ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ ਦੇ ਸਰੋਕਾਰ ਤੇ ਪ੍ਰੇਰਨਾ ਸ੍ਰੋਤ

Posted On October - 31 - 2018

ਸਵਰਾਜਬੀਰ
ਪਰਦੇਸ ਵਿਚ ਆਪਣੀ ਪਛਾਣ ਦੀ ਖੋਜ ਕਰਨਾ ਤੇ ਉਸ ਪਛਾਣ ਨੂੰ ਲਿਖਤ ਰੂਪ ਵਿਚ ਪਰਿਭਾਸ਼ਤ ਕਰਨਾ, ਗ਼ਦਰੀਆਂ, ਗ਼ਦਰੀ ਕਵੀਆਂ ਤੇ ਗ਼ਦਰੀ ਕਵਿਤਾ ਦਾ ਮੁੱਢਲਾ ਮਸਲਾ ਹੈ। ਗ਼ਦਰ ਲਹਿਰ ਦੇ ਮੁੱਢਲੇ ਦਿਨਾਂ ਦੀ ਕਵਿਤਾ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗ਼ਦਰੀ ਕਵੀ ਆਪਣੇ ਆਪ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕਰਦੇ ਹਨ। ਉਨ੍ਹਾਂ ਪਰਿਭਾਸ਼ਾਵਾਂ ’ਚੋਂ ਪਹਿਲੀ ਇਹ ਹੈ ਕਿ ਉਹ ਹਿੰਦੀ ਦੇ ਹਿੰਦੋਸਤਾਨ ਦੇਸ਼ ਦੇ ਬਾਸ਼ਿੰਦੇ ਹਨ ਤੇ ਦੂਜੀ ਕਿ ਉਹ ਸਿੱਖ ਵਿਰਸੇ ਦੇ ਅਸਲੀ ਵਾਰਿਸ ਹਨ। 1915 ਦੇ ਪਹਿਲੇ ਅੱਧ ਦੀ ਕਵਿਤਾ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਵਿਚ ਗ਼ਦਰੀਆਂ ਦਾ ਉਹ ਅਨੁਭਵ ਹੈ ਜੋ ਪਰਵਾਸ ਕਰਨ ਤੇ ਪਹਿਲੇ ਦੌਰ ਵਿਚ ਉਨ੍ਹਾਂ ਨੂੰ ਮਿਲਦਾ ਹੈ। 1915 ਵਿਚ ਸਾਜ਼ਿਸ਼ ਕੇਸਾਂ ਦੇ ਸ਼ੁਰੂ ਹੋਣ, 1915 ਵਿਚ ਬਜ ਬਜ ਘਾਟ, 1917 ਦਾ ਪਟਨਾ ਵਿਚ ਬਾਲਸ਼ਵਿਕ ਇਨਕਲਾਬ ਤੇ 1919 ਦਾ ਜਲ੍ਹਿਆਂਵਾਲਾ ਬਾਗ਼ ਸਾਕਾ ਜਿਹੀਆਂ ਘਟਨਾਵਾਂ ਦੇ ਅਸਰ ਪੈਣ ਤੋਂ ਪਹਿਲਾਂ ਵਾਲਾ ਸਮਾਂ।
ਅਪਰੈਲ 1915 ਵਿਚ ਪ੍ਰਕਾਸ਼ਿਤ ਇਕ ਕਵਿਤਾ ਵਿਚ ਸਵਾਲ ਕੀਤਾ ਜਾਂਦਾ ਹੈ, ‘‘ਪੁੱਛਣ ਵਾਲਿਆਂ ਇਕ ਸਵਾਲ ਕੀਤਾ, ਅਸੀਂ ਦੱਸੀਏ ਹਿੰਦੁਸਤਾਨ ਕਿਆ ਹੈ?’’ ਪ੍ਰਸ਼ਨ ਕਰਨਾ/ਪੁੱਛਣਾ ਆਪਣੇ ਆਪ ਵਿਚ ਅਤਿਅੰਤ ਮਹੱਤਵਪੂਰਨ ਹੈ। ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਗ਼ਦਰੀ ਕਵੀ ਇਹ ਪ੍ਰਸ਼ਨ ਕਿਉਂ ਕਰਦਾ ਹੈ ਤੇ ਫਿਰ ਉਹ ਆਪ ਹੀ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕਿਉਂ ਕਰਦਾ ਹੈ। ਸ਼ਾਇਦ ਇਸ ਦਾ ਕਾਰਨ ਹੈ ਕਿ ਇਹ ਉਨ੍ਹਾਂ ਪ੍ਰਸ਼ਨਾਂ ਵਿਚੋਂ ਸਭ ਤੋਂ ਵੱਡਾ ਹੈ, ਜੋ ਅਮਰੀਕਾ ਜਾਂ ਕੈਨੇਡਾ ਵਾਸੀ ਪੰਜਾਬੋਂ ਗਏ ਬਾਸ਼ਿੰਦੇ ਨੂੰ ਕਰਦਾ ਹੈ। ਇਕ ਹੋਰ ਵਿਆਖਿਆ ਇਹ ਹੋ ਸਕਦੀ ਹੈ ਕਿ ਪੰਜਾਬੀ ਪਰਵਾਸੀ ਇਹ ਪ੍ਰਸ਼ਨ ਆਪਣੇ ਆਪ ਨੂੰ ਕਰਦਾ ਹੈ ਅਤੇ ਆਪ ਹੀ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਹੈ।
ਹਿੰਦੋਸਤਾਨ ਦੇ ਸੰਕਲਪ ਬਾਰੇ ਇਹ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ। ਪੰਜਾਬੀ ਸਾਹਿਤ ਵਿਚ ਹਿੰਦੋਸਤਾਨ ਗੁਰੂ ਨਾਨਕ ਦੇਵ ਜੀ ਦੀ ਰਚਨਾ ਰਾਹੀਂ ਆਉਂਦਾ ਹੈ ਜਦੋਂ ਉਹ ਕਹਿੰਦੇ ਹਨ ‘‘ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ।’’
ਬਸਤੀਵਾਦੀ ਨਿਜ਼ਾਮ ਹਿੰਦੋਸਤਾਨ, ਭਾਰਤ ਜਾਂ ਇੰਡੀਆ ਦੀ ਇਕਾਈ ਪੇਸ਼ ਕਰਦਾ ਹੈ। ਗ਼ਦਰੀ ਕਵੀ ਇਸ ਇਕਾਈ ਦੇ ਸੰਕਲਪ ਨਾਲ ਘੁਲਦੇ ਹਨ। ਉਸ ਵੇਲੇ ਦੇ ਹਾਲਾਤ ਉਨ੍ਹਾਂ ਨੂੰ ਮਜਬੂਰ ਕਰਦੇ ਹਨ ਕਿ ਉਹ ਇਸ ਇਕਾਈ ਨਾਲ ਜੁੜਨ ਤੇ ਇਸ ਨੂੰ ਸਵੀਕਾਰ ਕਰਨ, ਇਹਦੇ ਨਾਲ ਇਕਰੂਪ ਹੋਣ। ਹੋਰ ਕੋਈ ਚਾਰਾ ਨਹੀਂ। ਹਿੰਦੋਸਤਾਨ ਦੀ ਇਕਾਈ ਨੂੰ ਸਵੀਕਾਰ ਕਰ ਤੋਂ ਬਿਨਾਂ ਅੰਗਰੇਜ਼ੀ ਸਾਮਰਾਜ ਦਾ ਵਿਰੋਧ ਕਰਨਾ ਸੰਭਵ ਨਹੀਂ। ਗ਼ਦਰੀ ਕਵੀ ਹਿੰਦੋਸਤਾਨ ਦੀ ਇਕਾਈ ਤੇ ਸੰਕਲਪ ਦੇ ਹੱਕ ਵਿਚ ਆਪਣੀ ਆਵਾਜ਼ ਬੜੀ ਚੇਤਨਤਾ ਨਾਲ ਬੁਲੰਦ ਕਰਦੇ ਹਨ। 1913 ਵਿਚ ਲਿਖੀ ਇਕ ਕਿਤਾਬ ਕਹਿੰਦੀ ਹੈ ‘‘ਸਾਰੀ ਖਲਕ ਖੁਦਾਇ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੋਸਤਾਨ ਕਿਉਂ ਨਹੀਂ।’’ ਜਨਵਰੀ 1914 ਵਿਚ ਲਿਖੀ ਕਵਿਤਾ ਕਹਿੰਦੀ ਹੈ, ‘‘ਜਾਗੋ ਹਿੰਦ ਪਿਆਰੀ ਦੇ ਨੂਰ ਚਸ਼ਮੋਂ, ਵਿਚ ਖ਼ੁਆਬ ਦੇ ਲਾਇਆ ਧਿਆਨ ਕਿੱਥੇ?’’ ਇਸੇ ਤਰ੍ਹਾਂ ਜਨਵਰੀ 1914 ਵਿਚ ਛਪੀ ਇਕ ਹੋਰ ਕਵਿਤਾ ਦਾ ਨਾਂ ਹੀ ‘ਹਿੰਦੋਸਤਾਨ’ ਹੈ। ‘‘ਕਿਸਮਤ ਕੁਲ ਜਹਾਨ ਦੀ ਤੇਜ ਹੋਈ, ਭਾਗ ਗਿਰ ਗਏ ਕਿਉਂ ਹਿੰਦੋਸਤਾਲ ਤੇਰੇ।’’ ਇਸੇ ਮਹੀਨੇ ਦੀ ਇਕ ਹੋਰ ਕਵਿਤਾ ਕਹਿੰਦਾ ਏ, ‘‘ਆਓ ਦੇਸ ਭਾਈ ਹਿੰਦੋਸਤਾਨ ਵਾਲੋ, ਢੰਗ ਸੋਚੀਏ ਦੁੱਖ ਮਿਟਾਵਣੇ ਦਾ’’। ਇਸ ਤਰ੍ਹਾਂ ਪੰਜਾਬੀ ਬੰਦਾ ਹਿੰਦੂ, ਸਿੱਖ ਤੇ ਮੁਸਲਮਾਨ ਹੁੰਦਾ ਹੋਇਆ ਵੀ ਇਸ ਪਛਾਣ ਤੋਂ ਅਗਾਂਹ ਜਾਂਦਾ ਹੈ, ਹਿੰਦੀ ਬਣਦਾ ਹੈ, ਪੰਜਾਬੀ ਖ਼ਿੱਤੇ ਨੂੰ ਵੱਡੇ ਖਿੱਤੇ ਨਾਲ ਜੋੜਦਾ ਹੈ।
ਗ਼ਦਰੀ ਕਵੀਆਂ ਦੁਆਰਾ ਸਿਰਜੇ ਹਿੰਦੋਸਤਾਨ ਦਾ ਇਸ ਵਿਚ ਬੰਗਾਲੀ ਰਿਨੇਸਾਂਸ ਨਾਲ ਪੈਦਾ ਹੋਇਆ ਭਾਰਤ-ਮਾਤਾ ਦਾ ਚਿੰਨ੍ਹ ਵੀ ਹਾਜ਼ਰ ਹੈ ਤੇ ਵੰਦੇ ਮਾਤਰਮ ਦਾ ਨਾਅਰਾ ਵੀ। ਇਨ੍ਹਾਂ ਦਾ ਤੁਅੱਲਕ ਬੰਕਮ ਚੰਦਰ ਚਟੋਪਾਧਿਆ ਦੇ ਨਾਵਲ ‘ਆਨੰਦ ਮੱਠ’ ਨਾਲ ਹੈ। ਭਾਰਤ ਮਾਤਾ ਕਹਿੰਦੀ ਏ ‘‘ਫ਼ੌਜਾਂ ਵਾਲਿਓ ਸ਼ੇਰ ਜਵਾਨ ਮਰਦੋ, ਸੁਣਨਾ ਬੁੱਢੜੀ ਦਾ ਇਹ ਹਾਲ ਮੇਰਾ’’। 1914 ਵਿਚ ਛਪੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਅਨੁਵਾਦ ਹੀ ‘ਵੰਦੇ ਮਾਤਰਮ’ ਹੈ। ਬੰਕਮ ਚੰਦਰ ਚਟੋਪਾਧਿਆ ਜਿਹੇ ਰਾਸ਼ਟਰਵਾਦੀਆਂ ਦਾ ਅਸਰ ਏਨਾ ਡੂੰਘਾ ਹੈ ਕਿ ਆਨੰਦ ਮੱਠ ਦੇ ਬਿਰਤਾਂਤ ਵਰਗੀ ਸੋਚ ਪ੍ਰਗਟ ਕਰਦੀ ਜਨਵਰੀ 1914 ਵਿਚ ਲਿਖੀ ਕਵਿਤਾ ਵਿਚ ਕਵੀ ਦੱਸਦਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਨੇ ‘ਭਾਰਤ ਵਰਸ਼’ ਤੋਂ ਜ਼ੁਲਮ ਦੂਰ ਕੀਤਾ ਸੀ। ਗ਼ਦਰ ਲਹਿਰ ਦੀ ਸ਼ਾਇਦ ਸਭ ਤੋਂ ਮਸ਼ਹੂਰ ਕਵਿਤਾ ਵਿਚ ਕਵੀ ਕਹਿੰਦਾ ਹੈ ‘‘ਬੰਦੇ ਮਾਤਰਮ ਸਾਰੇ ਬੋਲੋ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਹੀ ਜਾਣਾ ਭੱਜ ਕੇ’’। ਏਥੇ ਗ਼ਦਰੀ ਕਵੀ ਵੰਦੇ ਮਾਤਰਮ ਗੀਤ ਤੇ ਨਾਅਰੇ ਕਾਰਨ ਬਾਅਦ ਵਿਚ ਪੈਦਾ ਹੋਣ ਵਾਲੇ ਵਾਦ-ਵਿਵਾਦ ਤੋਂ ਅਣਜਾਣ ਹਨ। ਉਹ ਭਾਰਤ ਮਾਤਾ ਦੇ ਬਿੰਬ ਨੂੰ ਆਤਮਸਾਤ ਕਰ ਲੈਂਦੇ ਹਨ ਤੇ ਭਾਰਤ ਮਾਤਾ ਦੀ ਤਸਵੀਰ ਉਨ੍ਹਾਂ ਦੀਆਂ ਅਖ਼ਬਾਰਾਂ ਦੇ ਪਹਿਲੇ ਸਫ਼ਿਆਂ ’ਤੇ ਛਪਦੀ ਹੈ।
ਗ਼ਦਰੀ ਕਵਿਤਾ ਵਿਚ ਇਹ ਬਿੰਬ ਹਿੰਦ, ਹਿੰਦੋਸਤਾਨ, ਹਿੰਦੀ ਤੇ ਹਿੰਦੀਸਤਾਨੀ ਬਹੁਤ ਗੂੜ੍ਹਾ ਹੈ। ਗ਼ਦਰੀ ਕਵਿਤਾ ਵਿਚ ਗ਼ਦਰੀ ਤੇ ਹੋਰ ਹਿੰਦੋਸਤਾਨੀ ਜਿਨ੍ਹਾਂ ਨੂੰ ਗ਼ਦਰੀ ਕਵੀ ਲਲਕਾਰਦੇ ਹਨ, ਉਹ ‘‘ਹਿੰਦ ਦੇ ਲਾੜੇ’’ ਹਨ। ‘‘ਹਿੰਦੋਸਤਾਨ ਦੇ ਭਾਈ’’, ‘‘ਹਿੰਦ ਪਿਆਰੀ ਦੇ ਨੂਰ ਚਸ਼ਮ’’, ‘‘ਹਿੰਦ ਦੇ ਦੁਲਾਰੇ’’, ‘‘ਹਿੰਦ ਦੇ ਸਪੁੱਤਰ’’, ‘‘ਹਿੰਦ ਦੇ ਸ਼ੇਰ ਜਵਾਨ ਮਰਦ’’, ‘‘ਹਿੰਦੋਸਤਾਨ ਦੇ ਤੀਹ ਕਰੋੜ ਭਾਈ’’, ‘‘ਹਿੰਦੋਸਤਾਨੀ’’ ਤੇ ‘‘ਭੋਲੇ ਭਾਲੇ ਹਿੰਦੀ’’ ਹਨ।

ਕਰਤਾਰ ਸਿੰਘ ਸਰਾਭਾ

ਇਸ ਬਿੰਬ ਵਿਚ ਉਹ ਸਮਾਜਿਕ ਤੇ ਰਾਜਸੀ ਚੇਤਨਾ ਹਾਜ਼ਰ ਹੈ, ਜੋ 1857 ਦੇ ਗ਼ਦਰ ਤੋਂ ਬਾਅਦ ਹਿੰਦੋਸਤਾਨ ਵਿਚ ਪੈਦਾ ਹੋਈ। ਇਸ ਚੇਤਨਤਾ ਦੀ ਹਾਜ਼ਰੀ ਮੁੱਢਲੇ ਮੁੱਖ ਰੂਪ ਵਿਚ ਗ਼ਦਰ ਸ਼ਬਦ ਵਿਚ ਹੀ ਪਈ ਹੋਈ ਹੈ। ਗ਼ਦਰੀ ਕਵੀ ਗ਼ਦਰ ਸ਼ਬਦ ਨੂੰ ਉਵੇਂ ਅਪਣਾਉਂਦੇ ਹਨ, ਜਿਸ ਤਰ੍ਹਾਂ ਦੀ ਇਸ ਸ਼ਬਦ ਦੀ ਵਿਆਖਿਆ ਵੀਰ ਸਾਵਰਕਰ ਨੇ ਆਪਣੀ 1909 ਵਿਚ ਪ੍ਰਕਾਸ਼ਿਤ ਹੋਈ ਕਿਤਾਬ ‘‘ਦੀ ਇੰਡੀਅਨ ਵਾਰ ਆਫ਼ ਇੰਡੀਪੈਂਡਸ: 1857’’ ਵਿਚ ਕੀਤੀ। ਵੀਰ ਸਾਵਰਕਰ ਦੀ ਰਾਜਨੀਤੀ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਕਿਤਾਬ ਨੇ ਹਿੰਦੋਸਤਾਨ ਵਿਚ ਸਿਆਸੀ ਚੇਤਨਾ ਜਗਾਉਣ ਵਿਚ ਅਹਿਮ ਭੂਮਿਕਾ ਨਿਭਾਈ। ਅੰਗਰੇਜ਼ 1857 ਦੀ ਬਗ਼ਾਵਤ ਨੂੰ ਸਿਪਾਹੀਆਂ ਦਾ ਵਿਦਰੋਹ ਜਾਂ ਗ਼ਦਰ ਕਹਿਦੇ ਹਨ। ਵੀਰ ਸਾਵਰਕਰ ਨੇ ਇਸ ਕਿਤਾਬ ਵਿਚ ਇਸ ਗ਼ਦਰ ਨੂੰ ਹਿੰਦੋਸਤਾਨੀਆਂ ਵਲੋਂ ਲੜੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਤੇ ਗ਼ਦਰ ਸ਼ਬਦ ਨੂੰ ਵਿਸ਼ਾਲ ਅਰਥ ਦਿੱਤੇ। ਵਿਦਰੋਹ ਦਾ ਸ਼ਬਦ ਸਭ ਤੋਂ ਪਹਿਲਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡਿਜ਼ਰਾਇਲੀ ਨੇ ਵਰਤਿਆ ਸੀ। (ਜੁਲਾਈ 27, 1857) ਤੇ ਕਾਰਲ ਮਾਰਕਸ ਨੇ ਉਸ ਦੀ ਪ੍ਰੋੜ੍ਹਤਾ ਕੀਤੀ ਸੀ। ਮਾਰਕਸ ਨੇ ਵਿਖਾਇਆ ਸੀ ਕਿ ਕਿਵੇਂ ਹਿੰਦੋਸਤਾਨ ਦੇ ਕਿਸਾਨ ਤੇ ਹੋਰ ਲੋਕ ਇਸ ਵਿਚ ਸ਼ਾਮਿਲ ਹੋਏ ਤੇ ਇਸ ਬਗ਼ਾਵਤ ਨੂੰ ਰਾਸ਼ਟਰੀ ਵਿਦਰੋਹ ਬਣਾਇਆ। ਦਿਲਚਸਪ ਗੱਲ ਹੈ ਕਿ ਮਾਰਕਸ ਦਾ ਸਾਥੀ ਫਰੈਡਰਿਕ ਏਂਜਲਜ ਡੇਰਾ ਇਸਮਾਈਲ ਖਾਂ ਵਿਚ ਸਿੱਖ ਰਜਮੈਂਟਾਂ ਵਿਚਲੀ ਸਾਜ਼ਿਸ਼ ਦੀ ਗੱਲ ਕਰਦਾ ਹੈ ਤੇ ਸਿੱਖ ਵਿਦਰੋਹ ਦੀ ਸੰਭਾਵਨਾ ਦੇਖਦਾ ਹੈ। 1913-14 ਦੇ ਗ਼ਦਰੀ ਮਾਰਕਸ ਤੇ ਏਂਜਲਜ ਨੂੰ ਨਹੀਂ ਜਾਣਦੇ, ਪਰ ਉਹ ਵੀਰ ਸਾਵਰਕਰ ਨੂੰ ਜ਼ਰੂਰ ਜਾਣਦੇ ਸਨ ਤੇ ਉਨ੍ਹਾਂ ਨੇ ਗ਼ਦਰ ਸ਼ਬਦ ਨੂੰ ਉਨ੍ਹਾਂ ਅਰਥਾਂ ਵਿਚ ਅਪਣਾਇਆ ਜਿਹੜੇ ਵੀਰ ਸਾਵਰਕਰ ਨੇ ਦਿੱਤੇ ਸਨ।
ਗ਼ਦਰੀ ਬਾਬਿਆਂ ਵਿਚ ਜ਼ਿਆਦਾ ਸਿੱਖ ਸਨ। 1857 ਵਿਚ ਖਰਲਾਂ ਦੀ ਨੀਲੀ ਬਾਰ ਦੀ ਬਗ਼ਾਵਤ, ਮੋਹਰ ਸਿੰਘ ਦੀ ਰੋਪੜ ਵਿਚ ਬਗ਼ਾਵਤ ਤੇ ਕੁਝ ਹੋਰ ਪਲਟਨਾਂ ਵਿਚ ਹੋਈਆਂ ਛੋਟੀਆਂ ਮੋਟੀਆਂ ਕੋਸ਼ਿਸ਼ਾਂ ਨੂੰ ਛੱਡ ਕੇ ਪੰਜਾਬੀਆਂ ਨੇ 1857 ਦੇ ਗ਼ਦਰ ਵਿਚ ਜ਼ਿਆਦਾ ਹਿੱਸਾ ਨਹੀਂ ਲਿਆ ਸੀ। ਇਹਦੇ ਮੁਕਾਬਲੇ ਪੰਜਾਬੀ ਰਜਵਾੜਿਆਂ ਦੁਆਰਾ ਅੰਗਰੇਜ਼ਾਂ ਦੀ ਕੀਤੀ ਸਹਾਇਤਾ ਨੂੰ ਜ਼ਿਆਦਾ ਪ੍ਰਮੁੱਖਤਾ ਮਿਲੀ ਸੀ ਤੇ ਉਹ ਸਹਾਇਤਾ ਨੂੰ ਪੰਜਾਬ ਵੱਲੋਂ 1857 ਦੇ ਗ਼ਦਰ ਪ੍ਰਤੀ ਧ੍ਰੋਹ ਮੰਨਿਆ ਗਿਆ ਸੀ। ਗ਼ਦਰੀ ਕਵੀ ਇਸ ਤੱਥ ਨੂੰ ਤਸਲੀਮ ਕਰਦੇ ਤੇ ਇਸ ਤਰ੍ਹਾਂ ਯਾਦ ਕਰਦੇ ਹਨ, ‘‘ਜਦੋਂ ਸੰਨ ਸਤਵੰਜਾ ਦਾ ਗਦਰ ਹੋਯਾ, ਆਇਆ ਪੰਥ ਨੂੰ ਬਹੁਤ ਜ਼ਵਾਲ ਸਿੰਘ।। ਨਾਭਾ ਪਤੀ ਨੇ ਕੀਤੀ ਸੀ ਵਫ਼ਾਦਾਰੀ ਸਗੋਂ ਖੁਸ ਗਿਆ ਪੱਖੋਵਾਲ ਸਿੰਘੋ।। ਅੱਜ ਮੁਲਕ ਆਜ਼ਾਦੀ ਨਾਲ ਖੇਡਣਾ ਸੀ ਕਰਦੇ ਪਿਆਰ ਜੇ ਗ਼ਦਰ ਦੇ ਨਾਲ ਸਿੰਘੋ।।’’ ਇਸ ਤਰ੍ਹਾਂ ਜਦ ਗ਼ਦਰੀ ਕਵੀ ਲੋਕਾਂ ਨੂੰ 1915 ਦੇ ਗ਼ਦਰ ਲਈ ਵੰਗਾਰਦੇ ਹਨ ਤਾਂ ਉਸ ਵੰਗਾਰ ਵਿਚ ਇਹ ਦੇਸ਼ ਭਾਵਨਾ ਕਿ ਪੰਜਾਬ ਤੇ 1857 ਦੀ ‘ਕੋਤਾਹੀ’ ਤੋਂ ਮੁਕਤੀ ਚਾਹੁੰਦੇ ਹਨ। ਇਸ ਲਈ ਵੀ ਮੁਕਤੀ ਚਾਹੁੰਦੇ ਹਨ, ਕਿਉਂਕਿ 1857 ਤੋਂ ਬਾਅਦ ਜਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਾਰਸ਼ਲ ਕੌਮ ਗਰਦਾਨਿਆ ਤੇ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਫ਼ੌਜ ਵਿਚ ਭਰਤੀ ਕੀਤਾ ਤਾਂ ਸਿੱਖਾਂ ਦਾ ਤਸੱਵੁਰ ਅੰਗਰਜ਼ਾਂ ਦੇ ਭਾਈਵਾਲਾਂ ਦੇ ਰੂਪ ਵਿਚ ਉਭਰਨ ਲੱਗਾ ਸੀ। ਇਸ ਨਾਲ ਹੀ ਪ੍ਰੇਰਨਾ ਆਉਂਦੀ ਹੈ 1857 ਦੇ ਗ਼ਦਰ ਤੋਂ। ਜੂਨ 1914 ’ਚ ਛਪੀ ਕਵਿਤਾ ਵਿਚ ਗ਼ਦਰੀ ਕਵੀ ਪੁਕਾਰ ਉਠਦਾ ਹੈ ‘‘ਦਿਲ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਣਾ ਨਹੀਂ। ਏਸੇ ਦਿਨ ਆਜ਼ਾਦੀ ਦਾ ਜੰਗ ਛਿੜਿਆ, ਵਕਤ ਖੁਸ਼ੀ ਦਾ ਗ਼ਮੀ ਲਿਆਵਣਾ ਨਹੀਂ।’’

ਹਰਨਾਮ ਸਿੰਘ ਟੁੰਡੀਲਾਟ

ਰਾਜਸੀ ਚੇਤਨਾ ਗ਼ਦਰੀ ਕਵਿਤਾ ਵਿਚ ਸਮਾਈ ਹੋਈ ਹੈ। ਗ਼ਦਰ ਅਖ਼ਬਾਰ ਦੇ ਪਹਿਲੇ ਅੰਕਾਂ ਵਿਚ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਹਰ ਵਾਰ ਛਪਦਾ ਸੀ, ਜਿਹਦੇ ਵਿਚ ਉਨ੍ਹਾਂ ਚੌਦਾਂ ਨੁਕਤਿਆਂ ਦੀ ਵਿਆਖਿਆ ਕੀਤੀ ਜਾਂਦੀ ਸੀ ਕਿ ਅੰਗਰੇਜ਼ੀ ਰਾਜ ਹਿੰਦੋਸਤਾਨ ਨੂੰ ਕਿਨ੍ਹਾਂ ਤਰੀਕਿਆਂ ਨਾਲ ਤੇ ਕਿੰਨਾ ਨੁਕਸਾਨ ਪਹੁੰਚਾ ਰਿਹਾ ਹੈ।
ਪਹਿਲਾ ਨੁਕਤਾ ‘‘ਪਾੜੋ ਤੇ ਰਾਜ ਕਰੋ’ ਦੀ ਅੰਗਰੇਜ਼ੀ ਨੀਤੀ ਬਾਰੇ ਹੈ। ਜਨਵਰੀ 1914 ਵਿਚ ਛਪੀ ਕਵਿਤਾ ਇਹਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ ‘‘ਹੀਰਾ ਹਿੰਦ ਉਨ੍ਹਾਂ ਖ਼ਾਕ ਕੀਤਾ, ਰੌਲੇ ਅੱਤ ਦੇ ਵੇਦ ਕੁਰਾਨ ਵਾਲੇ’’। ਇਕ ਹੋਰ ਕਵਿਤਾ ਕਹਿੰਦਾ ਏ, ‘‘ਇਕ ਦੂਸਰੇ ਵਿਚ ਫੁੱਟ ਪਾ ਕੇ, ਆਪ ਵੱਜਦੇ ਸਾਹਿਬਾਨ ਲੋਕੋ’’। ਦਸੰਬਰ 1913 ਦੀ ਕਵਿਤਾ ਕਹਿੰਦੀ ਏ, ‘‘ਜ਼ਾਲਿਮ ਖਾ ਗਿਆ ਦੋਹਾਂ ਨੂੰ ਪਾੜ ਲੋਕੋ’’।
ਇਸੇ ਤਰ੍ਹਾਂ ਫਰਵਰੀ 1914 ਦੀ ਇਕ ਕਵਿਤਾ ਇਸ ਨੀਤੀ ਨੂੰ ਏਦਾਂ ਪਛਾਣਦੀ ਹੈ, ‘‘ਸਾਨੂੰ ਦੀਨ ਤੇ ਧਰਮ ਦੇ ਝਗੜਿਆਂ ਨੇ, ਵੀਰ ਦੁਸ਼ਮਣਾਂ ਚਾਲ ਬਾਜ਼ ਕੀਤਾ।… ਅਸੀਂ ਭਾਈ ਭਾਈ ਹਾਂ ਹਿੰਦ ਦੇ ਸਭ ਜਾਏ, ਜੁਦਾ ਜੁਦਾ ਸਾਨੂੰ ਦਗ਼ੇਬਾਜ਼ ਕੀਤਾ।’’
ਅਪਰੈਲ 1914 ਵਿਚ ਛਪੀ ਕਵਿਤਾ ਹਿੰਦੋਸਤਾਨੀਆਂ ਵਿਚਲੀ ਹਿੰਦੂ ਮੁਸਲਮਾਨ ਧਾਰਮਿਕ ਪਾੜੇ ਨੂੰ ਏਦਾਂ ਚਿਤਰਦੀ ਹੈ ‘‘ਮਜ਼੍ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ, ਕੀਤਾ ਦੀਨ ਦਾ ਨਹੀਂ ਧਿਆਨ ਧਿਯਾਨ ਵੀਰੋ।’’ ਜੂਨ 1914 ਵਿਚ ਕਵੀ ਏਕਤਾ ਦਾ ਹੋਕਾ ਕੁਝ ਇਸ ਤਰ੍ਹਾਂ ਦਿੰਦਾ ਹੈ ‘‘ਕਰੋ ਇਤਫ਼ਾਕ ਹਿੰਦੂ ਮੁਸਲਮਾਨ ਸਿੱਖ ਸ਼ੇਰੋ, ਜ਼ਾਲਮ ਫਰੰਗੀ ਤੇ ਚਾੜ੍ਹ ਦੇ ਕੱਟਕ ਤੂੰ।’’ ਗ਼ਦਰੀ ਕਵੀ ਹਿੰਦੂ ਮੁਸਲਮਾਨ ਏਕਤਾ ਦੇ ਸਮਰਥਕ ਹਨ। ਜਨਵਰੀ 1914 ਵਿਚ ਹੀ ਛਪੀ ਇਕ ਹੋਰ ਕਵਿਤਾ ਵਿਚ ਕਵੀ ਹਿੰਦੂ ਮੁਸਲਮਾਨ ਏਕਤਾ ’ਤੇ ਜ਼ੋਰ ਦਿੰਦਾ ਹੋਇਆ ਕਹਿੰਦਾ ਹੈ ‘‘ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋਂ, ਤੁਸੀਂ ਬੈਠੇ ਅਣਜੋੜ ਕਿਉਂ ਹੋ?’’ ਇਸ ਤਰ੍ਹਾਂ ਦੂਜਾ ਅਹਿਮ ਨੁਕਤਾ ਆਰਥਿਕ ਲੁੱਟ ਤੇ ਲਗਾਤਾਰ ਆਰਥਿਕ ਨਿਕਾਸ ਦਾ ਹੈ ਜੋ ਹਿੰਦੋਸਤਾਨ ਤੋਂ ਇੰਗਲੈਂਡ ਨੂੰ ਹੁੰਦਾ ਹੈ, ਪਰ ਇਸ ਦਾ ਠੋਸ ਸਿਧਾਂਤਕ ਰੂਪ ਦਾਦਾ ਭਾਈ ਨਾਰੋਜੀ ਦੀ ਲਿਖੀ ਕਿਤਾਬ ਰਾਹੀਂ ਪੇਸ਼ ਹੁੰਦਾ ਹੈ ਕਿ ਕਿਵੇਂ ਤੇ ਕਿੰਨੀ ਹਿੰਦੋਸਤਾਨ ਦੀ ਦੌਲਤ ਇੰਗਲੈਂਡ ਵਿਚ ਪਹੁੰਚ ਰਹੀ ਹੈ, ਜਿਹਦੇ ਕਾਰਨ ਹਿੰਦੋਸਤਾਨ ਦਿਨੋ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ ਤੇ ਇੰਗਲੈਂਡ ਅਮੀਰ। ਗ਼ਦਰੀ ਕਵਿਤਾ ਵਿਚ ਇਹ ਧਾਰਨਾ ਕੁਝ ਇਸ ਤਰ੍ਹਾਂ ਪੇਸ਼ ਹੁੰਦੀ ਹੈ ‘‘ਹਿੰਦ ਲੁੱਟ ਫਰੰਗੀਆਂ ਚੌੜ ਕੀਤਾ, ਦੁਨੀਆਂ ਦੇਖ ਕੇ ਹੋਈ ਹੈਰਾਨ ਲੋਕੋ।। ਪੈਸਾ ਸੂਤ ਸਾਰਾ ਹਿੰਦ ਦੇਸ਼ ਵਾਲਾ ਇੰਗਲੈਂਡ ਦੇ ਵਿਚ ਲੈ ਜਾਣ ਲੋਕੋ। ਲੁੱਟੀ ਜਾਂਦੇ ਦਿਨੇ ਰਾਤ ਡਾਕੂ, ਭੁੱਖੇ ਮਰਨ ਗ਼ਰੀਬ ਕਿਸਾਨ ਲੋਕੋ। ਇਸ ਤੋਂ ਦੋ ਸਾਲ ਬਾਅਦ ਛਪੀ ਕਵਿਤਾ ਵਿਚ ਇਹ ਗੱਲ ਹੋਰ ਸਪਸ਼ਟ ਹੁੰਦੀ ਹੈ ‘‘ਲੁੱਟ ਕੇ ਫਰੰਗੀ ਕੀਤਾ ਹਿੰਦ ਸੱਖਣਾ’’। ਮਾਰਚ 1914 ਵਿਚ ਇਕ ਹੋਰ ਕਵਿਤਾ ਦੇਸ਼ ਵਿਚ ਵਧੇ ਮਾਮਲੇ ਨੂੰ ਏਦਾਂ ਯਾਦ ਕਰਦੀ ਹੈ, ‘‘ਟੈਕਸ ਮਾਮਲੇ ਅਸਾਂ ਤੋਂ ਲੈਣ ਦੂਣੇ, ਭਲਾ ਹੋਵਾਂਗੇ ਅਸੀਂ ਕੰਗਾਲ ਕਿਉਂ ਨਹੀਂ।’’ ਏਹੀ ਕਵਿਤਾ ਚਿਤਾਵਨੀ ਦਿੰਦੀ ਹੈ ‘‘ਲੁੱਟ ਖਾ ਗਏ ਮੂਜ਼ੀ ਦੇ ਪੁੱਤ ਗੋਰੇ, ਕਰਦੇ ਆਪਣੀ ਆਪ ਸੰਭਾਲ ਕਿਉਂ ਨਹੀਂ।’’
ਅੰਗਰੇਜ਼ੀ ਰਾਜ ਵਿਚ ਨਵੀਆਂ ਨਹਿਰਾਂ ਕੱਢਣ ਤੇ ਨਹਿਰੀ ਕਲੋਨੀਆਂ ਬਣਾਉਣ ਨਾਲ ਖੇਤੀ ਦਾ ਵਿਕਾਸ ਹੋਇਆ। ਜ਼ਮੀਨਾਂ ਦੀਆਂ ਕੀਮਤਾਂ ਵਧੀਆਂ। ਮਾਮਲੇ ਦੀ ਉਗਰਾਹੀ ਲਈ ਬੇਹੱਦ ਸਖ਼ਤੀ ਵਰਤੀ ਗਈ। ਜਿੱਥੇ ਸਰਕਾਰ ਨੇ ਇਹ ਕਾਨੂੰਨ ਬਣਾਇਆ ਕਿ ਖੇਤੀ ਵਾਲੀ ਜ਼ਮੀਨ ਕੁਝ ਗ਼ੈਰ ਕਾਸ਼ਤਕਾਰ ਜਾਤਾਂ ਦੇ ਲੋਕ ਨਹੀਂ ਲੈ ਸਕਣਗੇ, ਓਥੇ ਕਾਨੂੰਨੀ ਪ੍ਰਬੰਧ ਨੇ ਇਹ ਵੀ ਯਕੀਨੀ ਬਣਾਇਆ ਕਿ ਸ਼ਾਹੂਕਾਰ ਆਪਣੇ ਕਰਜ਼ੇ ਦੀ ਵਸੂਲੀ ਵਿਚ ਅਦਾਲਤਾਂ ’ਚ ਜਾ ਸਕਦਾ ਹੈ। ਇਸ ਨਾਲ ਅਦਾਲਤਾਂ ਵਿਚ ਚੱਲਦੇ ਝਗੜੇ ਵਧੇ ਤੇ ਪੰਜਾਬੀ ਕਿਸਾਨ ਕਰਜ਼ੇ ਦੀ ਕੁੜਿੱਕੀ ਵਿਚ ਫਸਦਾ ਚਲਾ ਗਿਆ। ਏਹੀ ਕਾਰਨ ਹੈ ਕਿ 65 ਏਕੜਾਂ ਦੀ ਮਾਲਕੀ ਹੋਣ ਦੇ ਬਾਵਜੂਦ ਸੋਹਣ ਸਿੰਘ ਭਕਨਾ ਨੇ ਪਹਿਲਾਂ ਫ਼ੌਜ ਵਿਚ ਨੌਕਰੀ ਕੀਤੀ ਤੇ ਫਿਰ ਅਮਰੀਕਾ ਨੂੰ ਚਾਲੇ ਪਾਏ। ਇਸ ਹਾਲਾਤ ਨੂੰ ਗ਼ਦਰੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਬਾਖ਼ੂਬੀ ਬਿਆਨ ਕੀਤਾ ਹੈ। ਜਨਵਰੀ 1914 ਵਿਚ ਪ੍ਰਕਾਸ਼ਿਤ ਹੋਈ ਕਵਿਤਾ ਇਹਦਾ ਵਰਨਣ ਏਦਾਂ ਕਰਦੀ ਏ, ‘‘ਲਾਇਆ ਟੈਕਸ ਫਰੰਗੀ ਬਹੁਤ ਯਾਰੋ, ਭੁੱਖੇ ਮਰਨ ਗ਼ਰੀਬ ਦੁਕਾਨ ਵਾਲੇ। ਇਕ ਹੋਰ ਕਵਿਤਾ ਵਿਚ ਬਿਆਨ ਕੁਝ ਏਦਾਂ ਦਾ ਹੈ, ‘‘ਹੌਲੀ ਹੌਲੀ ਘਰ ਸਾਡੇ ਸਾਂਭਣੇ ਫਰੰਗੀ ਨੇ, ਏਸ ਦੀ ਨਿਸ਼ਾਨੀ ਵਧ ਗਿਆ ਲਗਾਣ ਹੈ।’’ ਭੁੱਖਮਰੀ ਅਤੇ ਅਕਾਲ ਨੂੰ ਏਦਾਂ ਯਾਦ ਕੀਤਾ ਹੈ, ‘‘ਭੁੱਖੇ ਮਰਨ ਬੱਚੇ ਕਾਲ ਨਾਲ ਸਾਡੇ, ਖੱਟੀ ਖਾਣ ਇੰਗਲਿਸਤਾਨ ਵਾਲੇ।’’
ਅਮਰੀਕਾ ਤੇ ਕੈਨੇਡਾ ਵਿਚ ਪਰਵਾਸ ਕਰਦਿਆਂ ਗ਼ਦਰੀਆਂ ਦੀ ਗੁਲਾਮ ਚੇਤਨਾ ਨੂੰ ਹੋਰ ਪ੍ਰਚੰਡ ਕਰਦਾ ਹੈ। ਇਹ ਪ੍ਰਚੰਡਤਾ ਓਥੇ ਹੁੰਦੇ ਨਸਲੀ ਵਿਤਕਰੇ ਕਾਰਨ ਹੈ। ਜਦ ਪੰਜਾਬੀ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਓਥੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਘੋਰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਗ਼ਦਰੀ ਕਵੀ ਇਸ ਅਨੁਭਵ ਨੂੰ ਇਉਂ ਦਰਜ ਕਰਦੇ ਹਨ: ‘‘ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ’’। 1914 ਜੂਨ ਵਿਚ ਵਿਕਟੋਰੀਆ (ਕੈਨੇਡਾ) ਵਿਚ ਰਹਿਣ ਵਾਲਾ ਕਵੀ ਲਿਖਦਾ ਹੈ : ‘‘ਏਸ ਸੂਬੇ ਦੇ ਗੋਰਿਆ ਅੱਤ ਚੁੱਕੀ, ਹਿੰਦੀ ਤਕ ਕੇ ਜੀਅੜਾ ਸਾੜਦੇ ਨੇ।’’
ਗ਼ਦਰੀ ਕਵਿਤਾ ਲਿਖਣ ਵਾਲਿਆਂ ’ਚੋਂ ਬਹੁਤਿਆਂ ਦਾ ਧਰਮ ਸਿੱਖ ਸੀ। ਉਹ ਸਿੱਖੀ ਦੇ ਮਹਾਨ ਜ਼ੁਲਮ ਵਿਰੋਧੀ ਵਿਰਸੇ ਤੋਂ ਪ੍ਰੇਰਨਾ ਲੈਂਦੇ ਹਨ। ਉਹ ਥਾਂ ਥਾਂ ’ਤੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਸਹਿਬਾਜ ਸਿੰਘ, ਸੁਬੇਗ ਸਿੰਘ, ਮਹਿਤਾਬ ਸਿੰਘ ਮੀਰਾਂਕੋਟੀਏ ਤੇ ਹੋਰ ਸਿੱਖ ਯੋਧਿਆਂ ਨੂੰ ਯਾਦ ਕਰਦੇ ਹਨ। ਜਨਵਰੀ 1914 ਦੀ ਇਕ ਕਵਿਤਾ ਗੁਰੂ ਗੋਬਿੰਦ ਸਿੰਘ ਦੇ ਮੁਗਲਾਂ ਵਿਰੁੱਧ ਕੀਤੇ ਉਸ ਨੂੰ ਭਾਰਤ ਵਰਸ਼ ਦੀ ਆਧੁਨਿਕ ਧਾਰਨਾ ਨਾਲ ਮਿਲਾ ਲੈਂਦਾ ਹੈ: ‘‘ਪਰਉਪਕਾਰ ਕਾਰਨ ਗੁਰਾਂ ਸਾਜਿਆ ਸੀ, ਹੱਥੀਂ ਕੀਤੀ ਸੀ ਜੰਗ ਕਮਾਲ ਸਿੰਘੋ।। ਭਾਰਤ ਵਰਸ਼ ਤੋਂ ਜ਼ੁਲਮ ਹਟਾਇਆ ਸੀ, ਬਹੁਤ ਕਰਕੇ ਜੰਗੋ ਜੁਦਾਲ ਸਿੰਘੋ।’’ 1914 ਵਿਚ ਹੀ ਕਾਮਾਗਾਟਾਮਾਰੂ ਦਾ ਇਕ ਦੁਖੀਆ ਮੁਸਾਫਰ ਲਿਖਦਾ ਹੈ, ‘‘ਹਿੰਦੋਸਤਾਨੀਓ ਜ਼ਰਾ ਧਿਆਨ ਮਾਰੋ, ਸਾਡੀ ਬਾਪ ਦਾਦੇ ਵਾਲੀ ਚਾਲ ਕਿਉਂ ਨਹੀਂ।.. ਸਾਕੇ ਗੁਰੂ ਗੋਬਿੰਦ ਸਿੰਘ ਦੇ ਯਾਦ ਜੇਕਰ ਖ਼ੂਨ ਮਾਰਦੇ ਸਾਡੇ ਉਬਾਲ ਕਿਉਂ ਨਹੀਂ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੁੱਢੀ ਉਮਰ ਲੱਖਾਂ ਘਾਲੇ ਘਾਲ ਕਿਉਂ ਨਹੀਂ।’’ ਜਨਵਰੀ 1914 ਦੀ ਕਵਿਤਾ ਸਵਾਲ ਪੁੱਛਦੀ ਹੈ, ‘‘ਸਵਾ ਲੱਖ ਸੇ ਲੜਕੇ ਇਕ ਸੂਰਾ, ਗਏ ਗੁਰਾਂ ਦੇ ਉਹ ਫਰਮਾਨ ਕਿੱਥੇ। ਤੁਸੀਂ ਸ਼ੇਰ ਤੇ ਗੁਰਮੁਖੋ ਕੇਹਰ ਬੱਚੇ, ਅੱਜ ਗਈ ਸ਼ੇਰਾਂ ਵਾਲੀ ਬਾਨ ਕਿੱਥੇ।’’ ਇਕ ਹੋਰ ਕਵਿਤਾ ਆਪਣੇ ਅੰਤ ਵਿਚ ਗੁਰਮੁਖ ਦਾ ਕੰਮ ਇਹ ਤੈਅ ਕਰਦੀ ਹੈ ਕਿ ਉਹ ਹਿੰਦੋਸਤਾਨ ਨੂੰ ਆਜ਼ਾਦ ਕਰਾਏ। ਬਾਕੀ ਧਾਰਮਿਕ ਅਕੀਦਿਆਂ ਦੇ ਨਾਇਕਾਂ ਦਾ ਜ਼ਿਕਰ ਆਉਂਦਾ ਹੈ ਪਰ ਨਾਮਾਤਰ। ਮੁਸਲਮਾਨਾਂ ਨੂੰ ਹਜ਼ਰਤ ਅਲੀ ਤੇ ਹੋਰ ਗਾਜ਼ੀਆਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਤੇ ਹਿੰਦੂਆਂ ਨੂੰ ਅਰਜਨ, ਭੀਮ ਤੇ ਕਰਨ ਦੀ।
ਪ੍ਰੇਰਨਾ ਦਾ ਤੀਸਰਾ ਸ੍ਰੋਤ ਉਹ ਲੋਕ ਹਨ ਜੋ ਉਸ ਵੇਲੇ ਦੇ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਹੋਏ ਹਨ। ਵੀਰ ਸਾਵਰਕਰ, ਅਰਵਿੰਦੋ ਘੋਸ਼, ਤਿਲਕ, ਮਹਾਤਮਾ ਗਾਂਧੀ, ਅਜੀਤ ਸਿੰਘ, ਰਾਮਚੰਦ, ਸੂਫ਼ੀ ਅੰਬਾ ਪ੍ਰਸਾਦ, ਭਗਵਾਨ ਸਿੰਘ, ਬਰਕਤ ਉੱਲਾ, ਕ੍ਰਿਸ਼ਨ ਵਰਮਾ, ਮੈਡਮ ਭੀਖਾ ਜੀ ਕਾਮਾ, ਹਰਦਿਆਲ ਤੇ ਹੋਰ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ ਹੈ। ਜਨਵਰੀ 1914 ਇਕ ਹੋਰ ਕਵਿਤਾ ‘ਪੰਥ ਅੱਗੇ ਪੁਕਾਰ’ ਸਿੱਖ ਇਤਿਹਾਸ ਤੋਂ ਸ਼ੁਰੂ ਹੁੰਦੀ ਹੋਈ, 1857 ਦੇ ਗ਼ਦਰ ਵਿਚ ਵਿਚਰਦੀ ਹੈ ਤੇ ਫਿਰ ਉਸ ਵੇਲੇ ਦੇ ਸਮਕਾਲੀ ਦੇਸ਼ ਭਗਤਾਂ ਦਾ ਬੜੇ ਵਿਸਥਾਰ ਨਾਲ ਜ਼ਿਕਰ ਕਰਦੀ ਹੈ: ‘‘ਜਦੋਂ ਭਾਈ ਭਗਵਾਨ ਸਿੰਘ ਜੂੜਿਆ ਸੀ, ਕਿੱਥੇ ਗਏ ਸਨ ਗੁਰੂ ਦੇ ਲਾਲ ਸਿੰਘੋ।। ਜਿਸ ਨਾਮ ਅਜੀਤ ਦੀ ਲਾਜ ਰੱਖੀ, ਫਿਰੇ ਵਿਚ ਪਰਦੇਸ ਬੇਹਾਲ ਸਿੰਘ।। ਕ੍ਰਿਸ਼ਨ ਵਰਮਾ ਜਾ ਵਿਚ ਫਰਾਂਸ ਬੈਠਾ, ਮੈਡਮ ਕਾਮਾ ਦਾ ਕਰੋ ਖਿਯਾਲ ਸਿੰਘੋ।। ਸਾਵਰਕਰ ਨੂੰ ਪਕੜਿਆ ਜ਼ੋਰ ਜਬਰੀ, ਜੇਲ੍ਹ ਭੇਜ ਦਿੱਤਾ ਸੱਠ ਸਾਲ ਸਿੰਘੋ।। ਅਰਬਿੰਦੋ ਘੋਸ਼ ਨੂੰ ਜਾਣਦਾ ਜੱਗ ਸਾਰਾ, ਜਨਮ ਲਿਆ ਜਿਨ ਵਿਚ ਬੰਗਾਲ ਸਿੰਘੋ।। ਰੂਹ ਵਿਚ ਬੰਗਾਲ ਦੇ ਫੂਕ ਦਿੱਤੀ, ਭਾਰਤ ਮਾਤਾ ਨੂੰ ਕੀਤਾ ਨਿਹਾਲ ਸਿੰਘੋ।। ਰਾਮਚੰਦ ਜੇ ਵਿਚ ਬਨਵਾਸ ਫਿਰਦਾ, ਸੀਤਾ ਰੁਲ ਰਹੀ ਓਸ ਦੇ ਨਾਲ ਸਿੰਘੋ।। ਸੂਫ਼ੀ ਅੰਬਾ ਪਰਸਾਦ ਭੀ ਯਾਦ ਆਯਾ, ਕਿਸੇ ਪੁੱਛਿਆ ਨਹੀਂ ਐਹਵਾਲ ਸਿੰਘੋ।।’’
ਇਸ ਤਰ੍ਹਾਂ ਅਸੀਂ ਪ੍ਰੇਰਨਾ ਸ੍ਰੋਤਾਂ ਨੂੰ ਚਾਰ ਸ਼੍ਰੇਣੀਆਂ ਵਿਚ ਰੱਖ ਸਕਦੇ ਹਾਂ। ਪਹਿਲੀ ਸ਼੍ਰੇਣੀ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਗੁਰੂ ਸਾਹਿਬਾਨ ਤੇ ਸਿੰਘ ਸੂਰਮੇ, ਦੂਜੀ ਸ਼੍ਰੇਣੀ ਵਿਚ 1857 ਦੇ ਗ਼ਦਰ ਨਾਲ ਸਬੰਧਿਤ ਨਾਇਕ, ਤੀਜੀ ਸ਼੍ਰੇਣੀ ਵਿਚ ਹਿੰਦੋਸਤਾਨ ਵਿਚ ਰਹਿ ਕੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇਤਾ ਤੇ ਚੌਥੀ ਸ਼੍ਰੇਣੀ ਵਿਚ ਹਿੰਦੋਸਤਾਨ ਤੋਂ ਬਾਹਰ ਆ ਕੇ ਆਜ਼ਾਦੀ ਦੀ ਲੜਾਈ ਲੜ ਰਹੇ ਲੋਕ। ਇਨ੍ਹਾਂ ਤੋਂ ਸਿਵਾ ਗ਼ਦਰੀ ਹੋਰ ਵੀ ਕਈ ਸ੍ਰੋਤਾਂ ਤੋਂ ਪ੍ਰੇਰਨਾ ਲੈਂਦੇ ਹਨ ਜਿਵੇਂ ਆਇਰਲੈਂਡ ਵਿਚ ਲੜੀ ਜਾ ਰਹੀ ਲੜਾਈ ਦਾ ਜ਼ਿਕਰ ਹੁੰਦਾ ਹੈ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗ਼ਦਰ ਲਹਿਰ ਨਾਲ ਸਬੰਧਤ ਕਵੀਆਂ ਦੇ ਪ੍ਰੇਰਨਾ ਸਰੋਤ ਸਿੱਖੀ ਵਿਰਸੇ ਵਿਚੋਂ ਵੀ ਆਏ, 1857 ਦੇ ਗ਼ਦਰ ਦੀ ਯਾਦ ਵਿਚੋਂ ਵੀ ਅਤੇ ਇਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੇ ਸਮਿਆਂ ਦੇ ਭਖ਼ਦੇ ਮਸਲਿਆਂ, ਲੋਕ ਅੰਦੋਲਨਾਂ ਤੇ ਅੰਦੋਲਨਾਂ ਦੀ ਅਗਵਾਈ ਕਰ ਰਹੇ ਆਗੂ ਜਨਾਂ ਵਿਚੋਂ ਵੀ। ਇਸੇ ਲਈ ਗ਼ਦਰ ਲਹਿਰ ਦੀ ਕਵਿਤਾ ਦਾ ਬਾਣਾ ਸ਼ੁਰੂ ਤੋਂ ਹੀ ਅਦੁੱਤੀ ਸੀ ਅਤੇ ਸਮੇਂ ਦੇ ਨਾਲ ਨਾਲ ਇਸ ਨੇ ਹੋਰ ਇਨਕਲਾਬੀ ਤੇ ਬਾਗ਼ੀਆਨਾ ਤੇਵਰ ਅਪਣਾਏ।


Comments Off on ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ ਦੇ ਸਰੋਕਾਰ ਤੇ ਪ੍ਰੇਰਨਾ ਸ੍ਰੋਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.