ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਪੰਜਾਬ ਦੀ ਸਿਆਸਤ ਅਤੇ ਫ਼ੇਰੂਮਾਨ ਦੀ ਵਿਰਾਸਤ

Posted On October - 26 - 2018

ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਜਦੋਂ 11 ਅਕਤੂਬਰ ਨੂੰ ਮੁਲਕ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਨ ਦੇ ਅਹਿਮ ਪਰ ਭੁੱਲ-ਭੁਲਾ ਚੁੱਕੇ ਮੁੱਦੇ ਸਬੰਧੀ ਰਸਮੀ ਕਰਵਾਈ ਪਾਉਣ ਲਈ ਗਏ ਸਨ ਤਾਂ ਉਨ੍ਹਾਂ ਨੂੰ ਸ਼ਾਇਦ ਹੀ ਚੇਤਾ ਹੋਵੇ ਕਿ ਤਕਰੀਬਨ ਅੱਧੀ ਸਦੀ ਪਹਿਲਾਂ ਇਸ ਮੰਗ ਨੂੰ ਲੈ ਕੇ ਇਕ ਸ਼ਖ਼ਸ ਇਸੇ ਮਹੀਨੇ 74 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਆਪਣੀ ਜਾਨ ਵਾਰ ਗਿਆ ਸੀ। ਇਹ ਸ਼ਖ਼ਸ ਸੀ ਦਰਸ਼ਨ ਸਿੰਘ ਫ਼ੇਰੂਮਾਨ ਜਿਸ ਨੇ ਪੰਜਾਬ ਦੀ ਰਾਜਧਾਨੀ ਵਜੋਂ ਵਿਉਂਤੇ ਅਤੇ ਵਿਕਸਤ ਕੀਤੇ ਗਏ, ਪਰ 1966 ਵਿਚ ਪੰਜਾਬ ਤੋਂ ਬਾਹਰ ਰੱਖ ਲਏ ਗਏ ਸ਼ਹਿਰ ਚੰਡੀਗੜ੍ਹ ਨੂੰ ਪੰਜਾਬੀ ਸੂਬੇ ਵਿਚ ਸ਼ਾਮਲ ਕਰਾਉਣ ਦੀ ਮੰਗ ਨੂੰ ਲੈ ਕੇ 27 ਅਕਤੂਬਰ 1969 ਨੂੰ 84 ਸਾਲ ਦੀ ਉਮਰ ਵਿਚ ਸ਼ਹਾਦਤ ਦਿੱਤੀ ਸੀ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਅਤੇ ਆਜ਼ਾਦੀ ਸੰਗਰਾਮ ਵਿਚ ਭਾਗ ਲੈਣ ਵਾਲੇ ਇਸ ਸ਼ਖਸ ਨੂੰ ਅਕਾਲੀ ਦਲ ਨੇ ਕਦੇ ਵੀ ਨਹੀਂ ਅਪਣਾਇਆ।
ਦਰਸ਼ਨ ਸਿੰਘ ਫ਼ੇਰੂਮਾਨ ਨੇ ਆਪਣੀ ਜਾਨ ਸਿੱਖ ਵਿਚਾਰਧਾਰਾ ਨਾਲ ਜੁੜੀਆਂ ਕੁਝ ਮੁਢਲੀਆਂ ਕਦਰਾਂ ਕੀਮਤਾਂ ਬਹਾਲ ਕਰਾਉਣ ਲਈ ਦਿੱਤੀ ਸੀ। ਇਸ ਦੇ ਨਾਲ ਹੀ ਉਹ ਭਾਰਤ ਵਿਚ ਪੰਜਾਬ ਦੇ ਏਜੰਡੇ ਨੂੰ ਵੀ ਉਭਾਰਨਾ ਚਾਹੁੰਦਾ ਸੀ ਜਿਸ ਨੂੰ ਖ਼ੁਦਮੁਖਤਿਆਰ ਪੰਜਾਬ ਵੀ ਕਿਹਾ ਜਾਂਦਾ ਰਿਹਾ ਹੈ। ਉਸ ਦੀ ਕੁਰਬਾਨੀ ਨੂੰ ਅਕਸਰ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਨ ਦੀ ਇਕੋ ਇਕੋ ਮੰਗ ਨਾਲ ਜੋੜਿਆ ਜਾਂਦਾ ਹੈ ਜਦੋਂ ਕਿ ਉਸ ਦੇ ਸਰੋਕਾਰ ਇਸ ਤੋਂ ਕਿਤੇ ਅਗਾਂਹ ਸਨ। ਉਸ ਨੇ ਆਪਣੀ ਵਸੀਹਤ ਵਿਚ ਬਿਆਨ ਕੀਤਾ ਹੈ: “ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰੇ ਤਾਂ ਜੋ ਪੰਥ, ਆਜ਼ਾਦ ਹਿੰਦੋਸਤਾਨ ਵਿਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।”
ਪੰਜਾਬ ਦੇ ਪਹਿਲੀ ਨਵੰਬਰ 1966 ਨੂੰ ਹੋਏ ਪੁਨਰਗਠਨ ਕਾਰਨ ਹਰਿਆਣਾ ਸੂਬਾ ਹੋਂਦ ਵਿਚ ਆਉਣ ਕਰਕੇ ਚੰਡੀਗੜ੍ਹ ਸ਼ਹਿਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਕੇ ਇਨ੍ਹਾਂ ਦੋਹਾਂ ਸੂਬਿਆਂ ਦੀ ਰਾਜਧਾਨੀ ਬਣਾ ਦਿੱਤਾ ਗਿਆ ਸੀ। ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਾਉਣ ਲਈ ਅਕਾਲ ਤਖ਼ਤ ਉੱਤੇ ਅਰਦਾਸ ਕਰ ਕੇ ਮਰਨ ਵਰਤ ਸ਼ੁਰੂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਫ਼ਤਹਿ ਸਿੰਘ ਵਲੋਂ ਆਪਣੀ ਅਰਦਾਸ ਤੋਂ ਪਿੱਛੇ ਹਟਣ ਨੂੰ ਪੰਥ ਅਤੇ ਪੰਜਾਬ ਨਾਲ ਗਦਾਰੀ ਸਮਝਣ ਵਾਲੇ ਦਰਸ਼ਨ ਸਿੰਘ ਫ਼ੇਰੂਮਾਨ ਨੇ ਅਰਦਾਸ ਨਾਲ ਜੁੜੀ ਪਰੰਪਰਾ ਤੇ ਮਾਨਤਾ ਨੂੰ ਬਹਾਲ ਕਰਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਦਾ ਜਮੂਹਰੀ ਰਾਹ ਚੁਣਿਆ ਸੀ। ਸੰਤ ਫ਼ਤਹਿ ਸਿੰਘ ਨੇ ‘ਚੰਡੀਗੜ੍ਹ ਅਤੇ ਦਰਿਆਈ ਡੈਮਾਂ ਦਾ ਕੰਟਰੋਲ ਪੰਜਾਬ ਨੂੰ ਦੇਣ’ ਦੀ ਮੰਗ ਲਈ 27 ਦਸੰਬਰ 1966 ਨੂੰ ਆਤਮ ਦਾਹ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਦੀ ਤਿਆਰੀ ਵਜੋਂ 17 ਦਸੰਬਰ ਨੂੰ ਮਰਨ ਵਰਤ ਰੱਖਿਆ ਸੀ ਪਰ ਉਹ ਲੋਕ ਸਭਾ ਦੇ ਤਤਕਾਲੀ ਸਪੀਕਰ ਹੁਕਮ ਸਿੰਘ ਵਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਰਫੋਂ ‘ਚੰਡੀਗੜ੍ਹ ਪੰਜਾਬ ਦੇ ਸਪੁਰਦ ਕਰ ਦਿੱਤਾ ਜਾਵੇਗਾ’ ਦੇ ਭਰੋਸੇ ਦਾ ਬਹਾਨਾ ਬਣਾ ਕੇ ਆਪਣੇ ਐਲਾਨ ਤੋਂ ਪਿੱਛੇ ਹਟ ਗਿਆ ਸੀ ਪਰ ਜਦੋਂ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਭਰੋਸੇ ਨੂੰ ਬੂਰ ਨਾ ਪਿਆ ਤਾਂ ਦਰਸ਼ਨ ਸਿੰਘ ਫ਼ੇਰੂਮਾਨ ਅੱਗੇ ਆਏ।
ਦਰਸ਼ਨ ਸਿੰਘ ਫ਼ੇਰੂਮਾਨ, ਜਿਹੜਾ ਕਿਸੇ ਵੇਲੇ ਮੋਹਰੀ ਅਕਾਲੀ ਆਗੂ ਸੀ, ਆਜ਼ਾਦੀ ਘੁਲਾਟੀਆ ਵੀ ਸੀ ਅਤੇ ਆਪਣੀ ਸ਼ਹਾਦਤ ਸਮੇਂ ਸੁਤੰਤਰ ਪਾਰਟੀ ਦਾ ਪ੍ਰਧਾਨ ਸੀ। ਉਸ ਨੇ 15 ਅਗਸਤ 1969 ਨੂੰ ਮਰਨ ਵਰਤ ਰੱਖਿਆ। ਉਸ ਨੂੰ 12 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੇ ਆਪਣੇ ਕੀਤੇ ਐਲਾਨ ਅਨੁਸਾਰ, ਜੇਲ੍ਹ ਵਿਚ ਮਰਨ ਵਰਤ ਸ਼ੁਰੂ ਕਰ ਲਿਆ। ਉਸ ਨੂੰ 26 ਅਗਸਤ ਨੂੰ ਜੇਲ੍ਹ ਵਿਚੋਂ ਲਿਆ ਕੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ। ਇਸ ਵਰਤਾਰੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ ਦੇਖਣ ਵਾਲੀ ਹੈ। ਅਕਾਲੀ ਦਲ ਦਾ ਉਸ ਵੇਲੇ ਲਿਆ ਗਿਆ ਸਟੈਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖ ਨੌਜਵਾਨਾਂ ਨੂੰ ਗੋਲੀ ਮਾਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਚੱਲ ਰਹੇ ਬਰਗਾੜੀ ਮੋਰਚੇ ਦੇ ਪ੍ਰਸੰਗ ਵਿਚ ਅਜੋਕੀ ਸਿੱਖ ਸਿਆਸਤ ਨੂੰ ਸਮਝਣ ਲਈ ਅਹਿਮ ਹੋ ਸਕਦਾ ਹੈ। ਇਹ ਵੀ ਚੇਤੇ ਰੱਖਣਾ ਲਾਜ਼ਮੀ ਹੈ ਕਿ ਉਸ ਵੇਲੇ ਅਕਾਲੀ ਦਲ ਸੂਬੇ ਦੀ ਸੱਤਾ ਉੱਤੇ ਕਾਬਜ਼ ਸੀ ਅਤੇ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਸਨ।
ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸੀ: “ਕਾਂਗਰਸ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਆਪਣੀ ਗਵਾਚੀ ਸਾਖ ਬਹਾਲ ਕਰਾਉਣ ਲਈ ਦਰਸ਼ਨ ਸਿੰਘ ਫ਼ੇਰੂਮਾਨ ਦੇ ਮਰਨ ਵਰਤ ਵਾਲਾ ਡਰਾਮਾ ਰਚਿਆ ਹੈ।” ਹੁਣ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਬਰਗਾੜੀ ਮੋਰਚੇ ਦੇ ਆਗੂਆਂ ਨੂੰ ਕਾਂਗਰਸ ਅਤੇ ਪਾਕਿਸਤਾਨੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਏਜੰਟ ਗਰਦਾਨਿਆ ਜਾ ਰਿਹਾ ਹੈ।
ਸੰਤ ਫਤਹਿ ਸਿੰਘ ਨੇ ਇਕ ਵਾਰੀ ਫਿਰ ਐਲਾਨ ਕੀਤਾ ਕਿ ਜੇ ਪਹਿਲੀ ਫਰਵਰੀ 1970 ਤੱਕ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਤਾਂ ਉਹ ਉਸ ਦਿਨ ਆਤਮ ਦਾਹ ਕਰ ਲੈਣਗੇ ਪਰ ਸੰਤ ਫਤਹਿ ਸਿੰਘ ਨੇ ਇਸ ਵਾਰੀ ਵੀ ਆਪਣੇ ਐਲਾਨ ਤੋਂ ਪਿੱਛੇ ਹਟ ਗਏ ਅਤੇ ਚੰਡੀਗੜ੍ਹ ਅੱਜ 2018 ਵਿਚ ਵੀ ਕੇਂਦਰੀ ਸ਼ਾਸਤ ਪ੍ਰਦੇਸ਼ ਹੀ ਹੈ। ਇਹੀ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦੀ ਗੱਲ ਕਰਨ ਵੇਲੇ ਦਰਸ਼ਨ ਸਿੰਘ ਫ਼ੇਰੂਮਾਨ ਦੀ ਯਾਦ ਹੋਣੀ ਚਾਹੀਦੀ ਸੀ। ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫੈਸਲਾ ਪ੍ਰਧਾਨ ਮੰਤਰੀ ਨੇ ਕਰਨਾ ਹੈ, ਭਾਵੇਂ ਕੇਂਦਰ ਵਿਚ ਕੋਈ ਵੀ ਪਾਰਟੀ ਰਾਜ ਕਰਦੀ ਹੋਵੇ। ਇਸ ਵੇਲੇ ਅਕਾਲੀ ਦਲ ਕੇਂਦਰ ਸਰਕਾਰ ਵਿਚ ਭਾਈਵਾਲ ਹੈ ਅਤੇ 1966 ਤੋਂ ਬਾਅਦ ਕਈ ਕੇਂਦਰੀ ਸਰਕਾਰਾਂ ਵਿਚ ਭਾਈਵਾਲ ਰਿਹਾ ਹੈ ਪਰ ਉਨ੍ਹਾਂ ਮੁੱਦਿਆਂ ਵਿਚੋਂ ਇਕ ਦਾ ਵੀ ਹੱਲ ਨਹੀਂ ਹੋਇਆ ਜਿਨ੍ਹਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੋਰਚੇ ਲਾਏ ਅਤੇ ਇਨ੍ਹਾਂ ਮੋਰਚਿਆਂ ਵਿਚ ਸੈਂਕੜੇ ਪੰਜਾਬੀਆਂ ਨੇ ਜਾਨਾਂ ਦਿੱਤੀਆਂ।
ਦਰਸ਼ਨ ਸਿੰਘ ਫ਼ੇਰੂਮਾਨ ਨੇ ਅਕਾਲੀ ਦਲ ਦੀ ਦੋਗਲੀ ਨੀਤੀ ਦਾ ਪਰਦਾ ਫ਼ਾਸ਼ ਕੀਤਾ। ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਕਦੇ ਵੀ ਉਸ ਦੀ ਕੁਰਬਾਨੀ ਨੂੰ ਮਾਨਤਾ ਨਹੀਂ ਦਿੱਤੀ। ਅਕਾਲੀ ਦਲ ਜਦੋਂ ਸੱਤਾ ਵਿਚ ਹੁੰਦਾ ਹੈ ਤਾਂ ਇਹ ਸੂਬੇ ਅਤੇ ਪੰਥ ਨਾਲ ਸਬੰਧਤ ਹਰ ਮੁੱਦਾ ਵਿਸਾਰ ਦਿੰਦਾ ਹੈ ਪਰ ਜਦੋਂ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਉਹੀ ਪੁਰਾਣੇ ਮੁੱਦੇ ਫਿਰ ਚੁੱਕ ਲੈਂਦਾ ਹੈ। ਇਹ ਵਰਤਾਰਾ 1997 ਤੋਂ ਬਾਅਦ ਹੋਰ ਵੀ ਜ਼ੋਰ ਨਾਲ ਉਭਰ ਕੇ ਸਾਹਮਣੇ ਆਇਆ ਹੈ ਅਤੇ ਇਸ ਗੱਲ ਦੀ ਸ਼ਾਹਦੀ ਵੱਖ ਵੱਖ ਚੋਣਾਂ ਸਮੇਂ ਜਾਰੀ ਕੀਤੇ ਚੋਣ ਮੈਨੀਫੈਸਟੋ ਵੀ ਭਰਦੇ ਹਨ। ਅਸਲ ਵਿਚ ਹੁਣ ਅਕਾਲੀ ਦਲ ਦਾ ਮੁੱਖ ਮੰਤਵ ਕਿਸੇ ਆਮ ਸਿਆਸੀ ਪਾਰਟੀ ਵਾਂਗ ਸਿਰਫ਼ ਸੱਤਾ ਹਾਸਲ ਕਰਨਾ ਹੀ ਰਹਿ ਗਿਆ ਹੈ। ਇਹ ਬਾਦਲ ਪਰਿਵਾਰ ਦੀ ਸੱਤਾ ਵਿਚ ਬਣੇ ਰਹਿਣ ਦੀ ਲਾਲਸਾ ਹੀ ਸੀ ਕਿ ਉਸ ਨੇ ਅਜਿਹੀ ਨੁਕਸਦਾਰ ਚੋਣ ਰਣਨੀਤੀ ਘੜੀ ਜਿਸ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਇਨਸਾਫ ਮੋਰਚਾ ਨਿਕਲਿਆ ਹੈ। ਇਸ ਚੋਣ ਰਣਨੀਤੀ ਦਾ ਕੇਂਦਰੀ ਨੁਕਤਾ ‘ਸ਼ਬਦ ਗੁਰੂ’ ਦੇ ਸਿਧਾਂਤ ਦੇ ਸ਼ਰੀਕ ਬਣੇ ਦੇਹਧਾਰੀ ਗੁਰੂਡੰਮ ਡੇਰਾ ਸੱਚਾ ਸੌਦਾ ਦੇ ਪ੍ਰਭਾਵ ਵਾਲੀਆਂ ਵੋਟਾਂ ਬਟੋਰਨਾ ਸੀ। ਵੋਟਾਂ ਹਾਸਲ ਕਰਨ ਦਾ ਵਰਤਾਰਾ ਅਜਿਹੀ ਖੇਡ ਹੈ ਜਿਸ ਵਿਚ ਸਾਰੇ ਸਿਧਾਂਤ, ਅਸੂਲ ਅਤੇ ਸਰੋਕਾਰ ਧਰੇ ਧਰਾਏ ਰਹਿ ਜਾਂਦੇ ਹਨ।
ਦਰਸ਼ਨ ਸਿੰਘ ਫ਼ੇਰੂਮਾਨ ਦੀ ਵਿਰਾਸਤ ਨੂੰ ਕੁਝ ਗੈਰ ਅਕਾਲੀ ਸਿੱਖ ਆਗੂਆਂ ਵਲੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਬੰਦੀਆਂ ਦੀ ਰਿਹਾਈ ਲਈ ਸੂਰਤ ਸਿੰਘ ਖਾਲਸਾ ਵਲੋਂ ਰੱਖੇ ਮਰਨ ਵਰਤ ਨੂੰ ਇਸ ਪ੍ਰਸੰਗ ਵਿਚ ਦੇਖਿਆ ਜਾ ਸਕਦਾ ਹੈ। ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਹੈ ਅਤੇ ਦਰਸ਼ਨ ਸਿੰਘ ਫ਼ੇਰੂਮਾਨ ਦੀ ਸ਼ਹਾਦਤ ਇਸ ਅਕਾਲੀ ਪਰੰਪਰਾ ਦਾ ਹਿੱਸਾ ਹੈ ਪਰ ਸੱਤਾ ਹਾਸਲ ਕਰਨ ਦੀ ਸਿਆਸਤ

ਜਗਤਾਰ ਸਿੰਘ*

ਵਿਚ ਇਸ ਪਰੰਪਰਾ ਦੀ ਕੋਈ ਥਾਂ ਨਹੀਂ।
ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਤਾਂ ਪੰਜਾਬ ਜਾਂ ਪੰਥ ਦੇ ਕਿਸੇ ਵੀ ਹਿਤ ਨਾਲ ਕਿਸੇ ਕਿਸਮ ਦੀ ਵਚਨਬੱਧਤਾ ਦੀ ਗੱਲ ਕਰਨ ਤੋਂ ਵੀ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ। ਆਮ ਸਿਆਸੀ ਪਾਰਟੀ ਵਾਂਗ ਵਿਚਰਨ ਵਿਚ ਕੋਈ ਮਾੜੀ ਗੱਲ ਨਹੀਂ ਪਰ ਸਮੱਸਿਆ ਇਹ ਹੈ ਕਿ ਅਕਾਲੀ ਦਲ ਕੁਝ ਪਰੰਪਰਾਵਾਂ ਨਾਲ ਬੱਝਿਆ ਹੋਇਆ ਹੈ ਅਤੇ ਇਹ ਪਰੰਪਰਾਵਾਂ ਅੱਗੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀਆਂ ਹੋਈਆਂ ਹਨ। ਅਕਾਲੀ ਦਲ ਦੀ ਅਜੋਕੀ ਲੀਡਰਸ਼ਿਪ ਦੀ ਸਮੱਸਿਆ ਇਹ ਹੈ ਕਿ ਉਹ ਇਨ੍ਹਾਂ ਪਰੰਪਰਾਵਾਂ ਅਤੇ ਸੰਸਥਾਵਾਂ ਤੋਂ ਸ਼ਕਤੀ ਤਾਂ ਹਾਸਲ ਕਰਨਾ ਚਾਹੁੰਦੀ ਹੈ ਅਤੇ ਆਪਣੇ ਅਕਸ ਨੂੰ ਧਰਮ ਨਿਰਪੱਖ ਤੇ ਉਦਾਰਵਾਦੀ ਆਗੂਆਂ ਵਜੋਂ ਉਭਾਰਨ ਦੇ ਰਾਹ ਵਿਚ ਰੋੜਾ ਵੀ ਸਮਝਦੀ ਹੈ। ਆਪਣੀ ਮੋਗਾ ਕਨਵੈਨਸ਼ਨ ਵਿਚ ਪਾਰਟੀ ਨੂੰ ਸਿੱਖਾਂ ਦੀ ਥਾਂ ਪੰਜਾਬੀਆਂ ਦੀ ਪ੍ਰਤੀਨਿਧ ਪਾਰਟੀ ਵਿਚ ਤਬਦੀਲ ਕਰਨ ਦੇ ਰਾਹ ਤੁਰਦਿਆਂ ਪਾਰਟੀ ਲੀਡਰਸ਼ਿਪ ਪਾਰਟੀ ਦਾ ਚਿਹਰਾ ਮੋਹਰਾ ਵੀ ਅਜਿਹਾ ਹੀ ਬਣਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਟਕਸਾਲੀ ਅਕਾਲੀ ਆਗੂ ਹਾਸ਼ੀਏ ਉੱਤੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਮਾਡਰਨ ਦਿੱਖ ਵਾਲੇ ਆਗੂਆਂ ਨੇ ਲੈ ਲਈ ਹੈ। ਲੱਗਦਾ ਇਉਂ ਹੈ ਕਿ ਪਾਰਟੀ ਦੀ ਲੀਡਰਸ਼ਿਪ ਨੇ ਆਪਣੇ ਪਿਛੋਕੜ ਨਾਲੋਂ ਨਾਤਾ ਤੋੜ ਕੇ ਤੁਰਨ ਦਾ ਫੈਸਲਾ ਕਰ ਲਿਆ ਹੈ, ਪਰ ਦੇਖਣਾ ਇਹ ਹੈ ਕਿ ਇਹ ਨੀਤੀ ਪਾਰਟੀ ਨੂੰ ਕਿਸ ਪਾਸੇ ਲੈ ਜਾਵੇਗੀ।
*ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ: 97797-11201


Comments Off on ਪੰਜਾਬ ਦੀ ਸਿਆਸਤ ਅਤੇ ਫ਼ੇਰੂਮਾਨ ਦੀ ਵਿਰਾਸਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.