ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਨੌਜਵਾਨ ਸੋਚ: ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?

Posted On October - 17 - 2018

ਮਾਨਸਿਕਤਾ ਬਦਲਣ ਦੀ ਜ਼ਰੂਰਤ

ਮੌਜੂਦਾ ਸਮੇਂ ਵਿਚ ਪ੍ਰਾਈਵੇਟ ਸਕੂਲਾਂ ਵਿਚ ਅੰਗਰੇਜ਼ੀ ਨੂੰ ਵਿਸ਼ੇ ਵਜੋਂ ਨਹੀਂ, ਬਲਕਿ ਸਿੱਖਿਆ ਦੇ ਮਾਧਿਅਮ ਵਜੋਂ ਲਿਆ ਜਾਂਦਾ ਹੈ। ਇਹ ਗੱਲ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਘਾਤਕ ਸਿੱਧ ਹੋ ਰਹੀ ਹੈ ਤੇ ਬੱਚੇ ਬਿਨਾ ਸਮਝੇ ਕਿਤਾਬਾਂ ਨੂੰ ਘੋਟਾ ਲਾ ਦਿੰਦੇ ਹਨ। ਇਸ ਨਾਲ ਉਨ੍ਹਾਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਠੇਸ ਲੱਗ ਰਹੀ ਹੈ। ਅੱਜ ਦੇ ਦੌਰ ਵਿਚ ਅੰਗਰੇਜ਼ੀ ਮਾਧਿਅਮ ਵਿਚ ਪੜ੍ਹੇ ਬੱਚੇ ਨੂੰ ਹੁਸ਼ਿਆਰ ਤੇ ਪੰਜਾਬੀ ਮਾਧਿਅਮ ਵਿਚ ਪੜ੍ਹੇ ਬੱਚੇ ਨੂੰ ਨਲਾਇਕ ਸਮਝਿਆ ਜਾਂਦਾ ਹੈ, ਇਸ ਮਾਨਸਿਕਤਾ ਤੋਂ ਉਭਰਨ ਦੀ ਜ਼ਰੂਰਤ ਹੈ। ਪੰਜਾਬੀ ਮਾਧਿਅਮ ਵਾਲੇ ਬੱਚੇ ਨਾਲ ਰੁਜ਼ਗਾਰ ਦੇ ਮਾਮਲੇ ਵਿਚ ਵਿਤਕਰਾ ਨਾ ਕੀਤਾ ਜਾਵੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਣਾਈਆਂ ਨੀਤੀਆਂ ਦਾ ਖਰੜਾ ਖੇਤਰੀ ਭਾਸ਼ਾ ਵਿਚ ਵੀ ਅਨੁਵਾਦ ਕਰਨ ਤਾਂ ਜੋ ਪੰਜਾਬੀ ਮਾਧਿਅਮ ਵਾਲੇ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਤੋਂ ਜਾਣੂ ਹੋ ਸਕਣ। ਸਾਡੇ ਸਿਆਸਤਦਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੁਆਰਥ ਤੇ ਲਾਲਚ ਤੋਂ ਉਪਰ ਉਠ ਕੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਵਚਨਬੱਧ ਹੋਣ।
ਮਨਪ੍ਰੀਤ ਕੌਰ ਕੁਲਾਰਾਂ, ਪਿੰਡ ਕੁਲਾਰਾਂ (ਪਟਿਆਲਾ)

ਪੰਜਾਬੀ ਨੂੰ ਅੱਖੋਂ-ਪਰੋਖੇ ਕਰਨ ਵਾਲਿਆਂ ’ਤੇ ਕਾਰਵਾਈ ਹੋਵੇ

ਜਿਹੜਾ ਸੂਬਾ ਬਣਿਆਂ ਹੀ ਸੂਬੇ ਦੇ ਬਾਸ਼ਿੰਦਿਆਂ ਦੀ ਮਾਂ ਬੋਲੀ ਦੇ ਆਧਾਰ ’ਤੇ ਹੋਵੋ, ਉਸ ਰਾਜ ਦੀਆਂ ਸਿੱਖਿਆ ਸੰਸਥਾਵਾਂ ਵਿਚ ਉਸ ਮਾਂ ਬੋਲੀ ਨੂੰ ਬੋਲਣ ’ਤੇ ਜੁਰਮਾਨਾ ਲਾਉਣਾ ਜਾਂ ਸਜ਼ਾਵਾਂ ਦੇਣੀਆਂ ਮੰਦਭਾਗੀ ਗੱਲ ਹੈ। ਇਤਿਹਾਸ ਗਵਾਹ ਹੈ ਕਿ ਜਿਹੜੀਆਂ ਭਾਸ਼ਾਵਾਂ ਦੀ ਹੋਂਦ ਨਹੀਂ ਰਹੀ, ਉਸ ਭਾਸ਼ਾ ਨੂੰ ਬੋਲਣ ਵਾਲੀਆਂ ਕੌਮਾਂ ਵੀ ਆਪਣਾ ਵਜੂਦ ਗਵਾ ਬੈਠੀਆਂ ਹਨ। ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਅਦਾਰਿਆਂ ਵਿਚ ਪੰਜਾਬੀ ਭਾਸ਼ਾ ਬੋਲਣ ’ਤੇ ਪਾਬੰਦੀ ਹੈ ਜਾਂ ਜੁਰਮਾਨਾ ਕੀਤਾ ਜਾਂਦਾ ਹੈ, ਉਨ੍ਹਾਂ ਵਿਰੁੱਧ ਸਖ਼ਤ ਨੋਟਿਸ ਲਿਆ ਜਾਵੇ ਅਤੇ ਨਾਲ ਹੀ ਇਨ੍ਹਾਂ ਸੰਸਥਾਵਾਂ ਵਿਚ ਪੰਜਾਬੀ ਦੇ ਅਧਿਆਪਕਾਂ ਦੀਆਂ ਅਸਾਮੀਆਂ ਭਰਨਾ ਵੀ ਲਾਜ਼ਮੀ ਕੀਤਾ ਜਾਵੇ, ਕਿਉਂਕਿ ਬਹੁਤੇ ਸਕੂਲ ਅਜਿਹੇ ਵੀ ਹਨ ਜਿਨ੍ਹਾਂ ਵਿਚ ਪੰਜਾਬੀ ਦਾ ਇਕ ਵੀ ਅਧਿਆਪਕ ਨਹੀਂ ਹੈ। ਇਹ ਸਕੂਲ ਪੰਜਾਬੀ ਵਿਸ਼ੇ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਹੋਰ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਤੋਂ ਪੰਜਾਬੀ ਪੜ੍ਹਾ ਕੇ ਹੀ ਬੁੱਤਾ ਸਾਰ ਲੈਂਦੇ ਹਨ।
ਭਗਵੰਤ ਸਿੰਘ, ਖੋਜਾਰਥੀ,
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ

ਅਲੋਪ ਹੋ ਰਹੇ ਸ਼ਬਦ ਮੁੜ ਵਰਤੇ ਜਾਣ

ਪੰਜਾਬ ਦੇ ਬਹੁਤੇ ਪ੍ਰਾਈਵੇਟ ਸਕੂਲ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੰਦੇ ਤੇ ਪੰਜਾਬੀ ਦੀ ਬਜਾਏ ਹਿੰਦੀ ਅਤੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅੱਜ-ਕੱਲ੍ਹ ਬੱਚਿਆਂ ਨਾਲ ਵੀ ਸਕੂਲਾਂ ਅਤੇ ਘਰਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਹੀ ਬੋਲੀ ਜਾਂਦੀ ਹੈ, ਕਿਉਂਕਿ ਸਾਨੂੰ ਵਹਿਮ ਹੈ ਕਿ ਅਸੀਂ ਇਹ ਭਾਸ਼ਾਵਾਂ ਬੋਲਣ ਨਾਲ ਵੱਧ ਪੜ੍ਹੇ-ਲਿਖੇ ਲੱਗਦੇ ਹਾਂ। ਇਸ ਲਈ ਮਾਪੇ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੱਚਾ ਪੰਜਾਬੀ ਪੜ੍ਹੇ ਜਾਂ ਪੰਜਾਬੀ ਬੋਲੇ। ਪੰਜਾਬੀ ਦੀ ਹੋਂਦ ਕਾਇਮ ਰੱਖਣ ਲਈ ਇਸ ਨੂੰ ਸਕੂਲਾਂ ਵਿੱਚ ਰੌਚਕ ਢੰਗ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ। ਪੰਜਾਬੀ ਨੂੰ ਵੱਧ ਤੋਂ ਵੱਧ ਆਮ ਬੋਲਚਾਲ ਦਾ ਹਿੱਸਾ ਬਣਾਇਆ ਜਾਵੇ। ਉਹ ਸ਼ਬਦ ਜਿਸ ਦੀ ਪੰਜਾਬੀ ਵਿਚ ਵਰਤੋਂ ਖਤਮ ਹੋ ਰਹੀ ਹੈ, ਉਨ੍ਹਾਂ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾਵੇ। ਬੱਚਿਆਂ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਪੰਜਾਬੀ ਵੀ ਭਾਸ਼ਾ ਹੋਣ ਦੇ ਨਾਤੇ ਸਾਡੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੀ ਹੈ, ਇਸ ਲਈ ਬੱਚਿਆ ਨੂੰ ਸ਼ੁਰੂ ਤੋਂ ਹੀ ਪੰਜਾਬੀ ਪ੍ਰਤੀ ਲਗਾਅ ਵਧਾਉਣਾ ਚਾਹੀਦਾ ਹੈ। ਜੇਕਰ ਅਸੀਂ ਸਕੂਲਾਂ ਵਿਚ ਪੰਜਾਬੀ ਨਾਲ ਹੁੰਦੇ ਵਿਤਕਰੇ ਨੂੰ ਖਤਮ ਕਰਨਾ ਹੈ ਤਾਂ ਪੰਜਾਬੀ ਦੀ ਅਹਿਮੀਅਤ ਵਧਾਉਣੀ ਪਵੇਗੀ।
ਸੀਮਾ ਸ਼ਰਮਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿੱਖਿਆ ਦਾ ਅਸਲੀ ਅਰਥ ਸਮਝਿਆ ਜਾਵੇ

ਅੱਜ ਦੇ ਸਮੇਂ ਦੀ ਸਿੱਖਿਆ ਸਿਰਫ਼ ਪੈਸੇ ਦੀ ਖੇਡ ਬਣਦੀ ਜਾ ਰਹੀ ਹੈ। ਹਰੇਕ ਸਕੂਲ ਆਪਣੀ ਮਸ਼ਹੂਰੀ ਕਰਨ ਲਈ ਮੋਟੇ ਅੱਖਰਾਂ ਵਿਚ ਇਹੋ ਟੈਗ ਲਾਉਦਾ ਹੈ ਕਿ ਇਲਾਕੇ ਦਾ ਪਹਿਲਾਂ ਅੰਗਰੇਜ਼ੀ ਮਾਧਿਅਮ ਵਾਲਾ ਸਮਾਰਟ ਸਕੂਲ। ਮਾਪਿਆਂ ਨੂੰ ਲੱਗਦਾ ਹੈ ਕਿ ਜੇਕਰ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਪੜ੍ਹਨਗੇ ਤਾਂ ਉਨ੍ਹਾਂ ਦਾ ਸਟੇਟਸ ਉੱਚਾ ਹੋਵੇਗਾ, ਪਰ ਮਾਪੇ ਨਹੀਂ ਸਮਝਦੇ ਕਿ ਕੀ ਸਿੱਖਿਆ ਦਾ ਮਕਸਦ ਸਿਰਫ਼ ਅੰਗਰੇਜ਼ੀ ਸਿੱਖਣਾ ਹੀ ਨਹੀਂ ਹੈ। ਇਹ ਗੱਲ ਹਰੇਕ ਇਨਸਾਨ ਨੂੰ ਸੋਚਣੀ ਚਾਹੀਦੀ ਹੈ ਕਿ ਸਿੱਖਿਆ ਦਾ ਅਸਲ ਮਨੋਰਥ ਬੱਚੇ ਨੂੰ ਗਿਆਨ ਦੇਣਾ ਹੈ ਨਾ ਕਿ ਉਸ ਨੂੰ ਇਹ ਬੋਝ ਦੇਣਾ ਕਿ ਜੇਕਰ ਉਹ ਅੰਗਰੇਜ਼ੀ ਵਿੱਚ ਗੱਲ ਨਹੀਂ ਕਰਦਾ ਤਾਂ ਉਸ ਨੂੰ ਸਜ਼ਾ ਮਿਲੇਗੀ ਜਾਂ ਜੁਰਮਾਨਾ ਲੱਗੇਗਾ। ਸਿੱਖਿਆ ਗ੍ਰਹਿਣ ਕਰਨਾ ਚੰਗੀ ਗੱਲ ਹੈ, ਪਰ ਜੇਕਰ ਅਸੀਂ ਪੰਜਾਬੀ ਹੋ ਕੇ ਵੀ ਮਾਂ ਬੋਲੀ ਬੋਲਣ ਵਿੱਚ ਸ਼ਰਮ ਮੰਨਦੇ ਹਾਂ ਤਾਂ ਇਹ ਮਾੜੀ ਗੱਲ ਹੈ।
ਹੋਮਪ੍ਰੀਤ ਕੌਰ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ

ਘਰ ਤੋਂ ਸ਼ੁਰੂਆਤ ਕਰੋ

ਪੰਜਾਬੀ ਭਾਸ਼ਾ ਨਾਲ ਵਿਤਕਰੇ ਦੀ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਹੀ ਕਰਦੇ ਹਾਂ, ਜਦੋਂ ਅਸੀਂ ਜੰਮਦੇ ਬੱਚੇ ਨੂੰ ਕੁੱਤੇ ਨੂੰ ਡੌਗੀ ਅਤੇ ਬਿੱਲੀ ਨੂੰ ਕੈਟ ਕਹਿਣ ਲਾ ਦਿੰਦੇ ਹਾਂ। ਉਸ ਤੋਂ ਬਾਅਦ ਅਸੀਂ ਤਿੰਨ-ਚਾਰ ਸਾਲ ਦੇ ਬੱਚੇ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਦਾਖ਼ਲ ਕਰਵਾ ਦਿੰਦੇ ਹਾਂ ਤੇ ਰਹਿੰਦੀ ਕਸਰ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਕੱਢ ਦਿੰਦੇ ਹਨ। ਜਮਾਤ ਵਿੱਚ ਪੰਜਾਬੀ ਬੋਲਣ ’ਤੇ ਜੁਰਮਾਨਾ ਲਾ ਦਿੱੱਤਾ ਜਾਂਦਾ ਹੈ ਤੇ ਅਸੀਂ ਇਹ ਖੁਸ਼ੀ ਖੁਸ਼ੀ ਸਵੀਕਾਰ ਕਰ ਲੈਂਦੇ ਹਨ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਲੋਪ ਹੋ ਰਹੇ ਹਨ। ਜਦੋਂ ਪੰਜਾਬੀ ਦੇ ਸ਼ਬਦ ਹੀ ਨਹੀਂ ਰਹਿਣਗੇ ਤਾਂ ਪੰਜਾਬੀ ਕਿੱਥੋਂ ਜਿਊਂਦੀ ਰਹੇਗੀ। ਅਸੀਂ ਬੱਚੇ ਨੂੰ ਅੰਗਰੇਜ਼ੀ ਬੋਲਣ, ਲਿਖਣ ਤੇ ਪੜ੍ਹਨ ’ਤੇ ਜ਼ੋਰ ਦਿੰਦੇ ਹਨ। ਸਾਡੇ ਦਿਮਾਗ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਸਾਡੇ ਬੱਚੇ ਨੂੰ ਚਾਹੇ ਹੋਰ ਕੁਝ ਆਵੇ ਨਾ ਆਵੇ, ਪਰ ਅੰਗਰੇਜ਼ੀ ਜ਼ਰੂਰ ਆਉਣੀ ਚਾਹੀਦੀ ਹੈ। ਅੰਗਰੇਜ਼ੀ ਸਿੱਖਣੀ ਮਾੜੀ ਗੱਲ ਨਹੀਂ, ਪਰ ਅੰਗਰੇਜ਼ੀ ਸਿੱਖਣ-ਸਿਖਾਉਣ ਦੇ ਚੱਕਰ ਵਿਚ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਭੁਲਾ ਰਹੇ ਹਾਂ। ਜੇਕਰ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਹੈ ਤਾਂ ਤਾਂ ਇਸ ਦੀ ਸ਼ੁਰੂਆਤ ਘਰਾਂ ਤੋਂ ਹੀ ਕਰਨੀ ਪੈਣੀ ਹੈ।
ਸੁਖਦੀਪ ਸਿੰਘ ਭੁੱਲਰ, ਪਿੰਡ ਚੱਕੜਾ (ਫ਼ਾਜ਼ਿਲਕਾ)

ਮਾਪੇ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰਨ

ਇਸ ਗੰਭੀਰ ਸਮੱਸਿਆ ਦਾ ਹੱਲ ਕੱਢਣ ਲਈ ਸਭ ਤੋਂ ਪਹਿਲਾਂ ਮਾਂ-ਬਾਪ ਨੂੰ ਬੱਚਿਆਂ ਨੂੰ ਪੰਜਾਬੀ ਸਿੱਖਣ ਅਤੇ ਬੋਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਦੂਜਾ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਨਹੀਂ ਕਰਵਾਉਣਾ ਚਾਹੀਦਾ, ਜਿੱਥੇ ਪੰਜਾਬੀ ਨਾ ਬੋਲਣ ਦਿੱਤੀ ਜਾਵੇ। ਸਰਕਾਰ ਨੂੰ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਬਾਹਰ ਜਾ ਕੇ ਕੰਮ ਨਾ ਕਰਨ ਅਤੇ ਨਾ ਹੀ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣ। ਅਧਿਆਪਕਾਂ ਨੂੰ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਨਹੀਂ ਵਰਜਣਾ ਚਾਹੀਦਾ।
ਬਖਸ਼ੀਸ਼ ਸਿੰਘ, ਮੁਹਾਲੀ
(ਇਹ ਬਹਿਸ ਅਗਲੇ ਵੀਰਵਾਰ ਸਮਾਪਤ ਕੀਤੀ ਜਾਵੇਗੀ)


Comments Off on ਨੌਜਵਾਨ ਸੋਚ: ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.