ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ?

Posted On October - 21 - 2018

ਸੁਆਲ ਇਹ ਹੈ ਕਿ ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ਹਨ? ਇਹ ਕਿੱਥੋਂ ਤਕ ਸਾਡੇ ਸਾਰਿਆਂ ਦੇ ਅੰਦਰ ਬੈਠੀ ਹੈ? ਦਰਅਸਲ, ਚਾਲੀ ਸਾਲ ਨਾਰੀਵਾਦੀ ਸਰਗਰਮੀਆਂ ਤੋਂ ਬਾਅਦ ਵੀ ਇਹ ਪਿੱਤਰ ਸੱਤਾ ਅੱਜ ਕਦੇ ਕਦੇ ਆਪਣੇ ਹੀ ਅੰਦਰ ਲੁਕੀ ਬੈਠੀ ਨਜ਼ਰ ਆ ਜਾਂਦੀ ਹੈ। ਆਪਣੀ ਭਾਸ਼ਾ, ਸ਼ਬਦਾਂ ਤੇ ਗੀਤਾਂ ਵਿਚ। ਤੁਸੀਂ ਕਿੰਨਾ ਇਸ ਨੂੰ ਬਾਹਰ ਕੱਢੋਗੇ, ਇਸ ਦੀਆਂ ਜੜ੍ਹਾਂ ਨਿਕਲਦੀਆਂ ਹੀ ਨਹੀਂ। ਮੇਰਾ ਆਪਣਾ ਅਨੁਭਵ ਹੈ ਕਿ ਨਿਕਲਦੀਆਂ ਨਹੀਂ।
ਪਿੱਤਰ ਸੱਤਾ, ਪੈਟਰੀਆਰਕੀ, ਪਿਦਰਸ਼ਾਹੀ, ਬਾਂਗਲਾ ਵਿਚ ਪਿੱਤਰੀ ਤੋਂਤਰੋ। ਇਹ ਇਕ ਪੁਰਾਣਾ ਸ਼ਬਦ ਹੈ। ਅੱਜ ਇਹ ਪਿੱਤਰੀ ਤੋਂਤਰੋ ਨਹੀਂ ਹੈ, ਇਸ ਦਾ ਅਸਲ ਮਤਲਬ ਮਰਦਤੰਤਰ, ਮਰਦਾਵੀਂ ਪ੍ਰਭੂਤਾ ਹੈ। ਇਹ ਹਰ ਜਗ੍ਹਾ ਹੈ ਅਤੇ ਕੋਈ ਵੀ ਮਰਦ ਕਰ ਸਕਦਾ ਹੈ, ਆਪਣੀ ਸ਼ਕਤੀ ਦਿਖਾ ਸਕਦਾ ਹੈ, ਆਪਣਾ ਤੰਤਰ ਦਿਖਾ ਸਕਦਾ ਹੈ। ਇਹ ਜਾਤੀਵਾਦ, ਨਸਲਵਾਦ ਆਦਿ ਵਾਂਗ ਇਕ ਸਮਾਜਿਕ ਪ੍ਰਣਾਲੀ ਹੈ। ਇਨ੍ਹਾਂ ਵਾਂਗ ਹੀ ਇਹ ਇਕ ਅੱਤਿਆਚਾਰੀ ਸਮਾਜਿਕ ਪ੍ਰਣਾਲੀ ਹੈ। ਪਿੱਤਰ ਸੱਤਾ ਦੇ ਦੋ ਮਹੱਤਵਪੂਰਨ ਹਿੱਸੇ ਹਨ। ਪਹਿਲਾ, ਇਹ ਢਾਂਚਾ ਹੈ ਜੋ ਤੁਹਾਨੂੰ ਦਿਸਦਾ ਹੈ ਕਿ ਪਰਿਵਾਰ ਵਿਚ ਘਰ ਦਾ ਮੁਖੀ ਪਿਤਾ ਹੈ। ਪਰਿਵਾਰ ਦਾ ਨਾਮ ਪਿਤਾ ਦੇ ਨਾਂ ਨਾਲ ਚਲਦਾ ਹੈ। ਬਹੁਤੇ ਮੁਲਕ: ਵਿਚ ਬਹੁਤੇ ਸੰਸਦ ਮੈਂਬਰ ਮਰਦ ਹਨ। ਬਹੁਤੇ ਕਾਰਪੋਰੇਟ ਅਤੇ ਧਾਰਮਿਕ ਨੇਤਾ ਵੀ ਮਰਦ ਹਨ। ਇਹ ਢਾਂਚਾ ਦਿਖਾਈ ਦਿੰਦਾ ਹੈ। ਅਸੀਂ ਇਨਸਾਨ ਹਾਂ, ਸਿਰਫ਼ ਢਾਂਚਿਆਂ ਨਾਲ ਕੰਮ ਚਲਾਉਣ ਦੀ ਲੋੜ ਨਹੀਂ ਹੈ। ਇਕ ਵਿਚਾਰਧਾਰਾ ਇਨਸਾਨਾਂ ਨੂੰ ਦੇ ਦਿਉ, ਉਨ੍ਹਾਂ ਦੇ ਦਿਲ ਦਿਮਾਗ਼ ਵਿਚ ਹਾਰਡ ਡਿਸਕ ਵਾਂਗ ਫਿੱਟ ਕਰ ਦਿਉ, ਫਿਰ ਉਹ ਉਸ ਢਾਂਚੇ ਉੱਤੇ ਚਲਦੇ ਰਹਿੰਦੇ ਹਨ। ਪਿੱਤਰ ਸੱਤਾ ਇਕ ਵਿਚਾਰਧਾਰਾ ਵੀ ਹੈ ਜੋ ਹਰ ਰੋਜ਼ ਫੈਲਾਈ ਜਾਂਦੀ ਹੈ। ਸਵੇਰ ਤੋਂ ਸ਼ਾਮ ਤਕ ਸੁਣਾਓ ‘ਮੈਂ ਤੰਦੂਰੀ ਮੁਰਗੀ ਹੂੰ ਯਾਰ, ਗਟਕਾ ਲੇ ਸਈਆਂ ਐਲਕੋਲ੍ਹ ਸੇ’ ਭਾਵ ਏਨਾ ਦੁਹਰਾਓ ਕਿ ਹਰ ਮੁੰਡੇ ਅਤੇ ਕੁੜੀ ਦੇ ਦਿਲ ਵਿਚ ਬੈਠ ਜਾਵੇ ਕਿ ਔਰਤ ਦੀ ਜਗ੍ਹਾ ਕਿੱਥੇ ਹੈ ਅਤੇ ਮਰਦ ਦੀ ਜਗ੍ਹਾ ਕਿੱਥੇ। ਇਉਂ ਢਾਂਚਾ ਦਿਸਦਾ ਹੈ, ਪਰ ਵਿਚਾਰਧਾਰਾ ਨਾ ਦਿਖਣ ਵਾਲੀ ਚੀਜ਼ ਹੈ। ਇਸ ਨੇ ਹਵਾ ਦੀ ਤਰ੍ਹਾਂ ਪ੍ਰਦੂਸ਼ਣ ਫ਼ੈਲਾਇਆ ਹੋਇਆ ਹੈ ਅਤੇ ਅਸੀਂ ਇਸੇ ਹਵਾ ’ਚ ਸਾਹ ਲੈਂਦੇ ਹਾਂ। ਅਸੀਂ ਸਮਝਦੇ ਹਾਂ ਕਿ ਜਿਉਣ ਦਾ ਇਹੋ ਇਕੋ ਇਕ ਤਰੀਕਾ ਹੈ, ਕੋਈ ਹੋਰ ਤਰੀਕਾ ਨਹੀਂ।

ਪ੍ਰਸਿੱਧ ਚਿੰਤਕ ਕਮਲਾ ਭਸੀਨ ਦਾ ਇਹ ਮੰਨਣਾ ਹੈ ਕਿ ਪਿੱਤਰ ਸੱਤਾ ਦੀਆਂ ਜੜ੍ਹਾਂ ਸਰਮਾਏਦਾਰੀ ਨਿਜ਼ਾਮ ਵਿਚ ਹਨ। ਨਾਰੀਵਾਦ ਦੇ ਨਾਲ ਨਾਲ ਉਨ੍ਹਾਂ ਅਤੇ ਰਿਤੂ ਮੈਨਨ ਨੇ ਮਿਲ ਕੇ ਦੇਸ਼ਵੰਡ ਬਾਰੇ ਯਾਦਗਾਰੀ ਪੁਸਤਕ ‘ਬਾਰਡਰਜ਼ ਐਂਡ ਬਾਊਂਡਰੀਜ਼: ਵਿਮੈੱਨ ਇਨ ਇੰਡੀਆ’ਜ਼ ਪਾਰਟੀਸ਼ਨ’ ਵੀ ਲਿਖੀ। ਅਜੋਕੇ ਮਾਹੌਲ ਦੇ ਮੱਦੇਨਜ਼ਰ ਔਰਤ ਅਤੇ ਮਰਦ ਦੀ ਸਮਾਜਿਕ ਸਥਿਤੀ ਨੂੰ ਸਮਝਣ ਲਈ ਇਹ ਸਪਸ਼ਟ ਸਮਝ ਹੋਣੀ ਜ਼ਰੂਰੀ ਹੈ ਕਿ ‘ਪਿੱਤਰ ਸੱਤਾ’ ਕੀ ਹੈ ਅਤੇ ਕਿੱਥੇ ਤਕ ਫੈਲੀ ਹੋਈ ਹੈ? ਇਸ ਉਦੇਸ਼ ਤਹਿਤ ਕਮਲਾ ਭਸੀਨ ਦੇ ਭਾਸ਼ਨ ‘ਪਿੱਤਰਸੱਤਾ ਕੀ ਜੜੇਂ ਕਹਾਂ ਤਕ…!’ ਦੇ ਕੁਝ ਅੰਸ਼ਾਂ ਦਾ ਪੰਜਾਬੀ ਰੂਪ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਪਿੱਤਰੀ ਸੱਤਾ ਅਜਿਹੀ ਸਮਾਜਿਕ ਵਿਵਸਥਾ ਹੈ ਜਿਸ ਵਿਚ ਮਰਦਾਂ ਨੂੰ ਉੱਤਮ ਮੰਨਿਆ ਜਾਂਦਾ ਹੈ। ਇਹ ਕੌਣ ਕਹਿੰਦਾ ਹੈ? ਉਹੀ ਕਹਿੰਦੇ ਹਨ ਕਿ ਉਹ ਉੱਤਮ ਹਨ। ਕੋਈ ਸਬੂਤ? ਸਬੂਤ ਦੀ ਕੀ ਲੋੜ ਹੈ? ਜਿਸ ਦੀ ਲਾਠੀ ਉਸ ਦੀ ਮੱਝ। ਪਿੱਤਰ ਸੱਤਾ ਵਿਚ ਪੁਰਸ਼ਾਂ ਕੋਲ ਤਿੰਨ ਚੀਜ਼ਾਂ ਉੱਤੇ ਵਧੇਰੇ ਨਿਯੰਤਰਣ ਹੈ। ਪਹਿਲਾ, ਆਰਥਿਕ, ਸਮਾਜਿਕ, ਰਾਜਨੀਤਿਕ ਹਰ ਤਰ੍ਹਾਂ ਦੇ ਸਰੋਤਾਂ ਉੱਤੇ। ਦੂਜਾ, ਸਰੋਤਾਂ ਉੱਤੇ ਨਿਯੰਤਰਣ ਕਾਰਨ ਨਿਰਣਾ ਲੈਣ ਦੀ ਸ਼ਕਤੀ ਉੱਤੇ ਵੀ ਉਨ੍ਹਾਂ ਦਾ ਨਿਯੰਤਰਣ ਹੈ। ਤੀਜਾ, ਸਭ ਤੋਂ ਘਾਤਕ ਹੈ ਕਿ ਵਿਚਾਰਧਾਰਾ ਉੱਤੇ ਮਰਦਾਂ ਦਾ ਵਧੇਰੇ ਨਿਯੰਤਰਣ ਹੈ। ਉਹ ਹੀ ਧਾਰਮਿਕ ਤੇ ਆਰਥਿਕ ਵਿਚਾਰਧਾਰਾ ਬਣਾਉਂਦੇ ਹਨ, ਸੰਵਿਧਾਨ ਵੀ ਉਹੀ ਲਿਖਦੇ ਹਨ। ਅਸੀਂ ਕਦੋਂ ਉੱਠੀਏ, ਕਦੋਂ ਜਾਗੀਏ, ਕਿੱਥੇ ਜਾਈਏ, ਕਿੱਥੇ ਨਾ ਜਾਈਏ, ਉਹੀ ਦੱਸਦੇ ਹਨ। ਬਦਕਿਸਮਤੀ ਨਾਲ ਪਿੱਤਰ ਸੱਤਾ ਨੂੰ ਸਿਰਫ਼ ਮਰਦ ਹੀ ਨਹੀਂ ਮੰਨਦੇ ਸਗੋਂ ਅਸੀਂ ਔਰਤਾਂ ਵੀ ਇਸ ਨੂੰ ਪੂਰੀ ਤਰ੍ਹਾਂ ਮੰਨਦੀਆਂ ਹਾਂ। ਅਸੀਂ ਇਸ ਨੂੰ ਜ਼ਿਆਦਾ ਲਾਗੂ ਕਰਦੀਆਂ ਹਾਂ। ਇਸ ਨੂੰ ਬੱਚਿਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸਾਡੇ ਉੱਤੇ ਥੋਪੀ ਜਾਂਦੀ ਹੈ। ਇਕ ਤਰ੍ਹਾਂ ਅਸੀਂ ਆਪਣੇ ਖ਼ਿਲਾਫ਼ ਇਕ ਸਮਾਜ ਆਪ ਹੀ ਤਿਆਰ ਕਰਦੀਆਂ ਹਾਂ।
ਦਰਅਸਲ, ਪਿੱਤਰ ਸੱਤਾ ਵਿਚ ਔਰਤਾਂ ਦੀ ਹਰ ਚੀਜ਼ ਉੱਪਰ ਨਿਯੰਤਰਣ ਕੀਤਾ ਜਾਂਦਾ ਹੈ। ਸਾਡੀ ਉਤਪਾਦਨ ਸ਼ਕਤੀ ਉੱਤੇ ਨਿਯੰਤਰਣ ਹੁੰਦਾ ਹੈ ਕਿ ਅਸੀਂ ਕਿਹੜਾ ਕੰਮ ਕਰਾਂਗੀਆ ਜਾਂ ਕੀ ਪੜ੍ਹਾਂਗੀਆਂ? ਕਿਹੜੀ ਨੌਕਰੀ ਸਾਡੇ ਲਈ ਜਾਇਜ਼ ਹੈ? ਸਾਡੀ ਪ੍ਰਜਣਨ ਸ਼ਕਤੀ ਨੂੰ ਪਿੱਤਰ ਸੱਤਾ ਨਿਯੰਤਰਣ ਕਰਦੀ ਹੈ। ਸਾਡਾ ਵਿਆਹ ਕਿੰਨੇ ਸਾਲ ਦੀ ਉਮਰ ਵਿਚ ਹੋਵੇਗਾ? ਅਸੀਂ ਕਿੰਨੇ ਬੱਚੇ ਪੈਦਾ ਕਰਾਂਗੀਆਂ? ਜੇ ਕੁੜੀਆਂ ਪੈਦਾ ਹੁੰਦੀਆਂ ਰਹੀਆਂ ਤਾਂ ਹੋਰ ਕਿੰਨੇ ਬੱਚੇ ਕਰਾਂਗੀਆਂ? ਪ੍ਰਜਣਨ ਸ਼ਕਤੀ ਕੁਦਰਤ ਨੇ ਸਾਨੂੰ ਦਿੱਤੀ ਹੈ, ਪਰ ਅਸੀਂ ਉਸ ਨੂੰ ਨਿਯੰਤਰਣ ਨਹੀਂ ਕਰ ਸਕਦੀਆਂ। ਇੱਥੋਂ ਤਕ ਕਿ ਸਾਡੀ ਕਾਮੁਕਤਾ ਉੱਤੇ ਵੀ ਸਾਡਾ ਆਪਣਾ ਨਿਯੰਤਰਣ ਨਹੀਂ।
ਸਾਰੀਆਂ ਸਮਾਜਿਕ ਸੰਸਥਾਵਾਂ ਉੱਤੇ ਵੀ ਮਰਦਾਂ ਦਾ ਹੱਕ ਹੈ। ਪਰਿਵਾਰ ਪਿੱਤਰ ਸੱਤਾ ਦਾ ਪ੍ਰਾਇਮਰੀ ਸਕੂਲ ਹੈ। ਇੱਥੇ ਦੇਖਣ-ਸੁਣਨ ਢੰਗਾਂ ਨਾਲ ਪਿੱਤਰ ਸੱਤਾ ਸਿਖਾਈ ਜਾਂਦੀ ਹੈ। ਦੇਖਣ-ਸੁਣਨ ਸਵੇਰ ਤੋਂ ਲੈ ਕੇ ਰਾਤ ਤਕ ਚਲਦਾ ਹੈ। ਜਾਂ ਤਾਂ ਦੇਖ ਕੇ ਸਿੱਖ ਲਉ, ਜੇ ਨਹੀਂ ਦੇਖਿਆ ਤਾਂ ਸੁਣ ਕੇ ਅਤੇ ਜੇ ਦੇਖ-ਸੁਣ ਕੇ ਵੀ ਨਹੀਂ ਸਿੱਖਿਆ ਤਾਂ ਤੁਹਾਨੂੰ ਦੰਡ ਦਿੱਤਾ ਜਾਵੇਗਾ। ਪਰਿਵਾਰ ਤੋਂ ਬਾਅਦ ਸਿੱਖਿਆ ਇਹ ਕਾਰਜ ਕਰਦੀ ਹੈ। ਪਹਿਲਾਂ ਤਾਂ ਕੁੜੀਆਂ ਨੂੰ ਪੜ੍ਹਨ ਦਾ ਹੱਕ ਹੀ ਨਹੀਂ ਸੀ। ਹਾਰਵਰਡ ਯੂਨੀਵਰਸਿਟੀ ਵਿਚ ਕੁੜੀਆਂ ਦਾ ਦਾਖ਼ਲਾ ਮੁੰਡਿਆਂ ਦੇ ਦਾਖ਼ਲੇ ਤੋਂ ਦੋ ਸੌ ਇੱਕਤੀ (231) ਸਾਲ ਬਾਅਦ ’ਚ ਹੋਇਆ। ਹਾਰਵਰਡ ਯੂਨੀਵਰਸਿਟੀ ਵਿਚ ਅਜਿਹਾ ਹੋਇਆ ਤਾਂ ਸਾਡੇ ਮੁਲਕ ਦੀ ਗੱਲ ਹੀ ਛੱਡ ਦਿਓ। ਸਿੱਖਿਆ ਪੂਰੀ ਤਰ੍ਹਾਂ ਪਿੱਤਰ ਸੱਤਾਤਮਕ ਹੈ। ਇਸ ਤੋਂ ਇਲਾਵਾ ਕਾਨੂੰਨੀ, ਆਰਥਿਕ, ਰਾਜਨੀਤਿਕ ਸੰਸਥਾਵਾਂ, ਰਾਜ ਦੇ ਸੰਗਠਨ; ਨੌਕਰਸ਼ਾਹੀ, ਪੁਲੀਸ, ਫ਼ੌਜ ਸਭ ਪਿੱਤਰ ਸੱਤਾਤਮਕ ਹਨ। ਮੀਡੀਆ ਮਰਦ ਵੱਲੋਂ, ਮਰਦ ਦਾ, ਮਰਦ ਲਈ ਭਾਵ ਪਿੱਤਰ ਸੱਤਾਤਮਕ ਹੈ।
ਪਿੱਤਰ ਸੱਤਾ ਵਿਚ ਔਰਤਾਂ ਨਾਲ ਹਿੰਸਾਤਮਕ ਵਿਵਹਾਰ ਕੋਈ ਚਾਣਚੱਕ ਵਾਪਰੀ ਘਟਨਾ ਨਹੀਂ ਹੈ। ਇਹ ਕੋਈ ਮੌਕਾ ਮੇਲ ਨਹੀਂ। ਇਹ ਢਾਂਚਾਗਤ ਹੈ। ਜੇ ਪਿੱਤਰ ਸੱਤਾ ਚਾਹੀਦੀ ਹੈ ਤਾਂ ਹਿੰਸਾ ਜ਼ਰੂਰੀ ਹੈ। ਬੇਇਨਸਾਫ਼ੀ ਉੱਪਰ ਆਧਾਰਿਤ ਹਰੇਕ ਢਾਂਚਾ ਹਿੰਸਾ ਨਾਲ ਚਲਦਾ ਹੈ। ਇਸ ਲਈ ਪਿੱਤਰ ਸੱਤਾ ਵੀ ਹਿੰਸਾ ਨਾਲ ਚਲਦੀ ਹੈ। ਸੰਯੁਕਤ ਰਾਸ਼ਟਰ ਕਹਿੰਦਾ ਹੈ ਕਿ ਪੂਰੀ ਦੁਨੀਆਂ ਵਿਚ ਤਿੰਨ ਵਿਚੋਂ ਇਕ ਔਰਤ ਹਿੰਸਾ ਨੂੰ ਸਹਿੰਦੀ ਹੈ।
ਧਰਮ ਵਿਚ ਭਗਵਾਨ ਦਾ ਜਿਹੜਾ ਚਿੱਤਰ ਬਣਦਾ ਹੈ, ਜੋ ਇਸ ਦੀ ਭਾਸ਼ਾ ਹੈ, ਉਸ ਵਿਚ ਮਰਦ ਲਿੰਗ ਵਧੇਰੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਡੀਆਂ ਬਹੁਤੀਆਂ ਸਭਿਆਚਾਰਕ ਰਵਾਇਤਾਂ ਪਿੱਤਰ ਸੱਤਾਤਮਕ ਹਨ। ਸਾਡੀ ਭਾਸ਼ਾ ਵਿਚੋਂ ਉਦਾਹਰਨ ਲੈਂਦੇ ਹਾਂ। ਜਿਸ ਨਾਲ ਕੁੜੀ ਦਾ ਵਿਆਹ ਹੁੰਦਾ ਹੈ, ਉਸ ਲਈ ਹਿੰਦੀ ਭਾਸ਼ਾ ਵਿਚ ਪਤੀ, ਬਾਂਗਲਾ ’ਚ ਸਵਾਮੀ, ਉੜੀਆ ’ਚ ਸਵਾਮੀ, ਉਰਦੂ ਵਿਚ ਸ਼ੌਹਰ, ਖਾਵੰਦ, ਅੰਗਰੇਜ਼ੀ ’ਚ ਹਸਬੈਂਡ ਸ਼ਬਦ ਵਰਤੇ ਜਾਂਦੇ ਹਨ। ਜੇ ਸਵੇਰ ਤੋਂ ਸ਼ਾਮ ਤਕ ਤੁਸੀਂ ਪਤੀ ਪਤੀ, ਮਾਲਕ ਮਾਲਕ ਕਹੋਗੇ ਤਾਂ ਉਸ ਦਾ ਕੀ ਪ੍ਰਭਾਵ ਹੋਏਗਾ! ਵਿਆਹ ਦੇ ਰਿਸ਼ਤੇ ਵਿਚ ਜੇ ਇਕ ਮਾਲਕ ਹੈ ਤਾਂ ਤਾਰਕਿਕ ਤੌਰ ਉੱਤੇ ਦੂਜਾ ਗ਼ੁਲਾਮ ਹੋਇਆ। ਮੈਂ ਮੰਨਦੀ ਹਾਂ ਕਿ ਇਸ ਸਭ ਤੋਂ ਛੁਟਕਾਰਾ ਪਾਉਣ ਲਈ ਅੱਜ ਇਕ ਸਭਿਆਚਾਰਕ ਕ੍ਰਾਂਤੀ ਦੀ ਲੋੜ ਹੈ।
ਪਿੱਤਰ ਸੱਤਾ ਦਾ ਜਾਤ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਹੈ। ਪਿੱਤਰ ਸੱਤਾ ਤੋਂ ਬਿਨਾਂ ਜਾਤ-ਪਾਤ ਵਿਵਸਥਾ ਚੱਲ ਨਹੀਂ ਸਕਦੀ। ਜਾਤ ਪ੍ਰਣਾਲੀ ਨੂੰ ਚਲਾਉਣਾ ਲਈ ਔਰਤ ਨੂੰ ਦਬਾਉਣਾ ਜ਼ਰੂਰੀ ਹੈ। ਮੈਂ ਮੰਨਦੀ ਹਾਂ ਕਿ ਦੱਖਣੀ ਏਸ਼ੀਆ ਖ਼ਾਸਕਰ ਭਾਰਤ ਵਿਚ ਪਿੱਤਰ ਸੱਤਾ ਜ਼ਿਆਦਾ ਭਿਅੰਕਰ ਹੈ ਕਿਉਂਕਿ ਇੱਥੇ ਜਾਤ ਵੀ ਹੈ। ਜਾਤ ਸ਼ੁੱਧਤਾ ਲਈ ਪਿੱਤਰ ਸੱਤਾ ਜ਼ਰੂਰੀ ਹੈ।
ਅੱਜ ਸਾਡੀ ਇਕ ਹੋਰ ਵੱਡੀ ਦੁਸ਼ਮਣ ਪੂੰਜੀਵਾਦੀ ਪਿੱਤਰ ਸੱਤਾ ਹੈ। ਇਸ ਦੀ ਤਾਕਤ ਹੈਰਾਨੀਜਨਕ ਹੈ। ਅੱਜ ਪੋਰਨੋਗ੍ਰਾਫ਼ੀ ਇਕ ਅਰਬ ਡਾਲਰ ਦਾ ਉਦਯੋਗ ਹੈ। ਇਹ ਔਰਤ ਨੂੰ ਇਕ ਵਸਤੂ ਬਣਾ ਦਿੰਦੀ ਹੈ ਅਤੇ ਮਰਦ ਨੂੰ ਦਾਨਵ। ਅੱਜ ਸੁੰਦਰਤਾ ਉਤਪਾਦ ਵੀ ਇਕ ਅਰਬ ਡਾਲਰ ਦਾ ਉਦਯੋਗ ਹੈ। ਆਈ.ਪੀ.ਐੱਲ. ਦੀਆਂ ਟੀਮਾਂ ਦੇ ਨਾਂ ਦੇਖ ਲਉ… ਜਾਂ ਤਾਂ ਰਾਜਾ-ਮਹਾਰਾਜਾ ਜਾਂ ਹਿੰਸਾਤਮਕ। ਪੂੰਜੀਵਾਦ ਇਨ੍ਹਾਂ ਚੀਜ਼ਾਂ ਉੱਤੇ ਪਲਰ ਰਿਹਾ ਹੈ। ਸਾਨੂੰ ਇਸ ਨਾਲ ਵੀ ਲੜਨਾ ਪਵੇਗਾ।
ਹੁਣ ਅਹਿਮ ਸੁਆਲ ਹੈ ਕਿ ਪਿੱਤਰ ਸੱਤਾ ਕਿੱਥੋਂ ਅਤੇ ਕਿਉਂ ਆਈ? ਕੁਝ ਲੋਕ ਮੰਨਦੇ ਹਨ ਕਿ ਇਹ ਕੁਦਰਤੀ ਹੈ, ਜੀਵ-ਵਿਗਿਆਨਕ ਜਾਂ ਰੱਬ ਦੀ ਬਣਾਈ ਹੈ। ਮਸਲਨ ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾ ਆਦਮ ‘ਜੀ’ ਪੈਦਾ ਹੋਏ, ਉਨ੍ਹਾਂ ਦੀ ਫਾਲਤੂ ਪੱਸਲੀ ਤੋਂ ਹਵਾ ਬਣੀ। ਪਰ ਅਸੀਂ ਮੰਨਦੇ ਹਾਂ ਕਿ ਪਹਿਲਾਂ 95 ਫ਼ੀਸਦੀ ਮਾਨਵੀ ਅਸਤਿਤਵ ਵਿਚ ਪਿੱਤਰ ਸੱਤਾ ਨਹੀਂ ਸੀ। ਇਹ ਹੁਣ ਪੈਦਾ ਹੋਈ ਹੈ। ਇਹ ਲਗਭਗ ਤਿੰਨ ਤੋਂ ਪੰਜ ਹਜ਼ਾਰ ਸਾਲ ਪੁਰਾਣੀ ਹੈ। ਕਿੱਥੇ, ਕਿੰਨੀ ਪੁਰਾਣੀ ਹੈ, ਇਹ ਨਿਰਭਰ ਕਰਦਾ ਹੈ ਕਿ ਉੱਥੇ ਨਿੱਜੀ ਜਾਇਦਾਦ ਕਦੋਂ ਆਈ? ਅਸੀਂ ਇਸ ਨੂੰ ਨਿੱਜੀ ਜਾਇਦਾਦ ਦੇ ਨਾਲ ਜੋੜ ਕੇ ਦੇਖਦੇ ਹਾਂ। ਇਸ ਲਈ ਅਸੀਂ ਮੰਨਦੇ ਹਾਂ ਕਿ ਇਹ ਸਾਡੀ ਬਣਾਈ ਬਿਮਾਰੀ ਹੈ। ਜੇ ਸਾਡੀ ਬਣਾਈ ਹੈ ਤਾਂ ਜੇ ਅਸੀਂ ਚਾਹੀਏ ਅਤੇ ਕੋਸ਼ਿਸ਼ ਕਰੀਏ ਤਾਂ ਇਸ ਨੂੰ ਖ਼ਤਮ ਵੀ ਕਰ ਸਕਦੇ ਹਾਂ। ਅਸੀਂ ਲਾਚਾਰ ਨਹੀਂ ਹਾਂ। ਅਸਲ ਵਿਚ ਪਿੱਤਰ ਸੱਤਾ ਇਕ ਅੰਧ-ਵਿਸ਼ਵਾਸ ਹੈ ਜਿਸ ਦਾ ਕੋਈ ਵਿਗਿਆਨਕ ਆਧਾਰ ਨਹੀਂ।
ਪਿੱਤਰ ਸੱਤਾ ਦਾ ਬੁਰਾ ਪ੍ਰਭਾਵ ਸਿਰਫ਼ ਕੁੜੀਆਂ ਉੱਤੇ ਨਹੀਂ ਪੈਂਦਾ। ਇਸ ਬਾਰੇ ਡੂੰਘਾਈ ਨਾਲ ਅਤੇ ਅਧਿਆਤਮਿਕ ਤੌਰ ਉੱਤੇ ਸੋਚਿਆਂ ਲੱਗਦਾ ਹੈ ਕਿ ਪਿੱਤਰ ਸੱਤਾ ਔਰਤਾਂ ਤੋਂ ਵੱਧ ਮਰਦਾਂ ਦਾ ਨੁਕਸਾਨ ਕਰ ਰਹੀ ਹੈ। ਪਿੱਤਰ ਸੱਤਾ ਵਿਚ ਉਨ੍ਹਾਂ ਨੂੰ ਰੋਣ ਨਹੀਂ ਦਿੱਤਾ ਜਾਂਦਾ। ਮਰਦ ਰੋਣਾ ਚਾਹੁੰਦਾ ਹੈ, ਰੋ ਨਹੀਂ ਸਕਦਾ। ਡਰਨਾ ਚਾਹੁੰਦਾ ਹੈ, ਡਰ ਨਹੀਂ ਸਕਦਾ। ਉਹ ਕਹਿਣਾ ਚਾਹੁੰਦਾ ਹੈ ਕਿ ਮੈਂ ਆਤਮ-ਵਿਸ਼ਵਾਸੀ ਨਹੀਂ ਹਾਂ ਪਰ ਉਹ ਕਹਿ ਨਹੀਂ ਸਕਦਾ। ਇਕ ਤਰ੍ਹਾਂ ਨਾਲ ਉਸ ਦਾ ਭਾਵਨਾਤਮਕ ਖਸੀਕਰਨ ਹੋ ਜਾਂਦਾ ਹੈ। ਉਹ ਆਪਣੀ ਭਾਵਨਾਤਮਕਤਾ ਨੂੰ ਸਮਝਦਾ ਹੀ ਨਹੀਂ। ‘ਮਰਦ’ ਪੈਦਾ ਨਹੀਂ ਹੁੰਦੇ ਸਗੋਂ ਪਿੱਤਰ ਸੱਤਾ ਫੈਕਟਰੀ ਉਨ੍ਹਾਂ ਨੂੰ ਅਜਿਹੇ ਬਣਾ ਦਿੰਦੀ ਹੈ। ਉਨ੍ਹਾਂ ਤੋਂ ਉਨ੍ਹਾਂ ਦੀ ਮਨੁੱਖਤਾ ਖੋਹ ਲੈਂਦੀ ਹੈ।
ਅਸੀਂ ਔਰਤਾਂ ਪਿੱਤਰ ਸੱਤਾ ਦੇ ਦਾਬੇ ਵਿਚ ਰਹਿਣ ਤੋਂ ਇਨਕਾਰ ਕਰਦੀਆਂ ਹਾਂ। ਪਿੱਤਰ ਸੱਤਾ ਦਾ ਉਲਟ ਸੱਤਾ ਨਹੀਂ। ਇਸ ਦਾ ਵਿਰੋਧੀ ਸ਼ਬਦ ਸਮਾਨਤਾ ਹੈ। ਮੈਂ ਮੰਨਦੀ ਹਾਂ ਔਰਤ ਮਰਦ ਸਮਾਨਤਾ ਦੀ ਲੜਾਈ ਔਰਤ ਮਰਦ ਦਰਮਿਆਨ ਲੜਾਈ ਨਹੀਂ ਸਗੋਂ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇਕ ਕਹਿੰਦੀ ਹੈ ਕਿ ਪਿੱਤਰ ਸੱਤਾ ਚੰਗੀ ਹੈ। ਦੂਜੀ ਕਹਿੰਦੀ ਹੈ ਕਿ ਸਮਾਨਤਾ ਚੰਗੀ ਹੈ। ਇਨ੍ਹਾਂ ਦੋਵੇਂ ਪਰ੍ਹਿਆ ਵਿਚ ਔਰਤਾਂ ਅਤੇ ਮਰਦ ਦੋਵੇਂ ਬੈਠੇ ਹਨ। ਪਿੱਤਰ ਸੱਤਾ ਦੇ ਹੱਕ ਵਿਚ ਔਰਤਾਂ ਵੀ ਹਨ ਅਤੇ ਨਾਰੀਵਾਦ ਦੇ ਹਮਾਇਤੀ ਮਰਦ ਵੀ। ਪਿੱਤਰ ਸੱਤਾ ਤੋਂ ਆਜ਼ਾਦੀ ਲਈ ਅੱਜ ਨਾਰੀਆਂ ਦੇ ਨਾਲ ਨਾਲ ਮਰਦਾਂ ਦੇ ਅੰਦੋਲਨ ਦੀ ਵੀ ਲੋੜ ਹੈ।
– ਪੰਜਾਬੀ ਰੂਪ: ਮਨਪ੍ਰੀਤ ਮਹਿਨਾਜ਼
ਈ-ਮੇਲ: mehnaa੍ਰ.manpreet@gmail.com


Comments Off on ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.