ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ !    ਗੁਰਬਾਣੀ ਵਿੱਚ ਰਾਗਾਂ ਦੀ ਮਹੱਤਤਾ !    ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ !    ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ !    ਪੰਜਾਬ ਤੇ ਹਰਿਆਣਾ ਵਿੱਚ ਠੰਢੀਆਂ ਹਵਾਵਾਂ ਨਾਲ ਵਧੀ ਠੰਢ !    ਹਸਪਤਾਲ ’ਚ ਗੋਲੀਆਂ ਮਾਰ ਕੇ ਚਾਰ ਨੂੰ ਕਤਲ ਕੀਤਾ !    ਚਿਲੀ ਦਾ ਫ਼ੌਜੀ ਜਹਾਜ਼ 38 ਸਵਾਰਾਂ ਸਣੇ ਲਾਪਤਾ !    14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ !    ਲਿਫਟ ਪੰਪ ਮਾਮਲਾ: ਕਿਸਾਨਾਂ ਦੇ ਗੁੱਸੇ ’ਤੇ ਭਰੋਸੇ ਵਾਲਾ ‘ਠੰਢਾ’ ਛਿੜਕ ਗਏ ਸਰਕਾਰੀਆ !    ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਨੂੰ ਅਤਿਵਾਦੀ ਹਮਲਾ ਕਰਾਰ ਦੇਣ ਦੀ ਮੰਗ !    

1947: ਫ਼ਿਰਕੂ ਨਫ਼ਰਤ ਦੀ ਹਨੇਰੀ ਦੀ ਮਾਰ; ਗੱਲ ਲਾਹੌਰ ਦੀ

Posted On October - 6 - 2018

ਅਨਵਰ ਅਲੀ
ਸੰਨ ਸੰਤਾਲੀ ਵਿਚ ਸਾਰੇ ਫ਼ਸਾਦਾਂ ਵਿਚ ਜੇ ਕਿਤੇ ਅਮਨ-ਅਮਾਨ ਰਿਹਾ ਤਾਂ ਜੇਲ੍ਹਾਂ ਵਿਚ। ਜੇਲ੍ਹਾਂ ਵਿਚ ਹਿੰਦੂ, ਮੁਸਲਮਾਨ, ਸਿੱਖ ਭਰਾਵਾਂ ਦੀ ਤਰ੍ਹਾਂ ਰਹਿੰਦੇ ਰਹੇ। ਸਗੋਂ ਜਨ੍ਹਿ‌ਾਂ ਦੇ ਮੁਲਾਕਾਤੀ ਆਉਣੇ ਬੰਦ ਹੋ ਗਏ, ਮੁਲਾਕਾਤੀਆਂ ਵਾਲੇ ਕੈਦੀ ਆਪਣਾ ਤੇਲ ਸਾਬਣ ਉਨ੍ਹਾਂ ਨਾਲ ਵੰਡਦੇ ਰਹੇ। ਵਾਰਡਰਾਂ ਦੀ ਪੈਦਾ (ਉਪਰਲੀ ਆਮਦਨ) ਜ਼ਰੂਰ ਘਟ ਗਈ ਹੋਣੀ।
ਨਵੰਬਰ-ਦਸੰਬਰ ਲਾਹੌਰ ਦੇ ਇਕ ਮੈਜਿਸਟਰੇਟ ਨੇ ਆਪਣੀ ਅਦਾਲਤ ’ਚ ਬਾਰਾਂ ਕੈਦੀਆਂ ਦੀ ਪੇਸ਼ੀ ਰੱਖ ਦਿੱਤੀ। ਇਹ ਬਾਰਾਂ ਦੇ ਬਾਰਾਂ ਕੈਦੀ ਸਿੱਖ। ਪੇਸ਼ੀ ਕੈਦੀਆਂ ਲਈ ਮੇਲਾ ਹੁੰਦੀ। ਇਹ ਬਾਰਾਂ ਕੈਦੀ ਮੰਗਵੇਂ ਸਾਬਣ ਤੇਲ ਨਾਲ ਤਿਆਰ ਹੋ ਕੇ ਮੇਲੇ ਜਾਣ ਵਾਂਗ ਜੇਲ੍ਹੋਂ ਨਿਕਲੇ। ਉਸ ਦਿਨ ਜੇਲ੍ਹ ਦੀ ਲਾਰੀ ਨਹੀਂ ਸੀ ਆਈ। ਦੋ ਸਿਪਾਹੀ ਉਨ੍ਹਾਂ ਦੀਆਂ ਸੰਗਲੀਆਂ ਆਪਣੀਆਂ ਪੇਟੀਆਂ ਵਿੱਚ ਪਾਈ ਅਦਾਲਤ ਵੱਲ ਟੁਰ ਪਏ। ਜੇਲ੍ਹ ਰੋਡ ਤੋਂ ਮੁਜੰਗ ਚੌਕੀ, ਅੱਗੇ ਲਿਟਨ ਰੋਡ ਦੀ ਰੌਣਕ। ਮਕਾਨ, ਦੁਕਾਨਾਂ, ਦੁੱਧ-ਦਹੀਂ ਦੀਆਂ, ਸਿਗਰਟ ਪਾਨ ਦੀਆਂ। ਤਾਂਗੇ, ਰੇਹੜੇ, ਬੱਸਾਂ, ਸਾਈਕਲ। ਉੱਤੇ ਤਾਕੀਆਂ ’ਚੋਂ ਤੀਵੀਆਂ ਚੱਲਦੀ ਸੜਕ ਨੂੰ ਤੱਕਦੀਆਂ। ਇਹ ਸਭ ਲਾਰੀ ਵਿਚ ਕਿੱਥੇ ਮਿਲਦਾ। ਲਾਰੀ ਵਿਚ ਤੇ ਹਰ ਸ਼ੈਅ ਝਾਓਲੀ ਝਾਓਲੀ, ਦੂਜੇ ਪਾਸੇ ਨੱਠੀ ਜਾਂਦੀ। ਪੈਦਲ ਚੱਲਦਿਆਂ ਹਰ ਸ਼ੈਅ ਅਸਲੀ, ਜਿੰਨਾ ਚਿਰ ਮਰਜ਼ੀ ਦੇਖਦੇ ਜਾਓ। ਜਨਾਜ਼ ਗਾਹ ਮਜ਼ੰਗ ਦੇ ਗੁਲਾਬ ਦੇ ਫੁੱਲ, ਫੁੱਲਾਂ ਦੀ ਅਗਰਬੱਤੀ ਦੀ ਖੁਸ਼ਬੂ। ਇਨ੍ਹਾਂ ਖੁਸ਼ਬੂਆਂ ਆਵਾਜ਼ਾਂ ਵਿਚੋਂ ਕਿਸੇ ਨੇ ਕਿਹਾ:
‘‘ਵੇਖ ਓਏ, ਸਿੱਖ।’’
ਪਾਕਿਸਤਾਨ ਬਣਿਆਂ ਤਿੰਨ-ਚਾਰ ਮਹੀਨੇ ਹੋ ਗਏ ਸਨ। ਹਿੰਦੂ-ਸਿੱਖ ਸਭ ਹਿੰਦੋਸਤਾਨ ਚਲੇ ਗਏ। ਹੁਣ ਲਾਹੌਰ ਦੇ ਪਾਕਿਸਤਾਨੀ ਸ਼ਹਿਰ ਵਿਚ ਮੁਸਲਮਾਨ ਈ ਮੁਸਲਮਾਨ। ਇਹ ਮੁਸਲਮਾਨ ਸਭ ਕੁਝ ਛੱਡ ਜੋ ਕਿਸੇ ਦੇ ਹੱਥ ਆਇਆ ਲੈ ਕੇ ਸਿੱਖਾਂ ਨੂੰ ਪੈ ਗਏ। ਬਾਰਾਂ ਹਥਕੜੀਆਂ ਲੱਗੇ ਸਿੱਖਾਂ ਨੂੰ। ਸਿਪਾਹੀ ਤੇ ਆਪਣੀਆਂ ਪੇਟੀਆਂ ਖੋਲ੍ਹ ਕੇ ਇਕ ਪਾਸੇ ਹੋ ਗਏ ਹੋਣੇ, ਕਿਉਂ ਜੋ ਅਗਲੇ ਦਿਨ ਅਖ਼ਬਾਰਾਂ ਨੇ ਪੁਲਸੀਆਂ ਦਾ ਕੁਝ ਨਹੀਂ ਦੱਸਿਆ ਪਰ ਮੁਸਲਮਾਨਾਂ ਨੇ ਬਾਰਾਂ ਦੇ ਬਾਰਾਂ ਸਿੱਖ ਕੈਦੀ ਮਾਰ ਦਿੱਤੇ।
ਮੈਂ ਬੜੀ ਵਾਰ ਇਨ੍ਹਾਂ ਬਾਰਾਂ ਸਿੱਖ ਕੈਦੀਆਂ ਦੇ ਮਰਨ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਏ ਪਰ ਬਣਦੀ ਨਹੀਂ। ਮੈਨੂੰ ਯਾਦ ਆਇਆ ਕਿ ਲੁਧਿਆਣੇ ’ਚ ਇਕ ਵਾਰੀ ਸਕੂਲ ਦੇ ਸੂਦ ਦੇ ਸਵਾਲ ਕਰਦਾ ਰੌਲਾ ਸੁਣ ਕੇ ਘਰੋਂ ਨਿਕਲਿਆ ਤੇ ਅੱਧਾ ਕੁ ਫ਼ੀਲ ਗੰਜ ਇਕ ਕਾਲੇ ਕੁੱਤੇ ਦੇ ਪਿੱਛੇ ਨੱਠਿਆ ਜਾਵੇ। ਜੋ ਕਿਸੇ ਦੇ ਹੱਥ ਆਉਂਦਾ ਚੁੱਕ ਕੇ ਉਹਨੂੰ ਮਾਰੀ ਜਾਂਦਾ।, ਇੱਟ, ਰੋੜਾ, ਠੀਕਰ, ਛਿੱਤਰ ਤੇ ਕਾਲਾ ਕੁੱਤਾ ਪਿੱਛੇ ਮੁੜ ਕੇ ਵੇਖਿਆਂ ਬਿਨਾਂ ਨੱਠਿਆ ਜਾ ਰਿਹਾ। ਬਗ਼ੈਰ ਚੂੰ ਚਾਂ ਕੀਤੇ। ਇਕ ਇੱਟ ਨਾਲ ਉਹਦੀ ਇਕ ਟੰਗ ਟੁੱਟ ਗਈ। ਉਹ ਉਹਨੂੰ ਘਸੀਟਦਾ ਚਲਦਾ ਗਿਆ। ਰੁਕਿਆ ਨਾ ਪਰ ਉਹਦੀ ਰਫ਼ਤਾਰ ਘਟ ਗਈ ਤੇ ਅੱਲ੍ਹਾ ਦੀ ਮਖ਼ਲੂਕ ਦੇ ਨਿਸ਼ਾਨੇ ਠੀਕ ਪੈਣ ਲੱਗ ਪਏ। ਜਦ ਡਿੱਗ ਪਿਆ ਫੇਰ ਵੀ ਆਪਣੀਆਂ ਲੱਤਾਂ ਹਵਾ ਵਿਚ ਚਲਾਉਂਦਾ ਰਿਹਾ। ਫੇਰ ਇਕ ਨੰਗੇ ਪਿੰਡੇ, ਧੋਤੀ ਵਾਲੇ ਬੰਦੇ ਨੇ ਉਹਦੇ ਕੋਲ ਬੈਠ ਕੇ ਇਕ ਡਬਲ ਇੱਟ ਖੜ੍ਹੇ ਦਾਅ ਉਹਦੇ ਸਿਰ ਵਿਚ ਇੰਨੇ ਜ਼ੋਰ ਨਾਲ ਮਾਰੀ ਕਿ ਉਹਦਾ ਸਿਰ ਫਿਸ ਗਿਆ ਪਰ ਬੰਦਾ ਛਿੱਟਿਆਂ ਤੋਂ ਬਚਿਆ ਰਿਹਾ। ਕੁੱਤੇ ਦਾ ਭੇਜਾ ਕੱਚਾ ਹੋਣ ਕਰਕੇ ਸਖ਼ਤ ਸੀ ਨਾਲੇ ਉਹਦਾ ਲਹੂ ਪਹਿਲੋਂ ਈਂ ਕਾਫ਼ੀ ਵਗ ਗਿਆ ਸੀ। ਹੁਣ ਕੁੱਤੇ ਨੇ ਲੱਤਾਂ ਚਲਾਣੀਆਂ ਛੱਡ ਦਿੱਤੀਆਂ।
ਪਰ ਉਹ ਬਾਰਾਂ ਸਿੱਖ ਕੈਦੀ ਕਿਵੇਂ ਮਰੇ ਮੈਂ ਅੱਜ ਤੀਕਰ ਉਨ੍ਹਾਂ ਦੀ ਤਸਵੀਰ ਨਹੀਂ ਬਣਾ ਸਕਿਆ। (ਕਹਿਣ ਦਾ ਭਾਵ ਹੈ ਕਿ ਉਸ ਵੇਲੇ ਫ਼ਿਰਕੂ ਨਫ਼ਰਤ ਏਨੀ ਵਧੀ ਕਿ ਇਨਸਾਨਾਂ ਨੇ ਇਨਸਾਨਾਂ ਨੂੰ ਜਾਨਵਰਾਂ ਵਾਂਗ ਮਾਰਿਆ, ਸ਼ਾਇਦ ਉਸ ਤੋਂ ਵੱਧ ਬੇਰਹਿਮੀ ਨਾਲ।) ਮੈਜਿਸਟਰੇਟ ਨੇ ਉਨ੍ਹਾਂ ਦੀ ਗ਼ੈਰਹਾਜ਼ਰੀ ਲਾ ਕੇ ਹੋਰ ਤਾਰੀਖ ਪਾ ਦਿੱਤੀ ਹੋਣੀ ਤੇ ਮਸ਼ਹੂਰ ਉਰਦੂ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੇ ਅਗਲੇ ਦਿਨ ਪਾਕਿਸਤਾਨ ਟਾਈਮਜ਼ ਵਿੱਚ ਬੜਾ ਈ ਗੁੱਸੇ ਭਰਿਆ ਐਡੀਟੋਰੀਅਲ ਲਿਖਿਆ ਪਰ ਉਹਦਾ ਕੀ ਫ਼ਾਇਦਾ?
(ਇਹ ਰਚਨਾ ‘ਗਵਾਚੀਆਂ ਗੱਲਾਂ’ ਪਾਕਿਸਤਾਨ ਦੇ ਨਾਮਵਰ ਕਾਰਟੂਨਿਸਟ ਅਨਵਰ ਅਲੀ ਦੀ ਹੱਡਬੀਤੀ ਵਿਚੋਂ ਹੈ। ਅਨਵਰ ਅਲੀ ਦਾ ਜਨਮ ਅਪਰੈਲ 1922 ਵਿਚ ਅਣਵੰਡੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਫ਼ੀਲਗੰਜ ਇਲਾਕੇ ਵਿਚ ਹੋਇਆ। ਅਨਵਰ ਅਲੀ ਨੇ ਇਸ ਇਲਾਕੇ ਦੇ ਕੂਚਾ ਰੋਸ਼ਨ ਵਿਚ ਰਹਿੰਦਿਆਂ ਸਾਂਝਾਂ ਭਰਿਆ ਜੀਵਨ ਵੀ ਵੇਖਿਆ ਅਤੇ ਫਿਰ ਉਨ੍ਹਾਂ ਲੋਕਾਂ ਨੂੰ ਫ਼ਸਾਦਾਂ ’ਚ ਉੱਜੜਦੇ ਵੀ। ਉਨ੍ਹਾਂ ਨੇ ਉਸ ਵੇਲੇ ਝੁੱਲੀ ਨਫ਼ਰਤ ਦੀ ਹਨੇਰੀ ਵਿਚ ਇਨਸਾਨ ਤੇ ਜਾਨਵਰ ਵਿਚ ਮਿਟ ਗਏ ਫ਼ਰਕ ਨੂੰ ਬਾਖ਼ੂਬੀ ਉਘਾੜਿਆ ਹੈ।)


Comments Off on 1947: ਫ਼ਿਰਕੂ ਨਫ਼ਰਤ ਦੀ ਹਨੇਰੀ ਦੀ ਮਾਰ; ਗੱਲ ਲਾਹੌਰ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.