ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਐਨਸੀਸੀ: ਜ਼ਿੰਮੇਵਾਰ ਨਾਗਰਿਕ ਬਣਾਉਣ ਦਾ ਉਪਰਾਲਾ

Posted On November - 28 - 2018

ਤਰਸੇਮ ਸਿੰਘ
ਐਨਸੀਸੀ, ਦੁਨੀਆਂ ਦੀ ਸਭ ਤੋਂ ਵੱਡੀ ਸਵੈ-ਸੇਵੀ (ਵਲੰਟੀਅਰ) ਸੰਸਥਾ ਹੈ, ਜੋ ਭਾਰਤ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਐਨਸੀਸੀ ਦੀ ਸ਼ੁਰੂਆਤ 1917 ਵਿਚ ਇੰਡੀਅਨ ਡਿਫੈਂਸ ਐਕਟ ਅਧੀਨ ਯੂਨੀਵਰਸਿਟੀ ਕਾਰਪਸ ਦੇ ਨਾਮ ਵਜੋਂ ਹੋਈ, ਜਿਸ ਦਾ ਮੁੱਖ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਫ਼ੌਜੀ ਸਿਖਲਾਈ ਦੇ ਕੇ ਫ਼ੌਜ ਵਿਚ ਭਰਤੀ ਲਈ ਉਤਸ਼ਾਹਿਤ ਕਰਨਾ ਸੀ। ਸਾਲ 1920 ਵਿਚ ਇਸ ਦਾ ਨਾਮ ਬਦਲ ਕੇ ਯੂਨੀਵਰਸਿਟੀ ਟਰੇਨਿੰਗ ਕਾਰਪਸ (ਯੂਟੀਸੀ) ਕਰ ਦਿੱਤਾ ਗਿਆ। ਉਸ ਸਮੇਂ ਯੂਟੀਸੀ ਦੇ ਅਫ਼ਸਰ ਅਤੇ ਕੈਡਿਟ ਫ਼ੌਜ ਵਾਂਗ ਹੀ ਵਰਦੀ ਪਾਉਂਦੇ ਸਨ।
ਅਜ਼ਾਦੀ ਤੋਂ ਬਾਅਦ ਪੰਡਿਤ ਹਿਰਦੇਨਾਥ ਕੂੰਜ਼ਰੂ ਦੀ ਅਗਵਾਈ ਵਾਲੀ ਕਮੇਟੀ ਦੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਸਕੂਲਾਂ ਅਤੇ ਕਾਲਜਾਂ ਵਿਚ ਰਾਸ਼ਟਰੀ ਪੱਧਰ ’ਤੇ ਇੱਕ ਸੰਸਥਾ ਬਣਾਈ ਜਾਵੇ। ਕੂੰਜ਼ਰੂ ਕਮੇਟੀ ਦੇ ਸੁਝਾਵਾਂ ਨੂੰ ਮੰਨਦੇ ਹੋਏ ਗਵਰਨਰ ਜਨਰਲ ਵੱਲੋਂ ਐਨਸੀਸੀ ਐਕਟ ਮਨਜ਼ੂਰ ਕਰ ਲਿਆ ਗਿਆ ਅਤੇ ਇਸ ਤਰ੍ਹਾਂ ਆਜ਼ਾਦ ਭਾਰਤ ਵਿਚ 15 ਜੁਲਾਈ 1948 ਨੂੰ ਐਨਸੀਸੀ ਹੋਂਦ ਵਿਚ ਆਈ ਤੇ ਕੈਡਿਟਾਂ ਨੂੰ ਪੜ੍ਹਾਈ ਦੇ ਨਾਲ-ਨਾਲ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ ਗਈ। ਸ਼ੁਰੂ ਵਿਚ ਆਰਮੀ ਵਿੰਗ ਦੀਆਂ ਯੂਨਿਟਾਂ ਦੀ ਸਥਾਪਨਾ ਹੋਈ। ਦੇਸ਼ ਦੀ ਪਹਿਲੀ ਯੂਨਿਟ ਨਵੰਬਰ ਦੇ ਚੌਥੇ ਐਤਵਾਰ ਨੂੰ 1947 ਵਿਚ ਬਣੀ ਸੀ, ਇਸ ਲਈ ਹਰ ਸਾਲ ਨਵੰਬਰ ਮਹੀਨੇ ਦੇ ਚੌਥੇ ਐਤਵਾਰ ਨੂੰ ਐਨਸੀਸੀ ਦਿਵਸ ਮਨਾਇਆ ਜਾਂਦਾ ਹੈ। 1949 ਵਿਚ ਗਰਲ ਵਿੰਗ, 1950 ਵਿਚ ਏਅਰ ਫੋਰਸ ਵਿੰਗ ਤੇ 1952 ਵਿਚ ਨੇਵੀ ਵਿੰਗ ਦੀ ਸਥਾਪਨਾ ਹੋਈ। ਉਸੇ ਸਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਜੋ ਐਨਸੀਸੀ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ, ਦੇ ਸੁਝਾਵਾਂ ਨਾਲ ਐਨਸੀਸੀ ਵਿਚ ਸਮਾਜਿਕ ਸੁਧਾਰ ਅਤੇ ਸਮਾਜਿਕ ਸੇਵਾ ਦੀਆਂ ਕਿਰਿਆਵਾਂ ਵੀ ਸ਼ਾਮਲ ਕੀਤੀਆਂ ਗਈਆਂ। ਅੱਜ 13 ਲੱਖ ਵਿਦਿਆਰਥੀ ਐਨਸੀਸੀ ਵਿਚ ਸਿਖਲਾਈ ਲੈ ਰਹੇ ਹਨ। ਐਨਸੀਸੀ ਨੇ ਵੱਖ-ਵੱਖ ਪਿਛੋਕੜ, ਧਰਮ, ਜਾਤ, ਭਾਸ਼ਾ, ਸੱਭਿਆਚਾਰ ਤੇ ਖੇਤਰ ਦੇ ਨੌਜਵਾਨਾਂ ਨੂੰ ਇਕ ਪਲੈਟਫਾਰਮ ’ਤੇ ਇਕੱਠੇ ਕਰਕੇ ਸੰਸਾਰ ਲਈ ‘ਅਨੇਕਤਾ ਵਿਚ ਏਕਤਾ’ ਦੀ ਸਭ ਤੋਂ ਵਧੀਆ ਉਦਾਹਰਨ ਪੇਸ਼ ਕੀਤੀ ਹੈ। ਸਾਲ 1965 ਅਤੇ 1971 ਵਿਚ ਭਾਰਤ-ਪਾਕਿਸਤਾਨ ਜੰਗ ਦੌਰਾਨ ਫ਼ੌਜੀ ਸਿਖਲਾਈ ਪ੍ਰਾਪਤ ਹੋਣ ਕਾਰਨ ਐਨਸੀਸੀ ਦੇ ਕੈਡਿਟਾਂ ਨੇ ਭਾਰਤੀ ਫ਼ੌਜ ਨੂੰ ਅਗਲੇਰੀਆਂ ਪੋਸਟਾਂ ’ਤੇ ਅਸਲਾ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਾਰਨ ਐਨਸੀਸੀ ਨੂੰ ਭਾਰਤ ਦੀ ‘ਸੈਕਿੰਡ ਲਾਈਨ ਆਫ ਫੋਰਸ’ ਵੀ ਕਿਹਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੇਂ ਸਮੇਂ ’ਤੇ ਸਿਵਿਲ ਡਿਫੈਂਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਬਚਾਅ ਕਾਰਜਾਂ, ਟ੍ਰੈਫਿਕ ਕੰਟਰੋਲ ਤੇ ਲੋਕਾਂ ਦਾ ਮਨੋਬਲ ਬਣਾਏ ਰੱਖਣ ਵਿਚ ਮਦਦ ਕੀਤੀ। ਅੱਜ ਇਹ ਕੈਡਿਟ ਭਾਰਤ ਵਿਚ ਭਰੂਣ ਹੱਤਿਆਵਾਂ, ਦਾਜ ਪ੍ਰਥਾ, ਏਡਜ਼ ਵਿਰੁੱਧ ਤੇ ਵਾਤਾਵਰਨ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਯੋਗਦਾਨ ਪਾ ਰਹੇ ਹਨ।
ਐਨਸੀਸੀ ਦੀ ਸਿਖਲਾਈ ਦੌਰਾਨ ਕੈਡਿਟਾਂ ਨੂੰ ਸਾਲਾਨਾ ਸਿਖਲਾਈ ਕੈਂਪ, ਥਲ ਸੈਨਾ ਕੈਂਪ, ਐਨ.ਆਈ.ਸੀ. ਕੈਂਪ, ਬੀ.ਐਲ.ਸੀ ਕੈਂਪ, ਰਿਪਬਲਿਕ ਡੇਅ ਕੈਂਪ ਤੇ ਪਰਬਤ ਚੜ੍ਹਾਈ ਸਿਖਲਾਈ ਕੈਂਪ ਵਿਚ ਜਾਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਯੂਥ ਐਕਸਚੇਂਜ ਪ੍ਰੋਗਰਾਮ ਅਧੀਨ ਦੂਸਰੇ ਮੁਲਕਾਂ ਵਿਚ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਸਕੂਲਾਂ ਵਿਚ ਐਨਸੀਸੀ ਵਿਚ ਭਰਤੀ 8ਵੀਂ ਜਾਂ 9ਵੀਂ ਜਮਾਤ ਵਿਚ ਹੁੰਦੀ ਹੈ ਅਤੇ ਇਸ ਦੀ ਸਿਖਲਾਈ ਦੋ ਸਾਲ ਦੀ ਹੁੰਦੀ ਹੈ। ਪਹਿਲੇ ਸਾਲ ਵਿਚ ਸਿਖਲਾਈ ਸਕੂਲ ਵਿਚ ਤਾਇਨਾਤ ਐਨਸੀਸੀ ਅਫ਼ਸਰ ਦੀ ਨਿਗਰਾਨੀ ਹੇਠ ਫ਼ੌਜੀ ਸਟਾਫ ਵੱਲੋਂ ਦਿੱਤੀ ਜਾਂਦੀ ਹੈ। ਦੂਜੇ ਸਾਲ ਵਿਚ ਕੈਡਿਟ ਨੂੰ ਕਿਸੇ ਇੱਕ ਕੈਂਪ ਵਿਚ ਜਾਣ ਦਾ ਮੌਕਾ ਮਿਲ ਸਕਦਾ ਹੈ। ਦੂਜੇ ਸਾਲ ਦੇ ਅੰਤ ਵਿਚ ਇਕ ਪੇਪਰ ਹੁੰਦਾ ਹੈ, ਜਿਸ ਨੂੰ ਪਾਸ ਕਰਨ ਤੋਂ ਬਾਅਦ ਕੈਡਿਟ ਨੂੰ ‘ਏ’ ਸਰਟੀਫਿਕੇਟ ਮਿਲਦਾ ਹੈ। ਕਾਲਜ ਵਿਚ ਭਰਤੀ ਪਹਿਲੇ ਸਾਲ ਵਿਚ ਹੋ ਜਾਂਦੀ ਹੈ ਤੇ ਸਿਖਲਾਈ ਤਿੰਨ ਸਾਲ ਦੀ ਹੁੰਦੀ ਹੈ। ਪਹਿਲੇ ਸਾਲ ਦੀ ਸਿਖਲਾਈ ਸਕੂਲਾਂ ਵਾਂਗ ਕਾਲਜ ਵਿਚ ਹੀ ਹੁੰਦੀ ਹੈ। ਦੂਜੇ ਸਾਲ ਵਿਚ ਕੈਡਿਟ ਨੂੰ ਕੈਂਪ ਲਾਉਣ ਦਾ ਮੌਕਾ ਮਿਲਦਾ ਹੈ ਅਤੇ ਦੂਜੇ ਸਾਲ ਦੇ ਅੰਤ ਵਿਚ ਇਕ ਪੇਪਰ ਹੁੰਦਾ ਹੈ, ਜਿਸ ਨੂੰ ਪਾਸ ਕਰਨ ਤੋਂ ਬਾਅਦ ਕੈਡਿਟ ਨੂੰ ‘ਬੀ’ ਸਰਟੀਫਿਕੇਟ ਮਿਲਦਾ ਹੈ। ‘ਬੀ’ ਸਰਟੀਫਿਕੇਟ ਪਾਸ ਕੈਡਿਟ ਤੀਜੇ ਸਾਲ ਵਿਚ ਜਾਂਦਾ ਹੈ ਤੇ ਉਸ ਸਾਲ ਵੀ ਕੈਂਪ ਲਾਉਣਾ ਜ਼ਰੂਰੀ ਹੁੰਦੀ ਹੈ ਤੇ ਤੀਜੇ ਸਾਲ ਦੀ ਸਿਖਲਾਈ ਤੋਂ ਬਾਅਦ ਵੀ ਇਕ ਪੇਪਰ ਹੁੰਦਾ ਹੈ, ਜਿਸ ਨੂੰ ਪਾਸ ਕਰਨ ਤੋਂ ਬਾਅਦ ਕੈਡਿਟ ਨੂੰ ‘ਸੀ’ ਸਰਟੀਫਿਕੇਟ ਮਿਲਦਾ ਹੈ। ਕਾਲਜ ਦੇ ਕੈਡਿਟਾਂ ਨੂੰ ਉਪਰ ਲਿਖੇ ਕੈਂਪਾਂ ਤੋਂ ਇਲਾਵਾ ਆਰਮੀ ਅਟੈਚਮੈਂਟ ਕੈਂਪ ਲਾਉਣ ਦਾ ਮੌਕਾ ਵੀ ਮਿਲ ਸਕਦਾ ਹੈ, ਜਿਸ ਵਿਚ ਕੈਡਿਟਾਂ ਨੂੰ ਆਰਮੀ ਦੀ ਕਿਸੇ ਯੂਨਿਟ ਨਾਲ ਜੋੜ ਦੇ 20 ਦਿਨ ਦੀ ਫ਼ਜੀ ਜਵਾਨਾਂ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ‘ਏ’ ਗ੍ਰੇਡ ਵਿਚ ‘ਸੀ’ ਸਰਟੀਫਿਕੇਟ ਪਾਸ ਕੈਡਿਟ ਨੂੰ ਫ਼ੌਜ ਵਿਚ ਅਫ਼ਸਰ ਦੀ ਭਰਤੀ ਲਈ ਹੋਣ ਵਾਲੇ ਲਿਖਤੀ ਪੇਪਰ ਤੋਂ ਛੋਟ ਹੁੰਦੀ ਹੈ ਤੇ ਕੈਡਿਟ ਨੇ ਸਿੱਧੇ ਐਸਐਸਬੀ ਇੰਟਰਵਿਊ ਦੇਣੀ ਹੁੰਦੀ ਹੈ। ਇਸ ਤੋਂ ਇਲਾਵਾ ‘ਸੀ’ ਸਰਟੀਫਿਕੇਕ ਵਾਲੇ ਕੈਡਿਟਾਂ ਲਈ ਫ਼ੌਜੀ ਅਫ਼ਸਰ ਵਾਸਤੇ ਵਿਸ਼ੇਸ਼ ਭਰਤੀ ਵੀ ਹੁੰਦੀ ਹੈ।
ਐਨਸੀਸੀ ਨੌਜਵਾਨਾਂ ਨੂੰ ਬੁਰਾਈਆਂ ਤੋਂ ਬਚਾਉਣ ਦੇ ਨਾਲ ਨਾਲ ਚੰਗੇ ਪਾਸੇ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਕੈਂਪਾਂ ਦੌਰਾਨ ਮਾਹਿਰਾਂ ਨੂੰ ਬੁਲਾ ਕੇ ਕੈਡਿਟਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕ ਕੀਤਾ ਜਾਂਦਾ ਹੈ। ਇਸ ਲਈ ਜ਼ਿੰਮੇਵਾਰ ਨਾਗਰਿਕ ਬਣਨ ਲਈ ਨੌਜਵਾਨਾਂ ਨੂੰ ਐਨਸੀਸੀ ਦੀ ਸਿਖਲਾਈ ਜ਼ਰੂਰ ਲੈਣੀ ਚਾਹੀਦੀ ਹੈ।
ਸੰਪਰਕ: 94647-30770


Comments Off on ਐਨਸੀਸੀ: ਜ਼ਿੰਮੇਵਾਰ ਨਾਗਰਿਕ ਬਣਾਉਣ ਦਾ ਉਪਰਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.