ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਧਰਮ ਦੀ ਪਿੱਤਰਸੱਤਾ: ਨਫਰਤ ਦੀਆਂ ਨਵੀਆਂ ਵਲਗਣਾਂ

Posted On November - 27 - 2018

ਰਾਜੇਸ਼ ਰਾਮਾਚੰਦਰਨ*

ਬ੍ਰਾਹਮਣਵਾਦੀ ਜਾਤੀ ਵਰਣ ਵਿਵਸਥਾ ਅਤੇ ਇਸ ਦਾ ਦਮਨਕਾਰੀ ਸਮਾਜਿਕ ਢਾਂਚਾ ਭਾਰਤੀ ਜੀਵਨ ਦੇ ਕਠੋਰ ਤੱਥ ਹਨ। ਹਰ ਐਤਵਾਰ ਭਾਰਤ ਦੇ ਹਰ ਸ਼ਹਿਰ ਦਾ ਸਭ ਤੋਂ ਵੱਡਾ ਅਖ਼ਬਾਰ ਆਪਣੇ ਵਿਆਹ ਇਸ਼ਤਿਹਾਰਾਂ ਦੇ ਕਾਲਮਾਂ ਵਿਚ ਆਪਣੇ ਇਲਾਕੇ ਦੀ ਜਾਤੀ ਵਿਵਸਥਾ ਨਸ਼ਰ ਕਰਦਾ ਹੈ ਤੇ ਰਾਜਨੀਤੀ ਤੇ ਸਮਾਜ ਸ਼ਾਸਤਰ ਦੇ ਸਾਰੇ ਵਿਦਿਆਰਥੀਆਂ ਲਈ ਇਹ ਕਾਲਮ ਪੜ੍ਹਨੇ ਜ਼ਰੂਰੀ ਹਨ। ਮਜ਼ੇ ਦੀ ਗੱਲ ਹੈ ਕਿ ਵਿਆਹ ਖ਼ੁਸ਼ੀ ਦਾ ਅਜਿਹਾ ਮੌਕਾ ਹੁੰਦਾ ਹੈ ਜਦੋਂ ਜ਼ਦੀਦ (ਆਧੁਨਿਕ), ਤਰੱਕੀਪਸੰਦ, ਉਦਾਰ ਜਾਂ ਇਨਕਲਾਬੀ ਝੂਠ ਬੇਨਕਾਬ ਹੋ ਜਾਂਦੇ ਹਨ। ਜਿੰਨਾ ਕੋਈ ਵੱਧ ਉਦਾਰਵਾਦੀ ਹੋਣ ਦਾ ਦਮ ਭਰਦਾ ਹੈ, ਤਵਾਜ਼ਨ ਦੇ ਤੌਰ ’ਤੇ ਉਸ ਨੂੰ ਓਨਾ ਹੀ ਵੱਧ ਦਾਜ ਮਿਲਣ ਦੀ ਗੁੰਜਾਇਸ਼ ਹੁੰਦੀ ਹੈ। ਭਾਰਤ ਵਿਚ ਆਧੁਨਿਕਤਾਵਾਦ ਦੀ ਆਮਦ ਬਾਰੇ ਜਦੋਂ ਵੀ ਕਦੇ ਐਲਾਨ ਕਰਨਾ ਪਿਆ ਤਾਂ ਇਹ ਅਖਬਾਰਾਂ ਦੇ ਕਲਾਸੀਫਾਈਡ ਇਸ਼ਤਿਹਾਰਾਂ (ਜੇ ਉਦੋਂ ਤੱਕ ਅਖ਼ਬਾਰਾਂ ਦੀ ਮੌਤ ਨਾ ਹੋਈ ਤਾਂ) ਜਾਂ ਡੇਟਿੰਗ ਵੈਬਸਾਈਟਾਂ ’ਤੇ ਕੀਤਾ ਜਾਵੇਗਾ, ਜਦੋਂ ਔਰਤਾਂ ਆਪਣੇ ਸਬੱਬੀ ਜਨਮ ਦੀ ਬਜਾਇ ਆਪਣੇ ਹਕੀਕੀ ਰੁਤਬੇ ਦੇ ਆਧਾਰ ’ਤੇ ਆਪਣੇ ਹਮਸਫ਼ਰ ਦੀ ਤਲਾਸ਼ ਕਰਨਗੀਆਂ।
ਖ਼ੈਰ, ਜਾਤੀਪ੍ਰਥਾ ਬਾਰੇ ਗੱਲ ਕਰਨ, ਜਾਤੀਵਾਦ ਦੀ ਚੀਰ-ਫਾੜ ਕਰਨ ਅਤੇ ਜਾਤੀ ਵਿਵਸਥਾ ਨੂੰ ਤਹਿਸ ਨਹਿਸ ਕਰਨ ਦਾ ਕੋਈ ਵੀ ਮੌਕਾ ਯਤਨ ਕਰ ਕੇ ਅਤੇ ਚਾਹ ਕੇ ਲਿਆ ਜਾਣਾ ਚਾਹੀਦਾ ਹੈ। ਹਰ ਮਾਧਿਅਮ ਦਾ ਇਸਤੇਮਾਲ ਕਰਨਾ ਪਵੇਗਾ; ਪਰ ਕੀ ਜਾਤੀਵਾਦ ਖਿਲਾਫ਼ ਲੜਾਈ ਵੀ ਜਾਤੀਵਾਦੀ ਹੋਣੀ ਚਾਹੀਦੀ ਹੈ? ਇਹ ਉਹ ਕੰਮ ਹੈ ਜੋ ਕੁਝ ਪੋਸਟਰ ਲੇਖਕ ਅਸਮਾਨਤਾ ਖਿਲਾਫ਼ ਮਹਾ ਅੰਦੋਲਨ ਨੂੰ ਮਹਿਜ਼ ਨਾਅਰੇਬਾਜ਼ੀ ਤੱਕ ਸੀਮਤ ਕਰ ਰਹੇ ਹਨ।

ਰਾਜੇਸ਼ ਰਾਮਾਚੰਦਰਨ*

‘ਬ੍ਰਾਹਮਣਵਾਦੀ ਪਿੱਤਰਸੱਤਾ ਨੂੰ ਤੋੜੋ’ (ਨਾ ਕਿ ‘ਪੁਜਾਰੀ ਪਿੱਤਰਸੱਤਾ ਨੂੰ ਤੋੜੋ’) ਵਾਲੇ ਨਾਅਰੇ ਦਾ ਇਹ ਪੋਸਟਰ ਦੂਜੈਲੀ ਜਾਤੀ ਜਾਂ ਬਰਾਦਰੀ ਸਿਰਜਣ ਦੀ ਹੀ ਪੂਰਤੀ ਕਰਦਾ ਹੈ। ਇਹ ਨਾਰੀਵਾਦ ਜਾਂ ਜਾਤੀਭੰਜਨ ਦੇ ਕਾਜ ਦੀ ਪੂਰਤੀ ਨਹੀਂ ਕਰਦਾ। ਉਪਰਲੇ ਬ੍ਰਾਹਮਣੀ ਢਾਂਚੇ ਨੂੰ ਇੰਨਾ ਸਾਧਾਰਨ ਬਣਾ ਕੇ ਪੇਸ਼ ਕੀਤਾ ਗਿਆ ਹੈ ਕਿਉਂਕਿ ਇਸ ਸਮਾਜਿਕ ਢਾਂਚੇ (ਪਿਰਾਮਿਡ) ਦੀ ਉਸਾਰੀ ਵਿਚ ਹਿੰਦੂ ਪੁਜਾਰੀ ਵਰਗ ਦੀ ਭੂਮਿਕਾ ਹੈ, ਨਾ ਕਿ ਇਸ ਲਈ ਕਿ ਇਸ ਦੀ ਉਸਾਰੀ ਕਿਸੇ ਇਕੱਲੀ-ਇਕਹਿਰੀ ਜਾਤੀ ਵਲੋਂ ਕੀਤੀ ਗਈ ਸੀ। ਉਪਰਲੇ ਢਾਂਚੇ ਦਾ ਤਾਅਲੁਕ ਇਸ ਨਾਲ ਹੈ ਕਿ ਭਾਰਤੀ ਉਪ ਮਹਾਦੀਪ ਅੰਦਰ ਜਾਤਾਂ ਦੀ ਵਿਵਸਥਾ ਅਤੇ ਪੁਨਰ ਵਿਵਸਥਾ ਕਿਵੇਂ ਕੀਤੀ ਜਾਂਦੀ ਹੈ। ਹਾਲਾਂਕਿ ਇਸ ਪਿਰਾਮਿਡ ਦੀ ਚੋਟੀ ’ਤੇ ਸੁਭਾਇਮਾਨ ਤਿਲਕਧਾਰੀ ਬ੍ਰਾਹਮਣਵਾਦੀਆਂ ’ਚ ਬਹੁਤੇ ਸਾਮੰਤੀ ਰਜਵਾੜੇ ਰਹੇ ਹਨ ਤੇ ਬ੍ਰਾਹਮਣਾਂ ਦਾ ਨਾਂ ਕਿਤੇ ਹੀ ਆਉਂਦਾ ਹੈ। ਇਸ ਪਿਰਾਮਿਡ ਦੀ ਚੋਟੀ ’ਤੇ ਜੰਗੀ ਜਰਨੈਲ ਤੇ ਉਨ੍ਹਾਂ ਦੇ ਸਕੇ-ਸੋਧਰੇ ਹੀ ਆਉਂਦੇ ਹਨ। ਯਾਦ ਕਰੋ ਗਾਗਾ ਭੱਟ ਨੂੰ ਜਿਸ ਨੂੰ ਵਾਰਾਣਸੀ ਤੋਂ ਸਿਰਫ਼ ਇਸ ਲਈ ਸੱਦਿਆ ਗਿਆ ਸੀ ਤਾਂ ਕਿ ਉਹ ਹਿੰਦੂ ਮਹਾਰਾਜੇ ਵਜੋਂ ਸ਼ਿਵਾਜੀ ਦਾ ਰਾਜਅਭਿਸ਼ੇਕ ਕਰ ਸਕਣ? ਰਾਜਅਭਿਸ਼ੇਕ ਤੋਂ ਬਾਅਦ ਉਸ ਬ੍ਰਾਹਮਣ ਤੇ ਉਸ ਦੀ ਭਾਰੀ ਭਰਕਮ ਦਕਸ਼ਿਨਾ ਦਾ ਕਿਤੇ ਕੋਈ ਜ਼ਿਕਰ ਨਹੀਂ ਆਉਂਦਾ।
ਹੁਣ ਮਰਾਠਾ ਜਿਨ੍ਹਾਂ ਕਦੇ ਦਿੱਲੀ ਤੋਂ ਤੰਜਾਵੁਰ ਅਤੇ ਗੁਜਰਾਤ ਤੋਂ ਉੜੀਸਾ ਤੱਕ ਰਾਜ ਕੀਤਾ ਸੀ, ਸਮਾਜਿਕ ਤੇ ਵਿਦਿਅਕ ਪੱਛੜੇ ਵਰਗ ਦੇ ਆਧਾਰ ’ਤੇ ਰਾਖਵਾਂਕਰਨ ਮੰਗ ਰਹੇ ਹਨ। ਫਿਰ ਵੀ, ਦਿਹਾਤੀ ਮਹਾਰਾਸ਼ਟਰ ਦੇ ਆਮ ਜੀਵਨ ਵਿਚ ਹਰ ਦੂਜੇ ਤੀਜੇ ਦਿਨ ਖੈਰਲਾਂਜੀ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਭੋਟਮਾਂਗੇ ਪਰਿਵਾਰ ਨੂੰ ਮਲੀਆਮੇਟ ਕਰ ਦਿੱਤਾ ਗਿਆ ਅਤੇ ਦਲਿਤ ਆਵਾਜ਼ ਨੂੰ ਦਬਾ ਦਿੱਤਾ ਗਿਆ। ਬਿਨਾਂ ਸ਼ੱਕ ਇਹ ਜਾਤੀ ਵਿਵਸਥਾ ਹੀ ਹੈ ਜੋ ਅਜਿਹੇ ਘਿਨਾਉਣੇ ਅਪਰਾਧ ਕਰਵਾਉਣ ਲਈ ਉਕਸਾਉਂਦੀ ਹੈ। ਜਦੋਂ ਨਾਅਰੇ ਵਿਚਲੇ ਵਿਸ਼ੇਸ਼ਣ ਨੂੰ ਬਿਨਾਂ ਸੋਚੇ ਸਮਝੇ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਸ ਨਾਲ ਅੰਦੋਲਨ ਕਰਨ ਵਾਲਿਆਂ ਅਤੇ ਇਸ ਲਈ ਜਾਨ ਵਾਰਨ ਵਾਲਿਆਂ ਦਾ ਨਾਂ ਬਦਨਾਮ ਹੋ ਸਕਦਾ ਹੈ। ਦਲਿਤ ਵਿਰੋਧੀ ਹਿੰਸਾ ਦੀਆਂ ਵੱਡੀਆਂ ਘਟਨਾਵਾਂ ਹੋਰ ਪੱਛੜੇ ਤਬਕਿਆਂ ਵਲੋਂ ਕਿਸੇ ਬ੍ਰਾਹਮਣਵਾਦ ਜਾਂ ਹਿੰਦੂਵਾਦ ਦੇ ਨਾਂ ’ਤੇ ਨਹੀਂ ਸਗੋਂ ਸਾਮੰਤੀ ਢਾਂਚੇ ਦੇ ਇਕ ਪੜੁਲ ਦੇ ਤੌਰ ’ਤੇ ਕੀਤੀਆਂ ਗਈਆਂ ਸਨ। ਇਸ ਅਰਸੇ ਦੌਰਾਨ ਭਾਰਤੀ ਜਨਮਾਨਸ ਦੀ ਇਹੀ ਮਨੋਦਸ਼ਾ ਰਹੀ ਹੈ। ਬਿਹਾਰ ਵਿਚ ਜ਼ਿਮੀਂਦਾਰ ਜਾਤੀਆਂ ਦੇ ਹਥਿਆਰਬੰਦ ਗਰੋਹ ਰਣਵੀਰ ਸੈਨਾ ਨੇ ਦਲਿਤਾਂ ਦਾ ਇਸ ਲਈ ਘਾਣ ਕੀਤਾ ਸੀ ਤਾਂ ਕਿ ਉਹ ਉਨ੍ਹਾਂ ਖਿਲਾਫ਼ ਲਾਮਬੰਦ ਹੋ ਕੇ ਜਾਤੀ ਦਬਦਬੇ ਨੂੰ ਚੁਣੌਤੀ ਨਾ ਦੇ ਸਕਣ। ਇਹ ਮਾਰਕਸੀਆਂ ਅਤੇ ਮਾਓਵਾਦੀਆਂ ਦੀ ਅਗਵਾਈ ਹੇਠ ਦਲਿਤਾਂ ਦੀ ਖ਼ਾਲਸ ਜਮਾਤੀ ਲੜਾਈ ਸੀ ਅਤੇ ਕਰਮਕਾਂਡੀ ਦਮਨ ਵਾਲੀ ਕੋਈ ਗੱਲ ਨਹੀਂ ਸੀ।
ਜਾਤੀਵਾਦ ਜਾਂ ਪਿੱਤਰਸੱਤਾ ’ਤੇ ਹਮਲਾ ਕਰਨ ਲੱਗਿਆਂ ਧਾਰਮਿਕ ਜਾਂ ਜਾਤੀ ਫਿਕਰੇਬਾਜ਼ੀ ਦਾ ਇਸਤੇਮਾਲ ਮਹਿਜ਼ ਸਿਆਸੀ ਦੁਸ਼ਮਣ ਮਿਥਣ ਤੇ ਫ਼ਿਰ ਸੋਸ਼ਲ ਮੀਡੀਆ ’ਤੇ ਉਸ ਨੂੰ ਭੰਡਣ, ਤੇ ਮਗਰੋਂ ਜੇ ਸੰਭਵ ਹੋ ਸਕੇ ਤਾਂ ਸਮਾਜਿਕ ਬਦਅਮਨੀ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਇਸ ਨਾਲ ਇਕ ਅਜੀਬੋ ਗ਼ਰੀਬ ਸਮੱਸਿਆ ਜੁੜੀ ਹੋਈ ਹੈ। ਕੁਝ ਕੁ ਬੋਧੀਆਂ ਅਤੇ ਦਲਿਤ ਕਾਰਕੁਨਾਂ ਤੋਂ ਇਲਾਵਾ ਹਿੰਦੂਆਂ ਨੂੰ ਦੂਜੈਲਾ ਬਣਾਉਣ ਵਾਲੇ ਜ਼ਿਆਦਾਤਰ ਈਸਾਈ ਹਨ। ਉਹ ਗਿਰਜਾਘਰਾਂ ਅੰਦਰਲੇ ਜਾਤੀਵਾਦ ਨੂੰ ਭੁੱਲ ਜਾਂਦੇ ਹਨ ਜਾਂ ਦੇਖਣ ਲਈ ਤਿਆਰ ਨਹੀਂ ਹੁੰਦੇ। 1980 ਵਿਚ ਮੀਨਾਕਸ਼ੀਪੁਰਮ ਪਿੰਡ ਵਿਚ ਪੱਲਾਰ ਅਨੁਸੂਚਿਤ ਜਾਤੀ ਦੇ ਲੋਕਾਂ ਨੇ ਈਸਾਈ ਧਰਮ ਛੱਡ ਕੇ ਇਸਲਾਮ ਧਾਰਨ ਕਰ ਲਿਆ ਸੀ ਤਾਂ ਕਿ ਉਹ ਮੁਕਾਮੀ ਗਿਰਜਾਘਰ ਵਿਚ ਡਾਢਿਆਂ ਹੱਥੋਂ ਹੋਰ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ ਸਨ। ਕੈਥੋਲਿਕ ਤੇ ਐਂਗਲੀਕਨ ਗਿਰਜਿਆਂ, ਖਾਸ ਕਰ ਕੇ ਕੇਰਲਾ ਦੇ ਈਸਾਈਆਂ ਵਿਚ ਜਾਤੀਵਾਦ ਉਵੇਂ ਹੀ ਹੈ ਜਿਵੇਂ ਹਿੰਦੂਆਂ ਵਿਚ ਹੈ। ਇਸ ਨੂੰ ਬ੍ਰਾਹਮਣੀ ਵਿਧੀ ਕਹਿਣਾ ਕਿਸੇ ਸਿਆਸੀ ਪਹੁੰਚ ਦੀ ਸੋਚੀ ਸਮਝੀ ਤਲਾਸ਼ ਹੈ। ਨਹੀਂ ਤਾਂ ਖੁਦ ਵੈਟੀਕਨ ਨੇ ਵੀ ਬ੍ਰਾਹਮਣਵਾਦੀ ਹੀ ਹੋਣਾ ਸੀ, ਕਿਉਂਕਿ ਇਸ ਨੇ ਕੁਝ ਕੈਥੋਲਿਕਾਂ ਤੇ ਉਨ੍ਹਾਂ ਦੇ ਕੁਝ ਪੁਜਾਰੀਆਂ ਵਲੋਂ ਤਾਮਿਲ ਨਾਡੂ ਵਿਚ ਚਲਾਈ ਜਾਂਦੀ ਛੂਤ-ਛਾਤ ਵੱਲ ਅੱਖਾਂ ਬੰਦ ਕਰ ਰੱਖੀਆਂ ਸਨ।
ਪਿੱਤਰਸੱਤਾ ਖਿਲਾਫ਼ ਔਰਤਾਂ ਦੇ ਮਹਾਂ ਮਾਰਚ ਨੂੰ ਤੰਗਨਜ਼ਰ ਫਿਰਕੂ ਵਲਗਣਾਂ ਵਿਚ ਨਹੀਂ ਵੰਡਿਆ ਜਾਣਾ ਚਾਹੀਦਾ, ਜਿੱਥੇ ਸੌੜੀ ਰਾਜਨੀਤੀ ਔਰਤਾਂ ਨੂੰ ਆਪੋ-ਆਪਣੇ ਵਰਗ ਦੀ ਪਿੱਤਰਸੱਤਾ ਪ੍ਰਵਾਨ ਕਰਨ ਤੇ ਦੂਜੇ ਦੀ ਪਿੱਤਰਸੱਤਾ ’ਤੇ ਹਮਲਾ ਕਰਨ ਲਈ ਮਜਬੂਰ ਕਰਦੀ ਹੈ। ਬਿਨਾਂ ਸ਼ੱਕ ਬ੍ਰਾਹਮਣਵਾਦੀ ਹਿੰਦੂ ਪਿੱਤਰਸੱਤਾ ਪੂਜਕ ਹਨ ਪਰ ਮੁਸਲਮਾਨ ਤੇ ਈਸਾਈ ਤੇ ਹੋਰ ਸਾਰੇ ਵੀ ਇੱਦਾਂ ਹੀ ਹਨ। ਕੀ ਕਰਵਾ ਚੌਥ ਬੁਰਕੇ ਨਾਲੋਂ ਘੱਟ ਪਿੱਤਰਸੱਤਾਵਾਦੀ ਹੈ? ਜੇ ਮਦਰ ਟੈਰੇਸਾ ਜਿਹੀ ਮਹਾਨ ਸੰਤ ਨੂੰ ਰੱਬ ਨਾਲ ਰਾਬਤਾ ਕਰਨ ਲਈ ਕਿਸੇ ਪੁਰਸ਼ ਪੁਜਾਰੀ ਅੱਗੇ ਝੁਕਣਾ ਪੈਂਦਾ ਹੈ ਤਾਂ ਕੀ ਇਹ ਕੈਥੋਲਿਕ ਪਿੱਤਰਸੱਤਾ ਨਹੀਂ ਹੈ? ਗੁਰਮੀਤ ਰਾਮ ਰਹੀਮ, ਆਸਾਰਾਮ ਤੇ ਫਰੈਂਕੋ ਮੁਲੱਕਲ, ਸਾਰੇ ਇਸੇ ਦੌਰ ਦੇ ਬਲਾਤਕਾਰ ਦੇ ਮੁਲਜ਼ਮ ਹਨ। ਅਜਿਹੀ ਕੋਈ ਹੋਰ ਵੰਨਗੀ ਨਹੀਂ ਸਿਰਜਣੀ ਚਾਹੀਦੀ ਜਿਸ ਨਾਲ ਉਨ੍ਹਾਂ ਨੂੰ ਆਪਣਾ ਆਪ ਖਾਸ ਜਾਪੇ।
ਦਲਿਤ ਲੇਖਕ ਉਰਮਿਲਾ ਪਵਾਰ ਦੀ ਸਵੈਜੀਵਨੀ ‘ਦਿ ਵੀਵ ਆਫ ਮਾਈ ਲਾਈਫ’ (ਮੇਰੇ ਜੀਵਨ ਦਾ ਤਾਣਾ) ਦੀ ਯਾਦ ਪਿੱਤਰਸੱਤਾ ਲਈ ਕਿਸੇ ਫਿਰਕੂ ਜਾਂ ਜਾਤੀਵਾਦੀ ਲੇਬਲ ਦੀ ਅਸੰਗਤੀ ਨੂੰ ਪ੍ਰਤੱਖ ਕਰਦੀ ਹੈ। ਇਕ ਔਰਤ ਦੇ ਸਵੈ-ਪ੍ਰਗਟਾਵੇ ਦੀ ਇਸ ਬੇਮਿਸਾਲ ਰਚਨਾ ਬਾਰੇ ਸਮਾਜ ਸ਼ਾਸਤਰੀ ਸ਼ਰਮੀਲਾ ਰੇਗੇ ਇਸ ਕਿਤਾਬ ਨੂੰ ‘ਦਲਿਤ ਔਰਤਾਂ ਦਾ ਮਨੋਰਥ ਪੱਤਰ’ ਕਹਿ ਕੇ ਵਡਿਆਉਂਦੀ ਹੈ। ਔਰਤ ਕੰਮ ਤੋਂ ਵਾਪਸ ਆ ਕੇ ਘਰ ਦਾ ਸਾਰਾ ਕੰਮ ਕਰਦੀ ਹੈ, ਸ਼ਰਾਬੀ ਪਤੀ ਦੇ ਪੈਰ ਘੁੱਟਦੀ ਹੈ, ਰਾਤ ਨੂੰ ਮਜਬੂਰਨ ਉਸ ਦੀ ਕਾਮਵਾਸ਼ਨਾ ਪੂਰੀ ਕਰਦੀ ਹੈ ਅਤੇ ਫਿਰ ਹੇਠਾਂ ਬੈਠ ਕੇ ਪੜ੍ਹਦੀ ਤੇ ਲਿਖਦੀ ਹੈ। ਇਹ ਬ੍ਰਾਹਮਣ, ਸ਼ੂਦਰ ਜਾਂ ਦਲਿਤ, ਕੋਈ ਵੀ ਔਰਤ ਹੋ ਸਕਦੀ ਹੈ। ਰੋਜ਼ਮਰ੍ਹਾ ਦੀ ਪਿੱਤਰਸੱਤਾ ਦੀ ਕੋਈ ਜਾਤ ਜਾਂ ਬਰਾਦਰੀ ਨਹੀਂ ਹੈ ਅਤੇ ਧਰਮ ਲਿੰਗਕ ਅਸਮਾਨਤਾ ਨੂੰ ਚਲਦਾ ਰੱਖਣ ਦਾ ਮੌਕਾ ਮੁਹੱਈਆ ਕਰਾਉਂਦਾ ਹੈ। ਕੈਥੋਲਿਕ ਜਾਂ ਇਸਲਾਮੀ ਪਿੱਤਰਸੱਤਾ ਦੇ ਪੋਸਟਰ ਲਾਉਣ ਨਾਲ ਮਹਿਜ਼ ਨਵੀਆਂ ਵਲੱਗਣਾਂ ਤੇ ਨਫ਼ਰਤ ਦੀਆਂ ਨਵੀਆਂ ਲੀਹਾਂ ਹੀ ਪੈਦਾ ਹੋਣਗੀਆਂ। ਇਸ ਦੀ ਬਜਾਇ ਮਹੰਤ ਸ਼੍ਰੇਣੀ ਦੀ ਪਿੱਤਰਸੱਤਾ ‘ਤੇ ਹਮਲਾ ਕਰਨ ਦੀ ਲੋੜ ਹੈ, ਕਿਉਂਕਿ ਪਿੱਤਰਸੱਤਾ ਦਾ ਅਮਲ ਫਿਰਕਿਆਂ ਤੇ ਧਰਮਾਂ ਦੇ ਆਰ ਪਾਰ ਲੰਘਦਾ ਹੈ।

*ਲੇਖਕ ਦਿ ਟ੍ਰਿਬਿਊਨ ਦਾ ਸੰਪਾਦਕ ਹੈ।


Comments Off on ਧਰਮ ਦੀ ਪਿੱਤਰਸੱਤਾ: ਨਫਰਤ ਦੀਆਂ ਨਵੀਆਂ ਵਲਗਣਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.