ਅਸਲਾ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਨਿਸ਼ਾਨਾ ਖੁੰਝਿਆ !    ਯੂਨੀਅਨ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ !    ਟੀ-20 ਮਹਿਲਾ ਵਿਸ਼ਵ ਕੱਪ: ਮੀਂਹ ਨੇ ਭਾਰਤ-ਪਾਕਿ ਅਭਿਆਸ ਮੈਚ ਧੋਇਆ !    ਪੰਜਾਬ ਵਿਚ ਸਕੂਲੀ ਸਿੱਖਿਆ ’ਚ ਸੁਧਾਰ ਬਨਾਮ ਜ਼ਮੀਨੀ ਹਕੀਕਤ !    ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖਣ ’ਚ ਸਰਕਾਰ ਨਾਕਾਮ !    ਬੁੱਢਾ ਕੇਸ: ਜੱਗਾ ਤੇ ਪਹਿਲਵਾਨ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ !    ਨਾਭਾ ਜੇਲ੍ਹ: ਗੁਟਕੇ ਤੇ ਪੋਥੀਆਂ ਦੀ ਬੇਅਦਬੀ ਦੀ ਜਾਂਚ ਹੋਵੇ: ਜਥੇਦਾਰ !    ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ !    ਸੋਲ੍ਹਾਂ ਤੂਫ਼ਾਨੀ ਦਿਨਾਂ ਦੀ ਬਾਤ... !    ਕੇਂਦਰੀ ਮੰਤਰੀ ਵੱਲੋਂ ਦੁਬਈ ਵਿਚ ਫੂਡ ਪੈਵੇਲੀਅਨ ਦਾ ਉਦਘਾਟਨ !    

‘ਆਪ’ ਦੇ ਆਪਣੇ ਵਿਰੋਧਾਭਾਸ

Posted On November - 2 - 2018

ਆਮ ਆਦਮੀ ਪਾਰਟੀ (ਆਪ) ਦੇ ਵਿਕਾਸ ਵਿਚ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਪਾਰਟੀ ਦੇ ਅੰਦਰ ਹਮੇਸ਼ਾ ਹੀ ਘਮਸਾਣ ਮਚਿਆ ਰਹਿੰਦਾ ਹੈ। ਇਉਂ ਲੱਗਦਾ ਹੈ ਕਿ ਜਿਵੇਂ ਬੇਤਰਤੀਬੀ ਹੀ ਇਸ ਪਾਰਟੀ ਦੀ ਤਰਤੀਬ ਤੇ ਤਕਦੀਰ ਹੋ ਗਈ ਹੈ। ਇਸ ਪਾਰਟੀ ਨੇ 2014 ਵਿਚ ਹਿੰਦੋਸਤਾਨ ਦੇ ਨੌਜਵਾਨਾਂ ਦੀ ਆਤਮਾ ਨੂੰ ਟੁੰਬਿਆ ਤੇ ਆਪਣੇ ਆਪ ਨੂੰ ਆਦਰਸ਼ਵਾਦੀ ਬਦਲ ਵਜੋਂ ਪੇਸ਼ ਕੀਤਾ। ਸ਼ੁਰੂ ਸ਼ੁਰੂ ਵਿਚ ਪਾਰਟੀ ਦਾ ਵਾਅਦਾ ਇਹ ਸੀ ਕਿ ਪਾਰਟੀ ਦਾ ਮੁੱਖ ਮਕਸਦ ਤਾਕਤ ਹਾਸਲ ਕਰਨਾ ਨਹੀਂ ਸਗੋਂ ਹਿੰਦੋਸਤਾਨ ਦੀ ਸਿਆਸੀ ਧਰਾਤਲ ਤੇ ਸਿਆਸੀ ਏਜੰਡੇ ਨੂੰ ਬਦਲਣਾ ਹੈ। ਇਸ ਗੱਲ ਤੋਂ ਟੁੰਬੇ ਹੋਏ ਪੁਰਾਣੇ ਸਮਾਜਵਾਦੀ ਨੇਤਾ, ਲੋਕ ਲਹਿਰਾਂ ਦੇ ਆਗੂ ਤੇ ਨੌਜਵਾਨਾਂ ਨੇ ਇਸ ਪਾਰਟੀ ਵੱਲ ਵਹੀਰਾਂ ਘੱਤੀਆਂ। ਪ੍ਰਸ਼ਾਂਤ ਭੂਸ਼ਨ ਤੇ ਯੋਗੇਂਦਰ ਯਾਦਵ ਤੋਂ ਲੈ ਕੇ ਮੇਧਾ ਪਾਟੇਕਰ ਜਿਹੇ ਜਾਣੇ-ਪਛਾਣੇ ਲੋਕ-ਪੱਖੀ ਕਾਰਕੁਨ ਇਸ ਪਾਰਟੀ ਵਿਚ ਆਏ। ਇਸ ਪਾਰਟੀ ਨੇ ਪੰਜਾਬ ਦੀ ਸਿਆਸਤ ਵਿਚ ਵੀ ਵੱਡਾ ਵੱਢ ਮਾਰਿਆ ਤੇ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਤੇ ਕਾਂਗਰਸ ਦੋਹਾਂ ਨੂੰ ਭਾਜੜਾਂ ਪਾ ਦਿੱਤੀਆਂ। ਜਦ ਇਹ ਪਾਰਟੀ ਦਿੱਲੀ ਵਿਚ ਬਹੁਤ ਵੱਡੀ ਬਹੁਗਿਣਤੀ ਨਾਲ ਤਾਕਤ ਵਿਚ ਆਈ ਤਾਂ ਪਾਰਟੀ ਅੰਦਰਲੇ ਵਿਰੋਧਾਭਾਸ ਤੇ ਅਸੰਗਤੀਆਂ ਬਹੁਤ ਹੀ ਬੇਹੂਦਾ ਢੰਗ ਨਾਲ ਸਾਹਮਣੇ ਆਈਆਂ ਅਤੇ ਅਰਵਿੰਦ ਕੇਜਰੀਵਾਲ ਇਨ੍ਹਾਂ ਅਸੰਗਤੀਆਂ ਨੂੰ ਉਸ ਪ੍ਰੋੜ੍ਹਤਾ ਤੇ ਸਿਆਣਪ ਨਾਲ ਸਮੇਟ ਨਹੀਂ ਸਕਿਆ ਜਿਸ ਦੀ ਕੌਮੀ ਪੱਧਰ ਦੇ ਨੇਤਾ ਤੋਂ ਆਸ ਕੀਤੀ ਜਾਂਦੀ ਹੈ। ਭਾਵੇਂ ਕਈ ਲੋਕਾਂ ਦੀ ਦਲੀਲ ਸੀ ਕਿ ਇਹ ਬੇਤਰਤੀਬੀ ਸਾਡੇ ਬੇਤਰਤੀਬ ਸਮਿਆਂ ਦਾ ਲੱਛਣ ਸੀ ਤੇ ਇਸ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਦੀ ਗਵਾਹੀ ਹਨ ਪਰ ਪਾਰਟੀਆਂ ਤੇ ਤਨਜ਼ੀਮਾਂ ਏਨੀ ਬੇਤਰਤੀਬੀ ਨਾਲ ਕਦੇ ਵੀ ਅੱਗੇ ਨਹੀਂ ਵਧ ਸਕਦੀਆਂ।
ਇਹੀ ਹਾਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਰਿਹਾ ਹੈ ਜਿਹਦੇ ਵਿਚ ਹੁਣ ਦੋ ਵੱਖ ਵੱਖ ਧੜੇ ਇਕ ਦੂਸਰੇ ਦੇ ਵਿਰੁੱਧ ਡਟੇ ਖਲੋਤੇ ਹਨ ਤੇ ਉਨ੍ਹਾਂ ਵਿਚਕਾਰ ਰਜ਼ਾਮੰਦੀ ਹੋਣ ਦੀ ਕੋਈ ਉਮੀਦ ਦਿਖਾਈ ਨਹੀਂ ਦਿੰਦੀ। ਇਸ ਤੋਂ ਵੀ ਵੱਧ ਬੇਉਮੀਦੀ ਵਾਲੀ ਗੱਲ ਇਹ ਹੈ ਕਿ ਕੇਜਰੀਵਾਲ ਨੇ ਜੋ ਬੇਰੁਖੀ ਪੰਜਾਬ ਦੇ ‘ਆਪ’ ਦੇ ਅੰਦਰੂਨੀ ਝਗੜਿਆਂ ਨੂੰ ਹੱਲ ਕਰਨ ਵੱਲ ਦਿਖਾਈ ਹੈ, ਉਹ ਬਹੁਤ ਹੀ ਨਿਰਾਸ਼ ਕਰਨ ਵਾਲੀ ਹੈ। ਕਈ ਵਾਰ ਤਾਂ ਇਉਂ ਲੱਗਦਾ ਹੈ ਕਿ ਆਪਣੇ ਆਪ ਨੂੰ ਵੱਖਰਾ ਕਹਿਣ ਵਾਲੀ ਇਸ ਪਾਰਟੀ ਦੇ ਮਹਾਨ ਆਗੂ ਦੇ ਆਪਣੇ ਅੰਦਰ ਜਮਹੂਰੀ ਆਭਾ ਬਹੁਤ ਘੱਟ ਹੈ ਅਤੇ ਉਹ ਤਾਨਾਸ਼ਾਹੀ ਰੁਚੀਆਂ ਨਾਲ ਲਬਰੇਜ਼ ਹੈ। ਉਸ ਦੀ ਕੱਲ੍ਹ ਦੀ ਪ੍ਰੈਸ ਕਾਨਫਰੰਸ ਵੀ ਇਹ ਪ੍ਰਭਾਵ ਦਿੰਦੀ ਹੈ ਕਿ ਉਹ ਪੰਜਾਬ ਵੱਲੋਂ ਨਿਰਾਸ਼ ਹੋ ਚੁੱਕਾ ਹੈ ਤੇ ਉਸ ਦੀਆਂ ਨਜ਼ਰਾਂ ਹੁਣ ਹਰਿਆਣਾ ਦੀਆਂ ਚੋਣਾਂ ’ਤੇ ਟਿਕੀਆਂ ਹੋਈਆਂ ਹਨ। ‘ਆਪ’ ਇਹ ਮਹਿਸੂਸ ਨਹੀਂ ਕਰ ਪਾ ਰਹੀ ਕਿ ਉਸ ਦੀਆਂ ਅਸਲੀ ਜੜ੍ਹਾਂ ਪੰਜਾਬ ਵਿਚ ਹਨ ਜਦੋਂ ਕਿ ਹਰਿਆਣਾ ਦੀ ਸਿਆਸਤ ਵਿਚ ਉਨ੍ਹਾਂ ਦੇ ਕਾਮਯਾਬ ਹੋਣ ਦੇ ਮੌਕੇ ਬਹੁਤ ਘੱਟ ਹਨ।
ਪੰਜਾਬ ਆਮ ਆਦਮੀ ਪਾਰਟੀ ਦੀ ਕਰਮਭੂਮੀ ਹੋ ਸਕਦਾ ਸੀ ਪਰ ਜਿਸ ਤਰ੍ਹਾਂ ਦਾ ਵਿਹਾਰ ‘ਆਪ’ ਦੀ ਕੇਂਦਰੀ ਤੇ ਸਥਾਨਕ ਲੀਡਰਸ਼ਿਪ ਨੇ ਕੀਤਾ ਹੈ, ਉਸ ਨਾਲ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਨਾ ਸਿਰਫ਼ ਆਮ ਆਦਮੀ ਪਾਰਟੀ ਦੀ ਸਿਆਸਤ ਤੋਂ ਹੀ ਟੁੱਟਿਆ ਹੈ ਸਗੋਂ ਉਹ ਹਾਂ-ਮੁਖੀ ਸਿਆਸਤ ਵੱਲੋਂ ਵੀ ਨਿਰਾਸ਼ ਹੋਏ ਹਨ। ਜੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਾਰਵਿਹਾਰ ਵਿਚ ਅੰਦਰੂਨੀ ਜਮਹੂਰੀਅਤ ਨਹੀਂ ਆਉਂਦੀ ਤਾਂ ਇਸ ਤਰ੍ਹਾਂ ਦੀ ਕਾਰਗੁਜ਼ਾਰੀ ‘ਆਪ’ ਦੇ ਕਿਸੇ ਚੰਗੇ ਭਵਿੱਖ ਵੱਲ ਸੰਕੇਤ ਨਹੀਂ ਕਰਦੀ।


Comments Off on ‘ਆਪ’ ਦੇ ਆਪਣੇ ਵਿਰੋਧਾਭਾਸ
1 Star2 Stars3 Stars4 Stars5 Stars (1 votes, average: 4.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.