ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

‘ਮੀ ਟੂ’ ਮੁਹਿੰਮ ਦਾ ਜਲੌਅ

Posted On October - 10 - 2018

ਕੰਮ ਵਾਲੀਆਂ ਥਾਵਾਂ ਉੱਤੇ ਜਿਨਸੀ ਛੇੜਛਾੜ ਦਾ ਮਾਮਲਾ ਹੁਣ ਮੁਹਿੰਮ ਬਣ ਰਿਹਾ ਹੈ। ਫਿਲਮ ਅਦਾਕਾਰਾ ਤਨੂਸ੍ਰੀ ਦੱਤਾ ਨੇ ਦਸ ਸਾਲ ਪੁਰਾਣੇ ਮਾਮਲੇ ਵਿਚ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਨਾਂ ਲਿਆ ਸੀ। ਨਾਨਾ ਪਾਟੇਕਰ ਨੇ ਭਾਵੇਂ ਅਜਿਹੀ ਛੇੜਖਾਨੀ ਤੋਂ ਇਨਕਾਰ ਕੀਤਾ ਹੈ ਪਰ ਤਨੂੰਸ੍ਰੀ ਦੀ ਸ਼ਿਕਾਇਤ ਉੱਤੇ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ‘ਕੁਈਨ’ ਵਰਗੀ ਮਹਿਲਾ ਪੱਖੀ ਫਿਲਮ ਬਣਾਉਣ ਵਾਲੇ ਫਿਲਮਸਾਜ਼ ਵਿਕਾਸ ਬਹਿਲ ਦਾ ਨਾਂ ਵੀ ਚਰਚਾ ਵਿਚ ਆਇਆ ਹੈ ਅਤੇ ਉਸ ਦੇ ਅਜਿਹੇ ਕਾਰਿਆਂ ਦੀ ਪੁਸ਼ਟੀ ਫਿਲਮ ਜਗਤ ਦੀਆਂ ਇਕ ਨਹੀਂ, ਅਨੇਕ ਸ਼ਖ਼ਸੀਅਤਾਂ ਕਰ ਚੁੱਕੀਆਂ ਹਨ। ਪੱਤਰਕਾਰ ਤੋਂ ਸਿਆਸਤਦਾਨ ਬਣੇ ਐੱਮਜੇ ਅਕਬਰ ਦਾ ਨਾਂ ਅਜਿਹੇ ਸ਼ਖ਼ਸਾਂ ਵਿਚ ਸ਼ੁਮਾਰ ਹੋਣ ਕਰਕੇ ਇਹ ਮਸਲਾ ਹੁਣ ਸਰਕਾਰੀ ਗਲਿਆਰਿਆਂ ਅੰਦਰ ਵੀ ਜਾ ਵੜਿਆ ਹੈ। ਉਸ ਖ਼ਿਲਾਫ਼ ਛੇ ਔਰਤਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇਹ ਸੂਚੀ ਹੋਰ ਲੰਮੀ ਹੋ ਸਕਦੀ ਹੈ। ਐੱਮਜੇ ਅਕਬਰ ਇਸ ਵੇਲੇ ਵਿਦੇਸ਼ ਰਾਜ ਮੰਤਰੀ ਹਨ ਅਤੇ ਇਸ ਮਸਲੇ ਕਰਕੇ ਕੇਂਦਰ ਸਰਕਾਰ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਵੀ ਲੱਭਣਾ ਪਵੇਗਾ। ਹੁਣ ਨਿੱਤ ਦਿਨ ਇਸ ਮੁਹਿੰਮ ਤਹਿਤ ਨਵੇਂ ਨਾਂ ਨਸ਼ਰ ਹੋ ਰਹੇ ਹਨ। ਇਹ ਮੁਹਿੰਮ ਪਿਛਲੇ ਸਾਲ ਅਮਰੀਕਾ ਵਿਚ ਹੌਲੀਵੁੱਡ ਫਿਲਮ ਨਿਰਮਾਤਾ ਹਾਰਵੇ ਵਿੰਸਟਾਈਨ ਖ਼ਿਲਾਫ਼ ਆਰੰਭ ਹੋਈ ਸੀ।
ਸਾਡਾ ਸੰਵਿਧਾਨ ਔਰਤਾਂ ਨੂੰ ਬਰਾਬਰ ਹੱਕ ਦਿੰਦਾ ਹੈ ਅਤੇ ਸਾਡੇ ਸਮਾਜ ਦੇ ਕਈ ਹਿੱਸੇ ਦੇਵੀਆਂ ਦੀ ਪੂਜਾ ਵੀ ਕਰਦੇ ਹਨ ਪਰ ਹਕੀਕਤ ਇਨ੍ਹਾਂ ਨਾਲ ਮੇਲ ਨਹੀਂ ਖਾਂਦੀ। ਪੰਜਾਬ ਵਿਚ ਭਰੂਣ ਹੱਤਿਆ ਅਜਿਹਾ ਮਸਲਾ ਬਣ ਚੁੱਕਿਆ ਹੈ ਜਿਸ ਨੇ ਸਾਡੇ ਸਮਾਜ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਬਹੁਤ ਸੁਰੱਖਿਅਤ ਸਮਝੀਆਂ ਜਾਂਦੀਆਂ ਯੂਨੀਵਰਸਿਟੀਆਂ ਅੰਦਰ ਆਪਣੀਆਂ ਮੰਗਾਂ ਮੰਨਵਾਉਣ ਲਈ ਜੂਝ ਰਹੀਆਂ ਕੁੜੀਆਂ ਨੂੰ ਕੁੱਟ ਖਾਣੀ ਪੈ ਰਹੀ ਹੈ ਅਤੇ ਕਿਸੇ ਅਧਿਕਾਰੀ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ, ਸਗੋਂ ਕੁੜੀਆਂ ਦੀ ਮੁਖ਼ਾਲਫ਼ਤ ਲਈ ਅਜੀਬ ਤਰ੍ਹਾਂ ਦੇ ਤਰਕ ਘੜੇ ਜਾ ਰਹੇ ਹਨ। ਜ਼ੰਜੀਰਾਂ ਤੋੜ ਕੇ ਅਗਲੀ ਪੀੜ੍ਹੀ ਲਈ ਪ੍ਰੇਰਨਾ ਬਣਨ ਵਾਲੀਆਂ ਔਰਤਾਂ ਦੇ ਆਜ਼ਾਦ ਖਿਆਲਾਂ ਦਾ ਪ੍ਰਚਾਰ ਕਰਨ ਵਾਲੇ ਪ੍ਰੋਫ਼ੈਸਰ ਤੱਕ ਦੂਜੇ ਪਾਸੇ ਖੜ੍ਹੇ ਨਜ਼ਰ ਆ ਰਹੇ ਹਨ। ਅਜਿਹੀ ਸੂਰਤ ’ਚ ਕਾਲੇ ਕਾਰੇ ਕਰਨ ਵਾਲਿਆਂ ਨੂੰ ਭਲਾ ਕਿਸ ਤਰ੍ਹਾਂ ਵੰਗਾਰਿਆ ਜਾ ਸਕੇਗਾ?
ਜਿਨਸੀ ਸ਼ੋਸ਼ਣ ਦੇ ਮਾਮਲੇ ਹੁਣ ਕਿਸੇ ਇਕ ਖੇਤਰ ਜਾਂ ਸਮਾਜ ਦੇ ਕਿਸੇ ਇਕ-ਅੱਧ ਹਿੱਸੇ ਤੱਕ ਸੀਮਿਤ ਨਹੀਂ, ਇਸ ਦੀ ਮਾਰ ਸਰਵਵਿਆਪੀ ਹੈ। ਹੁਣ ਅਜਿਹੇ ਮਾਮਲੇ ਲੜੀ ਦੇ ਰੂਪ ਵਿਚ ਸਾਹਮਣੇ ਆਉਣ ਨਾਲ ਜ਼ਾਹਿਰ ਹੋ ਰਿਹਾ ਹੈ ਕਿ ਔਰਤਾਂ ਨੂੰ ਆਪਣੀ ਗੱਲ ਸੁਣਾਉਣ ਤੇ ਸਮਝਾਉਣ ਲਈ ਕਿਨ੍ਹਾਂ ਹਾਲਾਤ ਵਿਚੋਂ ਲੰਘਣਾ ਪੈ ਰਿਹਾ ਹੈ ਅਤੇ ਆਪਣੀ ਗੱਲ ਕਹਿਣ ਲਈ ਇੰਨੀ ਲੰਮੀ ਉਡੀਕ ਕਰਨੀ ਪੈਂਦੀ ਹੈ; ਹਾਲਾਂਕਿ ਕੁਝ ਲੋਕ ਇਹ ਨਘੋਚ ਵੀ ਕੱਢਦੇ ਹਨ ਕਿ ਉਹ ਔਰਤ ਉਸ ਵਕਤ ਕਿਉਂ ਨਾ ਬੋਲੀ। ਸਵਾਲ ਹੈ ਕਿ ਅਸੀਂ ਔਰਤਾਂ ਨੂੰ ਬੋਲਣ ਲਈ ਮਾਹੌਲ ਅਤੇ ਮੌਕਾ ਹੀ ਕਦੋਂ ਦਿੱਤਾ ਹੈ? ਸੁਖਾਵੀਂ ਗੱਲ ਇਹ ਹੈ ਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਜਿਨਸੀ ਛੇੜਛਾੜ ਬਾਰੇ ਸ਼ਿਕਾਇਤਾਂ ਸਿਰਫ਼ ਦਰਜ ਹੀ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਇਨ੍ਹਾਂ ਦੀ ਤੁਰੰਤ ਨਿਰਪੱਖ ਪੁਣਛਾਣ ਹੋਣੀ ਚਾਹੀਦੀ ਹੈ। ਮੁਲਕ ਭਰ ਵਿਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਹੋਕਾ ਦੇਣ ਵਾਲੀ ਸਰਕਾਰ ਵੱਲੋਂ ਕੋਈ ਸੁਖਦ ਖ਼ਬਰ ਨਹੀਂ ਆਈ ਹੈ। ਜੰਮੀਆਂ ਹੋਈ ਰੂੜੀਆਂ ਨੂੰ ਤੋੜਨ ਲਈ ਹਜ਼ਾਰਾਂ ਮੁਹਿੰਮਾਂ ਦੀ ਲੋੜ ਹੈ ਅਤੇ ਇਸ ਮੁਹਿੰਮ ਤਹਿਤ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਇਮਦਾਦ ਮਿਲਣੀ ਚਾਹੀਦੀ ਹੈ।


Comments Off on ‘ਮੀ ਟੂ’ ਮੁਹਿੰਮ ਦਾ ਜਲੌਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.