85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਲਾਹੌਰ ਦਾ ਤਹਿਜ਼ੀਬੀ ਤੇ ਤਵਾਰੀਖ਼ੀ ਆਈਨਾ…

Posted On October - 28 - 2018

ਪੁਰਾਣੇ ਲਾਹੌਰ ਸ਼ਹਿਰ ਦਾ ਇਕ ਚਿੱਤਰ।

ਨਵੇਂ ਲੇਖਣ ਨੂੰ ਆਲਮੀ ਮੰਚ ਪ੍ਰਦਾਨ ਕਰਨ ਵਾਲੇ ਬ੍ਰਿਟਿਸ਼ ਰਸਾਲੇ ‘ਗ੍ਰੈਂਟਾ’ ਨੇ ਚਾਰ ਸਾਲ ਪਹਿਲਾਂ ਸਮਕਾਲੀ ਪਾਕਿਸਤਾਨੀ ਸਾਹਿਤ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਸੀ। ਇਸ ਅੰਕ ਬਾਰੇ ਸੰਖੇਪ ਜਿਹੇ ਮੁਖਬੰਦ ਵਿਚ ਸੰਪਾਦਕ ਜੌਹਨ ਫਰੀਮੈਨ ਨੇ ਲਿਖਿਆ ਸੀ ਕਿ ਅੰਗਰੇਜ਼ੀ ਗਲਪ ਤੇ ਵਾਰਤਕ ਉੱਤੋਂ ਬ੍ਰਿਟਿਸ਼ ਗ਼ਲਬਾ ਅੱਧੀ ਸਦੀ ਪਹਿਲਾਂ ਖ਼ਤਮ ਹੋ ਗਿਆ ਸੀ। ਫਿਰ ਲਾਤੀਨੀ ਅਮਰੀਕੀ ਸਾਹਿਤ ਦੇ ਅੰਗਰੇਜ਼ੀ ਅਨੁਵਾਦਾਂ ਦਾ ਦੌਰ ਤਕਰੀਬਨ ਦੋ ਦਹਾਕੇ ਚੱਲਿਆ। ਇਸ ਮਗਰੋਂ ਇਹੋ ਮੁਕਾਮ ਭਾਰਤ ਜਾਂ ਭਾਰਤੀ ਮੂਲ ਦੇ ਲੇਖਕਾਂ ਦਾ ਰਿਹਾ। ਹੁਣ ਪਾਕਿਸਤਾਨੀ ਲੇਖਕਾਂ ਦੀ ਚੜ੍ਹਤ ਦਾ ਦੌਰ ਸ਼ੁਰੂ ਹੋ ਚੁੱਕਾ ਹੈ।
ਇਨ੍ਹਾਂ ਅਲਫ਼ਾਜ਼ ਅੰਦਰਲੀ ਸਚਾਈ ਦਾ ਅੰਦਾਜ਼ਾ ਨਦੀਮ ਅਸਲਮ, ਹਸੀਨਾ ਗੁਲ, ਮੋਹਸਿਨ ਹਮੀਦ, ਆਮਿਰ ਹੁਸੈਨ, ਉਜ਼ਮਾ ਅਸਲਮ ਖਾਨ, ਦਾਨਿਆਲ ਮੋਈਨੁਦੀਨ, ਕਾਮਿਲਾ ਸ਼ਮਸੀ, ਰਜ਼ਾ ਰੂਮੀ ਆਦਿ ਦੀਆਂ ਰਚਨਾਵਾਂ ਪੜ੍ਹ ਕੇ ਸਹਿਜੇ ਹੀ ਲਾਇਆ ਜਾ ਸਕਦਾ ਹੈ। ਯੁਵਾ ਲੇਖਕ ਹਾਰੂਨ ਖਾਲਿਦ ਦੀ ਕਿਤਾਬ ‘ਇਮੈਜਿਨਿੰਗ ਲਾਹੌਰ: ਦਿ ਸਿਟੀ ਦੈਟ ਇਜ਼, ਦਿ ਸਿਟੀ ਦੈਟ ਵਾਜ਼’ (ਪੈਂਗੁਇਨ ਵਾਈਕਿੰਗ; 304 ਪੰਨੇ; 599 ਰੁਪਏ) ਉਪਰੋਕਤ ਸਿਲਸਿਲੇ ਦੀ ਹੀ ਇਕ ਕੜੀ ਹੈ। ਉਸ ਦੀਆਂ ਦੋ ਕਿਤਾਬਾਂ ‘ਵਾਕਿੰਗ ਵਿਦ ਨਾਨਕ’ (ਨਾਨਕ ਦੇ ਪੈਰ-ਚਿੰਨ੍ਹਾਂ ’ਤੇ) ਅਤੇ ‘ਇਨ ਸਰਚ ਆਫ ਸ਼ਿਵਾ’ (ਸ਼ਿਵ ਦੀ ਤਲਾਸ਼) ਪਹਿਲਾਂ ਹੀ ਚਰਚਾ ਦਾ ਵਿਸ਼ਾ ਰਹੀਆਂ ਹਨ। ਨਵੀਂ ਕਿਤਾਬ ਲਾਹੌਰ ਦੇ ਧਰਮ ਨਿਰਪੇਖ ਤੇ ਸਮਭਾਵੀ ਅਤੀਤ ਅਤੇ ਸੰਤਾਪੇ ਵਰਤਮਾਨ ਦਾ ਪੁਰਖ਼ਲੂਸ ਬਿਰਤਾਂਤ ਹੈ। ਰਸ਼ੀਦ ਲਈ ਲਾਹੌਰ ਇਕ ਸ਼ਹਿਰ ਨਹੀਂ, ਇਕ ਸਮੁੱਚੀ, ਸਰਬਾਂਗੀ ਤੇ ਸਰਬ-ਸਾਂਝੀ ਤਹਿਜ਼ੀਬ ਤੇ ਤਨਜ਼ੀਮ ਹੈ ਜਿਸ ਨੂੰ ਸਿਆਸੀ, ਸਿਧਾਂਤਕ, ਵਿਚਾਰਧਾਰਕ ਤੇ ਧਾਰਮਿਕ ਵਲਗਣਾਂ ਦੇ ਅੰਦਰ ਕੈਦ ਨਹੀਂ ਕੀਤਾ ਜਾਣਾ ਚਾਹੀਦਾ। ਉਹ 1947 ਤੋਂ ਬਾਅਦ ਲਾਹੌਰ ਦੀ ਜ਼ਿਹਨੀ ਤੇ ਜਿਸਮਾਨੀ ਬਣਤਰ ਵਿਚ ਆਈਆਂ ਤਬਦੀਲੀਆਂ ਦਾ ਵਿਸ਼ਲੇਸ਼ਣ ਅਤੀਤ ਦੇ ਲੈਂਜ਼ਾਂ ਦੀ ਮਦਦ ਨਾਲ ਕਰਦਾ ਹੈ। ਉਹ ਇਸ ਸ਼ਹਿਰ ਦੀ ਅਜ਼ਮਤ ਦੀ ਕਹਾਣੀ ਵੀ ਪੇਸ਼ ਕਰਦਾ ਹੈ, ਇਸ ਦੇ ਇਨਕਲਾਬੀ ਵਲਵਲਿਆਂ ਦਾ ਤਸੱਵਰ ਵੀ ਸਿਰਜਦਾ ਹੈ ਅਤੇ 1947 ਤੇ ਉਸ ਤੋਂ ਬਾਅਦ ਦੀ ਕਤਲਾਮੀ ਦਰਿੰਦਗੀ ਨੂੰ ਵੀ ਪੂਰੀ ਤਨਦੇਹੀ ਨਾਲ ਸਾਹਮਣੇ ਲਿਆਉਂਦਾ ਹੈ। ਲਾਹੌਰ ਦੇ ਸੁਲ੍ਹਾਕੁਲ ਅਤੀਤ ਦੀ ਹਰ ਨਿਸ਼ਾਨੀ, ਚਾਹੇ ਉਹ ਪੂਰੇ ਤਰੱਦਦ ਨਾਲ ਸਾਂਭੀ-ਸੰਭਾਲੀ ਗਈ ਹੈ ਜਾਂ ਖੰਡਰਾਤ ਵਿਚ ਬਦਲ ਚੁੱਕੀ ਹੈ, ਨੂੰ ਉਹ ਨਿੱਘ ਤੇ ਖ਼ੁਲੂਸ ਦੀ ਆਭਾ-ਪ੍ਰਦਾਨ ਕਰਦਾ ਹੈ।

ਹਾਰੂਨ ਖਾਲਿਦ (ਸੱਜੇ) ਦੀ ਪੁਸਤਕ ‘ਇਮੈਜਿਨਿੰਗ ਲਾਹੌਰ’ ਦਾ ਟਾਈਟਲ।

ਲਾਹੌਰ ਦੀ ਅਧੋਗਤੀ ਦਾ ਜਾਇਜ਼ਾ ਪੇਸ਼ ਕਰਦਿਆਂ ਰਸ਼ੀਦ ਇਸ ਸ਼ਹਿਰ ਦੇ ਸੁਭਾਅ ਤੇ ਸੁਹਜ ਵਿਚ ਆਈਆਂ ਤਬਦੀਲੀਆਂ ਉੱਤੇ ਅਫ਼ਸੋਸ ਦਾ ਇਜ਼ਹਾਰ ਕਰਦਾ ਹੈ। ਉਸ ਨੂੰ ਸ਼ਿਕਵਾ ਹੈ ਕਿ ਜਿੰਨੀਆਂ ਭੀੜਾਂ ਲਾਹੌਰੀ ਸੁਲ੍ਹਾਕੁਲ ਨਜ਼ਰੀਏ ਦੇ ਪ੍ਰਤੀਕ ਹਜ਼ਰਤ ਦਾਤਾ ਗੰਜ ਬਖ਼ਸ਼ ਦੀ ਦਰਗਾਹ ’ਤੇ ਜੁੜਦੀਆਂ ਹਨ, ਓਨੀਆਂ ਹੀ ਜਮਾਤ-ਉਦ-ਦਾਵਾ (ਜੇਯੂਡੀ) ਤੇ ਫਲਾਹ-ਇ-ਇਨਸਾਨੀਅਤ ਫਾਊਂਡੇਸ਼ਨ (ਐੱਫਆਈਐੱਫ) ਦੀਆਂ ਰੈਲੀਆਂ ’ਚ ਵੀ ਮੌਜੂਦ ਹੁੰਦੀਆਂ ਹਨ। ਇਕ ਪਾਸੇ ਇਨਸਾਨੀ ਏਤਮਾਦ, ਇਤਫ਼ਾਕ ਤੇ ਇਤਿਹਾਦ ਦਾ ਪਾਠ ਪੜ੍ਹਾਇਆ ਜਾਂਦਾ ਹੈ; ਦੂਜੇ ਪਾਸੇ ਇਸਲਾਮਪ੍ਰਸਤੀ ਦੇ ਨਾਮ ’ਤੇ ਕੱਟੜਤਾ ਦਾ ਜ਼ਹਿਰ ਪ੍ਰਸ਼ਾਦ ਵਜੋਂ ਵਰਤਾਇਆ ਜਾਂਦਾ ਹੈ। ਉਹ ਅਹਿਮਦੀ ਭਾਈਚਾਰੇ ਦੀਆਂ ਇਬਾਦਤਗਾਹਾਂ ਦੀ ਦੁਰਦਸ਼ਾ ’ਤੇ ਹੰਝੂ ਵਹਾਉਂਦਾ ਹੈ ਅਤੇ ਹਿੰਦੂ ਮੰਦਿਰਾਂ ਨੂੰ ਨਿੱਜੀ ਰਿਹਾਇਸ਼ਾਂ ਵਿਚ ਬਦਲਣ ਨੂੰ ਲਾਹੌਰੀ ਰੂਹ ਦੀ ਬੇਅਦਬੀ ਕਰਾਰ ਦਿੰਦਾ ਹੈ।
ਕਰੀਬ 250 ਸਫ਼ਿਆਂ ’ਤੇ ਆਧਾਰਿਤ ਨੌਂ ਅਧਿਆਇਆਂ ਰਾਹੀਂ ਲੇਖਕ ਨੇ ਸ਼ਹਿਰ ਦੇ ਇਤਿਹਾਸ ਨੂੰ ਉਲਟੀ ਤਰਤੀਬ ਵਿਚ ਪੇਸ਼ ਕੀਤਾ ਹੈ। ਇਹ ਵਰਤਮਾਨ ਤੋਂ ਆਰੰਭ ਹੋ ਕੇ ਬਸਤੀਵਾਦੀ ਯੁੱਗ ਤਕ ਪੁੱਜਦਾ ਹੈ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਸਿੱਖ ਰਾਜ ਦੇ ਝਲਕਾਰੇ ਦਿਖਾ ਕੇ ਮੁਗ਼ਲ ਕਾਲ ਦੀ ਲਾਹੌਰੀ ਸ਼ਾਨ ਦਾ ਖੁਲਾਸਾ ਕਰਦਾ ਹੈ। ਇਸ ਮਗਰੋਂ ਵਾਰੀ ਸ਼ਹਿਰ ਦੇ ਹਿੰਦੂ ਅਤੀਤ ਅਤੇ ਭਗਵਾਨ ਰਾਮ ਦੇ ਪੁੱਤਰ ਵੱਲੋਂ ਵਸਾਈ ਲਵਪੁਰੀ ਨਗਰੀ ਦੀ ਆਉਂਦੀ ਹੈ। ਹਰ ਘਟਨਾ, ਹਰ ਮੁਬਾਸ਼ਰੇ ਬਾਰੇ ਲੇਖਕ ਦਾ ਨਜ਼ਰੀਆ ਸਮਨਵੈਵਾਦੀ ਹੈ। ਉਹ ਪਾਕਿਸਤਾਨੀ ਇਤਿਹਾਸਕਾਰਾਂ ਦੇ ਇਸ ਮੱਤ ਨਾਲ ਸਹਿਮਤ ਨਹੀਂ ਕਿ ਮੌਜੂਦਾ ਪਾਕਿਸਤਾਨ, ਖ਼ਾਸਕਰ ਲਾਹੌਰ ਮੁਗ਼ਲੀਆ ਹਿੰਦੋਸਤਾਨ ਦਾ ਹੀ ਅਸਲ ਵਾਰਿਸ ਹੈ। ਉਸ ਅਨੁਸਾਰ ਲਾਹੌਰ ਸ਼ਹਿਰ ਦੇ ਉਭਾਰ ਤੇ ਵਿਕਾਸ ਵਿਚ ਹਿੰਦੂਆਂ ਦੇ ਯੋਗਦਾਨ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਉਹ ਲਿਖਦਾ ਹੈ ਕਿ ‘‘ਜਿਹੜਾ ਸ਼ਹਿਰ ਜਾਂ ਜਿਹੜਾ ਮੁਲਕ ਆਪਣੇ ਅਤੀਤ ਦੇ ਇਕ ਹਜ਼ਾਰ ਸਾਲਾਂ ਤੋਂ ਮੂੰਹ ਮੋੜਨ ਦਾ ਯਤਨ ਕਰੇਗਾ, ਉਹ ਆਪਣੇ ਪਤਨ, ਆਪਣੀ ਮੌਤ ਨੂੰ ਬੁਲਾਵਾ ਦੇ ਰਿਹਾ ਹੋਵੇਗਾ। ਇਤਿਹਾਸ ਨਾਲ ਛਲ ਸਿਰਫ਼ ਉਹ ਕੌਮ ਹੀ ਕਰ ਸਕਦੀ ਹੈ ਜਿਸ ਨੂੰ ਆਪਣੇ ਵਰਤਮਾਨ ਉੱਤੇ ਯਕੀਨ ਨਾ ਹੋਵੇ।’’
ਰਸ਼ੀਦ ਨੇ ਇਹ ਸ਼ਬਦ ਭਾਵੇਂ ਅਟਾਰੀ-ਵਾਹਗਾ ਤੋਂ ਪਾਰ ਵਸੇ ਲੋਕਾਂ ਲਈ ਲਿਖੇ ਹਨ, ਪਰ ਇਹ ਇਸੇ ਸਰਹੱਦ ਦੇ ਆਰ ਰਹਿੰਦੇ ਲੋਕਾਂ ਲਈ ਵੀ ਇਕ ਸਾਰਥਿਕ ਸਬਕ ਹਨ, ਖ਼ਾਸ ਤੌਰ ’ਤੇ ਉਨ੍ਹਾਂ ਅਖੌਤੀ ਰਾਸ਼ਟਰਭਗਤਾਂ ਲਈ ਜੋ ਅੱਜਕੱਲ੍ਹ ਅਲਾਹਾਬਾਦ ਨੂੰ ਪ੍ਰਯਾਗਰਾਜ ਅਤੇ ਸ਼ਿਮਲਾ ਨੂੰ ਸ਼ਿਆਮਲਾ ਬਣਾਉਣ ਦਾ ਝੰਡਾ ਚੁੱਕੀ ਫਿਰਦੇ ਹਨ।

ਸੁਰਿੰਦਰ ਸਿੰਘ ਤੇਜ

* * *

ਸੁਪਿੰਦਰ ਸਿੰਘ ਰਾਣਾ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਲਈ ਜਾਣਿਆ-ਪਛਾਣਿਆ ਨਾਮ ਹੈ। ਉਸ ਵੱਲੋਂ ਲਿਖੇ ਮਿਡਲ ਇਸ ਅਖ਼ਬਾਰ ਦੇ ਨਜ਼ਰੀਆ ਪੰਨੇ ਦਾ ਸ਼ਿੰਗਾਰ ਬਣਦੇ ਆਏ ਹਨ। ਮੇਰਾ ਉਹ ਸਹਿਕਰਮੀ ਰਿਹਾ ਹੈ ਅਤੇ ਇਸੇ ਲਈ ਮੈਂ ਜਾਣਦਾ ਹਾਂ ਕਿ ਆਪਣੀਆਂ ਲੇਖਣੀਆਂ ਰਾਹੀਂ ਉਹ ਜਿਹੜੇ ਸੁਨੇਹੇ ਦਿੰਦਾ ਹੈ, ਉਹ ਕਲਮੀ ਮਾਇਆਜਾਲ ਨਹੀਂ, ਉਸਦੀ ਜੀਵਨ-ਤਰਜ਼ ਦਾ ਹਿੱਸਾ ਹਨ। ਇਸੇ ਕਰਕੇ ਇਨ੍ਹਾਂ ਲਿਖਤਾਂ ਵਿਚ ਬਨਾਵਟੀਪਣ ਨਹੀਂ ਹੁੰਦਾ। ਵਿਰਸੇ ਦੀਆਂ ਖ਼ੂਬੀਆਂ ਅਤੇ ਅਤੀਤ ਦੇ ਆਦਰਸ਼ਾਂ ਨਾਲ ਉਸਨੂੰ ਮੋਹ ਹੈ। ਇਨ੍ਹਾਂ ਆਦਰਸ਼ਾਂ ਨੂੰ ਉਹ ਨਿਭਾਉਂਦਾ ਵੀ ਆਇਆ ਹੈ।
‘ਬੇਬੇ ਦਾ ਸੰਦੂਕ’ (ਲੋਕਗੀਤ ਪ੍ਰਕਾਸ਼ਨ; ਪੰਨੇ: 128; 200 ਰੁਪਏ) ਸੁਪਿੰਦਰ ਵੱਲੋਂ ਲਿਖੇ ਮਿਡਲਾਂ ਦਾ ਸੰਗ੍ਰਹਿ ਹੈ। ਇਸ ਦੇ ਮੁੱਖ ਸ਼ਬਦ ਗੁਰਬਚਨ ਸਿੰਘ ਭੁੱਲਰ ਹੁਰਾਂ ਨੇ ਲਿਖੇ ਹਨ ਜਿਨ੍ਹਾਂ ਨੇ ਸੁਪਿੰਦਰ ਦੀ ਸ਼ਖ਼ਸੀਅਤ ਅੰਦਰਲੀ ਸੁਹਜ ਨੂੰ ਪਛਾਣਿਆ ਤੇ ਉਸ ਨੂੰ ਲਿਖਣ ਲਈ ਪ੍ਰੇਰਿਆ। ਉਨ੍ਹਾਂ ਨੇ ਸਹੀ ਲਿਖਿਆ ਹੈ ਕਿ ‘‘ਇਸ ਪੁਸਤਕ… ਨੂੰ ਪੜ੍ਹਨ ਸਮੇਂ ਪਾਠਕ, ਲੇਖਕ ਦੀ ਥਾਂ ਲੈ ਲੈਂਦਾ ਹੈ। … ਲੇਖਾਂ ਵਿਚ ਵਾਪਰੀਆਂ ਘਟਨਾਵਾਂ ਉਸ ਨੂੰ ਆਪਣੇ ਨਾਲ ਵਾਪਰੀਆਂ ਉਹੋ ਜਿਹੀਆਂ ਘਟਨਾਵਾਂ ਦੀ ਯਾਦ ਸੱਜਰੀ ਕਰਵਾ ਦਿੰਦੀਆਂ ਹਨ।’’ ਇਹ ਸ਼ਬਦ ਸੁਪਿੰਦਰ ਦੀ ਰਚਨਾਤਮਿਕ ਘਾਲਣਾ ਦਾ ਸਹੀ ਨਿਚੋੜ ਹਨ ਅਤੇ ਇਹੋ ਤੱਤ ਹੀ ਇਸ ਪੁਸਤਕ ਨੂੰ ਤਾਰੀਫ਼ ਦਾ ਹੱਕਦਾਰ ਬਣਾਉਂਦਾ ਹੈ।
* * *
ਬ੍ਰਾਜ਼ੀਲੀ ਲੇਖਕ ਜੌਰਜ ਅਮਾਦੋ (ਪੂਰਾ ਨਾਮ ਜੋਰਜ ਲੀਏਲ ਐਮਾਦੋ ਡੀ ਫਾਰੀਆ) ਦਾ ਨਾਵਲ ‘ਡੋਨਾ ਫਲੌਰ ਐਂਡ ਹਰ ਟੂ ਹਸਬੈਂਡਜ਼’ (ਮੈਡਮ ਫਲੋਰ ਤੇ ਉਹਦੇ ਦੋ ਪਤੀ) ਦੁਬਾਰਾ ਪੜ੍ਹਦਿਆਂ ਯਸ਼ ਚੋਪੜਾ ਨਿਰਦੇਸ਼ਿਤ ਫ਼ਿਲਮ ‘ਧਰਮਪੁਤ੍ਰ’ ਦਾ ਗੀਤ ‘ਮੈਂ ਜਬ ਭੀ ਅਕੇਲੀ ਹੋਤੀ ਹੂੰ ਤੁਮ ਚੁਪਕੇ ਸੇ ਆ ਜਾਤੇ ਹੋ, ਔਰ ਝਾਂਕ ਕੇ ਮੇਰੀ ਆਖੋਂ ਮੇਂ ਬੀਤੇ ਦਿਨ ਯਾਦ ਦਿਲਾਤੇ ਹੋ’ ਯਾਦ ਆ ਗਿਆ। ਹਿੰਦੀ ਉਪਨਿਆਸਕਾਰ ਆਚਾਰੀਆ ਚਤੁਰਸੇਨ ਦੇ ਨਾਵਲ ਉੱਤੇ ਆਧਾਰਿਤ ਇਸ ਫ਼ਿਲਮ ਵਿਚ 1947 ਵਾਲੀ ਵੰਡ ਅਤੇ ਇਸ ਕਾਰਨ ਫੈਲੀ ਵਹਿਸ਼ਤ ਦੇ ਦ੍ਰਿਸ਼ ਪਹਿਲੀ ਵਾਰ ਫ਼ਿਲਮੀ ਪਰਦੇ ’ਤੇ ਦਿਖਾਏ ਗਏ ਸਨ। ਫ਼ਿਲਮ ਦੇ ਗੀਤ ਸਾਹਿਰ ਲੁਧਿਆਣਵੀ ਦੇ ਲਿਖੇ ਹੋਏ ਸਨ।

ਅੰਮ੍ਰਿਤਾ ਚੀਮਾ

ਅਮਾਦੋ ਦੇ ਨਾਵਲ ਦੀ ਨਾਇਕਾ ਡੋਨਾ ਫਲੌਰ (ਫਲਾਵਰ) ਸੁਘੜ ਤੇ ਸੰਜਮੀ ਸੁਆਣੀ ਹੋਣ ਅਤੇ ਪ੍ਰਤਿਸ਼ਠਤ ਡਾਕਟਰ ਨਾਲ ਵਿਆਹੀ ਹੋਣ ਦੇ ਬਾਵਜੂਦ ਆਪਣੇ ਖੜਬਾਂਕੇ ਮਰਹੂਮ ਪਤੀ ਨੂੰ ਮਨ ਮਸਤਕ ’ਚੋਂ ਖਾਰਿਜ ਕਰਨ ’ਚ ਨਾਕਾਮ ਰਹਿੰਦੀ ਹੈ। ਫ਼ੁਰਸਤ ਦੇ ਹਰ ਪਲ ’ਚ ਉਸ ਨੂੰ ਇਹੋ ਆਭਾਸ ਹੁੰਦਾ ਰਹਿੰਦਾ ਹੈ ਕਿ ਉਹ ਲਫੰਗਾ ਉਸ ਦੇ ਆਸ-ਪਾਸ ਮੌਜੂਦ ਹੈ ਅਤੇ ਆਪਣੀਆਂ ਮਿੱਠੀਆਂ-ਖੱਟੀਆਂ ਚੁਹਲਾਂ ਰਾਹੀਂ ਉਸ ਨੂੰ ਸਤਾ ਰਿਹਾ ਹੈ। ਸਾਹਿਰ ਸਾਹਿਬ ਦੇ ਗੀਤ ਦਾ ਪ੍ਰਸੰਗ ਵੀ ਇਹੋ ਹੀ ਹੈ। ਸੰਗੀਤਕਾਰ ਐੱਨ. ਦੱਤਾ ਨੇ ਜਿੱਥੇ ਇਸ ਨੂੰ ਖ਼ੂਬਸੂਰਤ ਧੁਨ ਵਿਚ ਢਾਲਿਆ ਹੈ, ਉੱਥੇ ਆਸ਼ਾ ਭੋਸਲੇ ਨੇ ਵੀ ਇਸ ਨੂੰ ਇਲਾਹੀ ਸ਼ਿੱਦਤ ਨਾਲ ਗਾਇਆ ਹੈ।
ਇਹ ਅਜਬ ਇਤਫਾਕ ਹੈ ਕਿ ‘ਧਰਮਪੁਤ੍ਰ’ 1961 ਵਿਚ ਰਿਲੀਜ਼ ਹੋਈ ਅਤੇ ਪੁਰਤਗੀਜ਼ ਭਾਸ਼ਾ ’ਚ ਅਮਾਦੋ ਦਾ ਨਾਵਲ ਵੀ ਉਸੇ ਸਾਲ ਪ੍ਰਕਾਸ਼ਿਤ ਹੋਇਆ। ਭਾਰਤ ਤੇ ਬ੍ਰਾਜ਼ੀਲ ਦਰਮਿਆਨ ਫਾਸਲਾ ਭਾਵੇਂ ਹਜ਼ਾਰਾਂ ਮੀਲਾਂ ਦਾ ਹੈ, ਪਰ ਦੋਵਾਂ ਰਚਨਾਵਾਂ ਦੀ ਅਜਿਹੀ ਸਮਰੂਪਤਾ ਇਨਸਾਨੀ ਭਾਵਨਾਵਾਂ, ਖ਼ਾਸ ਕਰਕੇ ਪਹਿਲੇ ਪਿਆਰ ਨਾਲ ਜੁੜੇ ਅਹਿਸਾਸਾਂ ਦੀ ਸਰਬ-ਸਾਂਝੀਵਾਲਤਾ ਦੀ ਉਮਦਾ ਮਿਸਾਲ ਹੈ।
* * *
ਧੁਨਿਕ ਇਰਾਨੀ ਕਲਾ ਜਗਤ ਤੇ ਚਿੱਤਰ ਸ਼ੈਲੀਆਂ ਬਾਰੇ ਇਕ ਦਸਤਾਵੇਜ਼ੀ ਅੰਗਰੇਜ਼ੀ ਵਿਚ ਪ੍ਰਸਾਰਿਤ ਹੁੰਦੇ ਜਰਮਨ ਨਿਊਜ਼ ਚੈਨਲ ‘ਡੀ ਡਬਲਿਊ’ (ਡੌਇਸ਼ ਵੈੱਲੇ) ਉੱਤੇ ਦੇਖੀ। ਇਹ ਦਸਤਾਵੇਜ਼ੀ 1999 ਤੋਂ ਜਰਮਨੀ ਦੇ ਰੇਡੀਓ ਅਤੇ ਟੀ.ਵੀ. ਚੈਨਲਾਂ ਉੱਤੇ ਨਿਊਜ਼ ਐਂਕਰ ਵਜੋਂ ਕੰਮ ਕਰਦੀ ਆ ਰਹੀ ਅੰਮ੍ਰਿਤਾ ਚੀਮਾ ਦੀ ਪੇਸ਼ਕਾਰੀ ਸੀ। 40 ਸਾਲ ਪਹਿਲਾਂ ਤਕ ਇਰਾਨੀ ਕਲਾਕਾਰ, ਚਿੱਤਰਕਾਰੀ ਤੇ ਬੁੱਤਤਰਾਸ਼ੀ ਦੇ ਖੇਤਰਾਂ ’ਚ ਪੱਛਮ ਦੀ ਨਕਲ ਕਰਦੇ ਸਨ। 1979 ਦੇ ਇਸਲਾਮੀ ਇਨਕਲਾਬ ਮਗਰੋਂ ਲੱਗੀਆਂ ਪੱਛਮ-ਵਿਰੋਧੀ ਬੰਦਸ਼ਾਂ ਨੇ ਕਲਾਕਾਰਾਂ ਨੂੰ ਸ਼ੈਲੀ ਤੇ ਸੁਹਜ ਪੱਖੋਂ ਨਵੇਂ ਦਿਸਹੱਦੇ ਤਲਾਸ਼ਣ ਲਈ ਮਜਬੂਰ ਕੀਤਾ। ਇਸੇ ਮਜਬੂਰੀ ਸਦਕਾ ਨਵੀਂ ਕਲਾ ਸ਼ੈਲੀ ਵਜੂਦ ਵਿਚ ਆਈ ਜੋ ਇਰਾਨੀ ਪਰੰਪਰਾਵਾਂ ਅਤੇ ਆਲਮੀ ਕਲਾ ਧਾਰਾਵਾਂ ਦਾ ਸੁਮੇਲ ਹੈ। ਇਸ ਦੀ ਇਕ ਨੁਮਾਇਸ਼ ਪਿਛਲੇ ਮਹੀਨੇ ਬਰਲਿਨ ਵਿਚ ਲਾਈ ਗਈ ਜਿਸ ਨੂੰ ਲਾਮਿਸਾਲ ਹੁੰਗਾਰਾ ਮਿਲਿਆ। ਨੁਮਾਇਸ਼ ਵਿਚ ਰੱਖੇ ਗਏ 26 ਚਿੱਤਰਾਂ ਵਿਚ 25 ਚੋਖੇ ਮਹਿੰਗੇ ਭਾਅ ਵਿਕੇ। ਅੰਮ੍ਰਿਤਾ ਦੇ ਕਹਿਣ ਅਨੁਸਾਰ ਇਹ ਨੁਮਾਇਸ਼ ਦੱਖਣ ਏਸ਼ਿਆਈ ਮੁਲਕਾਂ, ਖ਼ਾਸ ਤੌਰ ’ਤੇ ਭਾਰਤੀ ਉਪ ਮਹਾਂਦੀਪ ਦੇ ਕਲਾਕਾਰਾਂ ਲਈ ਅਹਿਮ ਸੁਨੇਹਾ ਸੀ ਕਿ ਭੇਡਚਾਲੀ ‘ਪ੍ਰੇਰਨਾ’ ਤੋਂ ਬਚੋ; ਚੰਗੇ ਪ੍ਰਭਾਵ ਜ਼ਰੂਰ ਕਬੂਲੋ ਪਰ ਆਪਣੀ ਮੌਲਿਕਤਾ ਦੀ ਕੀਮਤ ’ਤੇ ਨਹੀਂ। ਅਜਿਹਾ ਹੋਣ ’ਤੇ ਤੁਹਾਡੇ ਹੁਨਰ ਦੀ ਕਦਰ ਜ਼ਰੂਰ ਪਵੇਗੀ, ਬਿਲਕੁਲ ਉਵੇਂ ਜਿਵੇਂ ਇਰਾਨੀ ਕਲਾਕਾਰਾਂ ਦੇ ਹੁਨਰ ਦੀ ਪਈ।.


Comments Off on ਲਾਹੌਰ ਦਾ ਤਹਿਜ਼ੀਬੀ ਤੇ ਤਵਾਰੀਖ਼ੀ ਆਈਨਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.