ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ !    ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ !    ਲੌਕਡਾਊਨ ਤੋਂ ਪ੍ਰੇਸ਼ਾਨ ਨਾਬਾਲਗ ਕੁੜੀ ਨੇ ਫਾਹਾ ਲਿਆ !    ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ !    ਬਾਬਰੀ ਮਸਜਿਦ ਮਾਮਲਾ: ਅਡਵਾਨੀ, ਉਮਾ ਤੇ ਜੋਸ਼ੀ ਨੂੰ ਪੇਸ਼ ਹੋਣ ਦੇ ਹੁਕਮ !    ਕਰੋਨਾ ਦੇ ਖਾਤਮੇ ਲਈ ਉੜੀਸਾ ਦੇ ਮੰਦਰ ’ਚ ਦਿੱਤੀ ਮਨੁੱਖੀ ਬਲੀ !    172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ !    ਪਿਓ ਨੇ 180 ਸੀਟਾਂ ਵਾਲਾ ਜਹਾਜ਼ ਕਿਰਾਏ ’ਤੇ ਲੈ ਕੇ ਧੀ ਸਣੇ ਚਾਰ ਜਣੇ ਦਿੱਲੀ ਤੋਰੇ !    ਜਲ ਸਪਲਾਈ ਦੇ ਫ਼ੀਲਡ ਕਾਮਿਆਂ ਨੇ ਘੇਰਿਆ ਮੁੱਖ ਦਫ਼ਤਰ !    ਚੰਡੀਗੜ੍ਹ ’ਚ ਕਰੋਨਾ ਕਾਰਨ 91 ਸਾਲਾ ਬਜ਼ੁਰਗ ਔਰਤ ਦੀ ਮੌਤ !    

ਪਰੰਪਰਾ ਅਤੇ ਨਵ-ਚੇਤਨਾ

Posted On October - 13 - 2018

ਪੰਜਾਬੀ ਯੂਨੀਵਰਸਿਟੀ ਵਿਚ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ (ਡੀਐੱਸਓ) ਤੇ ਉਨ੍ਹਾਂ ਦੇ ਸਹਿਯੋਗੀ ਵਿਦਿਆਰਥੀਆਂ ਵੱਲੋਂ ਲੜਕੀਆਂ ਦੇ ਹੋਸਟਲ ਨੂੰ 24 ਘੰਟੇ ਖੁੱਲ੍ਹਾ ਰੱਖਣ ਸਬੰਧੀ ਸੰਘਰਸ਼ ਕੱਲ੍ਹ ਖ਼ਤਮ ਹੋ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ 8 ਵਜੇ ਤੋਂ ਵਧਾ ਕੇ 9 ਵਜੇ ਕਰ ਦਿੱਤਾ ਹੈ ਅਤੇ ਜਿਹੜੀਆਂ ਲੜਕੀਆਂ ਹੋਸਟਲ ਵਿਚ ਰਹਿੰਦੀਆਂ ਹਨ ਜੇ ਉਹ ਲਾਇਬਰੇਰੀ ਜਾ ਕੇ ਪੜ੍ਹਨਾ ਚਾਹੁਣ ਤਾਂ ਉਨ੍ਹਾਂ ਵਾਸਤੇ ਜਾਣ ਤੇ ਵਾਪਸ ਆਉਣ ਲਈ ਸ਼ਾਮ 9 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤਕ ਬੱਸ ਦੀ ਸਹੂਲਤ ਅਤੇ ਸੁਰੱਖਿਆ ਮੁਹੱਈਆ ਕਰਾਈ ਗਈ ਹੈ।
ਇਸ ਦੌਰਾਨ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀ ਧਿਰਾਂ ਵਿਚਕਾਰ ਝਗੜੇ ਵੀ ਹੋਏ ਅਤੇ ਡੀਐੱਸਓ ਪੱਖੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕੁਝ ਵਿਦਿਆਰਥੀਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ। ਇਸਦੇ ਫ਼ਲਸਰੂਪ ਡੀਐੱਸਓ ਨਾਲ ਸਬੰਧਤ ਕੁਝ ਵਿਦਿਆਰਥੀ ਹਸਪਤਾਲ ਵਿਚ ਵੀ ਦਾਖ਼ਲ ਹੋਏ। ਝਗੜੇ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਕੁਝ ਦਿਨ ਬੰਦ ਵੀ ਕਰਨੀ ਪਈ। ਸ਼ਾਇਦ ਇਹੋ ਜਿਹਾ ਸਮਝੌਤਾ ਪਹਿਲਾਂ ਵੀ ਹੋ ਸਕਦਾ ਸੀ ਜੇ ਪ੍ਰਸ਼ਾਸਨ ਅਤੇ ਸਾਂਝੇ ਵਿਦਿਆਰਥੀ ਮੋਰਚੇ ਦੇ ਆਗੂਆਂ ਵਿਚ ਸੰਵਾਦ ਦੀ ਪ੍ਰਕਿਰਿਆ ਦੀ ਹੋਰ ਸੰਜੀਦਾ ਢੰਗ ਨਾਲ ਭਾਲ ਕੀਤੀ ਜਾਂਦੀ ਅਤੇ ਸਮੱਸਿਆ ਦੀ ਗੰਭੀਰਤਾ ਨੂੰ ਪਹਿਲਾਂ ਹੀ ਪਛਾਣ ਲਿਆ ਜਾਂਦਾ।
ਵਿਦਿਆਰਥੀਆਂ ਦੇ ਇਸ ਅੰਦੋਲਨ ਨੇ ਕਈ ਗੰਭੀਰ ਪ੍ਰਸ਼ਨ ਉਠਾਏ ਹਨ ਜਿਨ੍ਹਾਂ ਵਿਚੋਂ ਮੁੱਖ ਹਨ: ਕੀ ਵਿਦਿਆਰਥੀਆਂ ਵਿਚ ਇਹ ਅੰਤਰ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਲੜਕੇ ਹਨ ਜਾਂ ਲੜਕੀਆਂ? ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ 1984 ਦੇ ਕਾਲੇ ਵਰ੍ਹੇ ਤੋਂ ਬਾਅਦ ਚੋਣਾਂ ਕਿਉਂ ਨਹੀਂ ਹੋਈਆਂ? ਕੁਝ ਵਿਦਿਆਰਥੀਆਂ ਤੇ ਨਾਰੀ ਚਿੰਤਕਾਂ ਨੇ ਇਸ ਸੰਘਰਸ਼ ਨੂੰ ਵੱਡੇ ਪ੍ਰਸੰਗਾਂ ਵਿਚ ਰੱਖ ਕੇ ਵੇਖਿਆ ਹੈ ਅਤੇ ਉਸ ਬਾਰੇ ਲੇਖ ਵੀ ਲਿਖੇ ਹਨ। ਉਹ ਪ੍ਰਸੰਗ ਹਨ: ਪਿੱਤਰੀ ਪ੍ਰਧਾਨ ਸਮਾਜ ਵਿਚ ਜੰਮ ਪਲ ਕੇ ਜਵਾਨ ਹੋ ਰਹੀਆਂ ਔਰਤਾਂ ’ਤੇ ਮਰਦ ਪ੍ਰਧਾਨ ਲੋਕ ਸਮਝ ਅਨੁਸਾਰ ਕਿਸ ਤਰ੍ਹਾਂ ਦੀਆਂ ਰੋਕਾਂ ਤੇ ਬੰਦਸ਼ਾਂ ਲਗਾਈਆਂ ਜਾਂਦੀਆਂ ਹਨ; ਉਹ ਕਿਹੋ ਜਿਹੇ ਜ਼ਾਬਤੇ ਹਨ ਜੋ ਸਾਡੇ ਘਰ ਪਰਿਵਾਰਾਂ ਵਿਚ ਹੀ ਪਨਪਦੇ ਹਨ ਅਤੇ ਔਰਤ ਦੀ ਸਮਾਜਿਕ ਸਥਿਤੀ ਨੂੰ ਨਿਮਨ ਦਰਜੇ ਦਾ ਬਣਾ ਕੇ ਰੱਖ ਦਿੰਦੇ ਹਨ; ਕਿਉਂ ਗਰਭ ਵਿਚ ਪਲ ਰਹੀਆਂ ਧੀਆਂ ਨੂੰ ਗਰਭ ਵਿਚ ਹੀ ਮਾਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਵੀ ਉਨ੍ਹਾਂ ਨਾਲ ਵਿਤਕਰੇ ਵਾਲਾ ਸਲੂਕ ਕੀਤਾ ਜਾਂਦਾ ਹੈ; ਵਿਆਹ ਦੇ ਮਾਮਲੇ ਵਿਚ ਪਹਿਲਾਂ ਮੁੰਡਾ ਤੇ ਮੁੰਡੇ ਦਾ ਪਰਿਵਾਰ ਕੁੜੀ ਨੂੰ ‘ਵੇਖਦੇ’ ਅਤੇ ‘ਪਸੰਦ’ ਕਰਦੇ ਹਨ ਅਤੇ ਕੁੜੀ ਤੋਂ ਰਾਏ ਬਾਅਦ ਵਿਚ ਲਈ ਜਾਂਦੀ ਹੈ; ਰੁਜ਼ਗਾਰ ਦੀਆਂ ਥਾਵਾਂ ਉੱਤੇ ਔਰਤਾਂ ਨਾਲ ਬਦਸਲੂਕੀ ਹੁੰਦੀ ਹੈ ਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ; ਵਿਆਹ ਤੋਂ ਬਾਅਦ ਜੇ ਸਹੁਰੇ ਪਰਿਵਾਰ ਨਾਲ ਨਾ ਬਣੇ ਤਾਂ ਵੀ ਸਿੱਖਿਆ/ਮੱਤ ਇਹੋ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਤਰ੍ਹਾਂ ਨਿਭਾਅ ਲਵੇ; ਉਸ ਦੀ ਅਰਥੀ ਸਹੁਰੇ ਘਰੋਂ ਹੀ ਉੱਠਣੀ ਚਾਹੀਦੀ ਹੈ। ਭਾਵੇਂ ਕਈ ਪ੍ਰਤੀਮਾਨ ਬਦਲੇ ਹਨ ਪਰ ਵੱਡੀਆਂ ਤਬਦੀਲੀਆਂ ਨਹੀਂ ਆਈਆਂ।
ਇਸ ਦੇ ਨਾਲ ਨਾਲ ਵੱਡਾ ਮਸਲਾ ਯੂਨੀਵਰਸਿਟੀਆਂ ਵਿਚਲੀ ਜਮਹੂਰੀਅਤ ਦਾ ਹੈ। 1984 ਤੋਂ ਬਾਅਦ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਚੋਣਾਂ ਨਾ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਧਿਰਾਂ ਉੱਭਰੀਆਂ ਜਿਨ੍ਹਾਂ ਵਿਚੋਂ ਕੁਝ ਦਾ ਕਿਰਦਾਰ ਹਾਂ-ਪੱਖੀ ਸੀ ਤੇ ਕੁਝ ਦਾ ਨਾਂਹ-ਪੱਖੀ। ਦੁਨੀਆਂ ਦੀਆਂ ਸਾਰੀਆਂ ਵੱਡੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਯੂਨੀਅਨਾਂ ਲਈ ਚੋਣਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿਚੋਂ ਹੀ ਉਨ੍ਹਾਂ ਦੇਸ਼ਾਂ ਦੇ ਵੱਡੇ ਸਿਆਸੀ ਆਗੂ ਉੱਭਰਦੇ ਹਨ। ਰਾਜਨੀਤੀ ਸ਼ਾਸਤਰ ਦੇ ਮਾਹਿਰ ਇਸ ਪ੍ਰਕਿਰਿਆ ਨੂੰ ਸਿਆਸੀ ਰਿਕਰੂਟਮੈਂਟ ਦਾ ਨਾਮ ਦਿੰਦੇ ਹਨ ਅਤੇ ਇਸ ਨੂੰ ਜਮਹੂਰੀ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ ਮੰਨਦੇ ਹਨ। ਜੇ ਅਸੀਂ ਆਪਣੇ ਆਜ਼ਾਦੀ ਦੇ ਸੰਘਰਸ਼ ’ਤੇ ਨਜ਼ਰ ਮਾਰੀਏ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਸਾਡੇ ਬਹੁਤ ਸਾਰੇ ਆਗੂ ਵਿਦਿਆਰਥੀ ਜੀਵਨ ਵਿਚੋਂ ਹੀ ਆਜ਼ਾਦੀ ਦੇ ਸੰਘਰਸ਼ ਵਿਚ ਕੁੱਦੇ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਜਮਹੂਰੀਅਤ ਦੀ ਘਾਟ ਨੇ ਇਕ ਖਲਾਅ ਨੂੰ ਜਨਮ ਦਿੱਤਾ ਹੈ ਜਿਸ ਕਰਕੇ ਕਈ ਵਿਗਾੜ ਪੈਦਾ ਹੋਏ ਹਨ। ਪੰਜਾਬ ਸਰਕਾਰ ਨੇ ਵੀ ਫ਼ੈਸਲਾ ਲਿਆ ਸੀ ਕਿ ਯੂਨੀਵਰਸਿਟੀਆਂ ਦੀਆਂ ਯੂਨੀਅਨਾਂ ਲਈ ਚੋਣਾਂ ਕਰਾਈਆਂ ਜਾਣਗੀਆਂ ਪਰ ਇਸ ਫ਼ੈਸਲੇ ਨੂੰ ਅਜੇ ਤਕ ਅਮਲੀ ਰੂਪ ਨਹੀਂ ਦਿੱਤਾ ਗਿਆ। ਇਸ ਅੰਦੋਲਨ ਨੇ ਇਹ ਵੀ ਦੱਸਿਆ ਹੈ ਕਿ ਪੰਜਾਬੀ ਸਮਾਜ ਤੇ ਸੱਤਾ ਵਿਚ ਬੈਠੇ ਲੋਕ ਕਿਵੇਂ ਵਿਦਿਆਰਥੀਆਂ ਨੂੰ ਨਿਮਾਣੇ ਤੇ ਨਿਤਾਣੇ ਸਮਝਦੇ ਹਨ। ਇਸ ਅੰਦੋਲਨ ਦੇ ਵਿਰੁੱਧ ਬੋਲਣ ਵਾਲਿਆਂ ਨਾਲ ਉਨ੍ਹਾਂ ਦਾ ਔਰਤ-ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਇਸ ਦੇ ਨਾਲ ਨਾਲ ਸਾਹਮਣੇ ਆਈ ਹੈ ਉਨ੍ਹਾਂ ਦੀ ਸਿਆਣਪ ਜਿਸ ਰਾਹੀਂ ਉਹ ਆਪਣੀਆਂ ਧੀਆਂ ਭੈਣਾਂ ਦੇ ਸਰੀਰਾਂ ਤੇ ਰੂਹਾਂ ’ਤੇ ਮਰਦ-ਪ੍ਰਧਾਨ ਸਮਝ ਦੇ ਜ਼ਾਬਤੇ ਲਾਉਣੇ ਚਾਹੁੰਦੇ ਹਨ।
ਜਦੋਂ ਵੀ ਇਹੋ ਜਿਹੇ ਅੰਦੋਲਨ ਹੁੰਦੇ ਹਨ, ਉਨ੍ਹਾਂ ਨੂੰ ਸਮੇਟਣਾ ਇਕ ਚੁਣੌਤੀ ਹੁੰਦਾ ਹੈ। ਜਮਹੂਰੀ ਨਿਜ਼ਾਮ ਵਿਚ ਹਰ ਕਿਸੇ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਅਤੇ ਉਹ ਆਪਣੇ ਆਸ਼ਿਆਂ ਲਈ ਸ਼ਾਂਤਮਈ ਵਿਰੋਧ ਵੀ ਕਰ ਸਕਦਾ ਹੈ। ਪਰ ਹਰ ਅੰਦੋਲਨ ਨੇ ਇਕ ਪੜਾਅ ’ਤੇ ਜਾ ਕੇ ਵਿਚ-ਵਿਚਾਲੇ ਦਾ ਰਸਤਾ ਲੱਭਣਾ ਹੁੰਦਾ ਹੈ ਜੋ ਕਿ ਇਕ ਮੁਸ਼ਕਿਲ ਕੰਮ ਹੈ। ਇਸ ਲਈ ਸਾਨੂੰ ਮਹਾਤਮਾ ਗਾਂਧੀ ਵੱਲ ਵੇਖਣ ਦੀ ਲੋੜ ਹੈ ਕਿ ਉਨ੍ਹਾਂ ਨੇ ਚੰਪਾਰਨ, ਬਿਹਾਰ ਵਿਚ ਨੀਲ ਦੀ ਜਬਰੀ ਖੇਤੀ ਕਰਾਉਣ ਵਿਰੁੱਧ ਅੰਦੋਲਨ ਕਿਵੇਂ ਚਲਾਇਆ, ਕਿਵੇਂ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਇਨਕਾਰ ਕੀਤਾ ਅਤੇ ਕਿਵੇਂ ਉਸ ਅੰਦੋਲਨ ਨੂੰ ਸਮੇਟਿਆ। ਅੰਦੋਲਨਕਾਰੀਆਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿ ਹਰ ਅੰਦੋਲਨ ਨੇ ਕੋਈ ਰਹੱਸਮਈ ਤੇ ਇਨਕਲਾਬੀ ਸਿਖ਼ਰ ਪ੍ਰਾਪਤ ਨਹੀਂ ਕਰਨੀ ਹੁੰਦੀ ਅਤੇ ਹਰ ਅੰਦੋਲਨ ਦੀਆਂ ਆਪਣੀਆਂ-ਆਪਣੀਆਂ ਸੰਭਾਵਨਾਵਾਂ ਤੇ ਸੀਮਾਵਾਂ ਹੁੰਦੀਆਂ ਹਨ। ਅੱਜਕੱਲ੍ਹ ਦੇ ਜਮਹੂਰੀ ਨਿਜ਼ਾਮਾਂ ਵਿਚ ਲੋਕ-ਪੱਖੀ ਅੰਦੋਲਨਾਂ ਦਾ ਮੁੱਖ ਨਿਸ਼ਾਨਾ ਆਪਣੇ ਸਿਆਸੀ ਤੇ ਸਭਿਆਚਾਰਕ ਏਜੰਡੇ ਨੂੰ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੋਣਾ ਚਾਹੀਦਾ ਹੈ ਕਿਉਂਕਿ ਜਿਨ੍ਹਾਂ ਧਿਰਾਂ ਨਾਲ ਅੰਦੋਲਨਕਾਰੀ ਟੱਕਰ ਲੈ ਰਹੇ ਹਨ, ਉਨ੍ਹਾਂ ਕੋਲ ਅਥਾਹ ਸ਼ਕਤੀ ਹੈ ਜਦੋਂਕਿ ਅੰਦੋਲਨ ਵਿਚ ਹਿੱਸਾ ਲੈ ਰਹੇ ਕਿਸਾਨ, ਮਜ਼ਦੂਰ, ਖੇਤ ਮਜ਼ਦੂਰ ਤੇ ਵਿਦਿਆਰਥੀ ਆਪਣੀਆਂ ਆਪਣੀਆਂ ਆਰਥਿਕ ਤੇ ਪਰਿਵਾਰਕ ਸੀਮਾਵਾਂ ਵਿਚ ਘਿਰੇ/ਬੱਝੇ ਹੋਏ ਹੁੰਦੇ ਹਨ। ਅੰਦੋਲਨਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਮੰਗਾਂ ਹਰਗਿਜ਼ ਨਹੀਂ ਰੱਖਣੀਆਂ ਚਾਹੀਦੀਆਂ ਜੋ ਇਕੋ ਦਿਨ ਵਿਚ ਇਨਕਲਾਬ ਲਿਆ ਦੇਣ ਵਾਲੇ ਰਹੱਸਮਈ ਵਿਚਾਰ ਨਾਲ ਬੱਝੀਆਂ ਹੋਣ। ਸਗੋਂ ਉਨ੍ਹਾਂ ਦੀਆਂ ਮੰਗਾਂ ਸਪਸ਼ਟ ਤੇ ਨਿਸ਼ਚਿਤ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਤੋਂ ਕਿਸੇ ਵੀ ਅਦਾਰੇ ਦੇ ਸੱਤਾਧਾਰੀ ਭੱਜ ਨਾ ਸਕਦੇ ਹੋਣ ਤੇ ਮੰਗਾਂ ਇਹੋ ਜਿਹੀਆਂ ਹੋਣ ਕਿ ਜਿਨ੍ਹਾਂ ਨੂੰ ਪੂਰੇ ਕਰਵਾਏ ਜਾਣ ਦੀ ਸੰਭਾਵਨਾ ਹੋਵੇ। ਜਿਸ ਤਰ੍ਹਾਂ ਉੱਚੀ ਛਲਾਂਗ ਲਾਉਣ ਵਾਲਾ ਖਿਡਾਰੀ ਛਾਲ ਮਾਰਨ ਲਈ ਡੰਡਾ ਓਨੀ ਹੀ ਉਚਾਈ ’ਤੇ ਰੱਖਦਾ ਹੈ ਜਿਸ ਨੂੰ ਉਹ ਛਾਲ ਮਾਰ ਕੇ ਪਾਰ ਕਰ ਸਕਦਾ ਹੋਵੇ।
ਇਹੋ ਜਿਹੇ ਅੰਦੋਲਨਾਂ ਤੋਂ ਬਾਅਦ ਇਹ ਮੁੱਦਾ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਅੰਦੋਲਨ ਵਿਚ ਸੱਤਾਧਾਰੀ ਧਿਰ ਜਿੱਤੀ ਜਾਂ ਅੰਦੋਲਨਕਾਰੀ। ਇਸ ਨੂੰ ਦੋਵਾਂ ਧਿਰਾਂ ਦੇ ਮਾਨ-ਅਭਿਮਾਨ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ। ਜਰਮਨੀ ਦੀ ਪ੍ਰਸਿੱਧ ਸਿਆਸਤਦਾਨ ਤੇ ਚਿੰਤਕ ਰੋਜਾ ਲਕਸਮਬਰਗ ਜਿਸ ਨੂੰ ਜਰਮਨ ਫ਼ੌਜ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਨੇ ਲਿਖਿਆ ਹੈ ਕਿ ਕਈ ਵਾਰ ਹਾਰ ਝੂਠੀਆਂ ਜਿੱਤਾਂ ਤੇ ਸਮਝੌਤਿਆਂ ਤੋਂ ਵੱਡੀ ਹੁੰਦੀ ਹੈ। ਹਾਰ ਵਿਚ ਹੀ ਜਿੱਤ ਦੇ ਬੀਜ ਪਏ ਹੁੰਦੇ ਹਨ। ਜੇ ਕੁਝ ਲੋਕਾਂ ਦੇ ਦਾਅਵੇ ਨੂੰ ਠੀਕ ਵੀ ਮੰਨ ਲਿਆ ਜਾਵੇ ਕਿ ਅੰਦੋਲਨਕਾਰੀਆਂ ਨੂੰ ਕੋਈ ਖ਼ਾਸ ਜਿੱਤ ਪ੍ਰਾਪਤ ਨਹੀਂ ਹੋਈ ਤੇ ਉਨ੍ਹਾਂ ਨੂੰ ਉਹ ਸਮਝੌਤਾ ਕਰਨਾ ਪਿਆ ਹੈ ਜੋ ਹਾਰ ਵਰਗਾ ਹੈ ਤਾਂ ਵੀ ਇਸ ‘ਹਾਰ’ ਨੇ ਪੰਜਾਬੀ ਕੁੜੀਆਂ ਦੇ ਮਨ ਵਿਚ ਕੁਝ ਕਰ ਗੁਜ਼ਰਨ ਦੇ ਬੀਜ ਬੀਜੇ ਹਨ। ਹੋ ਸਕਦਾ ਹੈ ਕਿ ਕੁਝ ਅਧਿਕਾਰੀ ਇਸ ਅਭਿਮਾਨ ਵਿਚ ਫੁੱਲੇ ਨਾ ਸਮਾਉਂਦੇ ਹੋਣ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੇਠਾਂ ਲਾ ਲਿਆ ਹੈ ਪਰ ਉਨ੍ਹਾਂ ਦਾ ਅਭਿਮਾਨ ਤੇ ਅੰਦੋਲਨ ਚਲਾ ਰਹੇ ਵਿਦਿਆਰਥੀਆਂ ਤੇ ਹੋਈ ਹਿੰਸਾ ਨੂੰ ਰੋਕਣ ਦੀ ਅਸਫ਼ਲਤਾ ਅਸਲ ਵਿਚ ਇਕ ਤਰ੍ਹਾਂ ਦੀ ਹਾਰ ਹੈ ਜਿਸ ਨੂੰ ਉਹ ਜਿੱਤ ਦਾ ਮਖੌਟਾ ਪਹਿਨਾ ਕੇ ਪੇਸ਼ ਕਰਨਾ ਚਾਹੁੰਦੇ ਹਨ। ਇਹ ਵੀ ਵੇਖਣ ਵਾਲੀ ਗੱਲ ਹੈ ਜਦੋਂ ਪੰਜਾਬ ਦੀਆਂ ਵੱਖ ਵੱਖ ਸਿਆਸੀ ਧਿਰਾਂ ਇਕ ਦੂਜੇ ’ਤੇ ਦੋਸ਼ ਲਾਉਣ ਦੀ ਸਿਆਸਤ ਵਿਚ ਖੁੱਭੀਆਂ ਹੋਈਆਂ ਹਨ ਓਸ ਵੇਲੇ ਪੰਜਾਬ ਦੀ ਨੌਜਵਾਨੀ ਨੇ ਉਨ੍ਹਾਂ ਮੁੱਦਿਆਂ ’ਤੇ ਅੰਦੋਲਨ ਕੀਤਾ ਹੈ ਜਿਸ ਦੀ ਦਸ਼ਾ ਤੇ ਦਿਸ਼ਾ ਦੋਵੇਂ ਭਵਿੱਖਮਈ ਹਨ। ਇਸ ਤਰ੍ਹਾਂ ਇਸ ਅੰਦੋਲਨ ਦਾ ਜੋ ਪ੍ਰਭਾਵ ਪੰਜਾਬੀ ਯੂਨੀਵਰਸਿਟੀ ਤੋਂ ਬਾਹਰ ਪਿਆ ਹੈ, ਉਸ ਨਾਲ ਇਸ ਦਾ ਮਹੱਤਵ ਹੋਰ ਵਧ ਜਾਂਦਾ ਹੈ। ਇਹ ਅੰਦੋਲਨ ਪੰਜਾਬੀ ਸਮਾਜ ਅੰਦਰ ਇਕ ਸ਼ਕਤੀਸ਼ਾਲੀ ਨੈਤਿਕ ਪ੍ਰਵਚਨ ਦੇ ਰੂਪ ਵਿਚ ਉਭਰਿਆ ਹੈ ਅਤੇ ਇਸ ਨੇ ਪੰਜਾਬੀ ਕੁੜੀਆਂ ਤੇ ਮੁੰਡਿਆਂ ਦੀਆਂ ਪੀੜਤ ਰੂਹਾਂ ਤੇ ਸਰੀਰਾਂ ਨੂੰ ਨਵੀਂ ਜ਼ੁਬਾਨ ਦਿੱਤੀ ਹੈ।
-ਸਵਰਾਜਬੀਰ


Comments Off on ਪਰੰਪਰਾ ਅਤੇ ਨਵ-ਚੇਤਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.