰਨਾਂ ਰਾਜਾਂ ਵਾਂਗ ਪੰਜਾਬ ਸਰਕਾਰ ਪੰਜਾਬ ਵਿਚ ਲਾਇਬ੍ਰੇਰੀ ਐਕਟ ਲਾਗੂ ਕਰੇ। ਲਾਇਬ੍ਰੇਰੀਆਂ ਨੂੰ ਡਿਜੀਟਲ ਵੀ ਕੀਤਾ ਜਾਣਾ ਚਾਹੀਦਾ ਹੈ। ਲਾਇਬ੍ਰੇਰੀਆਂ ਮੌਜੂਦਾ ਸਮੇਂ ਵਿਚ ਬਜਟ, ਸਟਾਫ਼ ਤੇ ਫਰਨੀਚਰ ਦੀ ਘਾਟ ਕਾਰਨ ਬੁਰੇ ਦੌਰ ਵਿਚੋਂ ਗੁਜ਼ਰ ਰਹੀਆਂ ਹਨ, ਇਹ ਘਾਟਾਂ ਦੂਰ ਕਰਨ ਦੀ ਲੋੜ ਹੈ।
ਗੁਰਪ੍ਰੀਤ ਸਿੰਘ ਸੰਧੂ, ਪਿੰਡ ਗਹਿਲੇ ਵਾਲਾ (ਫ਼ਾਜ਼ਿਲਕਾ)
(ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.