ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਕੱਚ-ਸੱਚ

Posted On November - 21 - 2018

ਪੰਜਾਬ ਬਹੁ-ਪੱਖੀ ਸੰਕਟ ਵਿਚੋਂ ਲੰਘ ਰਿਹਾ ਹੈ। ਨਸ਼ਿਆਂ, ਬੇਰੁਜ਼ਗਾਰੀ ਤੇ ਸਮਾਜਿਕ ਅਸੁਰੱਖਿਆ ਕਾਰਨ ਪੰਜਾਬ ਦੇ ਨੌਜਵਾਨ ਨੈਤਿਕਤਾ, ਸਹਿਨਸ਼ੀਲਤਾ ਤੇ ਸ਼ਰਾਫ਼ਤ ਦਾ ਪੱਲਾ ਛੱਡ ਰਹੇ ਹਨ। ਸਮੈਕ, ਹੈਰੋਇਨ ਤੇ ਕੋਕੀਨ ਵਰਗੇ ਮਹਿੰਗੇ ਨਸ਼ੇ ਪੰਜਾਬ ਦੀ ਜਵਾਨੀ ਨਿਗਲ ਰਹੇ ਹਨ। ਟੁੱਟਦੇ ਹੋਏ ਘਰਾਂ, ਵਿਗੜ ਰਹੇ ਬੱਚਿਆਂ, ਨਿਪੁੰਸਕ ਹੁੰਦੇ ਗੱਭਰੂਆਂ, ਵਧਦੇ ਜੁਰਮਾਂ ਤੇ ਘਰ ਘਰ ਮੌਤ ਦਾ ਫਰਮਾਨ ਵੰਡਦੇ ਨਸ਼ੇ ਦੇ ਵਪਾਰੀਆਂ ਨੇ ਘਰਾਂ ਦੀ ਬਰਕਤ ਖੋਹ ਲਈ ਹੈ। ਪੰਜਾਬ ਦੇ ਗੱਭਰੂ ਮਾਨਸਿਕ ਅਤੇ ਸਰੀਰਕ ਤੌਰ ’ਤੇ ਖੋਖਲੇ ਹੋ ਰਹੇ ਹਨ।
ਇਕ ਗ਼ੈਰ-ਸਰਕਾਰੀ ਸਰਵੇਖਣ ਅਨੁਸਾਰ ਪੰਜਾਬ ਵਿਚ 76.47 ਫ਼ੀਸਦੀ ਸ਼ਰਾਬ, 40.14 ਫ਼ੀਸਦੀ ਅਫੀਮ, 25.29 ਫ਼ੀਸਦੀ ਜ਼ਰਦਾ, 21.45 ਫ਼ੀਸਦੀ ਭੁੱਕੀ, 8.65 ਫ਼ੀਸਦੀ ਨਸ਼ੇ ਦੇ ਟੀਕੇ, 20.40 ਫ਼ੀਸਦੀ ਡਰੱਗਜ਼ ਤੇ 4.65 ਫ਼ੀਸਦੀ ਚਰਸ ਦੀ ਵਰਤੋਂ ਕਾਰਨ ਪਿਛਲੇ ਡੇਢ ਦਹਾਕੇ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ ਅੰਦਾਜ਼ਨ 213 ਫ਼ੀਸਦੀ ਵਾਧਾ ਹੋਇਆ ਹੈ। ਇਨ੍ਹਾਂ ਨਸ਼ਿਆਂ ਦੇ ਪ੍ਰਕੋਪ ਕਾਰਨ ਹੀ ਆਮ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਪੰਜਾਬ ਦਾ ਕੋਈ ਵੀ ਅਜਿਹਾ ਖਿੱਤਾ ਜਾਂ ਜ਼ਿਲ੍ਹਾ ਨਹੀਂ, ਜਿੱਥੇ ਗੁੰਡਾਗਰਦੀ, ਲੁੱਟ-ਖੋਹ, ਚੋਰੀ, ਜਬਰ-ਜਨਾਹ ਦੀਆਂ ਵਾਰਦਾਤਾਂ ਨਹੀਂ ਹੋ ਰਹੀਆਂ। ਪਿਛਲੇ ਕੁਝ ਸਮੇਂ ਅੰਦਰ ਹੀ ਜਬਰ-ਜਨਾਹ ਦੀਆਂ ਵਾਰਦਾਤਾਂ ਵਿਚ 33 ਫ਼ੀਸਦੀ, ਅਗਵਾ ਜਾਂ ਵਰਗਲਾਉਣ ਦੀਆਂ ਘਟਨਾਵਾਂ ਵਿਚ 14 ਫ਼ੀਸਦੀ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿਚ 22 ਫ਼ੀਸਦੀ ਵਾਧਾ ਹੋਣਾ ਬਹੁਤ ਮਾੜਾ ਸੰਕੇਤ ਹੈ।
ਨਸ਼ਿਆਂ ਕਾਰਨ ਮੌਤ ਵੱਲ ਵੱਧਦੇ ਨੌਜਵਾਨਾਂ ਦੇ ਕਦਮਾਂ ਤੋਂ ਭੈਅ-ਭੀਤ ਅਤੇ ਆਰਥਿਕ ਤੌਰ ’ਤੇ ਝੰਬੇ ਜਾ ਰਹੇ ਮਾਪਿਆਂ ਸਾਹਮਣੇ ਪਹਾੜ ਜਿੱਡਾ ਸਵਾਲ ਹੁੰਦਾ ਹੈ ਕਿ ਉਹ ਘਰ ਦੇ ਬੁਝ ਰਹੇ ਚਿਰਾਗਾਂ ਨੂੰ ਜਗਦਾ ਰੱਖਣ ਲਈ ਕਿਹੜਾ ਹੀਲਾ ਕਰਨ? ਦੂਜੇ ਪਾਸੇ ਪੰਜਾਬ ਵਿਚ ਖੁੰਬਾਂ ਵਾਂਗ ਖੁੱਲ੍ਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਵੱਲੋਂ ਮਾਪਿਆਂ ਦੀ ਤਰਸਯੋਗ ਹਾਲਤ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਇਕ ਪਾਸੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਅਤੇ ਦੂਜੇ ਪਾਸੇ ਨਸ਼ੇੜੀ ਨੌਜਵਾਨਾਂ ਨੂੰ ‘ਸ਼ਰਤੀਆ ਠੀਕ ਕਰਨ’ ਦੇ ਦਾਅਵੇ ਨਾਲ ਉਨ੍ਹਾਂ ’ਤੇ ਤਸ਼ੱਦਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ। ਪੰਜਾਬ ਵਿਚ ਅੰਦਾਜ਼ਨ 150 ਅਜਿਹੇ ਨਸ਼ਾ ਛੁਡਾਊ ਕੇਂਦਰ ਖੁੱਲ੍ਹੇ ਹਨ, ਜਿਨ੍ਹਾਂ ਵਿਚ ‘ਸ਼ਰਤੀਆਂ ਇਲਾਜ’ ਦੇ ਦਾਅਵੇਦਾਰ, ਮਾਪਿਆਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਅਜਿਹੇ ਨਸ਼ਾ ਛੁਡਾਊ ਕੇਂਦਰ ਡੰਡੇ ਦੇ ਜ਼ੋਰ ਨਾਲ ਨਸ਼ਾ ਛੁਡਾਉਣ ਦੀ ਨੀਤੀ ਅਧੀਨ ‘ਤਸੀਹਾ ਕੇਂਦਰ’ ਬਣ ਗਏ ਹਨ। ਨਸ਼ੇੜੀ ਵਿਅਕਤੀ ਇਕ ਮਾਨਸਿਕ ਰੋਗੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਦੇਈਏ ਕਿ ਉਹ ਰਸਤੇ ਤੋਂ ਭਟਕ ਕੇ ਕੁਰਾਹੇ ਪੈ ਗਿਆ ਹੈ ਤੇ ਉਸ ਨੂੰ ਰਾਹ ’ਤੇ ਲਿਆਉਣ ਲਈ ਪ੍ਰੇਰਨਾ, ਪਿਆਰ, ਹਮਦਰਦੀ ਤੇ ਅਪਣਤ ਦੀ ਲੋੜ ਹੁੰਦੀ ਹੈ। ਜੋਰ-ਜਬਰਦਸਤੀ, ਕੁੱਟਮਾਰ, ਗਾਲ੍ਹਾਂ ਆਦਿ ਨਾਲ ਉਹ ਢੀਠ ਹੋ ਜਾਵੇਗਾ ਤੇ ਢੀਠ ਹੋ ਕੇ ਉਹ ਆਪਣੀ ਹੀਣ ਭਾਵਨਾ ਛਪਾਉਣ ਲਈ ਨਸ਼ੇ ਦੀ ਮਿਕਦਾਰ ਹੋਰ ਵਧਾ ਲਵੇਗਾ।
ਨਸ਼ਾ ਛੁਡਾਊ ਕੇਂਦਰਾਂ ਵਿਚ ਬਣੇ ‘ਤਸੀਹਾ ਕੇਂਦਰ’ ਸਮਾਜ ’ਤੇ ਧੱਬਾ ਹਨ। ਇਕ ਵਿਅਕਤੀ ਨੇ ਦੁਖੀ ਮਨ ਨਾਲ ਦੱਸਿਆ, ‘‘ਮੇਰੀ ਰਿਹਾਇਸ਼ ਦੇ ਪਿਛਲੇ ਪਾਸੇ ਦੋ-ਤਿੰਨ ਵਿਅਕਤੀਆਂ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਹੋਇਆ ਹੈ। ਅੰਦਰੋਂ ਆਉਂਦੀਆਂ ਚੀਕਾਂ ਸੁਣ ਕੇ ਰੋਜ਼ ਹੀ ਮਨ ਖ਼ਰਾਬ ਰਹਿੰਦੈ।’’ ਅਜਿਹੇ ਕੇਂਦਰਾਂ ਵਿਚ ਰੋਟੀ ਜ਼ਿਆਦਾ ਮੰਗ ਲਈ ਤਾਂ ਕੁੱਟ-ਮਾਰ, ਰੋਟੀ ਘੱਟ ਖਾਧੀ ਤਾਂ ਸਜ਼ਾ, ਪਾਣੀ ਦੀ ਟੂਟੀ ਖੁੱਲ੍ਹੀ ਛੱਡੀ ਗਈ, ਜ਼ਿਆਦਾ ਸਮਾਂ ਮੰਜੇ ’ਤੇ ਪੈ ਗਿਆ, ਘਰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ, ਕਹਿਣਾ ਨਾ ਮੰਨਣ ’ਤੇ ਗਰਦਨ ਫੜ ਕੇ ਮੱਥਾ ਕੰਧ ਨਾਲ ਮਾਰਨਾ, ਇੱਟ ਦੇ ਰਗੜੇ ਹੋਏ ਸਿਰੇ ’ਤੇ ਖੜ੍ਹਾ ਕਰਨਾ, ਗੈਸ ਸਿਲੰਡਰ ਦੋਵਾਂ ਹੱਥਾਂ ਨਾਲ ਉਪਰ ਚੁੱਕ ਕੇ ਧੁੱਪੇ ਖੜ੍ਹੇ ਰੱਖਣਾ, ਕਮਰੇ ਵਿਚ ਬੰਦ ਕਰ ਦੇਣਾ ਆਦਿ ਗ਼ੈਰ-ਮਨੁੱਖੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਅਜਿਹੀ ਸਜ਼ਾ ਨਾਲ ਨਸ਼ੇੜੀ ਦੀ ਸੋਚ ਬਾਗ਼ੀ ਹੋ ਜਾਂਦੀ ਹੈ ਅਤੇ ਉਹ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕਾਂ ਅਤੇ ਆਪਣੇ ਮਾਪਿਆਂ ਪ੍ਰਤੀ ਬਾਗ਼ੀ ਸੁਰ ਰੱਖਦੇ ਹੋਏ ਸਮਾਂ ਆਉਣ ’ਤੇ ਬਦਲਾ ਲੈਣ ਦੀ ਧਾਰ ਲੈਂਦੇ ਹਨ। ਕਈ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਮੌਤ ਪਿੱਛੇ ਵੀ ਇਹੋ-ਜਿਹੇ ਕਾਰਨ ਹੀ ਹੁੰਦੇ ਹਨ। ਕਈ ਵਾਰ ਅਜਿਹੇ ਕੇਂਦਰਾਂ ਵਿਚੋਂ ਛੁੱਟੀ ਹੋਣ ’ਤੇ ਨਸ਼ੇੜੀ ਜਿੱਥੇ ਬਾਹਰ ਆ ਕੇ ਦੁੱਗਣਾ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ, ਉਥੇ ਆਪਣੇ ’ਤੇ ਹੋਏ ਤਸ਼ੱਦਦ ਲਈ ਮਾਂ-ਬਾਪ ਨੂੰ ਦੋਸ਼ੀ ਠਹਿਰਾਉਂਦੇ ਹਨ। ਮਾਪਿਆਂ ਦਾ ਦੁਖਾਂਤ ਹੈ ਕਿ ਜਦੋਂ ਉਹ ਆਪਣੀ ਔਲਾਦ ਨੂੰ ਨਸ਼ਾ ਛੱਡਣ ਦੀ ਪ੍ਰੇਰਨਾ ਦਿੰਦੇ ਹੋਏ ਇਲਾਜ ਕਰਵਾਉਣ ਲਈ ਕਹਿੰਦੇ ਹਨ ਤਾਂ ਨੌਜਵਾਨ ਜਵਾਬ ਦੇ ਦਿੰਦੇ ਹਨ। ਅਜਿਹੀ ਸਥਿਤੀ ਵਿਚ ਮਾਪੇ ਇਹੋ-ਜਿਹੇ ਨਸ਼ਾ ਛੁਡਾਊ ਕੇਂਦਰਾਂ ਨਾਲ ਜਦੋਂ ਸੰਪਰਕ ਕਰਦੇ ਹਨ ਤਾਂ ਉਹ ਮੋਟੀ ਰਕਮ ਲੈ ਕੇ ਆਪਣੇ ਰੱਖੇ ‘ਥਾਣੇਦਾਰਾਂ’ ਨੂੰ ਗੱਡੀ ਦੇ ਕੇ ਭੇਜ ਦਿੰਦੇ ਹਨ ਤੇ ਉਹ ਨਸ਼ੇੜੀ ਮਰੀਜ਼ ਨੂੰ ਘਰੋਂ ਹੀ ਚੰਗੀ ਤਰ੍ਹਾਂ ਸੋਧ ਕੇ ਗੱਡੀ ਵਿਚ ਸੁੱਟ ਲੈਂਦੇ ਹਨ। ਉਨ੍ਹਾਂ ਨੂੰ ਕੈਦੀ ਦੀ ਤਰ੍ਹਾਂ ਸੀਖਾਂ ਵਾਲੇ ਕਮਰੇ ’ਚ ਸੁੱਟ ਦਿੰਦੇ ਹਨ। ਅਜਿਹੇ ਗੰਦੇ ਕਮਰੇ ਵਿਚ ਹਵਾ ਅਤੇ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਘਰ ਦੇ ਕਿਸੇ ਵੀ ਮੈਂਬਰ ਨੂੰ ਕਈ ਮਹੀਨੇ ਮਿਲਣ ਨਹੀਂ ਦਿੱਤਾ ਜਾਂਦਾ। ਮਾਪੇ ਅੰਦਾਜ਼ਨ 20-25 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੇਜਦੇ ਹਨ।
ਨਸ਼ੇੜੀ ਵਿਅਕਤੀ ਦਿਸ਼ਾਹੀਣ ਹੁੰਦਾ ਹੈ, ਜਿਸ ਨੂੰ ਸਹੀ ਸੇਧ ਦੀ ਲੋੜ ਹੁੰਦੀ ਹੈ। ਜਦੋਂ ਤੱਕ ਨਸ਼ੇੜੀ ਦੇ ਨੈਤਿਕ ਅਤੇ ਬੌਧਿਕ ਵਿਕਾਸ ਲਈ ਯੋਗ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤੱਕ ਇਲਾਜ ਸੰਭਵ ਨਹੀਂ। ਜਦੋਂ ਤੱਕ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਕ ਮਨੁੱਖਤਾ ਨੂੰ ਤਰਜੀਹ ਦੇਣ ਦੀ ਥਾਂ ਪੈਸੇ ਇਕੱਠੇ ਕਰਨ ਦੀ ਦੌੜ ਵਿਚ ਲੱਗੇ ਰਹਿਣਗੇ, ਉਦੋਂ ਤੱਕ ਨਸ਼ਾ ਕਰਨ ਵਾਲੇ ਨੂੰ ਨਸ਼ਾ ਮੁਕਤ ਕਰਕੇ ਚੰਗਾ ਨਾਗਰਿਕ ਨਹੀਂ ਬਣਾਇਆ ਜਾ ਸਕਦਾ। ਇੱਕ ਚੰਗੇ ਅਤੇ ਪ੍ਰਭਾਵਸ਼ਾਲੀ ਨਸ਼ਾ ਛੁਡਾਊ ਕੇਂਦਰ ਵਿਚ ਦੁਆ ਅਤੇ ਦਵਾ ਦੋਵੇਂ ਜ਼ਰੂਰੀ ਹਨ।
ਕੌਂਸਲਿੰਗ, ਯੋਗਾ, ਮੈਡੀਟੇਸ਼ਨ, ਉਸਾਰੂ ਸਾਹਿਤ ਅਧਿਐਨ, ਸਿਮਰਨ, ਕਿਰਿਆਤਮਕ ਕਾਰਜ, ਮਨੋਰੰਜਨ ਤੇ ਚੰਗੀਆਂ ਸ਼ਖ਼ਸੀਅਤਾਂ ਦੇ ਸਮੇਂ ਸਮੇਂ ’ਤੇ ਭਾਸ਼ਣ ਕਰਵਾਉਣੇ ਸਹਾਈ ਸਿੱਧ ਹੋ ਸਕਦੇ ਹਨ। ਠੀਕ ਹੋਣ ਮਗਰੋਂ ਉਨ੍ਹਾਂ ਦੇ ਮੁੜ ਵਸੇਬੇ ਲਈ ਢੁਕਵੇਂ ਰੁਜ਼ਗਾਰ ਤੇ ਤਿੜਕੇ ਰਿਸ਼ਤਿਆਂ ਨੂੰ ਜੋੜਣ ਲਈ ਵੀ ਨਸ਼ਾ ਛੁਡਾਊ ਕੇਂਦਰ ਵੱਲੋਂ ਢੁਕਵੇਂ ਕਦਮ ਚੁੱਕਣੇ ਜ਼ਰੂਰੀ ਹਨ।
ਮਾਪਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪਰਿਵਾਰ ਦੇ ਜੀਅ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੜਤਾਲ ਕਰ ਲੈਣ ਕਿ ਉਹ ਕੇਂਦਰ ਸਿਰਫ਼ ਪੈਸੇ ਇੱਕਠੇ ਕਰਨ ਲਈ ਹੀ ਤਾਂ ਨਹੀਂ ਖੁੱਲ੍ਹਿਆ ਹੋਇਆ ? ਇਹ ਸਭ ਪਤਾ ਕਰਕੇ ਹੀ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਾਇਆ ਜਾਵੇ।
ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ
ਸੰਪਰਕ: 94171-48866


Comments Off on ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਦਾ ਕੱਚ-ਸੱਚ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.