ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਨਿਊਜ਼ੀਲੈਂਡ ਵਿਚ ਨੌਜਵਾਨਾਂ ਦਾ ਸ਼ੋਸ਼ਣ

Posted On November - 21 - 2018

ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਅਤੇ ਆਸਟਰੇਲੀਆ ਵਰਗੇ ਮੁਲਕਾਂ ਵਿਚ ਖ਼ਾਸ ਕਰਕੇ ਭਾਰਤ ਤੋਂ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਤੇ ਪਰਵਾਸੀਆਂ ਕਾਮਿਆਂ (ਖ਼ਾਸ ਕਰਕੇ ਪੰਜਾਬੀਆਂ) ਦੇ ਸ਼ੋਸ਼ਣ ਦੇ ਮਾਮਲੇ ਅਕਸਰ ਹੀ ਸੁਣਨ ਨੂੰ ਮਿਲਦੇ ਹਨ। ਇਸ ਤਾਣੇ-ਬਾਣੇ ਦੀਆਂ ਤੰਦਾਂ ਇਸ ਢੰਗ ਨਾਲ ਬੁਣੀਆਂ ਹੋਈਆਂ ਹਨ ਕਿ ਰੁਜ਼ਗਾਰ ਦੇਣ ਵਾਲੇ ਅਤੇ ਰੁਜ਼ਗਾਰ ਲੈਣ ਵਾਲੇ ਦੇ ਅੰਦਰੂਨੀ ਹਾਲਾਤ ’ਤੇ ਨਜ਼ਰ ਮਾਰ ਕੇ ਹੀ ਸਾਰੀ ਕਹਾਣੀ ਦਾ ਸੱਚ ਸਾਹਮਣੇ ਆਉਂਦਾ ਹੈ।
ਨਿਊਜ਼ੀਲੈਂਡ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਜਦੋਂ ਵਿਦਿਆਰਥੀ ਪਰਵਾਸੀ ਧਰਤੀ ’ਤੇ ਪੈਰ ਪਾਉਂਦੇ ਹਨ ਤਾਂ ਇੱਕ ਜਾਂ ਦੋ ਸਾਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਥੇ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਨਾਲ ਮੇਲ ਖਾਂਦੀ ਨੌਕਰੀ ਲੱਭਣ ਲਈ ਸਿਰਫ਼ ਇੱਕ ਸਾਲ ਦਾ ਵੀਜ਼ਾ (ਓਪਨ ਵਰਕ ਵੀਜ਼ਾ) ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਵਿਦਿਆਰਥੀ ਕਿਸੇ ਵੀ ਰੁਜ਼ਗਾਰਦਾਤਾ ਕੋਲ ਕੰਮ ਕਰ ਸਕਦਾ ਹੈ, ਪਰ ਜੇਕਰ ਉਸ ਨੇ ਵੀਜ਼ੇ ਦੀ ਮਿਆਦ ਵਧਵਾਉਣੀ ਹੋਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਪੜ੍ਹਾਈ ਨਾਲ ਮੇਲ ਖਾਂਦੀ ਨੌਕਰੀ ਹੀ ਕਰੇ। ਜ਼ਿਆਦਾਤਾਰ ਕੇਸਾਂ ਵਿਚ ਅਜਿਹੇ ਹਾਲਾਤ ਹੀ ਸ਼ੋਸ਼ਣ ਦਾ ਮੁੱਢ ਬੰਨ੍ਹਣ ਲਈ ਧਰਾਤਲ ਤਿਆਰ ਕਰਦੇ ਹਨ, ਕਿਉਂਕਿ ਰੁਜ਼ਗਾਰਦਾਤਾ ਦੀ ਸਹਾਇਤਾ ਨਾਲ ਦੋ ਸਾਲ ਲਈ ਇਹ (ਪੋਸਟ ਸਟੱਡੀ ਵਰਕ ਵੀਜ਼ਾ-ਐਂਪਲਾਇਰ ਅਸਿਸਟਡ) ਵੀਜ਼ਾ ਮਿਲਣਾ ਹੁੰਦਾ ਹੈ, ਜਿਸ ਦੇ ਆਧਾਰ ’ਤੇ ਅੱਗੇ ਪੱਕੇ ਵੀਜ਼ੇ ਲਈ ਅਪਲਾਈ ਕਰਨ ਦੇ ਯੋਗ ਹੋਣਾ ਹੁੰਦਾ ਹੈ। ਯੋਗ ਵਿਦਿਆਰਥੀ ਤਾਂ ਸੁਖਾਲੇ ਇਹ ਵੀਜ਼ਾ ਪ੍ਰਾਪਤ ਕਰ ਲੈਂਦੇ ਹਨ, ਕਿਉਂਕਿ ਰੁਜ਼ਗਾਰਦਾਤਾ ਨੂੰ ਅਜਿਹੇ ਕਾਮਿਆਂ ਦੀ ਲੋੜ ਹੁੰਦੀ ਹੈ, ਪਰ ਕਈ ਖੇਤਰਾਂ ਵਿਚ ਨੌਕਰੀਆਂ ਦੀ ਘਾਟ ਹੋਣ ਕਰਕੇ ਜਾਂ ਪੜ੍ਹਾਈ ਵਿਚ ਊਣੇ ਵਿਦਿਆਰਥੀਆਂ ਨੂੰ ਅਜਿਹਾ ਵੀਜ਼ਾ ਪ੍ਰਾਪਤ ਕਰਨ ਲਈ ਰੁਜ਼ਗਾਰਦਾਤਾ ਅੱਗੇ ਝੋਲੀ ਅੱਡਣੀ ਪੈਂਦੀ ਹੈ। ਅਜਿਹੇ ਸਮੇਂ ’ਤੇ ਕਾਮੇ ਨੂੰ ਦੋ ਸਾਲ ਦਾ ਵਰਕ ਵੀਜ਼ਾ ਲਵਾਉਣ ਲਈ ਆਪਣੀ ਦਰਖ਼ਾਸਤ ਦੇ ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਮੁਢਲੀ ਸ਼ਰਤ ਪੂਰੀ ਕਰਨ ਲਈ ਸਭ ਤੋਂ ਅਹਿਮ ਫਾਰਮ (ਐਂਪਲਾਇਰ ਸਪਲੀਮੈਂਟਰੀ ਫਾਰਮ-ਆਈਐਨਜ਼ੈੱਡ 1235) ਭਰਵਾ ਕੇ ਦੇਣਾ ਪੈਂਦਾ ਹੈ, ਜੋ ਸਿਰਫ਼ ਅਤੇ ਸਿਰਫ਼ ਨੌਕਰੀ ਦੇਣ ਵਾਲੇ ਨੇ ਹੀ ਵਿਦਿਆਰਥੀ (ਕਾਮੇ) ਵਾਸਤੇ ਭਰ ਕੇ ਦੇਣਾ ਹੁੰਦਾ ਹੈ ਅਤੇ ਗਵਾਹੀ ਪਾਉਣੀ ਹੁੰਦੀ ਹੈ ਕਿ ਸਬੰਧਤ ਕਾਮਾ ਉਸ ਕੋਲ ਕੰਮ ਕਰ ਰਿਹਾ ਹੈ। ਅਜਿਹੇ ਮੌਕੇ ਕਾਮੇ ਵੀਜ਼ਾ ਪ੍ਰਾਪਤ ਕਰਨ ਲਈ ਖ਼ੁਦ ਹੀ ਮਜਬੂਰੀ ਵੱਸ ਘੱਟ ਤਨਖ਼ਾਹ ’ਤੇ ਕੰਮ ਕਰਨ ਲਈ ਮੰਨ ਜਾਂਦੇ ਹਨ। ਧੋਖੇਬਾਜ਼ ਅਤੇ ਜ਼ਮੀਰ ਤੋਂ ਸੱਖਣੇ ਮਾਲਕਾਂ ਲਈ ਅਜਿਹਾ ਸਮਾਂ ‘ਸੁਨਹਿਰੀ’ ਹੋ ਨਿੱਬੜਦਾ ਹੈ। ਅਜਿਹੇ ਸਮੇਂ ਮਾਲਕ ਨੂੰ ਘੱਟ ਤਨਖ਼ਾਹ ’ਤੇ ਆਮ ਨਾਲੋਂ ਵੱਧ ਘੰਟੇ ਕੰਮ ਕਰਨ ਵਾਲਾ ਕਾਮਾ ਮਿਲ ਜਾਂਦਾ ਹੈ। ਭਾਵ ਮਾਲਕ ਆਪਣੇ ਕਾਮੇ ਨੂੰ ਕੰਟਰੈਕਟ ਤਾਂ 40 ਘੰਟੇ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਦੇ ਦਿੰਦੇ ਹਨ, ਜੋ ਇਮੀਗ੍ਰੇਸ਼ਨ ਸ਼ਰਤਾਂ ਅਨੁਸਾਰ (ਫੁੱਲ ਟਾਈਮ ਕੰਮ) ਜ਼ਰੂਰੀ ਹੁੰਦਾ ਹੈ, ਪਰ ਕੰਮ ਹਫ਼ਤੇ ਵਿਚ 70 ਘੰਟੇ ਕਰਵਾਈ ਜਾਂਦੇ ਹਨ। ਕਈ ਮਾਲਕ ਤਾਂ ਇਨ੍ਹਾਂ ਨੌਜਵਾਨਾਂ ਤੋਂ ਆਪਣੇ ਘਰਾਂ ਜਾਂ ਹੋਰ ਏਧਰ-ਓਧਰ ਦੇ ਕੰਮ ਵੀ ਕਰਵਾਉਂਦੇ ਹਨ। ਕਈ ਮਾਲਕ ‘ਨਾਲੇ ਚੋਰ ਨਾਲੇ ਚਤੁਰ’ ਵਰਗੀ ਕਹਾਵਤ ਨੂੰ ਸੱਚ ਸਾਬਤ ਕਰਦਿਆਂ ਕੰਮ ਵੀ ਦੁੱਗਣਾ ਕਰਵਾਉਂਦੇ ਹਨ ਤੇ ਵੀਜ਼ਾ ਦਿਵਾਉਣ ਦਾ ਮਿਹਣਾ ਮਾਰ ਕੇ ਆਪਣੀ ਲੱਤ ਵੀ ਉੱਤੇ ਰੱਖ ਲੈਂਦੇ ਹਨ। ਇੱਥੇ ਹੀ ਬੱਸ ਨਹੀਂ, ਕਈ ਲਾਲਚੀ ਮਾਲਕ ਵੀਜ਼ਾ ਲਗਵਾ ਕੇ ਦੇਣ ਦੇ ਇਵਜ਼ ਵਿਦਿਆਰਥੀਆਂ ਜਾਂ ਕਾਮਿਆਂ ਤੋਂ ਕਈ ਹਜ਼ਾਰ ਡਾਲਰ ਵੀ ਵਸੂਲ ਲੈਂਦੇ ਹਨ।
ਤਸਵੀਰ ਦਾ ਦੂਜਾ ਪਾਸਾ ਵੀ ਹੈ। ਅਜਿਹੀ ਚਰਚਾ ਵੀ ਹੁੰਦੀ ਹੈ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਭਾਵ ਜਿਨ੍ਹਾਂ ਵਿਦਿਆਰਥੀਆਂ ਜਾਂ ਪਰਵਾਸੀ ਕਾਮਿਆਂ ਨੂੰ ਆਮ ਹਾਲਾਤ ਵਿਚ ਨੌਕਰੀ ਨਹੀਂ ਮਿਲਦੀ, ਉਨ੍ਹਾਂ ’ਚੋਂ ਕਈਆਂ ਨੇ ਖ਼ੁਦ ਹੀ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੁੰਦੀ ਹੈ। ਅਜਿਹੇ ਕੇਸਾਂ ਵਿਚ ਬਹੁਤੀ ਵਾਰੀ ਮਾਲਕ ਠੱਗੀ ਵੀ ਮਾਰ ਜਾਂਦੇ ਹਨ, ਭਾਵ ਰਕਮ ਵਸੂਲ ਕੇ ਵੀ ਦੋ ਸਾਲ ਦਾ ਵਰਕ ਵੀਜ਼ਾ ਜਾਂ ਰੈਜ਼ੀਡੈਂਟ ਵੀਜ਼ਾ ਲਵਾਉਣ ਲਈ ਆਪਣੀ ਕੰਪਨੀ ਵੱਲੋਂ ਦਿੱਤੇ ਜਾਣ ਵਾਲੇ ਜ਼ਰੂਰੀ ਦਸਤਾਵੇਜ਼ ਦੇਣ ’ਚ ਮਦਦ ਨਹੀਂ ਕਰਦੇ ਜਾਂ ਕਈ ਵਾਰੀ ਇਮੀਗ੍ਰੇਸ਼ਨ ਅਥਾਰਟੀ ਦੀਆਂ ਨਜ਼ਰਾਂ ਵਿਚ ਕੇਸ ਸ਼ੱਕੀ ਹੋਣ ਕਰਕੇ ਵੀਜ਼ਾ ਅਰਜ਼ੀ ਰੱਦ ਵੀ ਹੋ ਜਾਂਦੀ ਹੈ। ਅਜਿਹੇ ਸਮੇਂ ਜੇ ਮਾਲਕ ਰਕਮ ਵਾਪਸ ਕਰ ਦੇਵੇ ਤਾਂ ਗੱਲ ਸੁਖਾਵੀਂ ਨਿੱਬੜ ਜਾਂਦੀ ਹੈ, ਪਰ ਜੇ ਮਾਲਕ ਬੇਈਮਾਨ ਹੋ ਜਾਵੇ ਤਾਂ ਕਈ ਕਾਮੇ ਕੌੜਾ ਘੁੱਟ ਭਰ ਕੇ ਜਰ ਲੈਂਦੇ ਹਨ ਅਤੇ ਕਈ ਕਾਨੂੰਨੀ ਸਹਾਰਾ ਵੀ ਲੈ ਲੈਂਦੇ ਹਨ। ਇਸ ਕਰਕੇ ਕਾਮਿਆਂ ਦੇ ਸ਼ੋਸ਼ਣ ਦੀ ਗੰਢ-ਤੁੱਪ ਬਾਹਰ ਆ ਜਾਂਦੀ ਹੈ। ਅਖ਼ੀਰ ਕਾਮਿਆਂ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲੇ ਅਦਾਰਿਆਂ ਕੋਲ ਸ਼ਿਕਾਇਤ ਪੁੱਜ ਜਾਣ ’ਤੇ ਹੀ ਨੌਜਵਾਨਾਂ ਨੂੰ ਰਾਹਤ ਮਿਲਦੀ ਹੈ ਅਤੇ ਜਿਆਦਾਤਰ ਫ਼ੈਸਲੇ ਕਾਮਿਆਂ ਦੇ ਹੱਕ ਵਿਚ ਹੁੰਦੇ ਹਨ। ਅਗਲੇ ਸਮੇਂ ਦੌਰਾਨ ਸਰਕਾਰ ਵੱਲੋਂ ਅਜਿਹਾ ਵੀਜ਼ਾ ਖਤਮ ਕਰਨ ਨਾਲ ਨੌਜਵਾਨਾਂ ਦਾ ਸ਼ੋਸ਼ਣ ਰੁਕਣ ਦੀ ਉਮੀਦ ਕੀਤੀ ਜਾ ਰਹੀ ਹੈ।
ਸੰਪਰਕ: +64 21 055 3075


Comments Off on ਨਿਊਜ਼ੀਲੈਂਡ ਵਿਚ ਨੌਜਵਾਨਾਂ ਦਾ ਸ਼ੋਸ਼ਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.