ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਇਤਿਹਾਸ ਅਤੇ ਇਤਿਹਾਸਕਾਰ

Posted On November - 24 - 2018

ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਕੂਲੀ ਕਿਤਾਬਾਂ ਵਿਚ ਸਿੱਖ ਇਤਿਹਾਸ ਦੀ ਪੇਸ਼ਕਾਰੀ ਤੋਂ ਹੋਏ ਵਾਦ-ਵਿਵਾਦ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਿੱਧ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸਿੱਖ ਇਤਿਹਾਸ ਸਰੋਤ ਸੰਪਾਦਨਾ ਪ੍ਰਾਜੈਕਟ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ। ਨਾ ਤਾਂ ਉਨ੍ਹਾਂ ਦਾ ਪੱਖ ਸੁਣਿਆ ਗਿਆ ਅਤੇ ਨਾ ਹੀ ਇਸ ਮਾਮਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿਚ ਉਠਾਉਣ ਦਿੱਤਾ ਗਿਆ। ਉਨ੍ਹਾਂ ਨੇ ਭਾਈ ਸੰਤੋਖ ਸਿੰਘ ਲਿਖਤ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਦੀ ਸੰਪਾਦਨਾ ਕੀਤੀ ਜਿਸ ਦੀਆਂ 21 ਜਿਲਦਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਦੋ ਛਪ ਰਹੀਆਂ ਹਨ। ਏਨੇ ਮਿਹਨਤ ਭਰੇ ਕਾਰਜ ਲਈ ਉਨ੍ਹਾਂ ਦਾ ਸ਼ੁਕਰਾਨਾ ਕਰਨ ਦੀ ਥਾਂ ’ਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਅਹੁਦੇ ਤੋਂ ਹਟਾਉਣਾ ਉਨ੍ਹਾਂ ਦੀ ਹੇਠੀ ਕਰਨ ਸਮਾਨ ਹੈ। ਬੀਤੇ ਵਰ੍ਹਿਆਂ ਵਿਚ ਕੁਝ ਹੋਰ ਸਿੱਖ ਇਤਿਹਾਸਕਾਰਾਂ ਨੂੰ ਵੀ ਇਹੋ ਜਿਹੇ ਸੰਕਟ ਦਾ ਸਾਹਮਣਾ ਕਰਨਾ ਪਿਆ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਇਹੋ ਜਿਹੀਆਂ ਮੁਸ਼ਕਲਾਂ ਦਾ ਉਨ੍ਹਾਂ ਇਤਿਹਾਸਕਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਧਾਰਮਿਕ ਮਾਮਲਿਆਂ ਬਾਰੇ ਇਤਿਹਾਸਕਾਰੀ ਕਰਦੇ ਹਨ। ਪਰ ਮਾਮਲਾ ਏਨਾ ਸਰਲ ਤੇ ਸਿੱਧਾ ਨਹੀਂ। ਪਿਛਲੇ ਵਰ੍ਹਿਆਂ ਵਿਚ ਮੁੱਖ ਧਾਰਾ ਨਾਲ ਸਬੰਧਿਤ ਇਤਿਹਾਸਕਾਰਾਂ ਨੂੰ ਵੀ ਇਹੋ ਜਿਹੇ ਖ਼ਤਰਿਆਂ ਅਤੇ ਖ਼ੁਆਰੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਇਤਿਹਾਸ ਕੀ ਹੈ? ਇਸ ਬਾਰੇ ਨਾ ਤਾਂ ਕਦੇ ਇਤਿਹਾਸਕਾਰਾਂ ਵਿਚ ਸਹਿਮਤੀ ਹੋਈ ਹੈ ਅਤੇ ਨਾ ਹੀ ਇਤਿਹਾਸਕਾਰੀ ਦੇ ਸਿਧਾਂਤਕਾਰਾਂ ਵਿਚ। ਅੰਗਰੇਜ਼ ਸਿਧਾਂਤਕਾਰ ਈ.ਐੱਚ. ਕਰ ਨੇ ਆਪਣੀ ਮਸ਼ਹੂਰ ਕਿਤਾਬ ‘ਵੱਟ ਇਜ਼ ਹਿਸਟਰੀ’ (ਇਤਿਹਾਸ ਕੀ ਹੈ) ਵਿਚ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਕਰ ਅਨੁਸਾਰ 19ਵੀਂ ਸਦੀ ਦੇ ਪੱਛਮੀ ਇਤਿਹਾਸਕਾਰਾਂ ਦਾ ਦ੍ਰਿਸ਼ਟੀਕੋਣ ਤੱਥਾਂ ਨੂੰ ਇਕੱਠੇ ਕਰਨ ਦੁਆਲੇ ਘੁੰਮਦਾ ਸੀ। ਇਸ ਦ੍ਰਿਸ਼ਟੀਕੋਣ ਵਿਚ ਇਕ ਖ਼ਾਸ ਤਰ੍ਹਾਂ ਦੀ ਧਾਰਮਿਕਤਾ ਸੀ ਅਤੇ ਉਹ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਉਹ ਬੀਤੇ (ਅਤੀਤ) ਦੀ ਨਿਰਪੱਖ ਤਸਵੀਰ ਬਣਾ ਸਕਦੇ ਹਨ ਜਿਹੜੀ ਬਿਲਕੁਲ ਦਰੁਸਤ ਹੋਵੇਗੀ। ਕਰ ਅਨੁਸਾਰ ਅਜਿਹੀ ਸੋਚ ਬਿਲਕੁਲ ਗ਼ਲਤ ਹੈ। ਉਹ ਬੀਤੇ ਸਬੰਧੀ ਜਾਣਕਾਰੀ ਅਤੇ ਇਤਿਹਾਸਕ ਤੱਥਾਂ ਵਿਚਲੇ ਫ਼ਰਕ ਨੂੰ ਸਮਝਣ/ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਤੱਥ ਮੱਛੀਫ਼ਰੋਸ਼ ਦੀ ਸਿੱਲ੍ਹ ’ਤੇ ਪਈਆਂ ਮੱਛੀਆਂ ਨਹੀਂ ਹੁੰਦੇ ਸਗੋਂ ਵਿਸ਼ਾਲ ਸਮੁੰਦਰ ਵਿਚ ਤਰ ਰਹੀਆਂ ਮੱਛੀਆਂ ਵਾਂਗ ਹੁੰਦੇ ਹਨ। ਇਤਿਹਾਸਕਾਰ ਕਿਹੜੀਆਂ ਮੱਛੀਆਂ (ਭਾਵ ਤੱਥ) ਫੜੇਗਾ, ਇਸ ਦਾ ਦਾਰੋਮਦਾਰ ਕੁਝ ਤਾਂ ਇਤਫ਼ਾਕ ’ਤੇ ਹੁੰਦਾ ਹੈ ਤੇ ਕੁਝ ਇਸ ਗੱਲ ’ਤੇ ਕਿ ਉਹ ਸਾਗਰ ਦੇ ਕਿਹੜੇ ਹਿੱਸੇ ਵਿਚੋਂ ਮੱਛੀਆਂ ਫੜ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਇਹ ਵੀ ਮਹੱਤਵਪੂਰਨ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦੀਆਂ ਮੱਛੀਆਂ ਫੜਨਾ ਚਾਹੁੰਦਾ ਹੈ। ਕਰ ਅਨੁਸਾਰ ਬਹੁਤਾ ਕਰਕੇ ਇਤਿਹਾਸਕਾਰ ਉਨ੍ਹਾਂ ਮੱਛੀਆਂ (ਤੱਥਾਂ) ਨੂੰ ਫੜਦੇ ਹਨ ਜਿਹੜੀਆਂ ਉਹ ਫੜਨਾ ਚਾਹੁੰਦੇ ਹਨ ਭਾਵ ਉਹ ਉਨ੍ਹਾਂ ਤੱਥਾਂ ਦੀ ਖੋਜ ਕਰਦੇ ਹਨ ਜਿਨ੍ਹਾਂ ਨੂੰ ਉਹ ਤਰਜੀਹ ਦੇਣਾ ਚਾਹੁੰਦੇ ਹਨ। ਇਵੇਂ ਉਹ ਉਸ ਤਰ੍ਹਾਂ ਦੀ ਹੀ ਖੋਜ ਕਰਦੇ ਹਨ ਜਿਵੇਂ ਦੀ ਉਨ੍ਹਾਂ ਨੂੰ ਚਾਹਤ ਹੁੰਦੀ ਹੈ। ਕਰ ਦਾ ਮੰਨਣਾ ਹੈ, ‘‘ਇਤਿਹਾਸਕਾਰ ਦੀ ਤੱਥਾਂ ਦੀ ਚੋਣ ਹਮੇਸ਼ਾਂ ਉਸ ਦੀ ਹੀ ਚੋਣ ਹੁੰਦੀ ਹੈ ਤੇ ਉਹ ਬੀਤੇ ਦੇ ਕੁਝ ਤੱਥਾਂ ਨੂੰ ਆਪਣੀ ਸੋਚ ਦੀ ਨੁਹਾਰ ਦੇ ਕੇ ਇਤਿਹਾਸਕ ਤੱਥ ਬਣਾ ਦਿੰਦਾ ਹੈ।’’
ਕਰ ਵਿਅਕਤੀ ਤੇ ਸਮਾਜ ਵਿਚਲੇ ਰਿਸ਼ਤੇ ਉੱਤੇ ਜ਼ੋਰ ਦਿੰਦਿਆਂ ਲਿਖਦਾ ਹੈ ਕਿ ਇਤਿਹਾਸਕਾਰ ਸਮਾਜ ਤੋਂ ਬਾਹਰ ਨਹੀਂ ਹੁੰਦਾ ਤੇ ਉਸ ਦੀ ਸੋਚ-ਸਮਝ ਉਸ ਦੇ ਆਪਣੇ ਸਮਿਆਂ ਦੇ ਸਮਾਜਿਕ ਵਰਤਾਰਿਆਂ ਤੋਂ ਪ੍ਰਭਾਵਿਤ ਹੁੰਦੀ ਹੈ। ਇਤਿਹਾਸਕਾਰ ਸਮੇਂ ਦੀ ਸਮਾਜਿਕ ਸਮਝ ਨੂੰ ਆਤਮਸਾਤ ਕਰ ਲੈਂਦਾ ਹੈ। ਇਹ ਸਮਝ ਉਸ ਦੀ ਸੋਚ ਦਾ ਅੰਦਰੂਨੀ ਹਿੱਸਾ ਬਣ ਜਾਂਦੀ ਹੈ ਤੇ ਉਸ ਦੁਆਰਾ ਬੀਤੇ ਹੋਏ ਵੇਲਿਆਂ ਦੇ ਬਿਰਤਾਂਤ ਨੂੰ ਇਤਿਹਾਸ ਵਿਚ ਬਦਲਣ ਦੀ ਪ੍ਰਕਿਰਿਆ ’ਤੇ ਪ੍ਰਭਾਵ ਪਾਉਂਦੀ ਹੈ। ਕਿਸੇ ਇਤਿਹਾਸਕਾਰ ਕੋਲ ਕੋਈ ਅਜਿਹੀ ਦ੍ਰਿਸ਼ਟੀ ਨਹੀਂ ਹੁੰਦੀ ਜਿਸ ਨੂੰ ਅਲੋਕਾਰ, ਅਦੁੱਤੀ, ਸੀਮਾ-ਰਹਿਤ, ਨਿਰਪੱਖ ਜਾਂ ਇਲਾਹੀ ਕਿਹਾ ਜਾ ਸਕੇ।
ਇਤਿਹਾਸ ਵਿਚ ਕਿਸੇ ਘਟਨਾ ਨੂੰ ਵੱਖ ਵੱਖ ਤਰ੍ਹਾਂ ਬਿਆਨ ਕਰਕੇ ਉਸ ਨੂੰ ਵੱਖ ਵੱਖ ਇਤਿਹਾਸਕ ਰੂਪ ਦੇ ਦਿੱਤੇ ਜਾਂਦੇ ਹਨ। ਆਓ ਇਸ ਗੁੰਝਲਦਾਰ ਮਸਲੇ ਨੂੰ ਸਮਝਣ ਲਈ 1660ਵਿਆਂ ਵਿਚ ਸ਼ੁਰੂ ਹੋਈ ਤੇ 1672 ਵਿਚ ਆਪਣੀ ਸਿਖ਼ਰ ’ਤੇ ਪਹੁੰਚੀ ਸਤਨਾਮੀਆਂ ਦੀ ਬਗ਼ਾਵਤ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ। ਇਤਿਹਾਸਕ ਜਾਣਕਾਰੀ ਅਨੁਸਾਰ ਗੁਰੂ ਊਧੋਦਾਸ ਨੇ 1660ਵਿਆਂ ਵਿਚ ਨਾਰਨੌਲ ਦੇ ਮੇਵਾਤ ਇਲਾਕਿਆਂ ਵਿਚ ਸਤਨਾਮੀ ਪੰਥ ਚਲਾਇਆ। ਉਹ ਕਬੀਰ ਦੇ ਅਨੁਯਾਈ ਸਨ ਤੇ ਨਿਰੰਕਾਰ ਈਸ਼ਵਰ ਵਿਚ ਵਿਸ਼ਵਾਸ ਰੱਖਦੇ ਸਨ। 1669 ਵਿਚ ਉਨ੍ਹਾਂ ਦੇ ਅਨੁਯਾਈਆਂ ਨੇ ਕਾਜ਼ੀ-ਉਲ-ਕਜਾਤ (ਮੁੱਖ ਕਾਜ਼ੀ) ਅਬਦੁੱਲ ਵਹਾਬ ਦੇ ਪੁੱਤਰ ਕਾਜ਼ੀ ਅਬੁੱਲ ਮਕਾਰਮ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਜ਼ਾਲਮ ਸੀ ਤੇ ਲੋਕਾਂ ਦੀਆਂ ਬਹੂ-ਬੇਟੀਆਂ ਚੁੱਕ ਖੜ੍ਹਦਾ ਸੀ। ਔਰੰਗਜ਼ੇਬ ਦੇ ਹੁਕਮ ’ਤੇ ਗੁਰੂ ਊਧੋਦਾਸ ਅਤੇ ਉਨ੍ਹਾਂ ਦੇ ਦੋ ਚੇਲਿਆਂ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿਚ ਕਤਲ ਕਰ ਦਿੱਤਾ ਗਿਆ। ਇਹ ਸ਼ਹੀਦੀ ਇਸੇ ਥਾਂ ’ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਛੇ ਸਾਲ ਪਹਿਲਾਂ ਹੋਈ। ਇਸ ਤੋਂ ਬਾਅਦ ਗੁਰੂ ਵੀਰਭਾਨ ਦੀ ਅਗਵਾਈ ਹੇਠ 1672 ਵਿਚ ਸਤਨਾਮੀਆਂ ਨੇ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ। ਸਾਕੀ ਮੁਸਤਾਅਦ ਖਾਂ ‘ਮਆਸਿਰਿ ਆਲਮਗੀਰੀ’ ਵਿਚ ਲਿਖਦਾ ਹੈ, ‘‘ਪਾਠਕ ਇਸ ਘਟਨਾ ਬਾਰੇ ਪੜ੍ਹ ਕੇ ਹੈਰਾਨ ਰਹਿ ਜਾਣਗੇ ਕਿ ਨਕਾਰੇ ਤੇ ਹੀਣੇ ਜਿਹੇ ਮੌਤ ਨੂੰ ਆਵਾਜ਼ਾਂ ਮਾਰਨ ਵਾਲੇ ਬਾਗ਼ੀ ਟੋਲੇ ਨੇ ਜਿਸ ਵਿਚ ਨੀਵੀਆਂ ਜਾਤਾਂ ਤੇ ਕਿੱਤਿਆਂ ਦੇ ਲੋਕ ਸ਼ਾਮਿਲ ਸਨ, ਬਗ਼ਾਵਤ ਕਰਨ ਦੀ ਠਾਣ ਲਈ… ਉਹ ਆਪਣੇ ਆਪ ਨੂੰ ਅਮਰ ਸਮਝਦੇ ਸਨ ਤੇ ਉਨ੍ਹਾਂ ਦਾ ਵਿਸ਼ਵਾਸ ਸੀ ਜੇ ਕੋਈ ਬੰਦਾ ਮਾਰਿਆ ਗਿਆ ਤਾਂ ਉਸ ਦੀ ਥਾਂ ਸੱਤਰ ਬੰਦੇ ਹੋਰ ਜੰਮ ਪੈਣਗੇ… ਜਿਉਂ ਹੀ ਸ਼ਾਹੀ ਲਸ਼ਕਰ ਨਾਰਨੌਲ ਪੁੱਜਿਆ, ਫ਼ਸਾਦੀਆਂ ਨੇ ਸ਼ਹਿਨਸ਼ਾਹ ਦੇ ਘੱਲੇ ਹੋਏ ਅਮੀਰਾਂ ਨਾਲ ਟੱਕਰ ਲਈ। ਜੰਗੀ ਸਮਾਨ ਦੀ ਕਮੀ ਹੁੰਦਿਆਂ ਵੀ ਇਨ੍ਹਾਂ ਬੇਦੀਨਾਂ ਨੇ ਹਿੰਦੂਆਂ ਦੀਆਂ ਕਿਤਾਬਾਂ ਵਿਚ ਲਿਖੀਆਂ ਕਹਾਣੀਆਂ ਨੂੰ ਨਵੇਂ ਸਿਰੇ ਤੋਂ ਸੁਰਜੀਤ ਕਰ ਦਿੱਤਾ ਤੇ ਹਿੰਦੋਸਤਾਨੀਆਂ ਦੀ ਪਰਿਭਾਸ਼ਾ ਵਿਚ ਇਹ ਜੰਗ ਵੀ ਮਹਾਂਭਾਰਤ ਦਾ ਨਮੂਨਾ ਹੀ ਬਣ ਗਈ।’’ ਇਤਿਹਾਸਕਾਰ ਖਫ਼ੀ ਖ਼ਾਨ ਆਪਣੀ ਕਿਤਾਬ ‘ਮੁਨਤਖ਼ਬ-ਉਲ-ਲਬਾਬ’ ਵਿਚ ਵੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਸਤਨਾਮੀਆਂ ਦੇ ਉਤਸ਼ਾਹ ਦੀ ਤਾਰੀਫ਼ ਕਰਦਾ ਹੈ।
ਉਨ੍ਹਾਂ ਸਮਿਆਂ ਦਾ ਹੀ ਇਕ ਹਿੰਦੂ ਇਤਿਹਾਸਕਾਰ ਈਸ਼ਰ ਦਾਸ ਨਾਗਰ ਇਸ ਸਾਰੀ ਘਟਨਾ ਦਾ ਜ਼ਿਕਰ ਕਰਦਿਆਂ ਸਤਨਾਮੀਆਂ ਬਾਰੇ ਬਹੁਤ ਹੀ ਮੰਦੇ ਸ਼ਬਦ ਵਰਤਦਾ ਹੈ ਅਤੇ ਇਸ ਬਗ਼ਾਵਤ ਨੂੰ ਛੁਟਿਆਉਂਦਾ ਹੈ। ਉਸ ਦੀ ਕਿਤਾਬ ‘ਫਤੂਹਾਤ-ਏ-ਆਲਮਗਿਰੀ’ ਪੜ੍ਹੀਏ ਤਾਂ ਵਿਸ਼ਵਾਸ ਨਹੀਂ ਆਉਂਦਾ ਕਿ ਕੋਈ ਇਤਿਹਾਸਕਾਰ ਔਰੰਗਜ਼ੇਬ ਵਿਰੁੱਧ ਲੜਨ ਵਾਲਿਆਂ ਵਾਸਤੇ ਇਹੋ ਜਿਹੀ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕਰ ਸਕਦਾ ਹੈ ਜਦੋਂਕਿ ਔਰੰਗਜ਼ੇਬ ਦੀ ਨੌਕਰੀ ਵਿਚ ਰਹੇ ਮੁਸਲਮਾਨ ਇਤਿਹਾਸਕਾਰ ਖਫ਼ੀ ਖ਼ਾਨ ਤੇ ਸਾਕੀ ਮੁਸਤਾਅਦ ਖ਼ਾਨ ਆਪਣੇ ਦੁਸ਼ਮਣਾਂ ਦੀ ਬਹਾਦਰੀ ਦੀ ਤਾਰੀਫ਼ ਕਰਦੇ ਹਨ। ਤਹਿ ਵਿਚ ਜਾਇਆਂ ਪਤਾ ਲੱਗਦਾ ਹੈ ਕਿ ਈਸ਼ਰ ਦਾਸ ਨਾਗਰ ਇਕ ਗੁਜਰਾਤੀ ਬ੍ਰਾਹਮਣ ਸੀ ਜੋ ਕਾਜ਼ੀ-ਉਲ-ਕਜਾਤ ਅਬਦੁੱਲ ਵਹਾਬ ਦੇ ਵੱਡੇ ਪੁੱਤਰ ਦਾ ਨੌਕਰ ਸੀ। ਇੱਥੇ ਇਹ ਗੱਲ ਵੀ ਯਾਦ ਰੱਖਣੀ ਬਣਦੀ ਹੈ ਕਿ ਜਦੋਂ ਔਰੰਗਜ਼ੇਬ ਆਪਣੇ ਪਿਤਾ ਸ਼ਾਹਜ਼ਹਾਂ ਨੂੰ ਆਗਰੇ ਵਿਚ ਕੈਦ ਕਰਨ ਬਾਅਦ ਦਿੱਲੀ ਪਹੁੰਚਿਆ ਤਾਂ ਉਸ ਵੇਲੇ ਦੇ ਮੁੱਖ ਕਾਜ਼ੀ ਨੇ ਔਰੰਗਜ਼ੇਬ ਦੇ ਹੱਕ ਵਿਚ ਖ਼ੁਤਬਾ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਫੇਰ ਇਹ ਖ਼ੁਤਬਾ ਅਬਦੁੱਲ ਵਹਾਬ ਨੇ ਪੜ੍ਹਿਆ ਅਤੇ ਉਹ ਕਾਜ਼ੀ-ਉਲ-ਕਜਾਤ ਬਣਾ ਦਿੱਤਾ ਗਿਆ। ਅਸੀਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਈਸ਼ਰ ਦਾਸ ਨਾਗਰ ਸਤਨਾਮੀਆਂ ਨਾਲ ਜਾਂ ਤਾਂ ਇਸ ਲਈ ਨਰਾਜ਼ ਸੀ ਕਿਉਂਕਿ ਉਨ੍ਹਾਂ ਦੇ ਵਿਦਰੋਹ ਦਾ ਖ਼ਾਸਾ ਪ੍ਰਬਲ ਰੂਪ ਵਿਚ ਬ੍ਰਾਹਮਣ ਵਿਰੋਧੀ ਸੀ ਅਤੇ ਜਾਂ ਇਸ ਲਈ ਕਿ ਉਨ੍ਹਾਂ ਨੇ ਉਸ ਦੇ ਮਾਲਕ ਦੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਾਂ ਇਨ੍ਹਾਂ ਦੋਹਾਂ ਕਾਰਨਾਂ ਕਰਕੇ। ਇਸ ਤਰ੍ਹਾਂ ਇਤਿਹਾਸਕਾਰ ਦੀ ਲਿਖ਼ਤ ਵਿਚ ਉਸ ਦੀ ਸਮਾਜਿਕ ਸ਼ਖ਼ਸੀਅਤ ਵੀ ਹਾਜ਼ਰ ਹੁੰਦੀ ਹੈ ਅਤੇ ਤੱਥ ਇਤਿਹਾਸਕਾਰ ਦੇ ਹੱਥਾਂ ਵਿਚ ਕੋਈ ਵੀ ਰੂਪ ਲੈ ਸਕਦਾ ਹੈ।
ਇਸ ਤਰ੍ਹਾਂ ਇਤਿਹਾਸਕਾਰ ਬੀਤੇ ਦੇ ਤੱਥਾਂ ਵਿਚੋਂ ਚੋਣ ਕਰਦੇ ਹਨ ਅਤੇ ਕੁਝ ਤੱਥਾਂ ਨੂੰ ਆਪਣੀ ਸਮਝ ਅਨੁਸਾਰ ਇਤਿਹਾਸਕ ਤੱਥ ਬਣਾ ਦਿੰਦੇ ਹਨ ਜਦੋਂਕਿ ਕੁਝ ਜਾਣਕਾਰੀਆਂ ਹਾਸ਼ੀਏ ’ਤੇ ਰਹਿ ਜਾਂਦੀਆਂ ਹਨ। ਕਈ ਵਾਰ ਖੋਜ ਰਵਾਇਤ ਨਾਲ ਟਕਰਾਉਂਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਤਿਹਾਸ ਬਾਰੇ ਖੋਜ ਨਾ ਕੀਤੀ ਜਾਏ ਅਤੇ ਇਤਿਹਾਸ ਨਾ ਲਿਖਿਆ ਜਾਏ ਸਗੋਂ ਇਹ ਸਮਝਣਾ ਜ਼ਰੂਰੀ ਹੈ ਕਿ ਤਾਰੀਖ ਲਿਖਣਾ ਇਕ ਪ੍ਰਕਿਰਿਆ ਹੈ। ਕਿਸੇ ਵੀ ਖ਼ਿੱਤੇ ਦੇ ਲੋਕਾਂ ਦੀ ਤਾਰੀਖ ਉਨ੍ਹਾਂ ਦੀਆਂ ਜਿੱਤਾਂ ਤੇ ਸਫ਼ਲਤਾਵਾਂ ਦਾ ਵੇਰਵਾ ਨਹੀਂ ਹੋ ਸਕਦੀ ਸਗੋਂ ਇਹ ਉਸ ਖ਼ਿੱਤੇ ਦੇ ਲੋਕਾਂ ਦੀਆਂ ਜਿੱਤਾਂ-ਹਾਰਾਂ, ਸਫ਼ਲਤਾਵਾਂ-ਅਸਫ਼ਲਤਾਵਾਂ, ਪ੍ਰੇਸ਼ਾਨੀਆਂ, ਖ਼ੁਆਰੀਆਂ, ਮਜਬੂਰੀਆਂ, ਬਹਾਦਰੀਆਂ, ਗੱਦਾਰੀਆਂ, ਕਾਇਰਤਾ, ਸਖੀਪੁਣੇ, ਲਾਲਚ ਤੇ ਸਿਦਕ-ਸੰਤੋਖ ਦੇ ਕਿੱਸਿਆਂ ਦਾ ਮਿਸ਼ਰਣ ਹੁੰਦੀ ਹੈ ਅਤੇ ਇਸ ਨੂੰ ਇਸੇ ਤਰ੍ਹਾਂ ਹੀ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਇਤਿਹਾਸ ਵਿਚ ਖ਼ਿੱਤੇ ਦੀ ਸਥਾਨਕਤਾ ਦਾ ਗ਼ੌਰਵ ਵੀ ਹੋਵੇਗਾ ਅਤੇ ਉੱਥੋਂ ਦੇ ਲੋਕਾਂ ਦੀਆਂ ਅਸਫ਼ਲਤਾਵਾਂ ਅਤੇ ਹਾਰਾਂ ਦਾ ਜ਼ਿਕਰ ਵੀ। ਤਾਰੀਖਦਾਨਾਂ ਨੇ ਖੋਜ ਕਰਦੇ ਰਹਿਣਾ ਹੈ ਤੇ ਇਤਿਹਾਸ ਨੇ ਬਹੁਪਰਤੀ, ਬਹੁਰੰਗੀ ਤੇ ਵਿਸਥਾਰਮਈ ਹੁੰਦੇ ਜਾਣਾ ਹੈ। ਸਾਨੂੰ ਆਪਣੇ ਮਨਾਂ ਨੂੰ ਵਿਸ਼ਾਲ ਕਰਕੇ ਜਿੱਥੇ ਆਪਣੇ ਵਡੇਰਿਆਂ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਉੱਥੇ ਆਪਣੇ ਅਤੀਤ ਦੀਆਂ ਕਮੀਆਂ ਤੇ ਗ਼ਲਤੀਆਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਤਿਹਾਸਕਾਰਾਂ ਨੂੰ ਇਹ ਖੁੱਲ੍ਹ ਮਿਲਣੀ ਚਾਹੀਦੀ ਹੈ ਕਿ ਉਹ ਆਪਣੀ ਸੋਚ ਤੇ ਆਜ਼ਾਦੀ ਅਨੁਸਾਰ ਖੋਜ ਕਰਨ, ਪਰ ਨਾਲ ਨਾਲ ਉਨ੍ਹਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰਨ ਭਾਵੇਂ ਹਮੇਸ਼ਾਂ ਏਦਾਂ ਹੋਣਾ ਸੰਭਵ ਨਹੀਂ ਹੁੰਦਾ।
-ਸਵਰਾਜਬੀਰ


Comments Off on ਇਤਿਹਾਸ ਅਤੇ ਇਤਿਹਾਸਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.