ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

‘ਮੀ ਟੂ’: ਜਦੋਂ ਤਕ ਲੜਨ ਦੀ ਲੋੜ ਬਾਕੀ ਹੈ

Posted On October - 27 - 2018

ਮੋਨੀਕਾ ਕੁਮਾਰ

ਪਿੱਤਰ ਸੱਤਾ ਦੀ ਪਾਲੀ-ਪੋਸੀ ਇਸਤਰੀ ਨੂੰ ਪਤਾ ਸੀ ਕਿ ਉਹਦੀ ਸਾਰ ਕਿਸੇ ਨਹੀਂ ਲੈਣੀ ਤੇ ਨਾ ਉਹਨੂੰ ਕਿਸੇ ਆ ਕੇ ਪੁੱਛਣਾ: ‘ਤੇਰੇ ਨਾਲ ਕੀ ਬੀਤੀ?’ ਯੁੱਗਾਂ ਤੋਂ ਜਿਣਸੀ ਹਿੰਸਾ ਦੀ ਸ਼ਿਕਾਰ ਹੋਈ ਇਸਤਰੀ ਨੇ ਇਸ ਲਈ ਆਪ ਹੀ ਸ਼ਰਮ ਦੇ ਜਾਲੇ ਛੰਡ ਕੇ ਕਹਿ ਦਿੱਤਾ ਹੈ: ‘ਮੀ ਟੂ’। ਸਾਲ 2016 ਵਿਚ ਆਈ ਫ਼ਿਲਮ ‘ਪਿੰਕ’ ਵਿਚ ਪੀੜਿਤ ਇਸਤਰੀ ਦਾ ਪੱਖ ਲੈਂਦਿਆਂ ਵਕੀਲ ਦੇ ਕਿਰਦਾਰ ਵਿਚ ਅਮਿਤਾਭ ਬੱਚਨ ਅਦਾਲਤ ਵਿਚ ਕਹਿੰਦਾ ਹੈ ਕਿ ਔਰਤ ਦਾ ‘ਨੋ’ ਕਹਿਣਾ ਕੇਵਲ ਇਕ ਸ਼ਬਦ ਨਹੀਂ, ਪੂਰਾ ਵਾਕ ਹੈ। ਇਸੇ ਤਰ੍ਹਾਂ ‘ਮੀ ਟੂ’ ਮਹਿਜ਼ ਵਾਕ ਨਹੀਂ ਸਗੋਂ ਪੂਰੀ ਕਿਤਾਬ ਹੈ ਜਿਸ ਨੂੰ ਦੁਨੀਆਂ ਭਰ ਦੀਆਂ ਇਸਤਰੀਆਂ ਰਲ ਕੇ ਲਿਖ ਰਹੀਆਂ ਨੇ। ਪਿਛਲੇ ਸਾਲ ਅਮਰੀਕਾ ਵਿਚ ਸ਼ੁਰੂ ਹੋਈ ਇਸ ਲਹਿਰ ਦਾ ਅਸਰ ਹੋਰਨਾਂ ਦੇਸ਼ਾਂ ਦੇ ਨਾਲ ਭਾਰਤ ਵਿਚ ਵੀ ਨਜ਼ਰ ਆ ਰਿਹਾ ਸੀ, ਪਰ ਇਸ ਨੂੰ ਚੰਗਿਆੜੀ ਤੋਂ ਭਾਂਬੜ ਬਣਨ ’ਚ ਸਾਲ ਲੱਗ ਗਿਆ।
ਇਸ ਲਹਿਰ ਦਾ ਪੱਖ ਲੈਣ ਵਾਲਿਆਂ ਦੀ ਵਿਚਾਰਧਾਰਾ ਦਾ ਪਤਾ ਤਾਂ ਚਲਦਾ ਹੈ, ਪਰ ਇਹਨੂੰ ਖ਼ਾਰਿਜ ਕਰਨ ਵਾਲਿਆਂ ਦੀ ਵਿਚਾਰਧਾਰਾ ਦੇ ਸਰੋਤ ਦੀ ਖੋਜ ਕਰਦਿਆਂ ਨਾਰੀਵਾਦ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਸਮਝਿਆ ਜਾ ਸਕਦਾ ਹੈ। ਭਾਰਤੀ ਸਮਾਜ ਲਿੰਗਕ ਨਾਬਰਾਬਰੀ ਦੀ ਨੀਂਹ ’ਤੇ ਉਸਰਿਆ ਬਿਮਾਰ ਸਮਾਜ ਏ। ਸਮਾਜ ਵਿਚ ਚਲਦੀਆਂ ਸਾਰੀਆਂ ਜ਼ਰੂਰੀ ਲਹਿਰਾਂ ਨਾਲ ਕਮਜ਼ੋਰ ਨੀਹਾਂ ’ਤੇ ਉਸਰੇ ਸਮਾਜ ਨੂੰ ਝਟਕਾ ਤਾਂ ਲੱਗਦਾ ਹੈ, ਪਰ ‘ਮੀ ਟੂ’ ਵਰਗੀ ਲਹਿਰ ਵਿਚ ਏਨੀ ਸ਼ਕਤੀ ਹੁੰਦੀ ਹੈ ਕਿ ਉਹ ਸਮਾਜ ਦੀਆਂ ਬਿਮਾਰ ਨੀਂਹਾਂ ਨੂੰ ਹਿਲਾ ਕੇ ਇਹਨੂੰ ਢਾਹ ਵੀ ਸਕਦੀ ਹੈ। ‘ਮੀ ਟੂ’ ਦੀ ਸ਼ੁਰੂਆਤ ਨਾਲ ਇਸਤਰੀਆਂ ਨੇ ਆਪਣੇ ਦਫ਼ਤਰਾਂ ਤੇ ਹੋਰ ਕੰਮ ਕਰਨ ਦੀਆਂ ਥਾਵਾਂ ’ਤੇ ਆਪਣੇ ਨਾਲ ਹੋਈ ਜਿਣਸੀ ਹਿੰਸਾ ਦੇ ਕਈ ਅਨੁਭਵ ਦੱਸੇ ਨੇ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜੋ ਅਸਲ ਵਿਚ ਜਿਣਸੀ ਹਿੰਸਾ ਦੇ ਦਾਇਰੇ ਵਿਚ ਨਹੀਂ ਆਉਂਦੇ ਤੇ ਅਸੂਲਨ ‘ਉਤਪੀੜਨ’ ਦਾ ਮਾਮਲਾ ਨਹੀਂ ਬਣਦੇ। ‘ਮੀ ਟੂ’ ਦੇ ਵਿਰੋਧ ਵਿਚ ਖੜ੍ਹੇ ਲੋਕ ਅਜਿਹੇ ਮਾਮਲਿਆਂ ਨੂੰ ਆਧਾਰ ਬਣਾ ਕੇ ਲਹਿਰ ਦੀ ਗੰਭੀਰਤਾ ਤੇ ਇਹਦੇ ਉਦੇਸ਼ ਨੂੰ ਹਲਕਾ ਕਰਕੇ ਦੱਸਦੇ ਨੇ। ਜਦੋਂ ਵੀ ਕੋਈ ਲਹਿਰ ਸ਼ੁਰੂ ਹੁੰਦੀ ਹੈ ਤਾਂ ਇਸ ਦੀ ਸਪਸ਼ਟ ਅਤੇ ਸਟੀਕ ਰੂਪ ਰੇਖਾ ਬਣਦਿਆਂ ਸਮਾਂ ਲੱਗਦਾ ਹੀ ਹੈ। ਸੋ ਇਸ ਲਹਿਰ ਵਿਚ ਜੇ ਅਜਿਹੀਆਂ ਕੁਝ ਆਵਾਜ਼ਾਂ ਵੀ ਆ ਜਾਣ ਤਾਂ ਇਸ ਨਾਲ ਲਹਿਰ ਦੀ ਗੰਭੀਰਤਾ ਘਟਦੀ ਨਹੀਂ। ਸਗੋਂ ਇਸ ਨਾਲ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਵਿਚ ਔਰਤ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੀ ਕਿੰਨੀ ਘਾਟ ਏ; ਉਹਦੇ ਅੰਦਰ ਏਨਾ ਕੁਝ ਦੱਬਿਆ ਪਿਆ ਏ ਕਿ ਮੌਕਾ ਮਿਲਣ ’ਤੇ ਕਈ ਵਾਰ ਉਹ ਚੰਗੀ ਤਰ੍ਹਾਂ ਆਪਣੀ ਗੱਲ ਪੇਸ਼ ਵੀ ਨਹੀਂ ਕਰ ਸਕਦੀ। ਉਸ ਨੂੰ ਇਸ ਵਾਸਤੇ ਸਮਾਂ ਤੇ ਸਮਰਥਨ ਚਾਹੀਦਾ ਹੈ। ਜਿਵੇਂ ਲਹਿਰ ਵਿਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜੋ ਅਸਲ ਵਿਚ ਜਿਣਸੀ ਹਿੰਸਾ ਨਹੀਂ ਹਨ; ਉਵੇਂ ਹੀ ਬਹੁਤ ਸਾਰੀਆਂ ਔਰਤਾਂ ਗੰਭੀਰ ਜਿਣਸੀ ਹਿੰਸਾ ਦੇ ਅਨੁਭਵ ਨੂੰ ਆਪਣੀ ਕਿਸਮਤ ਤੇ ਔਰਤ ਦੀ ਹੋਣੀ ਸਮਝ ਕੇ ਆਪਣੇ ਅੰਦਰ ਘੁੱਟ ਕੇ ਦੁਨੀਆਂ ਤੋਂ ਟੁਰ ਗਈਆਂ। ਨਿਸ਼ਚਿਤ ਤੌਰ ’ਤੇ ਮਰ-ਚੁੱਕਿਆਂ ਨਾਲ ਨਿਆਂ ਇਹੀ ਹੋ ਸਕਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਜਬਰ-ਜ਼ੁਲਮ ਦੇ ਮਾਹੌਲ ਨੂੰ ਖ਼ਤਮ ਕੀਤਾ ਜਾਵੇ। ਇਸ ਲਈ ‘ਮੀ ਟੂ’ ਲਹਿਰ ਦੇ ਅਸਲ ਉਦੇਸ਼ ਪੂਰੇ ਕਰਨ ਹਿਤ ਸਮਾਜ ਨੂੰ ਸੰਜਮ ਤੇ ਸਹਿਣਸ਼ੀਲਤਾ ਵਰਤਣ ਦੀ ਲੋੜ ਹੈ। ਲਹਿਰਾਂ ਹਮੇਸ਼ਾਂ ਭਵਿੱਖ-ਮੁਖੀ ਹੁੰਦੀਆਂ ਨੇ, ਉਨ੍ਹਾਂ ਦੀ ਪ੍ਰਸੰਗਿਕਤਾ ਵਰਤਮਾਨ ਤੋਂ ਵਧ ਕੇ ਆਉਣ ਵਾਲੇ ਸਮੇਂ ਲਈ ਹੁੰਦੀ ਹੈ। ‘ਮੀ ਟੂ’ ਦੇ ਪ੍ਰਭਾਵ ਵਿਚ ਜਦੋਂ ਨੌਕਰੀਸ਼ੁਦਾ ਤੇ ਕੰਮਕਾਜੀ ਔਰਤਾਂ ਆਪਣੇ ਦਫ਼ਤਰਾਂ ਵਿਚ ਕਿਸੇ ਤਰ੍ਹਾਂ ਦੀ ਜਿਣਸੀ ਹਿੰਸਾ ਬਰਦਾਸ਼ਤ ਨਹੀਂ ਕਰਨਗੀਆਂ ਤੇ ਉਨ੍ਹਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਹੋਰ ਸਖ਼ਤੀ ਨਾਲ ਲਾਗੂ ਹੋਣਗੇ ਤਾਂ ਅੱਜ ਤੋਂ ਕੁਝ ਸਾਲਾਂ ਬਾਅਦ ਔਰਤਾਂ ਨੂੰ ਜੀਵਨ ਵਿਚ ਰਾਹਤ ਤੇ ਬਰਾਬਰੀ ਮਿਲੇਗੀ। ਇਹ ਮਾਮਲੇ ਕਾਨੂੰਨੀ ਤੌਰ ’ਤੇ ਭਾਰਤੀ ਨਿਆਂ ਪ੍ਰਣਾਲੀ ਦੇ ਨਿਯਮਾਂ ਤਹਿਤ ਹੀ ਨਿਬੇੜੇ ਜਾਣਗੇ ਜਿਸ ਵਿਚ ਦੋਹਾਂ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲੇਗਾ।

ਮੋਨੀਕਾ ਕੁਮਾਰ

ਜਿਣਸੀ ਹਿੰਸਾ ਦੇ ਵਿਰੋਧ ਵਿਚ ਅਪਰਾਧਕ ਮਾਮਲਿਆਂ ਨੂੰ ਨਜਿੱਠਣ ਵਾਸਤੇ ਦਫ਼ਤਰਾਂ ਵਿਚ ਕਮੇਟੀਆਂ ਤਾਂ ਬਣੀਆਂ ਹੋਈਆਂ ਹਨ, ਪਰ ‘ਮੀ ਟੂ’ ਲਹਿਰ ਨੇ ਲਿਖਤੀ ਨਿਯਮਾਂ ਨੂੰ ਅਮਲ ’ਚ ਲਿਆਉਣ ਦਾ ਰਾਹ ਮੋਕਲਾ ਕੀਤਾ ਹੈ। ਆਮ ਤੌਰ ’ਤੇ ਕੋਈ ਸੰਸਥਾ ਵੀ ਹੌਲੀ-ਹੌਲੀ ਘਰ ਦਾ ਰੂਪ ਧਾਰ ਲੈਂਦੀ ਹੈ ਜਿਸ ਵਿਚ ਸਮਾਜਿਕ ਪ੍ਰਤਿਸ਼ਠਾ ਤੇ ਸੰਸਥਾ ਦੇ ਨੱਕ ਦਾ ਮਾਮਲਾ ਕਿਸੇ ਇਕ ਕਰਮਚਾਰੀ ਦੀ ਅਜ਼ਮਤ ਤੇ ਆਜ਼ਾਦੀ ਤੋਂ ਵੱਡਾ ਬਣ ਜਾਂਦਾ ਏ ਤੇ ਅਕਸਰ ਸੰਸਥਾ ਦਾ ਅਕਸ ਬਚਾਉਣ ਦਾ ਬੇਲੋੜਾ ਭਾਰ ਚੁੱਕਦਿਆਂ ਇਨ੍ਹਾਂ ਸ਼ਿਕਾਇਤਾਂ ਨੂੰ ਦਬਾ ਦਿੱਤਾ ਜਾਂਦਾ ਏ। ਜਿਵੇਂ ਅੰਬੇਡਕਰ ਨੇ ਕਿਹਾ ਸੀ ਕਿ ਦਲਿਤ ਆਪਣੀ ਮੁਕਤੀ ਦਾ ਸੁਪਨਾ ਇਕੱਲੇ ਨਹੀਂ ਵੇਖ ਸਕਦੇ, ਇਸ ਲਈ ਉਨ੍ਹਾਂ ਨੂੰ ਸੰਗਠਿਤ ਹੋਣਾ ਪਵੇਗਾ। ਉਸੇ ਤਰ੍ਹਾਂ ਔਰਤਾਂ ਵੀ ਆਪਣੀ ਮੁਕਤੀ ਦਾ ਸੁਪਨਾ ਇਕੱਲਿਆਂ ਨਹੀਂ ਵੇਖ ਸਕਦੀਆਂ।
‘ਮੀ ਟੂ’ ਲਹਿਰ ਨੇ ਕਿਸੇ ਛੋਟੇ ਜਿਹੇ ਦਫ਼ਤਰ ’ਚ ਕੰਮ ਕਰਦੀ ਇਸਤਰੀ ਨੂੰ ਦੇਸ਼ ਦੀ ਮਸ਼ਹੂਰ ਅਭਿਨੇਤਰੀ ਨਾਲ ਵੀ ਤੇ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਜੋੜ ਕੇ ਉਸ ਨੂੰ ਨੈਤਿਕ ਹੱਲਾਸ਼ੇਰੀ ਦਿੱਤੀ ਹੈ। ਹੁਣ ਉਹਨੂੰ ਇਹ ਸਿਲਸਿਲਾ ਰੋਕਣਾ ਨਹੀਂ ਚਾਹੀਦਾ ਸਗੋਂ ਪਿੱਤਰ ਸੱਤਾ ਦੀ ਚਾਲਾਕ ਸੋਚ ਦਾ ਤਲਿਸਮ ਭੰਗ ਕਰਕੇ ਆਪਣੇ ਲਈ ਘਰ, ਦਫ਼ਤਰ ਤੇ ਹਰ ਥਾਂ ’ਤੇ ਸਹਿਜ ਜੀਵਨ ਬਣਾਉਣਾ ਚਾਹੀਦਾ ਹੈ; ਤਾਂ ਜੋ ਕੋਈ ਵੀ ਉਹਦੇ ਸਨਮਾਨ ਦਾ ਉਲੰਘਣ ਕਰੇ ਤਾਂ ਉਹ ਖੁੱਲ੍ਹ ਕੇ ਸ਼ਿਕਾਇਤ ਵੀ ਕਰ ਸਕੇ ਤੇ ਲੋੜ ਪੈਣ ’ਤੇ ਕਾਨੂੰਨ ਦੀ ਮਦਦ ਵੀ ਲੈ ਸਕੇ।
ਜੱਗ ਜਾਣਦਾ ਹੈ ਕਿ ਪੱਤਰ ਸੱਤਾ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿਚ ਬਹੁਤ ਹੱਦ ਤਕ ਔਰਤਾਂ ਆਪ ਜ਼ਿੰਮੇਵਾਰ ਨੇ। ਇਸ ਲਈ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਭਾਰਤ ਦੇ ਮੱਧਵਰਗੀ ਸਮਾਜ ਦੀਆਂ ਔਰਤਾਂ ਅੱਜ ਵੀ ਜਿਣਸੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਉੱਠਦੀ ਆਵਾਜ਼ ਨੂੰ ਕੁਝ ਕੁ ਔਰਤਾਂ ਦੇ ਚਲਿੱਤਰ ਸਮਝਦੀਆਂ ਨੇ ਤੇ ‘ਮੀ ਟੂ’ ਲਹਿਰ ਨੂੰ ਅਮੀਰ ਤੇ ਤਾਕਤਵਰ ਔਰਤਾਂ ਦੀ ਜੁਮਲੇਬਾਜ਼ੀ ਸਮਝ ਕੇ ਖ਼ਾਰਿਜ ਕਰਦੀਆਂ ਨੇ। ਇਨ੍ਹਾਂ ਔਰਤਾਂ ਅੰਦਰ ਇਹ ਗੱਲ ਤੁੰਨ ਕੇ ਭਰੀ ਪਈ ਹੈ ਕਿ ਜ਼ੁਲਮ ਸਹਿਣਾ ਸਿਦਕ ਹੈ ਤੇ ਚੁੱਪ ਰਹਿਣਾ ਸ਼ਰਾਫ਼ਤ ਤੇ ਨੇਕੀ ਦਾ ਪ੍ਰਮਾਣ ਹੈ। ਬੇਸ਼ੱਕ ਸਬਰ-ਸਿਦਕ ਦੇ ਸਿਧਾਂਤ ਕੋਰੇ ਝੂਠ ਨਹੀਂ। ਮਨੁੱਖ ਨੂੰ ਸੱਚਮੁੱਚ ਜੀਵਨ ਵਿਚ ਸਬਰ ਕਰਨਾ ਪੈਂਦਾ ਹੈ ਤੇ ਚੁੱਪ ਵੀ ਵਰਤਣੀ ਪੈਂਦੀ ਹੈ; ਪਰ ਸੂਝਵਾਨ ਤੇ ਜਾਗਰੂਕ ਇਸਤਰੀ ਵਿਚ ਇਹ ਵਿਵੇਕ ਹੋਣਾ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਸਮਝੇ ਕਿ ਪਿੱਤਰ ਸੱਤਾ ਕੋਈ ਆਸਮਾਨੋਂ ਉਤਰੀ ਬਲਾ ਨਹੀਂ ਏ, ਕੋਈ ਕੁਦਰਤ ਦਾ ਘੱਲਿਆ ਸੰਕਟ ਨਹੀਂ ਏ ਸਗੋਂ ਸਦੀਆਂ ਤੋਂ ਔਰਤ ਦੇ ਅੰਦਰ ਘੋਟੀ ਹੋਈ ਦਵਾਈ ਏ ਤਾਂ ਕਿ ਉਹ ਜੀਵਨ ਦੇ ਹਰ ਖੇਤਰ ਵਿਚ ਪੁਰਸ਼ ਦੀ ਮਰਜ਼ੀ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਨਾਲ ਹੁੰਦੀ ਹਰ ਤਰ੍ਹਾਂ ਦੀ ਹਿੰਸਾ ਨੂੰ ਕੁਦਰਤ ਦਾ ਭਾਣਾ ਮੰਨ ਕੇ ਸਹਿਣ ਕਰੀ ਜਾਵੇ।
ਦੇਸ਼ ਦੇ ਮੱਧਵਰਗ ਦੀਆਂ ਔਰਤਾਂ ਨੇ ਕਰੜੇ ਸੰਘਰਸ਼ ਨਾਲ ਕੁਝ ਹੱਦ ਤਕ ਭਾਵੇਂ ਆਰਥਿਕ ਆਜ਼ਾਦੀ ਪ੍ਰਾਪਤ ਕਰ ਲਈ ਹੈ, ਪਰ ਪੜ੍ਹ-ਲਿਖ ਕੇ ਵੀ ਬਹੁਤੀਆਂ ਔਰਤਾਂ ਦੀ ਮਾਨਸਿਕਤਾ ਅਜੇ ਵੀ ਪਿੱਤਰ ਸੱਤਾ ਦੀ ਮਸ਼ੀਨਰੀ ਤੋਂ ਪ੍ਰੇਰਿਤ ਹੈ। ਆਪਣੇ ਘਰਾਂ ਤੇ ਦਫ਼ਤਰਾਂ ਵਿਚ ਉਹ ਅੱਜ ਵੀ ਗ਼ੁਲਾਮ ਮਾਨਸਿਕਤਾ ਨਾਲ ਜਿਉਂਦੀਆਂ ਨੇ ਤੇ ਆਪਣੇ ਆਪਸੀ ਸਬੰਧ ਪੁਰਸ਼ਾਂ ਦੀ ਦਿੱਤੀ ਸੋਚ ’ਤੇ ਕੇਂਦ੍ਰਿਤ ਕਰਕੇ ਬਣਾਉਂਦੀਆਂ ਨੇ। ਇਸੇ ਕਰਕੇ ਐਸੀਆਂ ਔਰਤਾਂ ਨੂੰ ਭੜਕਾਊ ਤੇ ‘ਘਰ ਤੋੜਨ ਵਾਲੀਆਂ’ ਸਮਝਿਆ ਜਾਂਦਾ ਹੈ ਜੋ ਘਰਾਂ ਤੇ ਦਫ਼ਤਰਾਂ ਵਿਚ ਪੁਰਸ਼ਾਂ ਦੀ ਕੀਤੀ ਜਿਣਸੀ ਹਿੰਸਾ ਦਾ ਵਿਰੋਧ ਕਰਦੀਆਂ ਨੇ। ਇਸੇ ਕਰਕੇ ਨਾਰੀ-ਮੁਕਤੀ ਲਹਿਰ ਅਜੇ ਉਹ ਪ੍ਰਭਾਵ ਨਹੀਂ ਕਾਇਮ ਕਰ ਸਕੀ ਜੋ ਇਹਨੂੰ ਕਰਨਾ ਚਾਹੀਦਾ ਸੀ। ਪੂੰਜੀਵਾਦ ਦੇ ਭਰਮਾਊ ਜਾਲ ’ਚ ਫਸ ਕੇ ਇਹ ਵੀ ਹੋਰਨਾਂ ਅੰਦੋਲਨਾਂ ਵਾਂਗ ਭਟਕ ਗਈ ਹੈ। ਸਮਾਜ ਤੇ ਪਰਿਵਾਰ ਵਿਚ ਔਰਤਾਂ ਨੂੰ ਇਕ ਦੂਜੇ ਦੇ ਵਿਰੁੱਧ ਕਰ ਦੇਣਾ ਪਿੱਤਰ ਸੱਤਾ ਦੀ ਸਭ ਤੋਂ ਡੂੰਘੀ ਚਾਲ ਹੈ। ਔਰਤ ਦਾ ਵਜੂਦ ਏਨਾ ਕਮਜ਼ੋਰ ਹੈ ਕਿ ਹਰ ਥਾਂ ਉਹਦੇ ਰਿਸ਼ਤੇ ਬਹੁਤਾ ਕਰਕੇ ਉਹਦੇ ਵਿਹਾਰ ਤੇ ਸਹਿਣ ਸ਼ਕਤੀ ਦੇ ਸਿਰ ’ਤੇ ਟਿਕੇ ਹੁੰਦੇ ਨੇ। ਉਹਨੂੰ ਆਪਣੀ ਆਜ਼ਾਦੀ ਲਈ ਸਿਰਫ਼ ਪੁਰਸ਼ਾਂ ਦਾ ਨਹੀਂ ਸਗੋਂ ਹਰ ਥਾਂ ’ਤੇ ਵੱਖ-ਵੱਖ ਰਿਸ਼ਤਿਆਂ ’ਚ ਜੁੜੀਆਂ ਔਰਤਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਹਦੀ ਬਹੁਤੀ ਊਰਜਾ ਤੇ ਸ਼ਕਤੀ ਪੇਕੇ-ਸਹੁਰੇ ਤੇ ਹੁਣ ਦਫ਼ਤਰ ਵਿਚ ਉਸ ਤੰਤਰ ਦੀ ਨੀਂਹ ਮਜ਼ਬੂਤ ਕਰਨ ਵਿਚ ਖ਼ਰਚ ਹੋ ਜਾਂਦੀ ਹੈ ਜਿਸ ਵਿਚ ਉਹਦੀ ਆਪਣੀ ਸੁਰੱਖਿਆ ਨਿਸ਼ਚਿਤ ਨਹੀਂ ਕੀਤੀ ਗਈ ਹੈ। ‘ਮੀ ਟੂ’ ਦੇ ਹਵਾਲੇ ਨਾਲ ਔਰਤਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਵਜੂਦ ਏਨਾ ਕਮਜ਼ੋਰ ਕਿਉਂ ਹੈ ਕਿ ਸਾਰੇ ਰਿਸ਼ਤਿਆਂ, ਸਾਰੀਆਂ ਥਾਵਾਂ ’ਤੇ ਉਨ੍ਹਾਂ ਦਾ ਸੰਘਰਸ਼ ਪੁਰਸ਼ਾਂ ਨਾਲੋਂ ਬਹੁਤ ਵੱਖਰਾ ਤੇ ਜ਼ਿਆਦਾ ਹੈ। ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦਫ਼ਤਰ ਵਿਚ ਜਿਣਸੀ ਹਿੰਸਾ ਸਹਿਣਾ ਕਿਸੇ ਔਰਤ ਦੀ ਆਰਥਿਕ ਆਜ਼ਾਦੀ ਦੀ ਕੀਮਤ ਨਹੀਂ ਹੋ ਸਕਦੀ।


Comments Off on ‘ਮੀ ਟੂ’: ਜਦੋਂ ਤਕ ਲੜਨ ਦੀ ਲੋੜ ਬਾਕੀ ਹੈ
1 Star2 Stars3 Stars4 Stars5 Stars (1 votes, average: 1.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.