85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਭਾਰਤੀ ਜੇਲ੍ਹਾਂ ਦੇ ਅੰਦਰ ਦੇ ਰੰਗ

Posted On October - 21 - 2018

ਦਿਸ਼ਾ

ਬ੍ਰਿਟਿਸ਼ ਰਾਜ ਦੌਰਾਨ ਜੇਲ੍ਹ ਵਿਚ ਕੈਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਜੇਲ੍ਹ ਜੀਵਨ ਬਾਰੇ ਟਿੱਪਣੀ ਕਰਦਿਆਂ ਲਿਖਿਆ, ‘‘ਸਾਲਾਂ ਬੱਧੀ ਇਹ ਉਮਰ ਕੈਦੀ ਬੱਚਿਆਂ, ਔਰਤਾਂ ਅਤੇ ਇੱਥੋਂ ਤੱਕ ਕਿ ਜਾਨਵਰ ਨੂੰ ਦੇਖਣ ਲਈ ਵੀ ਤਰਸ ਜਾਂਦੇ ਹਨ। ਉਨ੍ਹਾਂ ਦਾ ਬਾਹਰੀ ਦੁਨੀਆਂ ਨਾਲੋਂ ਵੀ ਸੰਪਰਕ ਟੁੱਟ ਜਾਂਦਾ ਹੈ। ਉਨ੍ਹਾਂ ਦੇ ਆਪੇ ’ਤੇ ਨਫ਼ਰਤ ਅਤੇ ਬਦਲਾਊ ਸੋਚਾਂ ਦੀ ਪਿਉਂਦ ਚੜ੍ਹ ਜਾਂਦੀ ਹੈ। ਦੁਨੀਆਂ ਦੀ ਚੰਗਿਆਈ ਚੇਤਿਆਂ ਵਿਚੋਂ ਵਿਸਰ ਜਾਂਦੀ ਹੈ ਅਤੇ ਉਹ ਰੂਹਹੀਣ ਮਸ਼ੀਨਾਂ ਵਰਗੇ ਹੋ ਜਾਂਦੇ ਹਨ।’’ ਜੇਲ੍ਹ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਵਾਬਸਤਾ ਇਕ ਉਮਰ ਕੈਦੀ ਨੇ ਜੇਲ੍ਹ ਵਿਚ ਬੰਦ ਨਹਿਰੂ ਨੂੰ ਪੁੱਛਿਆ, ‘‘ਕੀ ਸਵਰਾਜ ਆਉਣ ਨਾਲ ਇਸ ਨਰਕ ਤੋਂ ਛੁਟਕਾਰਾ ਮਿਲੇਗਾ?’’ ਇਹ ਸਵਾਲ ਦੱਸਦਾ ਹੈ ਕਿ ਜੇਲ੍ਹ ਜੀਵਨ ਦੀਆਂ ਹਾਲਤਾਂ ਵੀ ਕਿਸੇ ਕੈਦੀ ਲਈ ਸਵਰਾਜ ਅਤੇ ਗੁਲਾਮੀ ਦੇ ਫ਼ਰਕ ਦੀ ਕਸਵੱਟੀ ਹੋ ਸਕਦੀਆਂ ਹਨ।
ਬਸਤੀਵਾਦੀ ਗ਼ੁਲਾਮੀ ਦੇ ਦੌਰ ’ਚੋਂ ਗੁਜ਼ਰ ਰਹੇ ਭਾਰਤ ਦੀ ਜੇਲ੍ਹ ਵਿਚ ਬੰਦ ਕੈਦੀ ਵੱਲੋਂ ਪੁੱਛੇ ਉਪਰੋਕਤ ਸਵਾਲ ਦਾ ਜਵਾਬ 2014 ਵਿਚ ਛਪੀ ਅਰੁਨ ਫਰੇਰਾ ਦੀ ਕਿਤਾਬ ‘ਕਲਰਜ਼ ਆਫ ਦਿ ਕੇਜ- ਪਰਿਜ਼ਨ ਮੈਮਾਇਰ’ (ਪੰਜਾਬੀ ਅਨੁਵਾਦ ‘ਪਿੰਜਰੇ ਦੇ ਰੰਗ- ਜੇਲ੍ਹ ਯਾਦਾਂ’) ਨੂੰ ਪੜ੍ਹਦਿਆਂ ਮਿਲਦਾ ਹੈ। ਅਰੁਨ ਫਰੇਰਾ ਨੇ ਜੇਲ੍ਹ ਵਿਚ ਰਾਜਨੀਤਕ ਕੈਦੀ ਵਜੋਂ ਪੰਜ ਸਾਲ ਗੁਜ਼ਾਰੇ ਅਤੇ ਇਹ ਕਿਤਾਬ ਜੇਲ੍ਹ ਦੇ ਹਾਲਾਤ ਦੀ ਯਥਾਰਥਕ ਬਿਰਤਾਂਤਕਾਰੀ ਹੈ। ਜੇਲ੍ਹਾਂ ਦੀ ਬਸਤੀਵਾਦੀ ਪ੍ਰੰਪਰਾ ਨੂੰ ਇੰਨੀ ਭਾਰੂ ਹੈ ਕਿ ਖਾਣੇ ਦੇ ਮੈਨੂਅਲ ਤੋਂ ਲੈ ਕੇ ਕੈਦੀਆਂ ਨਾਲ ਅਕਸਰ ਹੁੰਦੀ ਮਾਰਕੁੱਟ ਅਤੇ ਜੇਲ੍ਹ ਦੀ ਇਮਾਰਤਸਾਜ਼ੀ ਤਕ ਕਿੰਨਾ ਕੁਝ ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਦੀ ਯਾਦ ਦਿਵਾਉਂਦਾ ਹੈ। ਲੇਖਕ ਭਾਰਤੀ ਜੇਲ੍ਹਾਂ ਵਿਚ ਜਾਰੀ ਰਹਿ ਰਹੇ ਬਸਤੀਵਾਦੀ ਚਰਿੱਤਰ ਬਾਰੇ ਲਿਖਦਾ ਹੈ, ‘‘ਵਲਗਣਾਂ ’ਚ ਕੈਦ ਹੋਰਨਾਂ ਭਾਈਚਾਰਿਆਂ ਦੀਆਂ ਹਾਲਤਾਂ ਵਾਂਗੂੰ, ਜੇਲ੍ਹ ਜੀਵਨ ਦੀਆਂ ਹਾਲਤਾਂ ਵੀ ਬਦਲਦੇ ਸਮਿਆਂ ਵਿਚ ਸਿਲ ਪੱਥਰ ਹੋ ਕੇ ਰਹਿ ਗਈਆਂ ਹਨ।’’
ਅਰੁਨ ਫਰੇਰਾ ਦੇ ਦੱਸਣ ਮੁਤਾਬਿਕ ਉਸ ਨੂੰ 2007 ਵਿਚ ਨਾਗਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਖ਼ਤਰਨਾਕ ਨਕਸਲੀ ਹੋਣ ਦੇ ਦੋਸ਼ ਅਧੀਨ 11 ਮੁਕੱਦਮੇ ਦਰਜ ਕੀਤੇ ਗਏ। ਅਦਾਲਤ ਨੇ ਲੇਖਕ ਨੂੰ ਇਨ੍ਹਾਂ ਸਾਰੇ ਕੇਸਾਂ ਵਿਚੋਂ ਬਰੀ ਦਰ ਦਿੱਤਾ। ਅੱਠ ਕਾਂਡਾਂ ਵਿਚ ਲਿਖੀ ਇਹ ਕਿਤਾਬ ਅਰੁਨ ਫਰੇਰਾ ਦੇ ਜੇਲ੍ਹ ਜੀਵਨ ਨਾਲ ਸਬੰਧਿਤ ਪੈਨਸਿਲ ਸਕੈੱਚਾਂ ਨਾਲ ਸ਼ਿੰਗਾਰੀ ਹੋਈ ਹੈ। ਲੇਖਕ ਪੁਲੀਸ ਹਿਰਾਸਤ ਅਤੇ ਜੇਲ੍ਹ ਜੀਵਨ ਦੇ ਅਣਮਨੁੱਖੀ ਹਾਲਾਤ ਦੀ ਜੀਵੰਤ ਤਸਵੀਰ ਪੇਸ਼ ਕਰਦਾ ਹੈ। ਭਾਵੇਂ ਲੇਖਕ ਨੇ ਤਸ਼ੱਦਦ ਅਤੇ ਜ਼ਲਾਲਤ ਨੂੰ ਹੱਡੀਂ ਹੰਢਾ ਕੇ ਇਨ੍ਹਾਂ ਜੇਲ੍ਹ ਯਾਦਾਂ ਨੂੰ ਕਾਗਜ਼ ’ਤੇ ਉਤਾਰਿਆ ਹੈ ਤਾਂ ਵੀ ਇਹ ਕਿਤਾਬ ਨਿੱਜੀ ਜਜ਼ਬਿਆਂ ਦੇ ਵਹਿਣ ਤੋਂ ਉਪਰ ਉੱਠ ਕੇ ਲਿਖੀ ਗਈ ਹੈ। ਪੁਲੀਸ ਹਿਰਾਸਤ ਵਿਚ ਹੋਏ ਤਸ਼ੱਦਦ ਦਾ ਬਿਰਤਾਂਤ ਕਿਸੇ ਡਰਾਵਣੀ ਫ਼ਿਲਮ ਵਾਂਗ ਅੱਖਾਂ ਅੱਗੇ ਚੱਲਦਾ ਹੈ। ਕਿਤਾਬ ਦੇ ਪੰਨੇ ਪਰਤਦਿਆਂ ਚੈਕੋਸਲੋਵਾਕੀਆ ਦੇ ਨਾਜ਼ੀ ਵਿਰੋਧੀ ਇਨਕਲਾਬੀ ਆਗੂ ਜੂਲੀਅਸ ਫਿਊਚਕ ਦੀ ਬਹੁਚਰਚਿਤ ਕਿਤਾਬ ‘ਫਾਂਸੀ ਦੇ ਤਖ਼ਤੇ ਤੋਂ’ ਦੀ ਯਾਦ ਆਉਂਦੀ ਹੈ। ਫਿਊਚਕ ਨੂੰ ਨਾਜ਼ੀ ਤਸੀਹਾ ਕੇਂਦਰ ਵਿਚ ਘੋਰ ਤਸ਼ੱਦਦ ਦਾ ਸ਼ਿਕਾਰ ਬਣਾਉਣ ਪਿੱਛੋਂ ਗੋਲੀ ਮਾਰ ਦਿੱਤੀ ਗਈ ਸੀ। ‘ਪਿੰਜਰੇ ਦੇ ਰੰਗ’ ਵਿਚ ਚਿਤਰਿਆ ਪੁਲੀਸ ਹਿਰਾਸਤ ਦਾ ਅਣਮਨੁੱਖੀ ਮਾਹੌਲ ‘ਫਾਂਸੀ ਦੇ ਤਖ਼ਤੇ ਤੋਂ’ ਵਿਚ ਚਿਤਰੇ ਹਿਟਲਰ ਦੇ ਤਸੀਹਾ ਕੇਂਦਰਾਂ ਜਿੰਨਾ ਹੀ ਡਰਾਵਣਾ ਪ੍ਰਤੀਤ ਹੁੰਦਾ ਹੈ। ਮੁਕਾਬਲਾ ਬਣਾ ਕੇ ਮਾਰ ਦੇਣ ਦੀਆਂ ਧਮਕੀਆਂ ਦੇਣ ਵਾਲੇ ਪੁਲੀਸ ਅਫ਼ਸਰ, ਕੈਦੀਆਂ ਦੀ ਮਾਰਕੁੱਟ ਨੂੰ ਸ਼ਾਮ ਦੀ ਕਸਰਤ ਕਹਿਣ ਵਾਲੇ ਜੇਲ੍ਹਰ, ਤਸ਼ੱਦਦ ਦੇ ਨਿਸ਼ਾਨਾਂ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕਰਨ ਵਾਲੇ ਜੇਲ੍ਹ ਡਾਕਟਰ- ਲੇਖਕ ਦੇ ਇਸ ਸਵੈ-ਬਿਰਤਾਂਤ ਦੇ ਪਾਤਰ ਹਨ। ਭਾਵੇਂ ਲੇਖਕ ਨੇ ਪਾਤਰਾਂ ਨੂੰ ਕਾਲਪਨਿਕ ਨਾਮ ਦਿੱਤੇ ਹਨ, ਪਰ ਇਨ੍ਹਾਂ ਦਾ ਚਿਤਰਣ ਯਥਾਰਥਕ ਵੀ ਹੈ ਅਤੇ ਬੇਬਾਕ ਵੀ।

ਅਰੁਨ ਫਰੇਰਾ ਸਿਆਸੀ ਕਾਰਕੁਨ ਹੈ ਜਿਸ ਨੂੰ ਕਥਿਤ ਤੌਰ ’ਤੇ ਨਕਸਲਬਾੜੀ ਲਹਿਰ ਨਾਲ ਜੁੜੇ ਹੋਣ ਕਾਰਨ 2007 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਖਿਲਾਫ਼ ਕਈ ਮੁਕੱਦਮੇ ਚਲਾਏ ਗਏ। 2012 ਵਿਚ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਉਸ ਨੇ 2016 ਵਿਚ ਵਕਾਲਤ ਪਾਸ ਕੀਤੀ। ਅੱਜਕੱਲ੍ਹ ਉਹ ਸਿਆਸੀ ਕੈਦੀਆਂ ਦੇ ਮਾਮਲਿਆਂ ਦੀ ਪੈਰਵੀ ਕਰਦਾ ਹੈ।

ਲੇਖਕ ਅਡੰਬਰੀ ਲਫ਼ਜ਼ਾਂ ਅਤੇ ਅਲੰਕਾਰਾਂ ਤੋਂ ਮੁਕਤ ਭਾਸ਼ਾ ਵਿਚ ਸਾਦੇ ਢੰਗ ਨਾਲ ਜੇਲ੍ਹ ਜੀਵਨ ਦੀ ਕਰੂਰਤਾ ਦਾ ਵਰਣਨ ਕਰਦਾ ਹੈ। ਜੇਲ੍ਹ ਵਿਚ ਆਉਂਦੇ ਹੀ ਕੈਦੀ ਨੂੰ ਪੜ੍ਹਾਏ ਜਾਂਦੇ ਅਧੀਨਤਾ ਦੇ ਪਾਠ ਬਾਰੇ ਲੇਖਕ ਲਿਖਦਾ ਹੈ: ‘‘ਜੇਲ੍ਹ ਦੇ ਗੇਟ ਅਫ਼ਸਰ ਨੂੰ ਇਸ ਤਰ੍ਹਾਂ ਸਿਧਾਇਆ ਜਾਂਦਾ ਹੈ ਕਿ ਉਹ ਨਵੇਂ ਆਏ ਕੈਦੀ ਦੇ ਮੁਕੰਮਲ ਆਤਮ ਸਮਰਪਣ ਵਿਚ ਜ਼ਰਾ ਜਿੰਨੀ ਵੀ ਕਸਰ ਹੋਣ ’ਤੇ ਗਾਲ੍ਹਾਂ ਦੀ ਵਾਛੜ ਕਰੇ। ਗੇਟ ਅਫ਼ਸਰ ਦੇ ਮੇਜ਼ ਦੇ ਜ਼ਿਆਦਾ ਦੂਰ ਜਾਂ ਨੇੜੇ ਖੜ੍ਹੇ ਹੋਣਾ, ਜ਼ਿਆਦਾ ਝੁਕ ਕੇ ਜਾਂ ਤਣ ਕੇ ਖੜ੍ਹੇ ਹੋਣਾ, ਇਹ ਸਭ ਵਰਜਿਤ ਵਿਵਹਾਰ ਦੇ ਜੁਮਰੇ ਵਿਚ ਆਉਂਦਾ ਹੈ।’’ ਜੇਲ੍ਹ ਜੀਵਨ ਦੀ ਕਰੂਰਤਾ ਦੇ ਇਕ ਹੋਰ ਪਹਿਲੂ ਦਾ ਜ਼ਿਕਰ ਲੇਖਕ ‘ਆਂਡਾ’ ਸਿਰਲੇਖ ਹੇਠ ਦਰਜ ਕਾਂਡ ਵਿਚ ਕਰਦਾ ਹੈ। ਇਹ ਆਂਡਾ ਬੈਰਕਾਂ ਇਕਾਂਤਵਾਸ ਕਾਲ ਕੋਠੜੀਆਂ ਹਨ ਜਿੱਥੇ ਹਰ ਸੈੱਲ ਨੂੰ ਦੂਜੇ ਸੈੱਲ ਨਾਲੋਂ ਬਹੁਤ ਧਿਆਨ ਨਾਲ ਨਿਖੇੜਿਆ ਗਿਆ ਹੈ। ਇਨ੍ਹਾਂ ਆਂਡਾ ਬੈਰਕਾਂ ਵਿਚੋਂ ਨਾ ਹਰਿਆਲੀ ਅਤੇ ਨਾ ਹੀ ਆਸਮਾਨ ਦਿਖਾਈ ਦਿੰਦਾ ਹੈ। ਆਂਡਾ ਬੈਰਕਾਂ ਦੇ ਵਿਚਾਲੇ ਇਕ ਉੱਚੀ ਅਟਾਰੀ ਹੈ। ਇਹ ਜੇਲ੍ਹ ਦਾ ਸਭ ਤੋਂ ਵੱਧ ਸੁਰੱਖਿਅਤ ਹਿੱਸਾ ਹੈ ਜਿਸ ਵਿਚ ਜਾਣ ਲਈ ਲੋਹੇ ਦੇ ਮਜ਼ਬੂਤ ਪੰਜ ਗੇਟਾਂ ਵਿਚੋਂ ਲੰਘਣਾ ਪੈਂਦਾ ਹੈ। ‘ਪਿੰਜਰੇ ਦੇ ਰੰਗ’ ਵਿਚ ਵਰਣਨ ਕੀਤੀ ਇਨ੍ਹਾਂ ਬੈਰਕਾਂ ਦੀ ਬਣਤਰ ਬ੍ਰਿਟਿਸ਼ ਰਾਜ ਵਿਚ ਬਣੀ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੀ ਯਾਦ ਦਿਵਾਉਂਦੀ ਹੈ। ਲੇਖਕ ਲਿਖਦਾ ਹੈ, ‘‘ਅੰਡੇ ਦੇ ਨਿਰਦਈ ਅਤੇ ਦਮਘੋਟੂ ਆਕਾਰ ਤੋਂ ਵੀ ਵੱਧ, ਮਨੁੱਖੀ ਰਾਬਤੇ ਦੀ ਅਣਹੋਂਦ ਤੁਹਾਡਾ ਸਾਹ ਨਿਚੋੜ ਲੈਂਦੀ ਹੈ। ਇਹ ਅਜਿਹੀ ਹਾਲਤ ਹੈ ਜੋ ਮਜ਼ਬੂਤ ਤੋਂ ਮਜ਼ਬੂਤ ਇਨਸਾਨਾਂ ਨੂੰ ਵੀ ਗਹਿਰੇ ਤਣਾਅ ਵਿਚ ਜਕੜ ਲੈਂਦੀ ਹੈ। ਨਾਗਪੁਰ ਜੇਲ੍ਹ ਦੇ ਕੈਦੀਆਂ ਨੂੰ ਆਂਡਾ ਸੈੱਲਾਂ ਦੀ ਭਿਆਨਕਤਾ ਦਾ ਚੰਗੀ ਤਰ੍ਹਾਂ ਅਹਿਸਾਸ ਹੈ। ਇਨ੍ਹਾਂ ਸੈੱਲਾਂ ਵਿਚ ਕੈਦ ਹੋਣ ਨਾਲੋਂ ਉਹ ਸਖ਼ਤ ਤੋਂ ਸਖ਼ਤ ਕੁੱਟ ਨੂੰ ਤਰਜੀਹ ਦਿੰਦੇ ਹਨ।’’ ਲੇਖਕ ਦਾ ਅਜਿਹੇ ਅਣਮਨੁੱਖੀ ਹਾਲਾਤ ਵਿਚੋਂ ਮਨੁੱਖੀ ਕੋਮਲਤਾ ਅਤੇ ਸੰਵੇਦਨਾ ਨਾਲ ਬਾਹਰ ਆਉਣਾ ਇਕ ਪ੍ਰਾਪਤੀ ਜਾਪਦਾ ਹੈ ਅਤੇ ਸੁਰਜੀਤ ਪਾਤਰ ਦਾ ਇਹ ਸ਼ਿਅਰ ਜ਼ਿਹਨ ਵਿਚ ਆਉਂਦਾ ਹੈ:
ਵਾਇਲਨ ਦਾ ਗਜ ਫੇਰ ਰਿਹਾ ਸੀ ਸੀਖਾਂ ’ਤੇ
ਜੇਲ੍ਹ ’ਚ ਇੱਕ ਸਾਜ਼ਿੰਦਾ ਡੱਕਿਆ ਹੋਇਆ ਸੀ।
ਇਹ ਕਿਤਾਬ ਜੇਲ੍ਹਾਂ ਵਿਚਲੇ ਹਾਲਾਤ ਨੂੰ ਬਦਲਣ ਲਈ ਕੁਝ ਕਰਨ ਖਾਤਰ ਮਨੁੱਖੀ ਸੰਵੇਦਨਾ ਨੂੰ ਟੁੰਬਦੀ ਹੈ। ਇਕਾਂਤਵਾਸ ਸੈੱਲਾਂ ਵਿਚ ਇਨਸਾਨੀ ਆਵਾਜ਼ ਸੁਣਨ ਨੂੰ ਤਰਸਦੇ ਕੈਦੀਆਂ ਦੇ ਦਿਮਾਗੀ ਤਵਾਜ਼ਨ ਖੋ ਬਹਿਣ ਦੀ ਦਾਸਤਾਨ ਹੈ। ਅਦਾਲਤੀ ਫ਼ੈਸਲਿਆਂ ਨੂੰ ਉਡੀਕਦਿਆਂ ‘ਬੰਦਿਆਂ ਦੇ ਬਿਰਖ’ ਹੋ ਜਾਣ ਦੀ ਕਹਾਣੀ ਹੈ। ਪਰ ‘ਪਿੰਜਰੇ’ ਦੇ ਸਾਰੇ ‘ਰੰਗ’ ਮੱਸਿਆ ਦੀ ਰਾਤ ਵਾਂਗ ਸਿਆਹ ਕਾਲੇ ਨਹੀਂ ਹਨ। ਕਾਲ ਕੋਠੜੀਆਂ ਦੇ ਹਨੇਰੇ ਵਿਚ ਵੀ ਮਨੁੱਖੀ ਰਿਸ਼ਤਿਆਂ ਦੇ ਨਿੱਘ ਦਾ ਸੂਰਜ ਚਮਕਦਾ ਹੈ। ਜੇਲ੍ਹ ਵਿਚ ਬਣੇ ਇਨ੍ਹਾਂ ਰਿਸ਼ਤਿਆਂ ਨੂੰ ਲੇਖਕ ਆਪਣਾ ਦੂਜਾ ਪਰਿਵਾਰ ਆਖਦਾ ਹੈ।
ਲੇਖਕ ਇਹ ਜੇਲ੍ਹ ਯਾਦਾਂ ਜੇਲ੍ਹੀਂ ਡੱਕੇ ਰਾਜਨੀਤਕ ਕੈਦੀਆਂ ਅਤੇ ਨਿਆਂਪੂਰਣ ਸਮਾਜ ਸਿਰਜਣ ਦੇ ਸੁਪਨੇ ਨੂੰ ਸਮਰਪਿਤ ਕਰਦਾ ਹੈ ਜੋ ਬੰਦੀਖਾਨਿਆਂ ਨੂੰ ਮਿੱਟੀ ਵਿਚ ਮਿਲਾ ਦੇਵੇਗਾ। ਜਿਸ ਸੁਪਨੇ ਨੂੰ ਲੇਖਕ ਨੇ ਇਹ ਕਿਤਾਬ ਸਮਰਪਿਤ ਕੀਤੀ ਹੈ, ਅਜਿਹਾ ਜੇਲ੍ਹ ਰਹਿਤ ਅਤੇ ਹਥਿਆਰ ਰਹਿਤ ਸਮਾਜ ਸਿਰਜਣ ਦਾ ਸੁਪਨਾ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਪੰਜਾਬੀ ਕਵੀ ਪਾਸ਼ ਤੱਕ ਕ੍ਰਾਂਤੀਕਾਰੀਆਂ ਦਾ ਆਦਰਸ਼ ਰਿਹਾ ਹੈ। ਇਹ ਸਬੱਬ ਨਹੀਂ ਕਿ ਪਾਸ਼ ਆਪਣੀ ਕਵਿਤਾ ਵਿਚ ਕ੍ਰਾਂਤੀਕਾਰੀ ਸਰਗਰਮੀ ਨੂੰ ‘ਹਥਿਆਰਾਂ ਦੇ ਆਦਮੀ ਨਾਲੋਂ ਟੁੱਟ ਰਹੇ ਯਾਰਾਨੇ ਦੀ ਕੜ੍ਹ-ਕੜ੍ਹ’ ਕਹਿੰਦਾ ਹੈ। ਫਰਾਂਸੀਸੀ ਸਾਹਿਤ ਬਾਰੇ ਗੱਲ ਕਰਦਿਆਂ ਸਾਹਿਤ ਚਿੰਤਕ ਵਿਕਟਰ ਬਰੌਮਬਰਟ ਆਖਦੇ ਹਨ, ‘‘ਜੇਲ੍ਹ ਡਰਾਵਣੇ ਸੁਪਨੇ ਵਾਂਗ ਸਾਡੀ ਸੱਭਿਅਤਾ ’ਤੇ ਛਾਈ ਹੋਈ ਹੈ। ਡਰ ਦਾ ਇਹ ਸਰੋਤ, ਕਾਵਿ ਉਡਾਰੀ ਦਾ ਸਰੋਤ ਵੀ ਰਿਹਾ ਹੈ।’’ ਜੇਲ੍ਹ ਸਾਹਿਤ ਹੁਣ ਇਕ ਵੱਖਰੀ ਸਾਹਿਤ ਵਿਧਾ ਦੇ ਰੂਪ ਵਿਚ ਪ੍ਰਵਾਨਿਤ ਹੋ ਰਿਹਾ ਹੈ। ਉਤਮ ਜੇਲ੍ਹ ਸਾਹਿਤ ਸਲਾਖਾਂ ਪਿੱਛੇ ਕੈਦ ਜ਼ਿੰਦਗੀ ’ਤੇ ਝਾਤ ਪਵਾਉਂਣ ਦੇ ਨਾਲ ਨਾਲ ਇਤਿਹਾਸਕ ਦਸਤਾਵੇਜ਼ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿਸ਼ਵਾਸ ਨੂੰ ਵੀ ਪੱਕਾ ਕਰਦਾ ਹੈ ਕਿ ਮਨੁੱਖ ਦੀ ਕਲਪਨਾ ਉਡਾਰੀ ਅਤੇ ਅਜ਼ਾਦੀ ਦੀ ਤਾਂਘ ਨੂੰ ਸਲਾਖਾਂ ਕੈਦ ਨਹੀਂ ਕਰ ਸਕਦੀਆਂ।
ਸੰਪਰਕ: 84276-53440


Comments Off on ਭਾਰਤੀ ਜੇਲ੍ਹਾਂ ਦੇ ਅੰਦਰ ਦੇ ਰੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.