ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਨੌਜਵਾਨ ਸੋਚ:ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?

Posted On October - 24 - 2018

ਸਕੂਲਾਂ ਵਿਚ ਪੰਜਾਬੀ ਬੋਲਣੀ ਲਾਜ਼ਮੀ ਕੀਤੀ ਜਾਵੇ

ਪੰਜਾਬੀ, ਪੰਜਾਬੀਆਂ ਦੀ ਮਾਤ ਭਾਸ਼ਾ ਹੈ। ਪੰਜਾਬ ਦਾ ਇਤਿਹਾਸ ਜਿੰਨੇ ਸੁੰਦਰ ਤਰੀਕੇ ਨਾਲ ਪੰਜਾਬੀ ਵਿਚ ਬਿਆਨਿਆ ਜਾ ਸਕਦਾ ਹੈ, ਕਿਸੇ ਹੋਰ ਭਾਸ਼ਾ ਵਿਚ ਨਹੀਂ। ਹਰੇਕ ਮਾਤਾ ਭਾਸ਼ਾ ਦੇ ਮਾਮਲੇ ’ਚ ਅਜਿਹਾ ਹੀ ਹੁੰਦਾ ਹੈ। ਜੇਕਰ ਪੰਜਾਬ ਦਾ ਇਤਿਹਾਸ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿਚ ਦੱਸਿਆ ਜਾਣ ਲੱਗਾ ਤਾਂ ਪੰਜਾਬ ਦੇ ਇਤਿਹਾਸ ਦਾ ਬਹੁਤਾ ਹਿੱਸਾ ਤਾਂ ਬਿਨਾ ਵਿਆਖਿਆ ਕੀਤੇ ਹੀ ਰਹਿ ਜਾਵੇਗਾ, ਕਿਉਂਕਿ ਜਿਹੜੇ ਸ਼ਬਦ ਪੰਜਾਬੀ ਵਿਚ ਢੁਕਵੇਂ ਹਨ, ਉਸ ਤਰ੍ਹਾਂ ਦੇ ਅੰਗਰੇਜ਼ੀ ਅਤੇ ਹਿੰਦੀ ਵਿਚ ਨਹੀਂ ਲੱਭਦੇ। ਛੋਟਾ ਬੱਚਾ ਜਨਮ ਤੋਂ ਹੀ ਸਭ ਆਦਤਾਂ ਨੂੰ ਆਪਣੀ ਮਾਤ ਭਾਸ਼ਾ ਵਿਚ ਗ੍ਰਹਿਣ ਕਰਦਾ ਹੈ। ਜਦੋਂ ਬੱਚੇ ਨੂੰ 5 ਸਾਲ ਬਾਅਦ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਵਿਚ ਪੜ੍ਹਨ ਲਈ ਪਾਇਆ ਜਾਂਦਾ ਹੈ, ਉਸ ਨੂੰ ਸਭ ਕੁਝ ਅੰਗਰੇਜ਼ੀ ਵਿਚ ਸਿਖਾਇਆ ਜਾਂਦਾ ਹੈ। ਉਸ ਬੱਚੇ ਨੂੰ ਸਿੱਖਣ ਵਿਚ ਮੁਸ਼ਕਿਲ ਆਉਂਦੀ ਹੈ ਅਤੇ ਉਸ ਬੱਚੇ ਦੀ ਪੜ੍ਹਾਈ ਦਾ ਆਧਾਰ ਹਿੱਲ ਜਾਂਦਾ ਹੈ ਤੇ ਉਹ ਪੜ੍ਹਾਈ ਵਿਚ ਕਮਜ਼ੋਰ ਹੋ ਜਾਂਦਾ ਹੈ। ਜੇਕਰ ਉਸ ਨੂੰ ਸ਼ੁਰੂ ਤੋਂ ਹੀ ਮਾਤ ਭਾਸ਼ਾ ਵਿਚ ਸਿਖਲਾਈ ਦਿੱਤੀ ਜਾਵੇ ਤਾਂ ਉਹ ਵੱਡਾ ਹੋ ਕੇ ਕਿਸੇ ਉਲਝਣ ਵਿਚ ਨਹੀਂ ਪਵੇਗਾ। ਜੇਕਰ ਸਕੂਲਾਂ ਵਿਚ ਪੰਜਾਬੀ ਨਹੀਂ ਬੋਲੀ ਜਾਵੇਗੀ ਤਾਂ ਪੰਜਾਬੀ ਦਾ ਵਜੂਦ ਹੀ ਨਹੀਂ ਰਹੇਗਾ ਤੇ ਇਸ ਦਾ ਸਿੱਧਾ ਪ੍ਰਭਾਵ ਪੰਜਾਬ ਦੇ ਵਜੂਦ ਉਤੇ ਪਵੇਗਾ। ਇਸ ਲਈ ਸਕੂਲਾਂ ਵਿਚ ਪੰਜਾਬੀ ਪੜ੍ਹਨੀ ਤੇ ਬੋਲਣੀ ਲਾਜ਼ਮੀ ਕਰ ਦਿੱਤੀ ਜਾਵੇ।
ਨਵਪ੍ਰੀਤ ਕੌਰ, ਫੂਲ ਖੁਰਦ (ਰੂਪਨਗਰ)

ਸੂਬਾ ਪੱੱਧਰੀ ਸੈਮੀਨਾਰ ਲਾਏ ਜਾਣ

ਰੂਸ ਦੇ ਮਹਾਨ ਲੇਖਕ ਰਸੂਲ ਹਮਜ਼ਾਤੋਵ ਨੇ ਲਿਖਿਆ ਹੈ ਕਿ ਜਿਹੜਾ ਆਪਣੀ ਮਾਂ ਦੀ ਸਿਖਾਈ ਬੋਲੀ ਭੁੱਲ ਸਕਦਾ, ਉਹ ਲਾਵਾਰਿਸ ਹੀ ਹੋਣਾ, ਕਿਸੇ ਮਾਂ ਦਾ ਪੁੱਤ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਮਾਂ-ਬਾਪ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਚੰਗੀ ਪੜ੍ਹਾਈ ਦਾ ਮਤਲਬ ਸਿਰਫ਼ ਅੰਗਰੇਜ਼ੀ ਨਹੀਂ ਹੁੰਦਾ। ਬੱਚੇ ਨੂੰ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ, ਪਰ ਪੰਜਾਬੀ ਬੋਲਣ ਵਿਚ ਵੀ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ। ਪੰਜਾਬੀ ਬੋਲਣ ਤੋਂ ਰੋਕਣ ਵਾਲੇ ਸਕੂਲਾਂ ਨੂੰ ਨੋਟਿਸ ਦਿੱਤਾ ਜਾਵੇ। ਇਸ ਤੋਂ ਇਲਾਵਾ ਸੂਬਾ ਪੱਧਰ ’ਤੇ ਸੈਮੀਨਾਰ ਲਾਏ ਜਾਣ। ਸਕੂਲ ਟਾਈਮ ਟੇਬਲ ਵਿੱਚੋਂ ਰੋਜ਼ ਅੱਧਾ ਘੰਟਾ ਕੱਢ ਕੇ ਪੰਜਾਬ, ਪੰਜਾਬੀਅਤ ਤੇ ਮਹਾਨ ਪੰਜਾਬੀ ਯੋਧਿਆਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ। ਆਪਣੀ ਮਾਂ ਬੋਲੀ ਨੂੰ ਹੁਲਾਰਾ ਦਿੱਤਾ ਜਾਵੇ ਤਾਂ ਜੋ ਬੱਚੇ ਪੰਜਾਬੀ ਪ੍ਰਤੀ ਹੀਣ ਭਾਵਨਾ ਨਾ ਰੱਖਣ, ਸਗੋਂ ਪੰਜਾਬੀ ਬੋਲਣ ਲੱਗਿਆਂ ਫ਼ਖ਼ਰ ਮਹਿਸੂਸ ਕਰਨ।
ਜਸ਼ਨਦੀਪ ਸਿੰਘ ਬਰਾੜ, ਪਿੰਡ ਚੈਨਾ (ਫ਼ਰੀਦਕੋਟ)

ਪ੍ਰੇਰਨਾ ਹੀ ਮਸਲੇ ਦਾ ਹੱਲ

ਕਿਸੇ ਵੀ ਕੌਮ ਲਈ ਭਾਸ਼ਾ, ਸੱਭਿਆਚਾਰ, ਇਤਿਹਾਸ ਤੇ ਖਿੱਤਾ ਅਹਿਮ ਹੁੰਦੇ ਹਨ। ਇਨ੍ਹਾਂ ਵਿੱਚੋਂ ਭਾਸ਼ਾ ਸਭ ਤੋਂ ਮਹੱਤਵਪੂਰਨ ਹੈ। ਪੰਜਾਬ ਦੇ ਵਸਨੀਕ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਉਹ ਪਹਿਲਾਂ ਪੰਜਾਬੀ ਹਨ ਅਤੇ ਹਰ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਹੈ। ਅਸੀਂ ਆਪਣੀ ਮਾਂ ਬੋਲੀ ਵਿੱਚ ਹੀ ਚੰਗੀ ਸਿੱਖਿਆ ਹਾਸਲ ਕਰ ਸਕਦੇ ਹਾਂ। ਦੂਜੀ ਗੱਲ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋਣ ਕਰਕੇ ਮਾਤ ਭਾਸ਼ਾ ਪ੍ਰਤੀ ਹੀਣ ਭਾਵਨਾ ਦੇ ਸ਼ਿਕਾਰ ਹਾਂ। ਅੰਗਰੇਜ਼ੀ ਭਾਸ਼ਾ ਦਾ ਭੂਤ ਸਾਡੇ ਸਿਰਾਂ ਤੋਂ ਨਹੀਂ ਉਤਰਿਆ। ਦੇਸ਼ ਵਿੱਚ ਬੇਰੁਜ਼ਗਾਰੀ ਹੋਣ ਕਰਕੇ ਬੱਚੇ ਦੂਸਰੇ ਦੇਸ਼ਾਂ ਨੂੰ ਭੇਜਣ ਲਈ ਅੰਗਰੇਜ਼ੀ ਦੀ ਲੋੜ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਮਸਲੇ ਦਾ ਹੱਲ ਕਰਨ ਲਈ ਪ੍ਰੇਰਨਾ ਰਾਹੀਂ ਸਮਾਜਿਕ ਮਾਨਸਿਕਤਾ ਬਦਲਣੀ ਪਵੇਗੀ। ਸਮਾਜ ਨੂੰ ਸਮਝਾਉਣ ਪਵੇਗਾ ਕਿ ਆਪਾਂ ਪੰਜਾਬੀ ਭਾਸ਼ਾ ਕਰਕੇ ਹੀ ਪੰਜਾਬੀ ਕਹਾਉਣ ਦੇ ਹੱਕਦਾਰ ਹਾਂ।
ਸਹਿਜਪ੍ਰੀਤ ਸਿੰਘ, ਪਿੰਡ ਸਹਾਰਨ ਮਾਜਰਾ (ਲੁਧਿਆਣਾ)

ਸਕੂਲਾਂ ਵਿਚ ਭਾਸ਼ਾਈ ਮੇਲੇ ਲਾਏ ਜਾਣ

ਅਜੋਕੇ ਦੌਰ ਵਿਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਹੋ ਰਿਹਾ ਹੈ ਤੇ ਇਹ ਵਰਤਾਰਾ ਪੰਜਾਬੀਆਂ ਲਈ ਚੰਗਾ ਨਹੀਂ ਹੈ। ਅਜੇ ਵੀ ਵਕਤ ਦੀ ਕਮਾਨ ਸਾਡੇ ਕੋਲ ਹੈ, ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਕਰਨ ਦੀ ਬਜਾਏ ਆਓ ਇੱਕ ਝੰਡੇ ਹੇਠ ਇੱਕਠੇ ਹੋਈਏ ਤੇ ਪੰਜਾਬੀ ਮਾਂ-ਬੋਲੀ ਨੂੰ ਸੰਭਾਲਣ ਲਈ ਯੋਗ ਉਪਰਾਲੇ ਕਰੀਏ। ਜਿਸ ਤਰ੍ਹਾਂ ਸਕੂਲਾਂ ਵਿਚ ਗਣਿਤ ਅਤੇ ਵਿਗਿਆਨ ਮੇਲੇ ਲਾਏ ਜਾ ਰਹੇ ਹਨ, ਉਸੇ ਤਰ੍ਹਾਂ ਪੰਜਾਬੀ ਭਾਸ਼ਾ ਦੇ ਮੇਲਿਆਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਜਿਸ ਨਾਲ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜ ਕੇ ਬਾਲ ਸਾਹਿਤ ਨੂੰ ਸਕੂਲਾਂ ਵਿੱਚ ਉਤਸ਼ਾਹਿਤ ਕਰ ਕੇ ਨਵੀਂ ਪੀੜ੍ਹੀ ਦੇ ਮਨ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਸਤਿਕਾਰ ਅਤੇ ਰੁਚੀ ਪੈਦਾ ਕੀਤੀ ਜਾ ਸਕਦੀ ਹੈ, ਕਿਉਂਕਿ ਬਾਲ ਸਾਹਿਤ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸੈਮੀਨਾਰ ਅਤੇ ਮੇਲਿਆਂ ਦੀ ਲੜੀ ਨੂੰ ਅੱਗੇ ਵਧਾਉਦੇ ਹੋਏ ਕਾਲਜ-ਯੂਨੀਵਰਸਿਟੀ ਪੱਧਰ ਤੱਕ ਲਿਜਾਣਾ ਜ਼ਰੂਰੀ ਹੈ,ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਸੰਭਾਲਿਆ ਅਤੇ ਅੱਗੇ ਵਧਾਇਆ ਜਾ ਸਕਦਾ ਹੈ।
ਪਰਮਿੰਦਰ ਕੌਰ ਪਵਾਰ, ਪਿੰਡ ਭੰਬਾ ਵੱਟੂ (ਫ਼ਾਜ਼ਿਲਕਾ)

ਪੰਜਾਬੀ ਭਾਸ਼ਾ ਦਾ ਰੁਤਬਾ ਪਛਾਣਨ ਦੀ ਲੋੜ

ਅੱਜ-ਕੱਲ੍ਹ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਵਿਤਕਰਾ ਇਸ ਦੇ ਰੁਤਬੇ ਅਤੇ ਇਤਿਹਾਸਕ ਮਹੱਤਤਾ ਬਾਰੇ ਪੂਰਨ ਜਾਣਕਾਰੀ ਨਾ ਹੋਣ ਦੀ ਗਵਾਹੀ ਭਰਦਾ ਹੈ। ਸਕੂਲੀ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਪੰਜਾਬੀ ਭਾਸ਼ਾ ਨੂੰ ਜਿਆਦਾ ਮਹੱਤਵ ਨਾ ਦੇਣਾ ਜਿੱਥੇ ਉਨ੍ਹਾਂ ਦੀ ਆਪਣੀ ਮਾਤ ਭਾਸ਼ਾ ਪ੍ਰਤੀ ਹੀਣ ਭਾਵਨਾ ਦੀ ਸੋਚ ਉਜਾਗਰ ਕਰਦਾ ਹੈ, ਉਥੇ ਹੀ ਉਨ੍ਹਾਂ ਦੀ ਪੰਜਾਬੀ ਭਾਸ਼ਾ ਪ੍ਰਤੀ ਅਧੂਰੀ ਜਾਣਕਾਰੀ ਦੀ ਹਾਮੀ ਵੀ ਭਰਦਾ ਹੈ। ਉਨ੍ਹਾਂ ਨੂੰ ਸਾਡੀ ਭਾਸ਼ਾ ਦੇ ਮਹਾਨ ਵਿਰਸੇ, ਵਿਸ਼ੇਸ਼ਤਾਵਾਂ, ਵੱਖ-ਵੱਖ ਵੰਨਗੀਆਂ ਤੇ ਇਤਿਹਾਸਕ ਮਹੱਤਵ ਬਾਰੇ ਜਾਣੂ ਕਰਵਾਉਣ ਦੀ ਜ਼ਰੂਰਤ ਹੈ। ਪੰਜਾਬੀ ਨੂੰ ਗੁਰਮੁਖੀ ਵਜੋਂ ਪ੍ਰਚਾਰਨਾ ਜ਼ਰੂਰੀ ਹੈ। ਸਕੂਲਾਂ ਵਿਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਦੀਆਂ ਜੜ੍ਹਾਂ ਕਿਤੇ ਨਾ ਕਿਤੇ ਪੱਛਮੀ ਸੱਭਿਆਚਾਰ ਅਤੇ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਤੇ ਸਿਖਾਉਣ ’ਤੇ ਜ਼ਿਆਦਾ ਜ਼ੋਰ ਦੇਣ ਨਾਲ ਵੀ ਜੁੜਦੀਆਂ ਹਨ। ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਕੂਲਾਂ ਵਿਚ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੇ ਖ਼ਾਸ ਪ੍ਰੋਗਰਾਮ ਕਰਾ ਕੇ ਉਨ੍ਹਾਂ ਵਿਚ ਆਪਣੀ ਮਾਤ ਭਾਸ਼ਾ ਪ੍ਰਤੀ ਪੈਦਾ ਸ਼ੰਕਿਆਂ ਨੂੰ ਦੂਰ ਕਰਨ ਅਤੇ ਪੰਜਾਬੀ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਜਗਾਉਣ ਦੀ ਜ਼ਰੂਰਤ ਹੈ।
ਸੁਖਵਿੰਦਰ ਸਿੰਘ ‘ਸੁੱਖੀ’, ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੰਗੇਰਜ਼ੀ ਦੇ ਝੱਖੜ ਵਿਚ ਪੰਜਾਬੀ ਰੁਲੀ
ਅਸਲ ਵਿਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ‘ਸਟੇਟਸ ਸਿੰਬਲ’ ਵਜੋਂ ਕੀਤੀ ਜਾਣ ਲੱਗੀ ਹੈ। ਸਾਡੀ ਸਰਕਾਰ, ਪ੍ਰਸ਼ਾਸਨ, ਅਧਿਆਪਕਾਂ ਤੇ ਆਮ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵਿਕਸਿਤ ਦੇਸ਼ ਦੀ ਭਾਸ਼ਾ ਜਾਂ ਬੋਲੀ ਨਾਲ ਅਸੀਂ ਵਿਕਸਿਤ ਦੇਸ਼ ਦੇ ਵਾਸੀ ਨਹੀਂ ਬਣ ਜਾਵਾਂਗੇ। ਅਸੀਂ ਅੰਗਰੇਜ਼ੀ ਦੇ ਚੱਲਦੇ ਝੱਖੜ ਵਿਚ ਆਪਣੀ ਮਾਤ ਭਾਸ਼ਾ ਵੀ ਰੋਲ ਲਵਾਂਗੇ।
ਲਵਪ੍ਰੀਤ ਸਿੰਘ, ਪੁਲੀਸ ਲਾਈਨ, ਬਠਿੰਡਾ

‘ਸਕੂਲਾਂ ਵਿਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ’ ਵਿਸ਼ੇ ’ਤੇ ਨੌਜਵਾਨ ਲੇਖਕਾਂ ਦੇ ਵਿਚਾਰ ਬਹੁਤ ਸਿਹਤਮੰਦ ਰਹੇ। ਜਿਨ੍ਹਾਂ ਤਿੰਨ ਨੌਜਵਾਨ ਲੇਖਕਾਂ ਦੇ ਵਿਚਾਰ ਵੱਧ ਮੌਲਿਕ ਤੇ ਮਿਆਰੀ ਰਹੇ, ਉਨ੍ਹਾਂ ਦੇ ਨਾਮ ਹਨ:
1. ਜਸ਼ਨਦੀਪ ਸਿੰਘ ਬਰਾੜ, ਪਿੰਡ ਚੈਨਾ (ਫ਼ਰੀਦਕੋਟ)
2. ਸੁਖਦੀਪ ਸਿੰਘ ਭੁੱਲਰ, ਪਿੰਡ ਚੱਕੜਾ (ਫ਼ਾਜ਼ਿਲਕਾ)
3. ਗੁਰਵਿੰਦਰ ਸਿੰਘ, ਪਿੰਡ ਭਗਵਾਨਪੁਰਾ (ਬਠਿੰਡਾ)
ਇਨ੍ਹਾਂ ਤਿੰਨਾਂ ਨੂੰ ਪੁਸਤਕਾਂ ਇਨਾਮ ਵਜੋਂ ਭੇਜੀਆਂ ਜਾ ਰਹੀਆਂ ਹਨ। ਅਗਲੀ ਵਿਚਾਰ ਚਰਚਾ ਦਾ ਵਿਸ਼ਾ ਹੈ: ਡਿਜੀਟਲ ਯੁੱਗ ਵਿਚ ਲਾਇਬ੍ਰੇਰੀਆਂ ਦੀ ਹੋਂਦ ਕਿਵੇਂ ਬਚਾਈਏ? ਰਚਨਾ ਉਪਰ ਨਾਮ ਤੇ ਪੂਰਾ ਪਤਾ ਹੋਵੇ। ਫੋਟੋ ਵੀ ਜ਼ਰੂਰ ਭੇਜੋ। ਸਾਡਾ ਈਮੇਲ ਪਤਾ ਹੈ: ptarticles@tribunemail.com


Comments Off on ਨੌਜਵਾਨ ਸੋਚ:ਸਕੂਲਾਂ ’ਚ ਪੰਜਾਬੀ ਨਾਲ ਵਿਤਕਰੇ ਦਾ ਮਸਲਾ ਕਿਵੇਂ ਹੱਲ ਹੋਵੇ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.