85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਸਰਕਾਰ ਨਾਗਰਿਕਾਂ ਦੀ ਰੱਖਿਅਕ ਬਣੇ

Posted On October - 14 - 2018

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਪੁਲੀਸ ਮੁਲਾਜ਼ਮ ਵੱਲੋਂ ਵਿਵੇਕ ਤਿਵਾੜੀ ਨਾਂ ਦੇ ਵਿਅਕਤੀ ਨੂੰ ਗੋਲੀ ਮਾਰੇ ਜਾਣ ਦੀ ਚਹੁੰ ਪਾਸਿਓਂ ਨਿਖੇਧੀ ਹੋਣ ਮਗਰੋਂ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ‘ਰਾਜਧਰਮ ਨਿਭਾਉਂਦਿਆਂ’ ਤੇ ਸਰਕਾਰ ਦੀ ਸਾਖ ਨੂੰ ਬਚਾਉਣ ਲਈ ਤਿਵਾੜੀ ਦੇ ਪਰਿਵਾਰ ਨੂੰ ਮਦਦ ਦਿੱਤੀ। ਸਰਕਾਰੀ ਨੌਕਰੀ, ਮਕਾਨ, ਬੱਚੇ, ਬਜ਼ੁਰਗਾਂ ਦੀ ਦੇਖਭਾਲ ਲਈ 40 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ। ਇਹ ਚੰਗਾ ਕੰਮ ਹੈ। ਸਵਾਲ ਇਹ ਹੈ ਕਿ ਅਜਿਹਾ ਮ੍ਰਿਤਕ ਦੇ ਪਰਿਵਾਰ ਨੂੰ ਮਦਦ ਦੇਣ ਲਈ ਕੀਤਾ ਗਿਆ ਜਾਂ ਪਛਤਾਵੇ ਵਜੋਂ ਜਾਂ ਫਿਰ ਸਰਕਾਰ ਖ਼ਿਲਾਫ਼ ਉੱਠਦੀ ਆਵਾਜ਼ ਨੂੰ ਦਬਾਉਣ ਲਈ।
ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਵਿਚ ਵੀ ਗੈਂਗਸਟਰ ਨੂੰ ਮਾਰਨ ਦੀ ਕੋਸ਼ਿਸ਼ ਵਿਚ ਪੁਲੀਸ ਹੱਥੋਂ ਇਕ ਬੇਗੁਨਾਹ ਨਾਗਰਿਕ ਮਾਰਿਆ ਗਿਆ ਸੀ। ਪੰਜਾਬ ਸਰਕਾਰ ਨੇ ਉੱਥੇ ਵੀ ਪੁਲੀਸ ਅਤੇ ਸਰਕਾਰ ਖ਼ਿਲਾਫ਼ ਉੱਠਦੀਆਂ ਆਵਾਜ਼ਾਂ ਨੂੰ ਦਬਾਉਣ ਅਤੇ ਲੋਕ ਰੋਹ ਅੱਗੇ ਝੁਕਦਿਆਂ ਪੀੜਤ ਪਰਿਵਾਰ ਲਈ ਅਜਿਹਾ ਹੀ ਕੀਤਾ। ਮੁਲਕ ਵਿਚ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ ਜਿੱਥੇ ਪੁਲੀਸ ਦੀ ਲਾਪ੍ਰਵਾਹੀ ਜਾਂ ਹੋਰਨਾਂ ਕਾਰਨ ਕਰਕੇ ਬੇਗੁਨਾਹ ਲੋਕ ਮਾਰੇ ਜਾਂਦੇ ਹਨ। ਸੂਬਾ ਸਰਕਾਰਾਂ ਲੋਕ ਰੋਹ ਨੂੰ ਸ਼ਾਂਤ ਕਰਨ ਜਾਂ ਇੰਜ ਕਿਹਾ ਜਾਵੇ ਕਿ ਪੁਲੀਸ ਦੀ ਕਾਰਗੁਜ਼ਾਰੀ ’ਤੇ ਪਰਦਾ ਪਾਉਣ ਲਈ ਪੀੜਤਾਂ ਦੀ ‘ਮਦਦ’ ਕਰਦੀਆਂ ਹਨ। ਮੇਰਾ ਸਵਾਲ ਹੈ ਕਿ ਜਿਨ੍ਹਾਂ ਲੋਕਾਂ ਦੀ ਮੌਤ ਪੁਲੀਸ ਹੱਥੋਂ ਹੋਈ, ਉਨ੍ਹਾਂ ਲਈ ਸਰਕਾਰ ਨੇ ਮਦਦ ਐਲਾਨ ਦਿੱਤੀ ਪਰ ਕਾਨੂੰਨ ਵਿਵਸਥਾ ਦੀ ਆਹਿਲੀਅਤ ਕਾਰਨ ਜਾਂ ਗ਼ੈਰਸਮਾਜੀ ਅਨਸਰਾਂ ਹੱਥੋਂ ਮਾਰੇ ਜਾਣ ਵਾਲੇ ਬੇਗੁਨਾਹ ਨਾਗਰਿਕਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਕੀ ਸਰਕਾਰ ਦਾ ਧਰਮ ਨਹੀਂ? ਮਿਸਾਲ ਵਜੋਂ: ਕੁਝ ਦਿਨ ਪਹਿਲਾਂ ਲਖਨਊ ਵਿਚ ਦੋ ਸਕੇ ਸਰਾਵਾਂ ਨੂੰ ਗੁੰਡਾ ਅਨਸਰਾਂ ਨੇ ਗੋਲੀਆਂ ਨਾਲ ਵਿੰਨ੍ਹ ਦਿੱਤਾ। ਬਿਹਾਰ ਵਿਚ ਇਕ ਬੈਂਕ ਮੈਨੇਜਰ ਅਤੇ ਵਪਾਰੀ ਨੂੰ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ।

ਲਕਸ਼ਮੀ ਕਾਂਤਾ ਚਾਵਲਾ*

ਦਿੱਲੀ ਵਿਚ ਇਕ ਦਿਨ ’ਚ ਤਿੰਨ ਨੌਜਵਾਨ ਸਰਕਾਰ ਦੀ ਨਾਕਾਮੀ ਕਾਰਨ ਗੋਲੀਆਂ ਨਾਲ ਭੁੰਨ ਦਿੱਤੇ ਗਏ। ਇਕ ਨੌਜਵਾਨ ਨੂੰ ਨਸ਼ਾ ਤਸਕਰਾਂ ਨੇ ਉਸ ਦੇ ਘਰ ਅੱਗੇ ਹੀ ਮਾਰ ਦਿੱਤਾ। ਦਿੱਲੀ ਵਿਚ ਇਕ ਮੁਟਿਆਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੰਜਾਬ ਵਿਚ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿਚ ਲੁਟੇਰਿਆਂ ਨੇ ਲੋਕਾਂ ਦੀ ਹੱਤਿਆ ਕੀਤੀ। ਸਰਕਾਰ ਇਹ ਦੱਸੇ ਕਿ ਉਨ੍ਹਾਂ ਦੀ ਮਦਦ ਦੀ ਜ਼ਿੰਮੇਵਾਰੀ ਕਿਸ ਦੀ ਹੈ? ਅਜਿਹੇ ਅਨੇਕਾਂ ਬੱਚੇ ਹਨ ਜਿਨ੍ਹਾਂ ਨੂੰ ਅਗਵਾ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ। ਹਾਲ ਹੀ ਵਿਚ ਲੁਧਿਆਣਾ ਵਿਚ ਪੰਜ ਵਰ੍ਹਿਆਂ ਦੇ ਬੱਚੇ ਦੀ ਅਗਵਾ ਬਾਅਦ ਹੱਤਿਆ ਕਰ ਦਿੱਤੀ ਗਈ। ਸਰਕਾਰ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਸਰਕਾਰ ਇਨ੍ਹਾਂ ਦੀ ਰੱਖਿਅਕ ਤੇ ਨਿਗਾਹਬਾਨ ਬਣੇ। ਅਤਿਵਾਦ ਵੇਲੇ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਵੀ ਇਹੀ ਸਵਾਲ ਕੀਤਾ ਗਿਆ ਸੀ ਕਿ ਜਿਹੜੇ ਅਤਿਵਾਦੀਆਂ ਹੱਥੋਂ ਮਾਰੇ ਗਏ, ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ, ਪਾਲਣ ਪੋਸ਼ਣ ਸਰਕਾਰ ਕਿਉਂ ਨਹੀਂ ਕਰਦੀ। ਬੱਚਿਆਂ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਅਪਰਾਧੀਆਂ ਨੂੰ ਨੱਥ ਨਾ ਪਾਏ ਜਾਣ ਕਾਰਨ ਬੇਗੁਨਾਹ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਤੇ ਕਈ ਪਰਿਵਾਰ ਉਜਾੜੇ ਦਾ ਸ਼ਿਕਾਰ ਹੋਏ।
ਜਿਹੜੇ ਵਿਅਕਤੀ ਸਰਕਾਰੀ ਨਾਕਾਮੀ ਜਾਂ ਅਸਫ਼ਲਤਾ ਕਾਰਨ ਅਪਰਾਧੀਆਂ ਦਾ ਸ਼ਿਕਾਰ ਬਣਦੇ ਹਨ, ਉਨ੍ਹਾਂ ਲਈ ਸਰਕਾਰ ਹੀ ਕਸੂਰਵਾਰ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਬਾਰੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਨਿਆਂਪਾਲਿਕਾ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਨਤਾ ਨੂੰ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਅਸਫ਼ਲ ਰਹਿਣ ਵਾਲੀ ਸਰਕਾਰ ਨੂੰ ਅਜਿਹਾ ਕਰਨ ਦਾ ਹੁਕਮ ਦੇਵੇ।
ਇਕ ਜਾਣਕਾਰੀ ਮੁਤਾਬਿਕ ਪੁਲੀਸ ਹਿਰਾਸਤ ਵਿਚ ਬੀਤੇ 18 ਵਰ੍ਹਿਆਂ ਵਿਚ 2000 ਤੋਂ ਵੱਧ ਲੋਕ ਮਾਰੇ ਗਏ। ਗ਼ਰੀਬ ਅਤੇ ਕਮਜ਼ੋਰ ਵਿਅਕਤੀ ਹੀ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੁੰਦਾ ਹੈ। ਅੱਜ ਵੀ ਇਸ ਵਰਤਾਰੇ ਨੂੰ ਠੱਲ੍ਹ ਨਹੀਂ ਪੈ ਸਕੀ। ਜਿਹੜੇ ਲੋਕ ਪੁਲੀਸ ਹੱਥੋਂ ਮਾਰੇ ਗਏ ਜਾਂ ਹਿਰਾਸਤ ਵਿਚ ਮਾਰੇ ਗਏ, ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਪਏਗੀ। ਇਸੇ ਤਰ੍ਹਾਂ ਹਵਾਈ ਹਾਦਸਿਆਂ ਵਿਚ ਮਾਰੇ ਗਏ ਲੋਕਾਂ ਨੂੰ ਵੱਧ ਮੁਆਵਜ਼ਾ ਮਿਲਦਾ ਹੈ। ਰੇਲ ਹਾਦਸੇ ਵਿਚ ਮਰਨ ਵਾਲਿਆਂ ਨੂੰ ਉਨ੍ਹਾਂ ਦੀ ਆਰਥਿਕ ਸਥਿਤੀ ਦੇ ਆਧਾਰ ’ਤੇ ਮੁਆਵਜ਼ਾ ਮਿਲਦਾ ਹੈ ਜਦੋਂਕਿ ਬੱਸ ਹਾਦਸਿਆਂ ਵਿਚ ਮਰਨ ਵਾਲਿਆਂ ਨੂੰ ਨਾਂ-ਮਾਤਰ ਮੁਆਵਜ਼ਾ ਮਿਲਦਾ ਹੈ ਤੇ ਜ਼ਿਆਦਾਤਰ ਤਾਂ ਲਾਵਾਰਿਸ ਹੀ ਰਹਿ ਜਾਂਦੇ ਹਨ। ਕਈ ਵਾਰ ਸਰਕਾਰ ਹਾਦਸਾ ਪੀੜਤਾਂ ਦੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਦਾ ਐਲਾਨ ਕਰਦੀ ਹੈ, ਪਰ ਜ਼ਿਆਦਾਤਰ ਸਰਕਾਰੀ ਹਸਪਤਾਲ ਆਪ ਬਿਮਾਰ ਹਨ। ਉੱਥੇ ਬੁਨਿਆਦੀ ਸਹੁੂਲਤਾਂ ਤਕ ਨਹੀਂ ਹਨ। ਇਨ੍ਹਾਂ ਵਿਚ ਵਧੀਆ ਇਲਾਜ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।
ਲੋਕ ਨੇਤਾਵਾਂ ਤੋਂ ਆਪਣੀ ਰੱਖਿਆ ਦੀ ਉਮੀਦ ਕਰਦੇ ਹਨ। ਨੇਤਾਵਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਮਾਰੇ ਗਏ ਬੇਗੁਨਾਹ ਲੋਕਾਂ ਦਾ ਸਹਾਰਾ ਬਣਨ। ਸਰਕਾਰ ਨੂੰ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜੇ ਉਹ ਅਜਿਹਾ ਕਰਨ ਵਿਚ ਅਸਫ਼ਲ ਰਹਿੰਦੀ ਹੈ ਤਾਂ ਉਸ ਨੂੰ ਸੱਤਾ ਤਿਆਗ ਦੇਣੀ ਚਾਹੀਦੀ ਹੈ। ਉਮੀਦ ਹੈ ਕਿ ਮਨੁੱਖੀ ਕਦਰਾਂ ਕੀਮਤਾਂ ਦਾ ਸਨਮਾਨ ਕਰਨ ਵਾਲੇ ਕੁਝ ਸੰਵੇਦਨਸ਼ੀਲ ਆਗੂ ਸੂਬਾਈ ਸਰਕਾਰ ਨੂੰ ਉਨ੍ਹਾਂ ਦੇ ਫ਼ਰਜ਼ਾਂ ਤੋਂ ਜਾਣੂ ਕਰਾਉਣਗੇ।
* ਸਾਬਕਾ ਮੰਤਰੀ, ਪੰਜਾਬ।


Comments Off on ਸਰਕਾਰ ਨਾਗਰਿਕਾਂ ਦੀ ਰੱਖਿਅਕ ਬਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.