ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਨੌਜਵਾਨ ਸੋਚ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?

Posted On October - 31 - 2018

ਕਿਤਾਬਾਂ ਹਰ ਘਰ ਪਹੁੰਚਾਈਆਂ ਜਾਣ
ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ ਇਸ ਦਾ ਸਾਧਨ ਕਿਤਾਬਾਂ ਹਨ। ਕਿਤਾਬਾਂ ਹੀ ਮਨੁੱਖ ਨੂੰ ਸੰਵੇਦਨਸ਼ੀਲ, ਚਿੰਤਨਸ਼ੀਲ ਤੇ ਕਾਰਜਸ਼ੀਲ ਬਣਾਉਂਦੀਆਂ ਹਨ। ਹੁਣ ਸਵਾਲ ਇਹ ਹੈ ਕਿ, ਕੀ ਕਿਤਾਬਾਂ ਦਾ ਵੀ ਘਰ ਹੁੰਦੈ? ਹਾਂ ਬਿਲਕੁਲ ਜਿੱਥੇ ਕਿਤਾਬਾਂ ਦੀ ਆਤਮਾ ਠਰਦੀ ਹੈ, ਉਹ ਹੁੰਦੀ ਹੈ ਲਾਇਬ੍ਰੇਰੀ। ਬੇਸ਼ੱਕ ਡਿਜੀਟਲ ਯੁੱਗ ਹੈ, ਪਰ ਜੋ ਸਕੂਨ ਹੱਥਾਂ ਦੇ ਪੋਟਿਆਂ ਨੂੰ ਪੰਨਾ ਪਲਟ ਕੇ ਤੇ ਅੱਖਾਂ ਨੂੰ ਅੱਖਰਾਂ ਨਾਲ ਨੋਕਝੋਕ ਕਰਕੇ ਆਉਂਦਾ ਹੈ, ਉਹ ਕੰਪਿਊਟਰ ਜਾਂ ਮੋਬਾਈਲ ਵਿੱਚ ਨਹੀਂ ਆਉਂਦਾ। ਜੇਕਰ ਅਸੀਂ ਲਾਇਬ੍ਰੇਰੀਆਂ ਦੀ ਹੋਂਦ ਬਚਾਉਣੀ ਹੈ ਤਾਂ ਕਿਤਾਬ ਸਾਡੇ ਨਿਆਣਿਆਂ ਦੇ ਵੀ ਸਿਰਹਾਣੇ ਹੋਵੇ। ਸੱਥਾਂ ਤੱਕ ਕਿਤਾਬ ਦੀ ਮਹੱਤਤਾ ਨੂੰ ਪ੍ਰਚਾਰਿਆ ਜਾਵੇ। ਨੌਜਵਾਨਾਂ ਨੂੰ ਲਾਇਬ੍ਰੇਰੀ ਵੱਲ ਮੋੜਿਆ ਜਾਵੇ। ਜਿਸ ਦਿਨ ਕਿਤਾਬਾਂ ਦੇ ਅਰਥ ਘਰ ਘਰ ਪਹੁੰਚ ਗਏ, ਉਸ ਦਿਨ ਯੁੱਗ ਭਾਵੇਂ ਕੋਈ ਵੀ ਆ ਜਾਵੇ ਲਾਇਬ੍ਰੇਰੀਆਂ ਦੀ ਹੋਂਦ ਨੂੰ ਕੋਈ ਖ਼ਤਰਾ ਨਹੀਂ।
ਰਮਨਦੀਪ ਖੀਵਾ (ਈਮੇਲ)

 

ਲਾਇਬ੍ਰੇਰੀ ਦਾ ਵਿਸ਼ਾ ਲਾਜ਼ਮੀ ਹੋਵੇ
ਵਿਗਿਆਨਕ ਯੁੱਗ 21ਵੀਂ ਸਦੀ ਦੀ ਵੱਡੀ ਦੇਣ ਹੈ, ਪਰ ਇਸ ਯੁੱਗ ਵਿਚ ਲਾਇਬ੍ਰੇਰੀਆਂ ਦਾ ਵਿਕਾਸ ਚਿੰਤਾ ਦਾ ਵਿਸ਼ਾ ਹੈ। ਸਾਡੇ ਨਿੱਜੀ ਅਤੇ ਵਿਦਿਅਕ ਸਫ਼ਰ ਵਿਚ ਲਾਇਬ੍ਰੇਰੀਆਂ ਦਾ ਖ਼ਾਸ ਯੋਗਦਾਨ ਹੁੰਦਾ ਹੈ, ਪਰ ਤਕਨਾਲੋਜੀ ਦੀ ਬਹੁਤਾਤ ਨੇ ਇਸ ਨੂੰ ਅਣਗੋਲਿਆ ਕਰ ਦਿੱਤਾ ਹੈ। ਮੱਧ ਯੁੱਗ ਤੋਂ ਲੈ ਕੇ ਅੱਜ ਦੇ ਯੁੱਗ ਤੱਕ ਦਾ ਕਿਤਾਬ ਦਾ ਸਫ਼ਰ ਬੜਾ ਸੰਘਰਸ਼ਸ਼ੀਲ ਰਿਹਾ ਹੈ। ਅਜੋਕਾ ਮਨੁੱਖ ਤਕਨਾਲੋਜੀ ਦੀ ਦੁਨੀਆਂ ਵਿੱਚ ਇਸ ਕਦਰ ਮਸਰੂਫ ਹੈ ਕਿ ਉਹ ਕਿਤਾਬਾਂ ਨੂੰ ਲਗਭਗ ਵਿਸਾਰ ਚੁੱਕਾ ਹੈ। ਨੌਜਵਾਨ ਵਰਗ ਦਾ ਬਹੁਤਾ ਸਮਾਂ ਸੋਸ਼ਲ ਮੀਡੀਆ ਖਾ ਰਿਹਾ ਹੈ। ਜੇਕਰ ਮਸਲੇ ਵੱਲ ਖ਼ਾਸ ਧਿਆਨ ਦਿੱਤਾ ਜਾਵੇ ਤਾਂ ਲਾਇਬ੍ਰੇਰੀਆਂ ਦੇ ਡਿੱਗ ਰਹੇ ਮਿਆਰ ਨੂੰ ਸੰਭਾਲਿਆ ਜਾ ਸਕਦਾ ਹੈ। ਇਸ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਹਰੇਕ ਪਿੰਡ/ਸ਼ਹਿਰ ਤੇ ਸਕੂਲਾਂ/ਕਾਲਜਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਾ ਕੇ ਜਾਗਰੁਕ ਕੀਤਾ ਜਾ ਸਕਦਾ ਹੈ। ਲਾਇਬ੍ਰੇਰੀ ਵਿਸ਼ਾ ਸਕੂਲਾਂ/ਕਾਲਜਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ ਅਤੇ ਲਾਇਬ੍ਰੇਰੀ ਐਕਟ ਪਾਸ ਕੀਤਾ ਜਾਵੇ । ਸਕੂਲਾਂ/ਕਾਲਜਾਂ ਵਿੱਚ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਨੂੰ ਮਹਾਨ ਸ਼ਖ਼ਸੀਅਤਾਂ (ਕਹਾਣੀਕਾਰ/ਨਾਵਲਕਾਰ) ਦੇ ਰੂ-ਬ-ਰੂ ਕਰਵਾਇਆ ਜਾਵੇ। 12 ਅਗਸਤ ਨੂੰ ਲਾਇਬ੍ਰੇਰੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਕੂਲਾਂ/ਕਾਲਜਾਂ ਵਿੱਚ ਬੱਚਿਆਂ ਨੂੰ ਇਸ ਦੀ ਮਹੱਤਤਾਂ ਤੋਂ ਜਾਣੂ ਕਰਵਾ ਸਕਦੇ ਹਾਂ। ਕਿਤਾਬਾਂ ਸਾਡਾ ਮਾਨਸਿਕ ਵਿਕਾਸ ਕਰਦੀਆਂ ਹਨ, ਭਾਵ ਸੋਚਣ ਲਈ ਮਜਬੂਰ ਕਰਦੀਆਂ ਹਨ। ਕਿਤਾਬ ਸਫ਼ਲਤਾ ਦੀ ਪੌੜੀ ਦਾ ਉਹ ਡੰਡਾ ਹੈ, ਜੋ ਸਾਨੂੰ ਬਨੇਰੇ ਤੱਕ ਲੈ ਜਾਂਦਾ ਹੈ।
ਸ਼ਿੰਦਰਪਾਲ ਕੌਰ ਜੈਦ, ਪਿੰਡ ਜੈਦ (ਬਠਿੰਡਾ)

 

ਉੱਦਮੀ ਨੌਜਵਾਨ ਅੱਗੇ ਆਉਣ
ਅਜੋਕੇ ਡਿਜੀਟਲ ਯੁੱਗ ਵਿਚ ਬਿਨਾਂ ਸ਼ੱਕ ਇਲੈਕਟ੍ਰਾਨਿਕ ਮੀਡੀਆ, ਵਟਸਐਪ, ਫੇਸਬੁੱਕ ਤੇ ਟਵਿੱਟਰ ਆਦਿ ਜਿਹੇ ਸਾਧਨ ਮਨੁੱਖ ਲਈ ਤਾਜ਼ੀਆਂ ਖ਼ਬਰਾਂ, ਮਨੋਰੰਜਨ ਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਮੁਹੱਈਆ ਕਰਨ/ਕਰਾਉਣ ਦਾ ਇੱਕ ਵਧੀਆ ਸਾਧਨ ਹਨ। ਇਸ ਦੇ ਬਾਵਜੂਦ ਇਹ ਸਾਰੇ ਸਾਧਨ ਅਖ਼ਬਾਰਾਂ, ਰਸਾਲਿਆਂ ਤੇ ਕਿਤਾਬਾਂ ਦੀ ਥਾਂ ਕਦੇ ਵੀ ਨਹੀਂ ਲੈ ਸਕਦੇ। ਉਂਜ ਵੀ ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਉੱਕਤ ਸਾਰੇ ਡਿਜੀਟਲ ਸਾਧਨ ਮਨੁੱਖ ਲਈ ਸਹੂਲਤ ਵਜੋਂ ਘੱਟ, ਸਮਾਜ ਵਿਚ ਬੁਰਾਈਆਂ ਪੈਦਾ ਕਰਨ ’ਚ ਵੱਧ ਯੋਗਦਾਨ ਪਾ ਰਹੇ ਹਨ। ਅਜਿਹੀ ਸਥਿਤੀ ਵਿੱਚ ਲਾਇਬ੍ਰੇਰੀਆਂ ਦੀ ਹੋਂਦ ਬਚਾਉਣਾ ਤੇ ਲੋਕਾਂ ਦਾ ਲਾਇਬ੍ਰੇਰੀਆਂ ਪ੍ਰਤੀ ਸਨੇਹ ਜਗਾਉਣਾ ਬੇਹੱਦ ਲਾਜ਼ਮੀ ਹੋ ਜਾਂਦਾ ਹੈ। ਸਾਡੀ ਸਮਝ ਮੁਤਾਬਿਕ ਲੋਕਾਂ ਖ਼ਾਸਕਰ ਬੱਚਿਆਂ ਅਤੇ ਨੌਜਵਾਨਾਂ ਨੂੰ ਅਗਾਂਹਵਧੂ ਸੋਚ ਦੇ ਧਾਰਨੀ ਬਣਾਉਣ ਵਿੱਚ ਲਾਇਬ੍ਰੇਰੀਆਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਗਿਆਨ ਹਾਸਲ ਕਰਨ ਦਾ ਸਭ ਤੋਂ ਸੌਖਾ, ਸਸਤਾ ਤੇ ਵਧੀਆ ਸਾਧਨ ਲਾਇਬ੍ਰੇਰੀਆਂ ਹੀ ਹਨ। ਸੋ, ਸਾਡੇ ਪਿੰਡਾਂ/ਸ਼ਹਿਰਾਂ ਦੇ ਉੱਦਮੀਆਂ ਤੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿੱਥੇ ਉਹ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਜਾਂ ਟਰੱਸਟ ਬਣਾ ਕੇ ਹੋਰ ਸਮਾਜ ਭਲਾਈ ਦੇ ਕੰਮ ਕਰਦੇ ਹਨ, ਉੱਥੇ ੳਹ ਪਿੰਡਾਂ/ਸ਼ਹਿਰਾਂ ’ਚ ਬਣੀਆਂ ਲਾਇਬ੍ਰੇਰੀਆਂ ਦੀ ਹੋਂਦ ਬਚਾਉਣ ਅਤੇ ਉਨ੍ਹਾਂ ਨੂੰ ਹੋਰ ਵਧਦਾ ਫੁਲਦਾ ਕਰਨ ਵੱਲ ਵਿਸ਼ੇਸ਼ ਤਵੱਜੋਂ ਦੇਣ। ਕਿਸੇ ਵੀ ਪਿੰਡ ਦੀ ਲਾਇਬ੍ਰੇਰੀ ਦੀ ਹੋਂਦ ਹੀ ਅਸਲ ਵਿੱਚ ਉਸ ਪਿੰਡ ਦੀ ਬੌਧਿਕਤਾ ਦਾ ਚਿੰਨ੍ਹ ਹੁੰਦੀ ਹੈ। ਜਿਸ ਪਿੰਡ ਵਿੱਚ ਲਾਇਬ੍ਰੇਰੀ ਹੋਵੇਗੀ, ਨਿਰਸੰਦੇਹ ਉਸ ਪਿੰਡ ਦੇ ਲੋਕਾਂ ਵਿੱਚ ਸਾਹਿਤ ਅਤੇ ਕਿਤਾਬਾਂ ਪ੍ਰਤੀ ਡੂੰਘਾ ਪਿਆਰ ਵੀ ਹੋਵੇਗਾ। ਲਾਇਬ੍ਰੇਰੀ ਵਿਚਲੀਆਂ ਕਿਤਾਬਾਂ ਅਤੇ ਅਖ਼ਬਾਰਾਂ ਰਾਹੀਂ ਅਸੀਂ ਆਪਣੇ ਪਿੰਡ ਵਿੱਚ ਨਵੀਂ ਰੌਸ਼ਨੀ ਪੈਦਾ ਕਰ ਸਕਦੇ ਹਾਂ। ਇਸ ਬਾਬਤ ਪਿੰਡਾਂ ਦੇ ਨੌਜਵਾਨ ਅੱਗੇ ਆਉਣ।
ਯਸ਼ ਪੱਤੋ, ਪਿੰਡ ਪੱਤੋ ਹੀਰਾ ਸਿੰਘ (ਮੋਗਾ)

ਲਾਇਬ੍ਰੇਰੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ
ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਬਰਕਰਾਰ ਰੱਖਣ ਲਈ ਲਾਇਬ੍ਰੇਰੀਆਂ ਨੂੰ ਵੀ ਸਮੇਂ ਦੇ ਹਾਣ ਦਾ ਕਰਨ ਲਈ ਪੁਰਾਣੀਆਂ ਸਥਾਪਿਤ ਲਾਇਬ੍ਰੇਰੀਆਂ ਦੀ ਦਿੱਖ ਨੂੰ ਆਕਰਸ਼ਿਤ ਬਣਾਉਣਾ ਪਵੇਗਾ। ਇਸ ਦੇ ਨਾਲ ਹੀ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਨੂੰ ਬਚਾਉਣ ਲਈ ਆਧੁਨਿਕ ਤਕਨੀਕ ਦੀ ਮਦਦ ਨਾਲ ਲਾਇਬ੍ਰੇਰੀਆਂ ਅੰਦਰ ਡਿਜੀਟਲ ਸਕਰੀਨਾਂ ਲਾ ਕੇ ਉਨ੍ਹਾਂ ਉਪਰ ਲਾਇਬ੍ਰੇਰੀ ਵਿਚ ਮੌਜੂਦ ਪੁਸਤਕਾਂ ਦੀ ਜਾਣਕਾਰੀ ਅਤੇ ਪੁਸਤਕਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਨੀਆਂ ਚਾਹੀਦੀਆਂ ਹਨ। ਲਾਇਬ੍ਰੇਰੀ ਵਿਚ ਜਿਸ ਜਗ੍ਹਾ ਕੈਟਾਲੌਗ ਰੱਖੇ ਗਏ ਹੋਣ, ਉਥੇ ਵੀ ਕੰਪਿਊਟਰੀਕ੍ਰਿਤ ਸਕਰੀਨ ਪੈਨਲ ਲਾ ਕੇ ਕੈਟਾਲੌਗਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ, ਇਸ ਨਾਲ ਜਿੱਥੇ ਲਾਇਬ੍ਰੇਰੀ ਵਿਚ ਆਉਣ ਵਾਲੇ ਪਾਠਕ ਵਰਗ ਨੂੰ ਪੁਸਤਕਾਂ ਲੱਭਣ ਵਿਚ ਆਸਾਨੀ ਹੋਵੇਗੀ, ਉਥੇ ਲਾਇਬ੍ਰੇਰੀਆਂ ਵੀ ਆਧੁਨਿਕ ਸਮੇਂ ਦੇ ਹਾਣ ਦੀਆਂ ਹੋਣਗੀਆਂ। ਲਾਇਬ੍ਰੇਰੀ ਪ੍ਰਤੀ ਪਾਠਕ ਵਰਗ ਦੀ ਰੁਚੀ ਵਧਾਉਣ ਲਈ ਇਕ ਹੋਰ ਬੇਹੱਦ ਮਹੱਤਵਪੂਰਨ ਗੱਲ ਹੈ ਕਿ ਲਾਇਬ੍ਰੇਰੀਆਂ ਵਿਚਲੀਆਂ ਪੁਸਤਕਾਂ ਨੂੰ ਸ਼ੀਸ਼ੇ ਦੀਆਂ ਅਲਮਾਰੀਆਂ ਵਿਚ ਜਿੰਦਾ ਲਾ ਕੇ ਰੱਖਣ ਦੀ ਥਾਵੇਂ ਖੁੱਲ੍ਹੇ ਰੈਕਾਂ ਵਿਚ (ਓਪਨ ਰੈਕਾਂ) ਵਿਚ ਰੱਖਣਾ ਚਾਹੀਦਾ ਹੈ, ਤਾਂ ਜੋ ਪੁਸਤਕਾਂ ਨੂੰ ਕੇਵਲ ਬਾਹਰੋਂ ਹੀ ਦੇਖਣ ਵਾਲੇ ਪਾਠਕ ਪੁਸਤਕ ਨੂੰ ਹੱਥ ਵਿਚ ਫੜ੍ਹ ਕੇ ਘੱਟੋ ਘੱਟ ਲਾਇਬ੍ਰੇਰੀ ਵਿਚ ਖੜ੍ਹੇ-ਖੜ੍ਹੋਤੇ ਪੰਛੀ ਝਾਤ ਮਾਰ ਸਕਣ।
ਬਿਕਰਮਜੀਤ ਸਿੰਘ ਜੀਤ, ਬਾਜ਼ਾਰ ਲੁਹਾਰਾਂ, ਅੰਮ੍ਰਿਤਸਰ
(ਇਹ ਬਹਿਸ ਅਗਲੇ ਵੀਰਵਾਰ ਵੀ ਜਾਰੀ ਰਹੇਗੀ)


Comments Off on ਨੌਜਵਾਨ ਸੋਚ ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.