ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਡਾ. ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਦੇਣ

Posted On November - 14 - 2018

* ਡਾ. ਗੰਡਾ ਸਿੰਘ ਦਾ ਜਨਮ 15 ਨਵੰਬਰ, 1900 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣਾ ਕਸਬੇ ਵਿਚ ਹੋਇਆ।
* ਡਾ. ਗੰਡਾ ਸਿੰਘ ਨੇ ਥਾਂ ਥਾਂ ਜਾ ਕੇ ਲਾਇਬ੍ਰੇਰੀਆਂ, ਨਿੱਜੀ ਸੰਕਲਨਾਂ ਅਤੇ ਪੁਰਾਤੱਤਵ ਵਿਭਾਗਾਂ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਮੁੱਲਵਾਨ ਸਮੱਗਰੀ ਇਕੱਠੀ ਕੀਤੀ ਤੇ ਕਈ ਪੁਸਤਕਾਂ ਅਤੇ ਟ੍ਰੈਕਟਾਂ ਦਾ ਪ੍ਰਕਾਸ਼ਨ ਕੀਤਾ।
* ਉਨ੍ਹਾਂ ਨੂੰ ਕਈ ਸਨਮਾਨ ਪੱਤਰ ਮਿਲੇ। ਸਾਲ 1983 ਵਿਚ ਭਾਰਤ ਸਰਕਾਰ ਨੇ ਡਾ. ਗੰਡਾ ਸਿੰਘ ਨੂੰ ਪਦਮ ਭੂਸ਼ਨ ਨਾਲ ਨਿਵਾਜਿਆ।

ਨੌਜਵਾਨਾਂ ਲਈ ਵਿਸ਼ੇਸ਼

ਨੌਜਵਾਨਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਪੰਜਾਬ ਦੇ ਇਤਿਹਾਸਕਾਰਾਂ ਵਿਚੋਂ ਡਾ. ਗੰਡਾ ਸਿੰਘ ਦਾ ਨਾਂ ਸਿਰ ਕੱਢਵਾਂ ਹੈ। ਉਨ੍ਹਾਂ ਨੇ ਗਿਆਨੀ ਹੀਰਾ ਸਿੰਘ ਦਰਦ ਦੀ ਮਾਸਿਕ ਪੱਤ੍ਰਿਕਾ ‘ਫੁਲਵਾੜੀ’ ਵਿਚ ਕੰਮ ਕੀਤਾ ਤੇ ਬਾਅਦ ਵਿਚ ਸਿੱਖ ਇਤਿਹਾਸ ਵੱਲ ਰੁਚਿਤ ਹੋਏ। ਉਨ੍ਹਾਂ ਦੇ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਵਿਚ 1965 ਵਿਚ ‘ਪੰਜਾਬ ਹਿਸਟਰੀ ਕਾਨਫਰੰਸ’ ਹੋਣੀ ਸ਼ੁਰੂ ਹੋਈ ਅਤੇ ਬਾਅਦ ਵਿਚ ‘ਪੰਜਾਬ ਪਾਸਟ ਐਂਡ ਪ੍ਰੈਜ਼ੈਂਟ’ ਨਾਂ ਦਾ ਛਿਮਾਹੀ ਮੈਗਜ਼ੀਨ ਸ਼ੁਰੂ ਹੋਇਆ, ਜਿਸ ਦਾ ਯੋਗਦਾਨ ਇਤਿਹਾਸਕ ਹੋ ਨਿੱਬੜਿਆ।
ਪੰਜਾਬ ਦੀ ਨਵੀਨ ਇਤਿਹਾਸਕਾਰੀ, ਖ਼ਾਸ ਕਰਕੇ ਸਿੱਖ ਇਤਿਹਾਸਕਾਰੀ ਵਿਚ ਡਾ. ਗੰਡਾ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਦੇ ਇਸ ਯੋਗਦਾਨ ਦਾ ਪਿਛੋਕੜ ਸਿੰਘ ਸਭਾ ਦੇ ਵਿਦਵਾਨਾਂ ਦੀ ਇਤਿਹਾਸਕਾਰੀ ’ਚੋਂ ਤਲਾਸ਼ਿਆ ਜਾ ਸਕਦਾ ਹੈ। ਸਿੰਘ ਸਭਾ ਦੇ ਵਿਦਵਾਨਾਂ ਨੇ ਸਿੱਖ ਇਤਿਹਾਸ ਅਤੇ ਧਾਰਮਿਕ ਸਰੋਤਾਂ ਨੂੰ ਇਕੱਤਰ ਕਰਨ ਦਾ ਬੀੜਾ ਚੁੱਕਿਆ। ਇਨ੍ਹਾਂ ਸਰੋਤਾਂ ਦੀ ਪ੍ਰਮਾਣਿਕਤਾ ਵਾਚਣ ਤੋਂ ਬਾਅਦ ਗੁਰੂ ਸਾਹਿਬਾਨ ਅਤੇ ਅਠਾਰ੍ਹਵੀਂ ਸ਼ਤਾਬਦੀ ਦੇ ਸਿੰਘਾਂ ਦੀਆਂ ਜੀਵਨੀਆਂ, ਕੁਰਬਾਨੀਆਂ ਅਤੇ ਕਾਰਨਾਮਿਆਂ ਨੂੰ ਨਵੀਨ ਇਤਿਹਾਸਕਾਰੀ ਦੇ ਸਰੂਪ ਵਿਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਇਸ ਪਰਿਪੇਖ ਵਿਚ ਕਰਮ ਸਿੰਘ ਹਿਸਟੋਰੀਅਨ ਦਾ ਨਾਮ ਬਹੁਤ ਹੀ ਮਹੱਤਵਪੂਰਨ ਹੈ। ਡਾ. ਗੰਡਾ ਸਿੰਘ ਨੇ ਉਨ੍ਹਾਂ ਦੀ ਇਸ ਇਤਿਹਾਸਕਾਰੀ ਨੂੰ ਨਾ ਸਿਰਫ਼ ਮਜ਼ਬੂਤ ਕੀਤਾ, ਸਗੋਂ ਇਸ ਦੇ ਘੇਰੇ ਨੂੰ ਹੋਰ ਵਿਸ਼ਾਲ ਤੇ ਅਮੀਰ ਬਣਾਇਆ।
ਡਾ. ਗੰਡਾ ਸਿੰਘ ਦਾ ਜਨਮ 15 ਨਵੰਬਰ 1900 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣਾ ਕਸਬੇ ਵਿਚ ਸਰਦਾਰ ਜਵਾਲਾ ਸਿੰਘ ਦੇ ਘਰ ਮਾਤਾ ਹੁਕਮ ਦੇਈ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁਢਲੀ ਤਾਲੀਮ ਆਪਣੇ ਕਸਬੇ ਦੀ ਮਸੀਤ ਅਤੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਨੇ ਡੀ.ਏ.ਵੀ. ਮਿਡਲ ਸਕੂਲ, ਹੁਸ਼ਿਆਰਪੁਰ ਤੋਂ ਮਿਡਲ ਅਤੇ ਬਾਅਦ ਵਿਚ ਗੌਰਮਿੰਟ ਹਾਈ ਸਕੂਲ ਤੋਂ 1919 ਵਿਚ ਦਸਵੀਂ ਪਾਸ ਕੀਤੀ। 1919 ’ਚ ਹੀ ਉਚੇਰੀ ਪੜ੍ਹਾਈ ਲਈ ਲਾਹੌਰ ਦੇ ਫਾਰਮਨ ਕ੍ਰਿਸਚੀਅਨ ਕਾਲਜ ਵਿਚ ਦਾਖ਼ਲਾ ਲਿਆ। ਪੜ੍ਹਾਈ ਵਿਚਾਲੇ ਛੱਡ ਕੇ ਫ਼ੌਜ ਵਿਚ ਭਰਤੀ ਹੋ ਗਏ। ਕੁਝ ਸਮੇਂ ਲਈ ਉਹ ਰਾਵਲਪਿੰਡੀ ਅਤੇ ਪਿਸ਼ਾਵਰ ਵਿਚ ਨੌਕਰੀ ਕਰਦੇ ਰਹੇ। 1921 ਵਿਚ ਉਹ ਈਰਾਨ ਚਲੇ ਗਏ ਤੇ ਉਥੇ ਅਬਾਦਾਨ ਵਿਚ ਐਂਗਲੋ-ਪਰਸੀਅਨ ਆਇਲ ਕੰਪਨੀ ਵਿਚ ਅਕਾਊਂਟਸ ਅਫ਼ਸਰ ਲੱਗ ਗਏ। ਖੁਸ਼ਕਿਸਮਤੀ ਨਾਲ, ਉਥੇ ਉਨ੍ਹਾਂ ਦੀ ਮੁਲਾਕਾਤ ਅੰਗਰੇਜ਼ ਵਿਦਵਾਨ ਸਰ ਆਰਨਾਲਡ ਵਿਲਸਨ ਨਾਲ ਹੋਈ। ਉਸ ਵਿਦਵਾਨ ਤੋਂ ਉਤਸ਼ਾਹਿਤ ਹੋ ਕੇ ਪੁਸਤਕ ਸੂਚੀ ਦੇ ਕਾਰਜ ਵਿਚ ਰੁੱਝ ਗਏ। ਉਨ੍ਹਾਂ ਦੀ ਪਹਿਲੀ ਪੁਸਤਕ ‘ਮਾਈ ਫਸਟ ਥਰਟੀ ਡੇਜ਼ ਇਨ ਮੈਸੋਪੋਟਾਮੀਆ’ ਸੀ। ਫਿਰ ਉਨ੍ਹਾਂ ਨੇ ਪ੍ਰਾਈਵੇਟ ਤੌਰ ’ਤੇ ਐੱਮ.ਏ. ਇਤਿਹਾਸ ਦੀ ਪੜ੍ਹਾਈ ਕੀਤੀ।

ਡਾ. ਜੋਗਿਦਰ ਸਿੰਘ

ਸਾਲ 1930 ਵਿਚ ਉਨ੍ਹਾਂ ਨੇ ਗਿਆਨੀ ਹੀਰਾ ਸਿੰਘ ਦਰਦ ਦੀ ਮਾਸਿਕ ਪੱਤ੍ਰਿਕਾ ‘ਫੁਲਵਾੜੀ’ ਦੇ ਸੰਪਾਦਕੀ ਮੰਡਲ ਵਿਚ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਦੀ ਜਾਣ-ਪਛਾਣ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵਿਦਵਾਨਾਂ ਨਾਲ ਹੋਈ। ਚੀਫ਼ ਖ਼ਾਲਸਾ ਦੀਵਾਨ ਦੀ ਰਹਿਨੁਮਾਈ ਅਧੀਨ ਕਈ ਵਿਦਿਆਲੇ ਸਥਾਪਿਤ ਹੋ ਚੁੱਕੇ ਸਨ। ਖ਼ਾਲਸਾ ਕਾਲਜ, ਅੰਮ੍ਰਿਤਸਰ ਸਿੱਖਾਂ ਦੀ ਸਿਰਮੌਰ ਸੰਸਥਾ ਬਣ ਗਈ ਸੀ। ਸਿੱਖ ਵਿਰਸੇ ਦੀ ਸਾਂਭ-ਸੰਭਾਲ ਲਈ ‘ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ’ ਬਣ ਗਿਆ ਸੀ। ਅਕਤੂਬਰ 1931 ’ਚ ਉਨ੍ਹਾਂ ਨੂੰ ਇਸ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ। ਇਹ ਸੇਵਾ ਉਨ੍ਹਾਂ ਨੇ 1949 ਤਕ ਨਿਭਾਈ। ਉਨ੍ਹਾਂ ਦੇ ਯਤਨਾਂ ਬਦੌਲਤ ਇਹ ਵਿਭਾਗ ਸਿੱਖ ਵਿਰਸੇ ਦਾ ਅਮੁੱਲ ਖ਼ਜ਼ਾਨਾ ਬਣ ਗਿਆ। 1930 ਤਕ ਸਿੱਖ ਇਤਿਹਾਸਕਾਰੀ ਦੀ ਰੂਪ-ਰੇਖਾ ਬਣ ਰਹੀ ਸੀ। ਹੁਣ ਤਕ ਭਗਤ ਲਛਮਨ ਸਿੰਘ, ਸੇਵਾ ਰਾਮ ਸਿੰਘ, ਖਜ਼ਾਨ ਸਿੰਘ ਤੇ ਸਰ ਜੋਗਿੰਦਰਾ ਸਿੰਘ ਸਿੱਖ ਧਰਮ ਅਤੇ ਇਤਿਹਾਸ ਬਾਰੇ ਪ੍ਰਵਾਨਿਤ ਲਿਖਤਾਂ ਪੇਸ਼ ਕਰ ਚੁੱਕੇ ਸਨ। ਪ੍ਰੋਫ਼ੈਸਰ ਤੇਜਾ ਸਿੰਘ ਗੁਰਦੁਆਰਾ ਸੁਧਾਰ ਲਹਿਰ ’ਤੇ ਵਿਦਵਤਾ ਭਰਪੂਰ ਕਿਤਾਬ ਪ੍ਰਕਾਸ਼ਿਤ ਕਰਵਾ ਚੁੱਕੇ ਸਨ।
ਫਿਰ ਵੀ ਡਾ. ਗੰਡਾ ਸਿੰਘ ਨੇ ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਕਾਰੀ ਨੂੰ ਆਪਣਾ ਮਾਡਲ ਬਣਾਇਆ। ਕਰਮ ਸਿੰਘ ਨੇ ‘ਕੱਤਕ ਕਿ ਵਿਸਾਖ’, ‘ਬੰਦਾ ਬਹਾਦਰ’ ਅਤੇ ‘ਮਹਾਰਾਜਾ ਆਲਾ ਸਿੰਘ’ ਪੁਸਤਕਾਂ ਲਿਖ ਕੇ ਆਲੋਚਨਾਤਮਕ ਇਤਿਹਾਸਕਾਰੀ ਦੀ ਪੈੜ ਪਾ ਦਿੱਤੀ ਸੀ। ਇਸ ਪਰਿਪੇਖ ਵਿਚ 1930 ਦੇ ਦਹਾਕੇ ਵਿਚ ਡਾ. ਗੰਡਾ ਸਿੰਘ ਨੇ ‘ਦਿ ਲਾਈਫ ਆਫ ਬੰਦਾ ਸਿੰਘ ਬਹਾਦਰ’, ‘ਹਿਸਟਰੀ ਆਫ ਦਿ ਗੁਰਦੁਆਰਾ ਸ਼ਹੀਦਗੰਜ’, ‘ਕਾਜ਼ੀ ਨੂਰਮੁਹੰਮਦ’ਜ਼ ਜੰਗਨਾਮਾ’, ‘ਕੰਟੈਂਪਰੇਰੀ ਸੋਰਸਜ਼ ਆਫ ਸਿੱਖ ਹਿਸਟਰੀ 1469-1707’ ਆਦਿ ਪੁਸਤਕਾਂ ਫ਼ਾਰਸੀ ਸਰੋਤਾਂ ਦੇ ਆਧਾਰ ’ਤੇ ਰਚੀਆਂ। 1947 ਤੋਂ ਪਹਿਲਾਂ ਛੇ ਹੋਰ ਪੁਸਤਕਾਂ ਪੰਜਾਬੀ ਭਾਸ਼ਾ ਵਿਚ ਲਿਖੀਆਂ: ‘ਮਹਾਰਾਜਾ ਕੌੜਾ ਮੱਲ ਬਹਾਦਰ’, ‘ਸਰਦਾਰ ਸ਼ਾਮ ਸਿੰਘ ਅਟਾਰੀਵਾਲਾ’, ‘ਕੂਕਿਆਂ ਦੀ ਵਿੱਥਿਆ’, ‘ਸਿੱਖ ਇਤਿਹਾਸ ਬਾਰੇ’, ‘ਪੰਜਾਬ ਦੀਆਂ ਵਾਰਾਂ’ ਤੇ ‘ਸਿੱਖ ਇਤਿਹਾਸ ਵਲ’। ਇਹ ਪੁਸਤਕਾਂ ਡਾ. ਗੰਡਾ ਸਿੰਘ ਦੀ ਇਤਿਹਾਸਕਾਰੀ ਅਰਥਾਤ ਜੀਵਨੀਆਂ, ਮੌਲਿਕ ਸਰੋਤਾਂ ਦੀ ਇਕੱਤਰਤਾ ਤੇ ਸਮਕਾਲੀ ਮਸਲਿਆਂ ਬਾਰੇ ਰੁਚੀ ਪ੍ਰਗਟ ਕਰਦੀਆਂ ਸਨ। ਡਾ. ਗੰਡਾ ਸਿੰਘ ਦਾ ਬਾਕੀ ਵਿਦਿਅਕ ਜੀਵਨ ਕਾਲ ਇਨ੍ਹਾਂ ਵਿਸ਼ਿਆਂ ਅਤੇ ਮਸਲਿਆਂ ਬਾਰੇ ਲਿਖਦਿਆਂ ਬੀਤਿਆ। 1949 ਈ. ਵਿਚ ਉਨ੍ਹਾਂ ਨੇ ਫ਼ਾਰਸੀ ਦੇ ਸਰੋਤਾਂ ਦੇ ਆਧਾਰ ’ਤੇ ‘ਮਾਖ਼ੀਜ-ਏ-ਤਵਾਰੀਖ਼’ ਅਤੇ ‘ਔਰਾਕ-ਏ-ਪਰਿਸ਼ਾਂ’ ਲਿਖੀਆਂ। ਇਸੇ ਸਾਲ ਹੀ ਉਨ੍ਹਾਂ ਨੇ ‘ਏ ਹਿਸਟਰੀ ਆਫ ਖ਼ਾਲਸਾ ਕਾਲਜ’ ਲਿਖੀ। ਮੁਖ਼ਤਸਰ ਨਾਨਕ ਸ਼ਾਹੀ ਜੰਤਰੀ ਤੁਲਨਾਤਮਕ ਬੰਸਾਵਲੀ ਨੂੰ ਸਮਝਣ ਲਈ ਬਹੁਤ ਸਹਾਇਕ ਸਿੱਧ ਹੋਈ। ਸੰਨ 1950 ਵਿਚ ਪ੍ਰੋਫੈਸਰ ਤੇਜਾ ਸਿੰਘ ਨਾਲ ਮਿਲ ਕੇ ‘ਏ ਸ਼ਾਰਟ ਹਿਸਟਰੀ ਆਫ ਸਿਖਜ਼’ ਨਾਮ ਦੀ ਛੋਟੀ ਪੁਸਤਕ ਲਿਖੀ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਵਿਦਵਾਨਾਂ ਨੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਕਈ ਕਿਤਾਬਚੇ ਅਤੇ ਲੇਖ ਲਿਖੇ। ਡਾ. ਗੰਡਾ ਸਿੰਘ ਦੀਆਂ ਹੋਰ ਮੌਲਿਕ ਤੇ ਸੰਪਾਦਿਤ ਪੁਸਤਕਾਂ ਸਨ: ਮਹਾਰਾਜਾ ‘ਰਣਜੀਤ ਸਿੰੰਘ-ਫਸਟ ਡੈੱਥ ਸੈਨਟੇਨਰੀ ਮੈਮੋਰੀਅਲ ਵਾਲਿਊਮ’ (1939), ‘ਦਿ ਪੰਜਾਬ ਇਨ 1939-40 (1952)’, ‘ਅਹਿਮਦ ਸ਼ਾਹ ਦੁੱਰਾਨੀ’ (1959), ‘ਬਿਬਲੀਓਗ੍ਰਾਫ਼ੀ ਆਫ ਦਿ ਪੰਜਾਬ’ (1966), ‘ਡਿਪੋਰਟੇਸ਼ਨ ਆਫ ਲਾਲਾ ਲਾਜਪਤ ਰਾਏ ਐਂਡ ਸਰਦਾਰ ਅਜੀਤ ਸਿੰਘ’ (1978), ‘ਸਿਡੀਸ਼ੀਅਸ ਲਿਟਰੇਚਰ ਆਫ ਦਿ ਪੰਜਾਬ’ (1987)। ਪੰਜਾਬੀ ਵਿਚ ਉਨ੍ਹਾਂ ਨੇ ‘ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ’ (1957), ‘ਬਾਬਾ ਬੰਦਾ ਸਿੰਘ ਬਹਾਦਰ’ (1965), ‘ਸ੍ਰੀ ਗੁਰਸੋਭਾ’ (1967), ‘ਹੁਕਮਨਾਮੇ’ (1967), ‘ਸਰਦਾਰ ਜੱਸਾ ਸਿੰਘ ਆਹਲੂਵਾਲੀਆ’ (1969) ਆਦਿ ਪੁਸਤਕਾਂ ਪ੍ਰਕਾਸ਼ਿਤ ਕਰਾਈਆਂ। ਇਨ੍ਹਾਂ ਤੋਂ ਇਲਾਵਾ ‘ਬੈਂਤਾਂ ਸ਼ੇਰ ਸਿੰਘ ਕੀਆਂ’, ‘ਸ਼ਹੀਰਫੀਆਂ’, ‘ਹਰੀ ਸਿੰਘ ਨਲਵਾ’, ‘ਹੁਕਮਨਾਮੇ’, ‘ਭਾਈ ਨੰਦ ਲਾਲ ਗ੍ਰੰਥਾਵਲੀ’ ਆਦਿ ਪੁਸਤਕਾਂ ਸੰਪਾਦਿਤ ਕੀਤੀਆਂ ਹਨ। ਸਾਲ 1954 ਵਿਚ ਉਨ੍ਹਾਂ ਨੇ ਅਹਿਮਦ ਸ਼ਾਹ ਦੁੱਰਾਨੀ ਬਾਰੇ ਆਪਣਾ ਖੋਜ-ਪੱਤਰ ਲਿਖ ਕੇ ਪੰਜਾਬ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
ਡਾ. ਗੰਡਾ ਸਿੰਘ ਨੇ ਹਿੰਦੋਸਤਾਨ ਵਿਚ ਥਾਂ ਥਾਂ ਜਾ ਕੇ ਲਾਇਬ੍ਰੇਰੀਆਂ, ਨਿੱਜੀ ਸੰਕਲਨਾਂ ਅਤੇ ਪੁਰਾਤੱਤਵ ਵਿਭਾਗਾਂ ਤੋਂ ਸਿੱਖ ਇਤਿਹਾਸ ਨਾਲ ਸਬੰਧਤ ਮੁੱਲਵਾਨ ਸਮੱਗਰੀ ਇਕੱਠੀ ਕੀਤੀ ਅਤੇ ਕਈ ਪੁਸਤਕਾਂ ਅਤੇ ਟ੍ਰੈਕਟਾਂ ਦਾ ਪ੍ਰਕਾਸ਼ਨ ਕੀਤਾ। ਉਨ੍ਹਾਂ ਦੇ ਇਸ ਯੋਗਦਾਨ ਦੇ ਮਹੱਤਵ ਨੂੰ ਪਛਾਣਦਿਆਂ 1949 ਵਿਚ ਪੈਪਸੂ ਸਰਕਾਰ ਨੇ ਪਟਿਆਲਾ ਵਿਚ ਪੁਰਾਤੱਤਵ ਵਿਭਾਗ ਦਾ ਡਾਇਰੈਕਟਰ ਅਤੇ ਅਜਾਇਬ ਘਰ ਦਾ ਨਿਗਰਾਨ ਨਿਯੁਕਤ ਕੀਤਾ। ਇਕ ਸਾਲ ਬਾਅਦ ਪੰਜਾਬੀ ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਪਟਿਆਲਾ ਵਿਚ ਰਹਿੰਦਿਆਂ ਉਨ੍ਹਾਂ ਨੇ ਸੈਂਟਰਲ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬ ਦਾ ਇਤਿਹਾਸ ਅੱਠ ਜਿਲਦਾਂ ਵਿਚ ਲਿਖਣ ਦੀ ਵੱਡੀ ਯੋਜਨਾ ਉਲੀਕੀ ਤੇ ਬੜੀ ਗੰਭੀਰਤਾ ਤੇ ਸੰਜੀਦਗੀ ਨਾਲ ਇਸ ਉੱਤੇ ਕੰਮ ਸ਼ੁਰੂ ਕੀਤਾ।
ਉਹ 1960 ਤੋਂ 1963 ਤਕ ਖ਼ਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਵੀ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1963 ਵਿਚ ਉਨ੍ਹਾਂ ਨੂੰ ਪੰਜਾਬ ਇਤਿਹਾਸ ਅਧਿਐਨ ਵਿਭਾਗ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਦੇ ਯਤਨਾਂ ਸਦਕਾ ਪੰਜਾਬੀ ਯੂਨੀਵਰਸਿਟੀ ਵਿਚ 1965 ਵਿਚ ‘ਪੰਜਾਬ ਹਿਸਟਰੀ ਕਾਨਫ਼ਰੰਸ’ ਸ਼ੁਰੂ ਹੋਈ। ਦੋ ਸਾਲ ਬਾਅਦ ‘ਪੰਜਾਬ ਪਾਸਟ ਐਂਡ ਪ੍ਰੈਜ਼ੈਂਟ’ ਨਾਂ ਦਾ ਛਿਮਾਹੀ ਮੈਗਜ਼ੀਨ ਸ਼ੁਰੂ ਕੀਤਾ। ਇਹ ਕਾਨਫ਼ਰੰਸ ਇਤਿਹਾਸਕਾਰਾਂ ਅਤੇ ਉਭਰ ਰਹੇ ਵਿਦਵਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਣ ਮਗਰੋਂ ਡਾ. ਗੰਡਾ ਸਿੰਘ ਨੂੰ ਜੀਵਨ ਭਰ ਲਈ ਯੂਨੀਵਰਸਿਟੀ ਵੱਲੋਂ ਫੈਲੋਸ਼ਿਪ ਦਿੱਤੀ ਗਈ। ਡਾ. ਗੰਡਾ ਸਿੰਘ ਇੰਡੀਅਨ ਹਿਸਟਰੀ ਕਾਂਗਰਸ, ਏਸ਼ੀਆਟਿਕ ਸੁਸਾਇਟੀ ਆਫ਼ ਬੰਗਾਲ ਤੇ ਰਾਇਲ ਏਸ਼ੀਆਟਿਕ ਸੁਸਾਇਟੀ ਆਫ਼ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ ਦੇ ਮੈਂਬਰ ਵੀ ਰਹੇ। 1964 ਵਿਚ ਰਾਂਚੀ ਵਿਚ ਹੋਈ ‘ਇੰਡੀਅਨ ਕਾਨਫ਼ਰੰਸ’ ਸਮੇਂ ਮੱਧਕਾਲੀਨ ਭਾਰਤ ਦੇ ਸੈਕਸ਼ਨ ਦੇ ਪ੍ਰਧਾਨ ਸਨ।
ਸੰਨ 1963 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਲਈ ‘ਸਟੇਟ ਐਵਾਰਡ’ ਦਿੱਤਾ। 1964 ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ 1978 ਵਿਚ ਪੰਜਾਬੀ ਯੂਨੀਵਰਸਿਟੀ ਨੇ ਡੀ.ਲਿਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਆ। ਸਾਲ 1983 ਵਿਚ ਭਾਰਤ ਸਰਕਾਰ ਨੇ ਡਾ. ਗੰਡਾ ਸਿੰਘ ਨੂੰ ਪਦਮ ਭੂਸ਼ਨ ਨਾਲ ਨਿਵਾਜਿਆ। ਬਹੁਤ ਸਾਰੀਆਂ ਹੋਰ ਵਿਦਿਅਕ ਸੰਸਥਾਵਾਂ ਨੇ ਵੀ ਸਨਮਾਨ ਪੱਤਰ ਦਿੱਤੇ। ਭਾਸ਼ਾ ਵਿਭਾਗ, ਪੰਜਾਬ ਨੇ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਦਿੱਤਾ। ਡਾ. ਗੰਡਾ ਸਿੰਘ ਨੇ 27 ਦਸੰਬਰ 1987 ਨੂੰ ਪਟਿਆਲੇ ਵਿਚ ਆਖ਼ਰੀ ਸਾਹ ਲਏ।
ਸੰਪਰਕ: 98158-46460


Comments Off on ਡਾ. ਗੰਡਾ ਸਿੰਘ ਦੀ ਸਿੱਖ ਇਤਿਹਾਸ ਨੂੰ ਦੇਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.