ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਰਾਜਧਾਨੀ : ਸੁਪਨਾ ਤੇ ਹਕੀਕਤ

Posted On October - 6 - 2018

ਵੰਡ ਤੋਂ ਪਹਿਲਾਂ ਲਾਹੌਰ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ। ਸੱਤਾ, ਸਿਆਸਤ, ਆਰਥਿਕਤਾ ਤੇ ਸੱਭਿਆਚਾਰ ਦਾ ਕੇਂਦਰ। ਪੌਰਾਣਿਕ ਕਥਾਵਾਂ ਅਤੇ ਰਾਜਾ ਰਸਾਲੂ ਨਾਲ ਜੁੜੀਆਂ ਕਹਾਣੀਆਂ ਤੋਂ ਲੈ ਕੇ ਚੀਨੀ ਯਾਤਰੀ ਹਿਊਂਗਸਾਂਗ ਦੇ ਸੰਨ 630 ਵਿਚ ਲਿਖੇ ਸਫ਼ਰਨਾਮੇ ਤੱਕ ਲਾਹੌਰ ਦਾ ਜ਼ਿਕਰ ਥਾਂ ਥਾਂ ’ਤੇ ਆਉਂਦਾ ਹੈ। ਸੰਨ 1008 ਵਿਚ ਮਹਿਮੂਦ ਗਜ਼ਨਵੀ ਨੇ ਰਾਜਪੂਤ ਰਾਜੇ ਆਨੰਦਪਾਲ ਨੂੰ ਹਰਾਇਆ ਤੇ 1286 ਵਿਚ ਚੰਗੇਜ਼ ਖ਼ਾਨ ਨੇ ਲਾਹੌਰ ਲੁੱਟਿਆ। ਇਸ ਦੀ ਅਸਲੀ ਸ਼ਾਨ ਮੁਗ਼ਲ ਬਾਦਸ਼ਾਹਤ ਦੇ ਦੌਰਾਨ ਬਣੀ ਅਤੇ ਰਣਜੀਤ ਸਿੰਘ ਦੇ ਰਾਜ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ। ਇਹ ਆਜ਼ਾਦੀ ਲਈ ਲੜੇ ਗਏ ਸੰਘਰਸ਼ ਦਾ ਵੀ ਵੱਡਾ ਕੇਂਦਰ ਸੀ। ਇਸ ਤਰ੍ਹਾਂ ਲਾਹੌਰ ਪੰਜਾਬੀਆਂ ਦੇ ਸੁਪਨਿਆਂ, ਅਕਾਂਖਿਆਵਾਂ, ਸੰਘਰਸ਼ਾਂ ਅਤੇ ਜਿੱਤਾਂ-ਹਾਰਾਂ ਦਾ ਪ੍ਰਤੀਕ ਬਣ ਗਿਆ। ਜਿਵੇਂ ਕਿਹਾ ਜਾਂਦਾ ਹੈ ‘‘ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਈ ਨਈਂ।’’
ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਵਿਚ ਰਹਿੰਦੇ ਤੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀਆਂ ਨੇ ਆਪਣੀ ਮਿਹਨਤ ਮੁਸ਼ੱਕਤ ਨਾਲ ਚੜ੍ਹਦੇ ਪੰਜਾਬ ਦਾ ਨਵਾਂ ਰੂਪ ਸਿਰਜਿਆ। ਪੰਜਾਬ ਨੂੰ ਰਾਜਧਾਨੀ ਦੀ ਲੋੜ ਸੀ। ਇਸ ਲਈ ਚੰਡੀਮੰਦਰ ਦੇ ਲਾਗਲੇ ਇਲਾਕਿਆਂ ਨੂੰ ਚੁਣਿਆ ਗਿਆ। ਇਸ ਸ਼ਹਿਰ ਨੂੰ ਬਣਾਉਣ ਦਾ ਸੁਪਨਾ ਜਵਾਹਰਲਾਲ ਨਹਿਰੂ ਨੇ ਲਿਆ ਸੀ ਅਤੇ ਅਮਰੀਕੀ ਪਲੈਨਰ ਅਲਬਰਟ ਮੇਅਰ ਨੇ ਰਾਏ ਦਿੱਤੀ ਕਿ ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਲਾਗੇ ਬਣਾਇਆ ਜਾਏ। ਅਲਬਰਟ ਮੇਅਰ ਅਮਰੀਕਾ ਦੀ ਸਿਟੀ ਬਿਊਟੀਫੁਲ ਲਹਿਰ ਤੋਂ ਪ੍ਰਭਾਵਿਤ ਸੀ ਤੇ ਉਸ ਨੇ ਇਸ ਸ਼ਹਿਰ ਦੀ ਸ਼ੁਰੂਆਤੀ ਯੋਜਨਾ ਬਣਾਈ। ਬਾਅਦ ਵਿਚ ਉਸ ਦੇ ਸਾਥੀ ਮੈਥਿਊ ਨੋਵਿਕੀ ਦੀ ਮੌਤ ਅਤੇ ਕੁਝ ਹੋਰ ਕਾਰਨਾਂ ਕਰਕੇ ਉਹ ਇਸ ਪ੍ਰਾਜੈਕਟ ਤੋਂ ਅਲੱਗ ਹੋ ਗਿਆ। ਭਾਰਤ ਸਰਕਾਰ ਨੇ ਸਵਿੱਸ-ਫਰਾਂਸੀਸੀ ਵਿਉਂਤਕਾਰ ਲੀ ਕਾਰਬੂਜੀਏ ਤਕ ਪਹੁੰਚ ਕੀਤੀ ਕਿ ਉਹ ਇਸ ਦਾ ਮੁੱਖ ਡਿਜ਼ਾਇਨਰ ਬਣੇ। ਮਹੱਤਵਪੂਰਨ ਗੱਲ ਇਹ ਹੈ ਕਿ ਚੰਡੀਗੜ੍ਹ 50 ਪੁਆਧੀ ਬੋਲਣ ਵਾਲੇ ਪਿੰਡਾਂ ਦੀ ਜ਼ਮੀਨ ’ਤੇ ਬਣਾਇਆ ਗਿਆ ਜੋ ਕਿ ਪੰਜਾਬੀ ਦੀ ਇਕ ਉਪ-ਭਾਸ਼ਾ ਹੈ। ਬਾਅਦ ਵਿਚ ਮਹਿੰਦਰ ਸਿੰਘ ਰੰਧਾਵਾ ਨੇ ਇਸ ਸ਼ਹਿਰ ਨੂੰ ਸਜਾਉਣ/ਸਵਾਰਨ ਵਿਚ ਵੱਡਾ ਯੋਗਦਾਨ ਪਾਇਆ।
ਇਹ ਉਹ ਸਮਾਂ ਸੀ ਜਦ ਪੰਜਾਬ ਵਿਚ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੀ ਲਹਿਰ ਚੱਲ ਰਹੀ ਸੀ। ਵੱਡੇ ਸੰਘਰਸ਼ ਦੇ ਬਾਅਦ ਭਾਸ਼ਾ ਦੇ ਆਧਾਰ ’ਤੇ ਹੁਣ ਵਾਲਾ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿਚ ਆਇਆ। ਚੰਡੀਗੜ੍ਹ ਬਾਰੇ ਕੋਈ ਫ਼ੈਸਲਾ ਨਾ ਹੋ ਸਕਿਆ ਤੇ ਇਸ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇ ਦਿੱਤਾ ਗਿਆ। ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਲਹਿਰ ਉੱਠੀ ਜਿਸ ਵਿਚ ਸੰਤ ਫਤਹਿ ਸਿੰਘ ਨੇ ਆਪਣੇ ਆਪ ਨੂੰ ਅੱਗ ਲਾ ਕੇ ਆਤਮ-ਬਲੀਦਾਨ ਦੇਣ ਦਾ ਐਲਾਨ ਕੀਤਾ ਪਰ ਬਾਅਦ ਵਿਚ ਇਹ ਫ਼ੈਸਲਾ ਵਾਪਸ ਲੈ ਲਿਆ। ਇਸ ਮੰਗ ਨੂੰ ਮਨਾਉਣ ਵਾਸਤੇ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਕੁਰਬਾਨੀ ਦਿੱਤੀ। ਰਾਜੀਵ-ਲੌਂਗੋਵਾਲ ਸਮਝੌਤੇ ਦੌਰਾਨ ਇਹ ਤੈਅ ਹੋਇਆ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਏਗਾ। ਇਸ ਸਮਝੌਤੇ ਦੀਆਂ ਕੁਝ ਹੋਰ ਸ਼ਰਤਾਂ ਤੇ ਗੁੰਝਲਾਂ ਸਨ ਜਨ੍ਹਿ‌ਾਂ ਦਾ ਹੱਲ ਨਾ ਲੱਭਿਆ ਜਾ ਸਕਿਆ ਅਤੇ ਚੰਡੀਗੜ੍ਹ ਪੰਜਾਬ ਨੂੰ ਮਿਲਦਾ ਮਿਲਦਾ ਰਹਿ ਗਿਆ। ਅਤਿਵਾਦ ਨੇ ਪੰਜਾਬ ਤੇ ਪੰਜਾਬੀਆਂ ਨੂੰ ਏਨਾ ਵਲੂੰਧਰਿਆ ਕਿ ਕੁਝ ਸਾਲਾਂ ਲਈ ਚੰਡੀਗੜ੍ਹ ਉਨ੍ਹਾਂ ਨੂੰ ਭੁੱਲ ਹੀ ਗਿਆ। ਬਾਅਦ ਵਿਚ ਇਹ ਮੰਗ ਵਾਰ ਵਾਰ ਉੱਭਰਦੀ ਰਹੀ ਅਤੇ ਹੁਣ ਫੇਰ ਉੱਭਰੀ ਹੈ।
ਪੰਜਾਬੀਆਂ ਦੇ ਮਨ ਵਿਚ ਪੱਕੀ ਛਾਪ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਹਰਿਆਣਾ ਨਵਾਂ ਪ੍ਰਾਂਤ ਹੈ ਅਤੇ ਉਸ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣੀ ਚਾਹੀਦੀ ਹੈ। ਚੰਡੀਗੜ੍ਹ ਵਿਚ ਰਹਿਣ ਵਾਲੇ ਕੁਝ ਲੋਕ ਇਸ ਤੋਂ ਭਿੰਨ ਰਾਏ ਰੱਖਦੇ ਹਨ। ਉਨ੍ਹਾਂ ਦੇ ਮਨ ਵਿਚ ਕਈ ਖ਼ਦਸ਼ੇ ਹਨ। ਪਹਿਲਾ, ਜੇਕਰ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਗਿਆ ਤਾਂ ਇਸ ਵਿਚ ਵਿਕਸਿਤ ਹੋਇਆ ਕੌਸਮੋਪੋਲੀਟਿਨ ਕਿਰਦਾਰ ਪੇਤਲਾ ਪੈ ਜਾਏਗਾ। ਦੂਸਰਾ, ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਏਨੀ ਮਜ਼ਬੂਤ ਨਹੀਂ ਹੈ ਕਿ ਉਹ ਚੰਡੀਗੜ੍ਹ ਦਾ ਰੱਖ-ਰਖਾਅ ਉਸ ਤਰੀਕੇ ਨਾਲ ਕਰ ਸਕੇ ਜਿਵੇਂ ਕੇਂਦਰੀ ਸਰਕਾਰ ਕਰਦੀ ਹੈ। ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਜਦੋਂ ਪੰਜਾਬੀ ਸੂਬਾ ਅਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਲਈ ਸੰਘਰਸ਼ ਹੋਏ ਤਾਂ ਲੋਕ ਭਾਸ਼ਾ ਦੇ ਸਵਾਲ ਉੱਤੇ ਫ਼ਿਰਕੂ ਲੀਹਾਂ ’ਤੇ ਵੰਡੇ ਗਏ ਸਨ ਅਤੇ ਚੰਗੇ ਭਲੇ ਪੰਜਾਬੀ ਬੋਲਦੇ ਪਰਿਵਾਰਾਂ ਨੇ ਆਪਣੀ ਮਾਂ-ਬੋਲੀ ਹਿੰਦੀ ਦਰਜ ਕਰਵਾਈ ਸੀ। ਉਨ੍ਹਾਂ ਦਿਨਾਂ ਵਿਚ ਮਰਹੂਮ ਵਿਸ਼ਵ ਨਾਥ ਤਿਵਾੜੀ ਨੇ ਚੰਡੀਗੜ੍ਹ ਤੇ ਇਸ ਦੇ ਲਾਗੇ-ਚਾਗੇ ਦੇ ਲੋਕਾਂ ਦੀ ਰਿਕਾਰਡਿੰਗ ਕਰਕੇ ਕੇਂਦਰੀ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਸੁਣਾਈਆਂ ਸਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਏਥੋਂ ਦੇ ਲੋਕ ਬੋਲਦੇ ਤਾਂ ਪੰਜਾਬੀ ਹਨ ਪਰ ਦਰਜ ਹਿੰਦੀ ਕਰਵਾ ਰਹੇ ਹਨ।
ਨਹਿਰੂ ਪਹਿਲੀ ਵਾਰੀ 2 ਅਪਰੈਲ 1952 ਨੂੰ ਏਥੇ (ਪਿੰਡ ਨਗਲਾ : ਜਿਹੜਾ ਕਿ ਹੁਣ ਚੰਡੀਗੜ੍ਹ ਦੇ ਸੈਕਟਰ 19 ਤੇ 7 ਦਾ ਹਿੱਸਾ ਹੈ ਅਤੇ ਇਸ ਨੂੰ ਮੱਧਿਆ ਮਾਰਗ ਵੀ ਕਿਹਾ ਜਾਂਦਾ ਹੈ) ਆਏ। ਕਈ ਲੋਕ ਨਹਿਰੂ ਦੇ ਉਸ ਦਿਨ ਦੇ ਭਾਸ਼ਨ ਦਾ ਹਵਾਲਾ ਦਿੰਦੇ ਹਨ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ‘‘ਇਹ ਥਾਂ ਇਸ ਲਈ ਚੁਣੀ ਗਈ ਹੈ ਕਿਉਂਕਿ ਇਹ ਪੁਰਾਣੇ ਸ਼ਹਿਰਾਂ ਅਤੇ ਪੁਰਾਣੀਆਂ ਰਵਾਇਤਾਂ ਦੇ ਬੋਝ ਤੋਂ ਮੁਕਤ ਹੈ… ਇਹ ਸ਼ਹਿਰ ਹਿੰਦੋਸਤਾਨ ਦੀ ਆਜ਼ਾਦੀ ਦਾ ਪ੍ਰਤੀਕ ਬਣੇਗਾ… ਦੇਸ਼ ਦੇ ਭਵਿੱਖ ਵਿਚ ਭਰੋਸੇ ਦਾ ਪ੍ਰਤੀਕ।’’ ਇਹ ਲੋਕ ਇਹ ਦਲੀਲ ਘੜਨਾ ਚਾਹੁੰਦੇ ਹਨ ਕਿ ਨਹਿਰੂ ਨਹੀਂ ਸੀ ਚਾਹੁੰਦਾ ਕਿ ਇਸ ਸ਼ਹਿਰ ਦਾ ਪੁਰਾਣੀਆਂ ਰਵਾਇਤਾਂ ਨਾਲ ਕੋਈ ਤੁਅੱਲਕ ਹੋਵੇ। ਇਹ ਕੋਈ ਨਵਾਂ ਨਕੋਰ ਭਵਿੱਖਮੁਖੀ ਸ਼ਹਿਰ ਹੈ ਜਿਸ ਦੀਆਂ ਕੋਈ ਇਤਿਹਾਸਕ ਤੇ ਸੱਭਿਆਚਾਰਕ ਜੜ੍ਹਾਂ ਨਹੀਂ ਹਨ। ਉਹ ਭੁੱਲ ਜਾਂਦੇ ਹਨ ਕਿ ਓਸੇ ਭਾਸ਼ਨ ਵਿਚ ਨਹਿਰੂ ਨੇ ਇਹ ਵੀ ਕਿਹਾ ਸੀ ‘‘ਇਸ ਸ਼ਹਿਰ ਦਾ ਨਾਂ ਚੰਡੀਗੜ੍ਹ ਰੱਖਿਆ ਜਾਵੇਗਾ, ਪੰਜਾਬੀਆਂ ਦੀ ਸੂਰਬੀਰਤਾ ਨਾਲ ਭਰੀ ਰੂਹ ਦਾ ਪ੍ਰਤੀਕ।’’
6 ਜਨਵਰੀ 1999 ਵਿਚ ਦਿੱਤੇ ਭਾਸ਼ਨ ਵਿਚ ਰਾਸ਼ਟਰਪਤੀ ਕੇ. ਆਰ. ਨਾਰਾਇਨਣ ਨੇ ਕਿਹਾ ਸੀ ‘‘ਨਹਿਰੂ ਦਾ ਵਿਚਾਰ ਸੀ ਕਿ ਪੰਜਾਬ ਦੀ ਰਾਜਧਾਨੀ ਹਿੰਦੋਸਤਾਨ ਸੱਭਿਅਤਾ ਦੇ ਸਾਂਚੇ ਵਿਚ ਜੜੀ ਜਾਵੇ। ਚੰਡੀਗੜ੍ਹ ਨਵੇਂ ਭਾਰਤ ਵਾਂਗ ਹੈ, ਇਸ ਦਾ ਜਨਮ ਆਜ਼ਾਦੀ ਦੀਆਂ ਖੁਸ਼ੀਆਂ ਤੇ ਦੇਸ਼-ਵੰਡ ਦੀ ਪੀੜਾ ਭਰੇ ਦੁਖਾਂਤ ਦੇ ਵੇਲਿਆਂ ’ਚ ਹੋਇਆ। ਪੰਜਾਬ ਨੇ ਵੰਡ ਦੀ ਪੀੜ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜ਼ਿਆਦਾ ਡੂੰਘੀ ਅਤੇ ਜ਼ਿਆਦਾ ਤੀਬਰਤਾ ਨਾਲ ਸਹੀ… ਚੰਡੀਗੜ੍ਹ ਪੰਜਾਬ ਦੇ ਲੋਕਾਂ ਦੇ ਉੱਦਮ ਤੇ ਉਨ੍ਹਾਂ ਦੀ ਸਿਰੜੀ ਤੇ ਕਦੇ ਵੀ ਨਾ ਹਾਰ ਮੰਨਣ ਵਾਲੀ ਰੂਹ ਦਾ ਪ੍ਰਤੀਕ ਹੈ।… ਇਹ ਨਵੇਂ ਹਿੰਦੋਸਤਾਨ ਤੇ ਨਵੇਂ ਪੰਜਾਬ ਦੀਆਂ ਆਤਮਾਵਾਂ ਦੇ ਸੁਮੇਲ ਦਾ ਤਸੱਵਰ ਹੈ।’’ ਕਹਿਣ ਦਾ ਮਤਲਬ ਹੈ 1952 ਤੋਂ ਲੈ ਕੇ ਹੁਣ ਤਕ ਸੁਹਿਰਦ ਸਿਆਸਤਦਾਨ ਇਸ ਗੱਲ ’ਤੇ ਮੋਹਰ ਲਗਾਉਂਦੇ ਰਹੇ ਹਨ ਕਿ ਚੰਡੀਗੜ੍ਹ ਦਾ ਪੰਜਾਬ ਨਾਲ ਨਾਤਾ ਸਜੀਵ ਅਤੇ ਜੀਵੰਤ (Organic) ਹੈ।
ਪਰ ਹਿੰਦੋਸਤਾਨ ਦੀਆਂ ਮੁੱਖ ਸਿਆਸੀ ਪਾਰਟੀਆਂ ਦਾ ਕਰੂਰਾ ਰਲਦਾ ਹੈ ਤੇ ਦੋਵੇਂ ਇਸ ਗੱਲ ’ਤੇ ਪ੍ਰਤੱਖ/ਅਪ੍ਰਤੱਖ ਰੂਪ ਵਿਚ ਸਹਿਮਤ ਲੱਗਦੀਆਂ ਹਨ ਕਿ ਪੰਜਾਬ ਦਾ ਇਹ ਪਛਾਣ ਚਿੰਨ੍ਹ ਪੰਜਾਬ ਨੂੰ ਕਦੇ ਨਾ ਮਿਲੇ। ਚੰਡੀਗੜ੍ਹ ਵਿਚ ਵਿਕਾਸ ਦੀ ਦਿਸ਼ਾ ਤੇ ਦਸ਼ਾ ਕੁਝ ਇਸ ਤਰ੍ਹਾਂ ਰਹੀ ਹੈ ਕਿ ਹੌਲੀ ਹੌਲੀ ਇਹ ਗ਼ੈਰ-ਪੰਜਾਬੀ ਸ਼ਹਿਰ ਬਣਦਾ ਜਾ ਰਿਹਾ ਹੈ। ਇਹ ਮੰਗ ਵੀ ਉੱਠਦੀ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾ ਦਿੱਤਾ ਜਾਏ। ਇਹੋ ਜਿਹੀਆਂ ਮੰਗਾਂ ਪਿਛਲਾ ਏਜੰਡਾ ਇਹ ਹੈ ਕਿ ਚੰਡੀਗੜ੍ਹ ਵਿਚੋਂ ਇਸ ਦੇ ਪੰਜਾਬੀ ਕਿਰਦਾਰ ਤੇ ਪੰਜਾਬੀ ਸਥਾਨਕਤਾ ਨੂੰ ਉੱਕਾ ਹੀ ਮਿਟਾ ਦੇਣਾ।
ਕੀ ਕੋਈ ਸੂਬਾ ਰਾਜਧਾਨੀ ਤੋਂ ਬਿਨਾਂ ਵੀ ਜਿਊਂਦੇ ਰਹਿ ਸਕਦਾ ਹੈ? ਰਾਜਧਾਨੀ ਸਿਰਫ਼ ਦਫ਼ਤਰਾਂ, ਇਮਾਰਤਾਂ ਅਤੇ ਖ਼ਰੀਦੋ-ਫਰੋਖ਼ਤ ਲਈ ਖੁੱਲ੍ਹੇ ਸ਼ਾਪਿੰਗ ਮਾਲਜ਼ ਦਾ ਨਾਂ ਹੀ ਨਹੀਂ ਹੁੰਦੀ ਸਗੋਂ ਉਸ ਸੂਬੇ ਦੇ ਲੋਕਾਂ ਲਈ ਇਕ ਇਹੋ ਜਿਹਾ ਪ੍ਰਤੀਕ ਹੁੰਦੀ ਹੈ ਜਿੱਥੇ ਉਹ ਆਪਣੇ ਸੂਬੇ ਦੀ ਸੱਤਾ ਅਤੇ ਸੱਭਿਆਚਾਰ ਨੂੰ ਊਰਜਾਮਈ ਰੂਪ ਵਿਚ ਵੇਖਣਾ ਚਾਹੁੰਦੇ ਹਨ। ਜੋ ਅਹਿਮੀਅਤ ਦਿੱਲੀ ਦੀ ਹਿੰਦੋਸਤਾਨ ਲਈ ਹੈ, ਪੈਰਿਸ ਦੀ ਫਰਾਂਸ ਲਈ ਹੈ, ਮੁੰਬਈ ਦੀ ਮਹਾਰਾਸ਼ਟਰ ਲਈ ਹੈ ਤੇ ਚੇਨਈ ਦੀ ਤਾਮਿਲ ਨਾਡੂ ਲਈ ਹੈ, ਉਹੀ ਮਹੱਤਵ ਚੰਡੀਗੜ੍ਹ ਦਾ ਪੰਜਾਬ ਲਈ ਹੈ। ਇਸ ਨਾਲ ਪੰਜਾਬੀਆਂ ਦੀਆਂ ਸਿਮਰਤੀਆਂ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦ ਚੰਡੀਗੜ੍ਹ ਬਣ ਰਿਹਾ ਸੀ ਤਾਂ ਪੰਜਾਬੀਆਂ ਨੂੰ ਲੱਗਦਾ ਸੀ ਕਿ ਇਕ ਨਵਾਂ ਲਾਹੌਰ ਬਣ ਰਿਹਾ ਹੈ। ਸਮੇਂ ਦੇ ਗੇੜ ਨੇ ਸਾਰੀ ਗੱਲ ਭੰਬਲਭੂਸਿਆਂ ਵਿਚ ਪਾ ਦਿੱਤੀ। ਦੇਰ ਸਵੇਰ ਹਰਿਆਣਾ ਨੂੰ ਆਪਣੀ ਰਾਜਧਾਨੀ ਬਣਾਉਣੀ ਪੈਣੀ ਹੈ। ਚੰਡੀਗੜ੍ਹ ’ਤੇ ਹੱਕੀ ਦਾਅਵੇ ਦੀ ਬੁਨਿਆਦ ਪੰਜਾਬ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਇਹ ਫ਼ੈਸਲਾ ਕੇਂਦਰੀ ਸਰਕਾਰ ਨੂੰ ਲੈਣਾ ਹੀ ਪੈਣਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ ਤੇ ਹਰਿਆਣੇ ਨੂੰ ਆਪਣੀ ਰਾਜਧਾਨੀ ਬਣਾਉਣ ਲਈ ਵੱਡੀ ਪੱਧਰ ’ਤੇ ਆਰਥਿਕ ਸਹਾਇਤਾ ਮੁਹੱਈਆ ਕਰਾਈ ਜਾਵੇ। ਚੰਡੀਗੜ੍ਹ ਵਿਚ ਰਹਿੰਦੇ ਲੋਕ, ਜਨ੍ਹਿ‌ਾਂ ਨੂੰ ਇਸ ਮੰਗ ’ਤੇ ਇਤਰਾਜ਼ ਹੈ, ਉਨ੍ਹਾਂ ਨੂੰ ਇਸ ਦਾਅਵੇ ਬਾਰੇ ਇਤਿਹਾਸਕ ਪਰਿਪੇਖ ਤੋਂ ਸੋਚਣਾ ਚਾਹੀਦਾ ਹੈ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਵਿਚ ‘ਹਾਂ’ ਨਾਲ ‘ਹਾਂ’ ਮਿਲਾਉਣੀ ਚਾਹੀਦੀ ਹੈ। ਇਤਿਹਾਸਕਾਰ ਆਰਨਾਲਡ ਟੋਨੀਬੀ ਦਾ ਕਹਿਣਾ ਹੈ ਕਿ ਰਾਜਧਾਨੀਆਂ ਸਵੈਮਾਣ ਲਈ ਬਣਾਈਆਂ ਜਾਂਦੀਆਂ ਹਨ। ਚੰਡੀਗੜ੍ਹ ਪੰਜਾਬ ਦੇ ਸਵੈਮਾਨ ਦਾ ਪ੍ਰਤੀਕ ਹੈ। ਚੰਡੀਗੜ੍ਹ ਪੰਜਾਬ ਨਾਲ ਇਉਂ ਜੁੜ ਗਿਆ ਹੈ ਜਿਵੇਂ ਲਾਹੌਰ ਜੁੜਿਆ ਹੋਇਆ ਸੀ। ਲਾਹੌਰ ਬਾਰੇ ਹਿੰਦੋਸਤਾਨ ਦੇ ਸ਼ਹਿਨਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਅਤੇ ਸੁਯੋਗ ਵਿਦਵਾਨ ਦਾਰਾ ਸ਼ਿਕੋਹ ਨੇ ਲਿਖਿਆ ਸੀ, ‘‘ਯਾ ਖ਼ੁਦਾ ਪੰਜਾਬ ਵਿਚ ਅਮਨ ਬਣਾਈ ਰੱਖੀਂ/ ਸੰਤਾਂ ਦੀ ਇਸ ਧਰਤੀ ਨੂੰ ਬਚਾਈ ਰੱਖੀਂ/ ਇਹ ਮੇਰਾ ਸ਼ਹਿਰ ਲਾਹੌਰ, ਹਮੇਸ਼ਾਂ ਖੇੜੇ ਵਿਚ ਰਹੇ/ ਤੇ ਏਥੇ ਨਾ ਕਦੇ ਅਕਾਲ ਪਏ ਅਤੇ ਨਾ ਕੋਈ ਵਬਾ ਫੈਲੇ।’’ ਇਨ੍ਹਾਂ ਤੁੱਕਾਂ ਵਿਚੋਂ ਲਾਹੌਰ ਦਾ ਨਾਂ ਕੱਢ ਦੇਈਏ ਤੇ ਇਹ ਦੁਆ ਚੰਡੀਗੜ੍ਹ ’ਤੇ ਬਿਲਕੁਲ ਢੁੱਕਦੀ ਹੈ। ਵੇਲੇ ਦੀ ਮੰਗ ਹੈ ਕਿ ਸੌੜੀ ਸਿਆਸਤ ’ਚੋਂ ਨਿਕਲ ਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫ਼ੈਸਲਾ ਜਲਦ ਤੋਂ ਜਲਦ ਲੈਣਾ ਚਾਹੀਦਾ ਹੈ।
-ਸਵਰਾਜਬੀਰ


Comments Off on ਰਾਜਧਾਨੀ : ਸੁਪਨਾ ਤੇ ਹਕੀਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.