ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਆਈਲੈੱਟਸ ਦੀ ਸ਼ਰਤ ’ਤੇ ਵਿਆਹ

Posted On November - 21 - 2018

ਸੁਖਰਾਜ ਸਿੰਘ ਚਹਿਲ
ਪੰਜਾਬ ਦੇ ਬਹੁ-ਗਿਣਤੀ ਵਾਸੀਆਂ ਦੀ ਚਾਹਤ ਅੱਜ ਦੇ ਸਮੇਂ ਵਿਚ ਵਿਦੇਸ਼ਾਂ ਵਿਚ ਵਸਣ ਦੀ ਹੈ। ਲਗਭਗ ਹਰ ਨੌਜਵਾਨ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਘਰ-ਬਾਰ ਛੱਡ ਕੇ ਸੱਤ ਸਮੁੰਦਰੋਂ ਪਾਰ ਵਸਣ ਲਈ ਕਾਹਲਾ ਹੈ। ਇੱਥੇ ਤਾਂ ਬੱਸ ਸਿਰਫ਼ ਉਹੀ ਲੋਕ ਰਹਿਣ ਲਈ ਮਜਬੂਰ ਹਨ, ਜਿਨ੍ਹਾਂ ਦਾ ਵਿਦੇਸ਼ ਜਾਣ ਲਈ ਕੋਈ ਜ਼ਰੀਆ ਨਹੀਂ ਬਣਦਾ। ਲੱਖਾਂ ਰੁਪਏ ਖ਼ਰਚ ਕੇ ਲੋਕ ਆਪਣਾ ਮੁਲਕ ਛੱਡਣ ਲਈ ਤਿਆਰ ਹਨ, ਕਿਉਂਕਿ ਉਹ ਇੱਥੋਂ ਦੇ ਸਿਸਟਮ ਤੋਂ ਪ੍ਰੇਸ਼ਾਨ ਹਨ। ਇਸ ਕਰਕੇ ਉਹ ਵਿਦੇਸ਼ਾਂ ਵਿਚ ਪਰਵਾਸ ਕਰਨ ਨੂੰ ਹੀ ਆਪਣਾ ਮਿਸ਼ਨ ਸਮਝ ਰਹੇ ਹਨ। ਇਹ ਸਾਡੇ ਦੇਸ਼ ਜਾਂ ਸੂਬੇ ਲਈ ਚੰਗਾ ਸੰਕੇਤ ਨਹੀਂ ਹੈ।
ਲੋਕ ਵਿਦੇਸ਼ ਜਾਣ ਲਈ ਵੱਖਰੇ ਵੱਖਰੇ ਤਰੀਕੇ ਅਪਣਾਉਂਦੇ ਹਨ। ਪਹਿਲਾਂ ਜ਼ਿਆਦਾਤਰ ਲੋਕ ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦੇ ਸਨ ਜਾਂ ਆਪਣੇ ਸਾਕ-ਸਬੰਧੀਆਂ ਰਾਹੀਂ ਜਹਾਜ਼ੇ ਚੜ੍ਹਦੇ ਸਨ। ਅੱਜ ਜ਼ਿਆਦਾਤਰ ਨੌਜਵਾਨ ਵਿਆਹਾਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਹੁਣ ਲੜਕੀ ਵਾਲੇ ਆਪਣੀ ਧੀ ਨੂੰ ਆਈਲੈੱਟਸ ਕਰਵਾ ਦਿੰਦੇ ਹਨ ਤੇ ਚੰਗੇ ਬੈਂਡ ਆਉਣ ’ਤੇ ਉਸ ਦੇ ਵਿਆਹ ਲਈ ਲੜਕਾ ਦੇਖਿਆ ਜਾਂਦਾ ਹੈ ਅਤੇ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਵਿਆਹ ਅਤੇ ਵਿਦੇਸ਼ ਭੇਜਣ ’ਤੇ ਉਥੋਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਲੜਕੇ ਦੇ ਪਰਿਵਾਰ ਨੂੰ ਕਰਨਾ ਪਵੇਗਾ। ਵਿਦੇਸ਼ ਜਾਣ ਦੇ ਚਾਹਵਾਨ ਹੋਣ ਕਾਰਨ ਸਾਰੀਆਂ ਸ਼ਰਤਾਂ ਕਬੂਲ ਕੇ ਵਿਆਹ ਤੋਂ ਲੈ ਕੇ ਵਿਦੇਸ਼ੀ ਪੜ੍ਹਾਈ ਤੱਕ ਦੇ ਸਾਰੇ ਖ਼ਰਚੇ ਲੜਕੇ ਵਾਲੇ ਓਟਦੇ ਹਨ। ਹੁਣ ਇੱਥੇ ਰਹਿਣ ਵਾਲੀਆਂ ਲੜਕੀਆਂ ਦੀ ਮੰਗ ਘੱਟ ਹੈ ਤੇ ਜ਼ਿਆਦਾਤਰ ਲੋਕ ਆਈਲੈੱਟਸ ਵਾਲੀਆਂ ਨੂੰਹਾਂ ਹੀ ਭਾਲਦੇ ਹਨ। ਅਜਿਹੇ ਰਿਸ਼ਤਿਆਂ ਵਿਚ ਵਿਚੋਲਿਆਂ ਦੀ ਵੀ ਚਾਂਦੀ ਹੋ ਜਾਂਦੀ ਹੈ, ਕਿਉਂਕਿ ਉਹ ਰਿਸ਼ਤੇ ਕਰਵਾਉਣ ਦਾ ਮੋਟਾ ਕਮਿਸ਼ਨ ਵੀ ਲੈਂਦੇ ਹਨ। ਕਈ ਲੋਕ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਗੱਲ ਕਰਦੇ ਹਨ ਕਿ ਜੇਕਰ ਉਹ ਆਪਣੀ ਲੜਕੀ ਨੂੰ ਆਈਲੈੱਟਸ ਕਰਵਾਉਣ ਤਾਂ ਹੀ ਰਿਸ਼ਤੇ ਦੀ ਗੱਲ ਅੱਗੇ ਤੁਰੇਗੀ। ਅਜਿਹਾ ਵਰਤਾਰਾ ਦੇਖ ਕੇ ਮਾਪੇ ਆਪਣੀ ਲੜਕੀ ਨੂੰ ਆਈਲੈੱਟਸ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। 60 ਤੋਂ 70 ਫ਼ੀਸਦੀ ਰਿਸ਼ਤੇ ਵਿਦੇਸ਼ੀ ਪਰਵਾਸ ’ਤੇ ਕੇਂਦਰਿਤ ਹੋ ਗਏ ਹਨ, ਜਿਸ ਕਰਕੇ ਹੁਣ ਇੱਧਰ ਰਹਿੰਦੇ ਲੜਕੇ-ਲੜਕੀਆਂ ਦੀ ਪੁੱਛ-ਪ੍ਰਤੀਤ ਘਟ ਗਈ ਹੈ।
ਆਲਮ ਇਹ ਹੈ ਕਿ ਜਿੱਥੇ ਲੜਕੀਆਂ ਆਈਲੈੱਟਸ ਕਰਨ ਵਿਚ ਰੁਚੀ ਵਿਖਾ ਰਹੀਆਂ ਹਨ, ਉਥੇ ਸਰਦੇ-ਪੁੱਜਦੇ ਘਰਾਂ ਦੇ ਲੜਕੇ ਵੀ ਵਿਦੇਸ਼ ਜਾਣ ਲਈ ਉਤਾਵਲੇ ਹਨ। ਉਹ ਵੀ ਵਿਦੇਸ਼ ਰਹਿੰਦੀ ਕੁੜੀ ਜਾਂ ਫਿਰ ਇੱਧਰੋਂ ਆਈਲੈੱਟਸ ਵਾਲੀ ਲੜਕੀ ਦੀ ਭਾਲ ਕਰਦੇ ਹਨ। ਨੌਜਵਾਨਾਂ ਵਿਚ ਆਈਲੈੱਟਸ ਦੇ ਰੁਝਾਨ ਕਾਰਨ ਹੀ ਹੁਣ ਹਰ ਜਗ੍ਹਾ ਆਈਲੈੱਟਸ ਕੇਂਦਰਾਂ ਦੀ ਭਰਮਾਰ ਹੈ। ਜਿੱਥੇ ਦੇਖੋ ਆਈਲੈੱਟਸ ਸੈਂਟਰ ਹੀ ਨਜ਼ਰ ਪੈਂਦੇ ਹਨ। ਇਨ੍ਹਾਂ ਕੇਂਦਰਾਂ ਵਿਚ ਵਿਦਿਆਰਥੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇਸ ਦੌਰਾਨ ਆਈਲੈੱਟਸ ਦੇ ਬੈਂਡ ਮੁੱਲ ਲੈਣ ਬਾਰੇ ਵੀ ਸੁਣਨ ਨੂੰ ਮਿਲਦਾ ਹੈ। ਕਈ ਵਾਰੀ ਕਿਸੇ ਦੇ ਆਈਲੈੱਟਸ ਵਿੱਚੋਂ ਬੈਂਡ ਘੱਟ ਆ ਜਾਂਦੇ ਹਨ ਤਾਂ ਕਈ ਏਜੰਟ ਪੈਸੇ ਲੈ ਕੇ ਬੈਂਡ ਦਿਵਾਉਣ ਦੀ ਗੱਲ ਵੀ ਆਖਦੇ ਹਨ। ਇਸ ਮਾੜੇ ਵਰਤਾਰੇ ਨੂੰ ਠੱਲ੍ਹਣ ਦੀ ਲੋੜ ਹੈ।
ਦੂਜੇ ਪਾਸੇ, ਪਰਵਾਸ ਦਾ ਰੁਝਾਨ ਇਹ ਸਾਬਿਤ ਕਰਦਾ ਹੈ ਕਿ ਪੰਜਾਬ ਵਿਚ ਹੁਣ ‘ਸਭ ਅੱਛਾ’ ਨਹੀਂ ਹੈ। ਚੰਗੇ ਕਾਰੋਬਾਰੀ, ਚੰਗੀਆਂ ਜ਼ਮੀਨਾਂ ਜਾਇਦਾਦਾਂ ਤੇ ਸਰਕਾਰੀ ਨੌਕਰੀਪੇਸ਼ਾ ਲੋਕ ਵੀ ਆਪਣੇ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ। ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਮੁਲਕ ਛੱਡ ਕੇ ਵਿਦੇਸ਼ ਜਾਣਾ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲਾਉਂਦਾ ਹੈ, ਕਿਉਂਕਿ ਨੌਜਵਾਨਾਂ ਨੂੰ ਚੰਗੀ ਪੜ੍ਹਾਈ ਕਰਕੇ ਵੀ ਰੁਜ਼ਗਾਰ ਨਹੀਂ ਮਿਲਦਾ। ਜੇਕਰ ਮਿਲਦਾ ਹੈ ਤਾਂ ਤਨਖ਼ਾਹਾਂ ਨਿਗੂਣੀਆਂ ਮਿਲਦੀਆਂ ਹਨ ਤੇ ਕੰਮ ਵਧੇਰੇ ਲਿਆ ਜਾਂਦਾ ਹੈ। ਇਸ ਕਾਰਨ ਲੋਕ ਸੋਚਦੇ ਹਨ ਕਿ ਇੱਕ ਵਾਰ ਪੈਸੇ ਲਾ ਕੇ ਧੀਆਂ-ਪੁੱਤਾਂ ਨੂੰ ਬਾਹਰ ਭੇਜ ਦਿੱਤਾ ਤਾਂ ਉਨ੍ਹਾਂ ਦੀ ਜ਼ਿੰਦਗੀ ਸਰੁੱਖਿਅਤ ਹੋ ਜਾਵੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਲੋਕਾਂ ਦੀ ਵਿਦੇਸ਼ ਜਾਣ ਦੀ ਰਫ਼ਤਾਰ ਹੋਰ ਤੇਜ਼ ਹੁੰਦੀ ਹੈ ਜਾਂ ਸਰਕਾਰਾਂ ਅਜਿਹੇ ਬਦਲਵੇਂ ਪ੍ਰਬੰਧ ਕਰਨਗੀਆਂ, ਜਿਸ ਨਾਲ ਨੌਜਵਾਨ ਵਰਗ ਮੁੜ ਤੋਂ ਆਪਣੇ ਮੁਲਕ ਵੱਲ ਮੂੰਹ ਕਰੇਗਾ।
ਸੰਪਰਕ: 97810-48055


Comments Off on ਆਈਲੈੱਟਸ ਦੀ ਸ਼ਰਤ ’ਤੇ ਵਿਆਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.