ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਨੌਜਵਾਨ ਸੋਚ : ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On November - 14 - 2018

ਨੌਜਵਾਨ ਵਰਗ ਪਹਿਲਕਦਮੀ ਕਰੇ
ਆਧੁਨਿਕ ਤਕਨਾਲੋਜੀ ਵਿਗਿਆਨ ਦੀ ਉਪਜ ਹੈ, ਜੋ ਤਰੱਕੀ ਦੀ ਸੂਚਕ ਹੈ। ਤਰੱਕੀ ਦੇ ਲਾਲਚ ਵਿਚ ਅਸੀਂ ਬਹੁਤ ਕੁਝ ਪਿੱਛੇ ਛੱਡ ਆਏ ਹਾਂ। ਡਿਜੀਟਲ ਤਕਨੀਕਾਂ ਕਾਰਨ ਲਾਇਬ੍ਰੇਰੀਆਂ ਦੀ ਹੋਂਦ ਖ਼ਤਰੇ ਵਿਚ ਹੈ। ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਜੋੜਨ ਦੀ ਲੋੜ ਹੈ। ਸੂਝਵਾਨ ਨੌਜਵਾਨਾਂ ਦੁਆਰਾ ਆਪਣੇ ਕਸਬਿਆਂ ਵਿਚ ਲਾਇਬ੍ਰੇਰੀਆਂ ਬਣਾ ਕੇ ਉਨ੍ਹਾਂ ਦਾ ਵਧੀਆ ਪ੍ਰਬੰਧ ਕੀਤਾ ਜਾ ਸਕਦਾ ਹੈ। ਸਕੂਲਾਂ-ਕਾਲਜਾਂ ਵਿਚ ਵੀ ਇਸ ਵਿਸ਼ੇ ’ਤੇ ਧਿਆਨ ਦੀ ਲੋੜ ਹੈ। ਇਹ ਸੰਸਥਾਵਾਂ ਹੀ ਪੜ੍ਹਨ ਦੀ ਰੁਚੀ ਪੈਦਾ ਕਰ ਸਕਦੀਆਂ ਹਨ। ਮਨੁੱਖ ਦੇ ਸਰਵਪੱਖੀ ਵਿਕਾਸ ਵਿਚ ਕਿਤਾਬਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਹਰ ਵਿਦਿਅਕ ਅਦਾਰੇ ਵਿਚ ਲਾਇਬ੍ਰੇਰੀ ਵਿਸ਼ਾ ਲਾਜ਼ਮੀ ਤੌਰ ’ਤੇ ਪੜ੍ਹਾਇਆ ਜਾਣਾ ਜ਼ਰੂਰੀ ਹੈ।
ਪਰਮਿੰਦਰ ਕੌਰ ਪਵਾਰ, ਪਿੰਡ ਭੰਬਾ ਵੱਟੂ (ਫ਼ਾਜ਼ਿਲਕਾ)

ਲਾਇਬ੍ਰੇਰੀਆਂ ਦੀਆਂ ਇਮਾਰਤਾਂ ’ਤੇ ਧਿਆਨ ਦੇਣ ਦੀ ਲੋੜ
ਅੱਜ ਦੇ ਸਮੇਂ ਸੂਚਨਾ ਤਕਨੀਕ ਦਾ ਪ੍ਰਭਾਵ ਹਰ ਖੇਤਰ ਵਿਚ ਵੇਖਿਆ ਜਾ ਸਕਦਾ ਹੈ। ਯਕੀਨਨ ਹੀ ਇਸ ਦੀ ਉਸਾਰੂ ਵਰਤੋਂ ਸਮਾਜ ਲਈ ਵਰਦਾਨ ਹੈ, ਪਰ ਨੌਜਵਾਨ ਵਰਗ ਇਸ ਨਾਲ ਕੁਰਾਹੇ ਹੀ ਪਿਆ ਹੈ। ਵਿਦਿਆਰਥੀਆਂ ਵਿਚ ਕਿਤਾਬ ਸੱਭਿਆਚਾਰ ਖਤਮ ਹੋ ਰਿਹਾ ਹੈ, ਉਹ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਆਪਣਾ ਕੀਮਤੀ ਸਮਾਂ ਅਜਾਈਂ ਗਵਾ ਰਹੇ ਹਨ। ਲੋੜ ਹੈ ਕਿ ਨੌਜਵਾਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ, ਜਿਸ ਲਈ ਲਾਇਬ੍ਰੇਰੀ ਵਿਸ਼ੇ ਨੂੰ ਵਿਦਿਅਕ ਪਾਠਕ੍ਰਮ ਦਾ ਜ਼ਰੂਰੀ ਹਿੱਸਾ ਬਣਾਇਆ ਜਾਵੇ। ਲਾਇਬ੍ਰੇਰੀ ਵਾਲੇ ਕਮਰੇ ਨੂੰ ਆਕਰਸ਼ਿਤ ਬਣਾਇਆ ਜਾਵੇ। ਇਸ ਦੀਆਂ ਕੰਧਾਂ ਉੱਪਰ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਜਾਂ ਸੰਖੇਪ ਜੀਵਨ ਗਾਥਾ ਬਿਆਨ ਕਰਦੇ ਚਿੱਤਰ ਲਾਏ ਜਾਣ। ਕਿਤਾਬਾਂ ਦਾ ਵਰਗੀਕਰਨ ਕਰਕੇ ਹਰ ਉਮਰ ਹਰ ਵਰਗ ਲਈ ਵੱਖਰੇ ਸੈਕਸ਼ਨ ਬਣਾਏ ਜਾਣ ਤੇ ਫੀਡ-ਬੈਕ ਰਜਿਸਟਰ ਲਾਇਆ ਜਾਵੇ। ਅਜਿਹਾ ਕਰ ਕੇ ਪਾਠਕਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ
ਸਤਨਾਮ ਕੌਰ, ਪਿੰਡ ਭਾਰਟਾ (ਹੁਸ਼ਿਆਰਪੁਰ)

ਤੁਰਦੀ-ਫਿਰਦੀ ਲਾਇਬ੍ਰੇਰੀ ਹੈ ਮਸਲੇ ਦਾ ਹੱਲ
ਕਿਤਾਬਾਂ ਜ਼ਿੰਦਗੀ ਨੂੰ ਬਦਲਣ ਦੀ ਸਮਰੱਥਾ ਰੱਖਦੀਆਂ ਹਨ, ਪਰ ਦੁੱਖ ਦੀ ਗੱਲ ਹੈ ਕਿ ਬਹੁਤੇ ਲੋਕ ਖ਼ਾਸ ਕਰ ਕੇ ਬਹੁਤਾ ਪੇਂਡੂ ਖੇਤਰ ਅੱਜ ਵੀ ਲਾਇਬ੍ਰੇਰੀਆਂ ਤੋਂ ਦੂਰ ਹੈ। ਡਿਜੀਟਲ ਯੁੱਗ ਵਿੱਚ ਜੇਕਰ ਲਾਇਬ੍ਰੇਰੀ ਦਾ ਰੂਪ ਬਦਲ ਕੇ ਇਸ ਨੂੰ ਸਮੇਂ ਦਾ ਹਾਣੀ ਬਣਾ ਦਿੱਤਾ ਜਾਵੇ ਤਾਂ ਪੇਂਡੂ ਲੋਕ ਵੀ ਲਾਇਬ੍ਰੇਰੀਆਂ ਤੱਕ ਅੱਪੜ ਸਕਦੇ ਹਨ। ਇਸੇ ਆਸ ਨਾਲ ਮਾਲਵਾ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ, ਖਿਆਲਾ ਕਲਾਂ (ਮਾਨਸਾ) ਵੱਲੋਂ ਚਲਦੀ-ਫਿਰਦੀ ਲਾਇਬ੍ਰੇਰੀ ਦੀ ਸ਼ਰੂਅਤ ਕੀਤੀ, ਜਿਸ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਲਿਜਾਇਆ ਜਾਂਦਾ ਹੈ। ਹਰ ਪੰਜ-ਸੱਤ ਪਿੰਡਾਂ ਦੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਅਜਿਹੀ ਲਾਇਬ੍ਰੇਰੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਗੁਰਮੀਤ ਸਿੰਘ ਚਹਿਲ, ਪਿੰਡ ਕੋਟ ਲੱਲੂ (ਮਾਨਸਾ)

ਲਾਇਬ੍ਰੇਰੀਆਂ ਦੀ ਮਹੱਤਤਾ ਦੱਸੀ ਜਾਵੇ
ਡਿਜੀਟਲ ਯੁੱਗ ਵਿੱਚ ਲਾਇਬ੍ਰੇਰੀਆਂ ਦੀ ਹੋਂਦ ਬਚਾਉਣ ਲਈ ਕਿਤਾਬ ਨੂੰ ਹਰ ਇੱਕ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੋਵੇਗਾ। ਲਾਇਬ੍ਰੇਰੀ ਵਿੱਚ ਹਰ ਤਰ੍ਹਾਂ, ਹਰ ਵਿਸ਼ੇ, ਹਰ ਸੱਭਿਆਚਾਰ ਤੇ ਸਾਹਿਤ ਦੀਆਂ ਕਿਤਾਬ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਪਾਠਕਾਂ ਨੂੰ ਲਾਇਬ੍ਰੇਰੀ ਦਾ ਮਹੱਤਵ ਦੱਸਣਾ ਪਵੇਗਾ। ਲਾਇਬ੍ਰੇਰੀਆਂ ਵਿੱਚ ਪੁਸਤਕਾਂ ਮਿਲਣੀਆਂ ਆਸਾਨ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਗੁਰਦਿੱਤ ਸਿੰਘ ਸੇਖੋਂ, ਪਿੰਡ ਦਲੇਲ ਸਿੰਘ ਵਾਲਾ (ਮਾਨਸਾ)

ਪਿੰਡ ਪੱਧਰ ’ਤੇ ਲਾਇਬ੍ਰੇਰੀਆਂ ਬਣਾਈਆਂ ਜਾਣ
ਲਾਇਬ੍ਰੇਰੀ ਉਹ ਸਥਾਨ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸੋਮੇ, ਸੂਚਨਾਵਾਂ ਤੇ ਸਿੱਖਿਆ ਆਦਿ ਦਾ ਭੰਡਾਰ ਹੁੰਦਾ ਹੈ। ਨੌਜਵਾਨੀ ਨੂੰ ਸਾਹਿਤ ਅਤੇ ਇਤਿਹਾਸ ਨਾਲ ਜੋੜਨ ਲਈ ਲਾਇਬ੍ਰੇਰੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ, ਜਿੱਥੇ ਵਿਦਿਆਰਥੀ ਆਪਣੀ ਲੋੜ ਅਨੁਸਾਰ ਕਿਸੇ ਵਿਸ਼ੇ ’ਤੇ ਗਿਆਨ ਪ੍ਰਾਪਤ ਕਰ ਸਕਦਾ ਹੈ। ਸਮਾਂ ਬਦਲਣ ਨਾਲ ਸਕੂਲਾਂ, ਕਾਲਜਾਂ ਜਾਂ ਪਬਲਿਕ ਸਥਾਨਾਂ ’ਤੇ ਲਾਇਬ੍ਰੇਰੀ ਦੀ ਹੋਂਦ ਧੁੰਦਲੀ ਜਾਪਣ ਲੱਗ ਪਈ ਹੈ, ਜੋ ਆਉਣ ਵਾਲੇ ਸਮੇਂ ਲਈ ਮਾੜੀ ਤ੍ਰਾਸਦੀ ਹੈ। ਫਿੱਕੀ ਪੈ ਰਹੀ ਲਾਇਬ੍ਰੇਰੀ ਦੀ ਹੋਂਦ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਮਾਪਿਆਂ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਭਵਿੱਖ ਲਈ ਸਿੱਖਿਅਕ ਸੰਸਥਾਵਾਂ ਅੰਦਰ ਲਾਇਬ੍ਰੇਰੀ ਸਥਾਪਿਤ ਕਰਨ ਲਈ ਯੋਗਦਾਨ ਦੇਣ। ਪਿੰਡ ਪੱਧਰ ’ਤੇ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣ।
ਪਰਮਿੰਦਰ ਸਿੰਘ ਸਿੱਧੂ, ਪਿੰਡ ਰਾਏਪੁਰ ਰਾਈਆਂ (ਫਤਿਹਗੜ੍ਹ ਸਾਹਿਬ)

ਵੱਧ ਤੋਂ ਵੱਧ ਸੈਮੀਨਾਰ ਕਰਾਏ ਜਾਣ
ਜਦੋਂ ਤੋਂ ਮਨੁੱਖ ਨੇ ਸੋਚਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਕਿਤਾਬਾਂ ਦੀ ਮਨੁੱਖੀ ਜੀਵਨ ਵਿਚ ਅਹਿਮ ਭੂਮਿਕਾ ਰਹੀ ਹੈ। ਅੱਜ ਡਿਜੀਟਲ ਯੁੱਗ ਦੀ ਰਫ਼ਤਾਰ ਨੇ ਸਾਡੇ ਸਾਹਮਣੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਵਿਚੋਂ ਇਕ ਸਵਾਲ ਹੈ ਲਾਇਬ੍ਰੇਰੀਆਂ ਦੀ ਹੋਂਦ ਨੂੰ ਕਿਵੇਂ ਬਚਾਈਏ? ਇਸ ਸਥਿਤੀ ਨਾਲ ਨਜਿੱਠਣ ਲਈ ਸਭ ਪਹਿਲਾਂ ਲਾਇਬ੍ਰੇਰੀਆਂ ਚਲਾਉਣ ਵਾਲੇ ਨੁਮਾਇੰਦਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ, ਤਾਂ ਜੋ ਚੰਗੇ ਸਾਹਿਤ ਦੀ ਚੋਣ ਕੀਤੀ ਜਾ ਸਕੇ। ਦੂਜਾ ਕੰਮ, ਪਾਠਕਾਂ ਦੀਆਂ ਪੜ੍ਹਨ ਰੁਚੀਆਂ ਨੂੰ ਸਮਝਣਾ ਚਾਹੀਦਾ ਹੈ, ਕਿ ਉਹ ਕੀ ਪੜ੍ਹਨਾ ਲੋਚਦੇ ਹਨ? ਤੀਜਾ ਪੱਖ, ਲਾਇਬ੍ਰੇਰੀਆਂ ਦੇ ਖੁੱਲ੍ਹਣ ਦਾ ਸਮਾਂ ਨਿਸ਼ਚਿਤ ਹੋਵੇ। ਚੌਥਾ ਪੱਖ, ਲਾਇਬ੍ਰੇਰੀਆਂ ਪ੍ਰਤੀ ਸਰਗਰਮੀਆਂ ਵਧਾਈਆਂ ਜਾਣ। ਇਸ ਬਾਬਤ ਸੈਮੀਨਾਰ ਲਾਏ ਜਾਣ ਅਤੇ ਲੇਖਕਾਂ ਨਾਲ ਰੂ-ਬ-ਰੂ ਸਮਾਗਮ ਕਰਵਾਏ ਜਾਣ।
ਸਮਨ ਖੀਵਾ, ਪਿੰਡ ਖੀਵਾ ਮੀਹਾਂ ਸਿੰਘ ਵਾਲਾ (ਮਾਨਸਾ)
(ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ : ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.