ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਨਹੀਓਂ ਲੱਭਣੇ ਲਾਲ ਗੁਆਚੇ

Posted On October - 24 - 2018

ਹਰਭਜਨ ਬਾਜਵਾ ਵੱਲੋਂ ਖਿੱਚੀ ਤੋਚੀ ਦੀ ਬਚਪਨ ਦੀ ਤਸਵੀਰ।

ਹਰਭਜਨ ਸਿੰਘ ਬਾਜਵਾ

ਬੂਟਾ ਸਿੰਘ ਬੜਾ ਖੁਸ਼ਮਿਜ਼ਾਜ ਸੀ। ਜਦੋਂ ਵੀ ਮੈਂ ਕਦੇ ਪ੍ਰੀਤ ਨਗਰ ਜਾਣਾ ਤਾਂ ਸਭ ਤੋਂ ਪਹਿਲਾਂ ਭਾਊ ਬੂਟਾ ਸਿੰਘ ਦੇ ਦਰਸ਼ਨ ਹੁੰਦੇ ਸਨ। ਫੇਰ ਮੁਖਤਾਰ ਗਿੱਲ ਤੇ ਹੋਰ ਮਿੱਤਰ ਮਿਲਦੇ ਸਨ। ਭਾਊ ਬੂਟਾ ਸਿੰਘ ਦਾ ਪੁੱਤ ਗੁਲਜ਼ਾਰ ਸਿੰਘ ਫ਼ੌਜ ਵਿਚ ਭਰਤੀ ਹੋ ਗਿਆ ਸੀ ਤੇ ਉਸ ਦੇ ਘਰ ਪੁੱਤ ਨੇ ਜਨਮ ਲਿਆ ਸੀ। ਭਾਊ ਬੂਟਾ ਸਿੰਘ ਪੋਤਾ ਜੰਮਣ ’ਤੇ ਬਹੁਤ ਖੁਸ਼ ਸੀ। ਮੈਨੂੰ ਮੁਖਤਾਰ ਗਿੱਲ ਨੇ ਦੱਸਿਆ, ‘‘ਤੇਰੇ ਯਾਰ ਭਾਉੂ ਬੂਟਾ ਸਿੰਘ ਦੇ ਪੋਤਾ ਹੋਇਆ ਆ, ਤੈਨੂੰ ਵਧਾਈ ਦਈਏ।’’ ਗੁਲਜ਼ਾਰ ਸਿੰਘ ਵੀ ਛੁੱਟੀ ਆਇਆ ਹੋਇਆ ਸੀ। ਮੁਖਤਾਰ ਗਿੱਲ, ਭਾਊ ਬੂਟਾ ਸਿੰਘ ਤੇ ਗੁਲਜ਼ਾਰ ਸਿੰਘ ਨੇ ਸ਼ਾਮ ਨੂੰ ਖੁਸ਼ੀ ਸਾਂਝੀ ਕੀਤੀ। ਕਾਕੇ ਦੇ ਦਾਦੇ ਤੇ ਪਿਓ ਨੂੰ ਵਧਾਈਆਂ ਦਿੱਤੀਆਂ ਤੇ ਖੁਸ਼ੀਆਂ ਮਨਾਈਆਂ।
ਫੇਰ ਮੈਂ ਦੇਰ ਬਾਅਦ ਹੀ ਪ੍ਰੀਤ ਨਗਰ ਗਿਆ ਸੀ। ਭਾਊ ਬੂਟਾ ਸਿੰਘ ਦਾ ਪੋਤਰਾ ਤਕੜਾ ਹੋ ਗਿਆ ਸੀ। ਮੈਂ ਪੁੱਛਿਆ ਇਸ ਦਾ ਨਾਂ ਕੀ ਰੱਖਿਆ ਏ, ਤਾਂ ਉਨ੍ਹਾਂ ਦੱਸਿਆ ਤਰਲੋਚਨ ਸਿੰਘ ਰੱਖਿਆ ਏ, ਛੋਟਾ ਨਾਂ ਤੋਚੀ ਏ।
ਤੋਚੀ ਕੁਰਸੀ ’ਤੇ ਬੈਠਾ ਖੇਡ ਰਿਹਾ ਸੀ। ਉਸ ਨੇ ਕੱਛੀ ਨਹੀਂ ਪਾਈ ਹੋਈ ਸੀ। ਮੈਂ ਉਸ ਦੀ ਤਸਵੀਰ ਖਿੱਚ ਦਿੱਤੀ ਤਾਂ ਭਾਊ ਬੂਟਾ ਸਿੰਘ ਨੇ ਪੋਤਰੇ ਨੂੰ ਆਖਿਆ, ‘‘ਤੋਚੀ ਤੇਰੇ ਨੰਗੇ ਦੀ ਤਸਵੀਰ ਬਾਜਵੇ ਨੇ ਖਿੱਚ ਲਈ ਏ।’’ ਤੋਚੀ ਬੋਲਿਆ,‘‘ਮੈਂ ਨਹੀਂ ਨੰਗਾ ਤੁਸੀਂ ਨੰਗੇ ਹੋ, ਨਾਲੇ ਗੰਦੇ ਹੋ।’’ ਸਾਰਾ ਪਰਿਵਾਰ ਤੋਚੀ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਹੱਸਦਾ ਰਿਹਾ।
ਤੋਚੀ ਨੂੰ ਘਰਦਿਆਂ ਨੇ ਬਾਰ੍ਹਵੀਂ ਤੱਕ ਪੜ੍ਹਾਇਆ ਸੀ। ਕਾਲਜ ਦਾਖ਼ਲਾ ਲਿਆ ਸੀ, ਪਰ ਕਾਲਜ ਦੀ ਪੜ੍ਹਾਈ ਵਿਚ ਦਿਲ ਨਾ ਲੱਗਿਆ ਤੇ ਕਾਲਜ ਛੱਡ ਦਿੱਤਾ। ਉਸ ਤੋਂ ਬਾਅਦ ਆਈ.ਟੀ.ਆਈ. ਦਾ ਕੋਰਸ ਕੀਤਾ ਤੇ ਆਪਣਾ ਕੰਮ ਸ਼ੁਰੂ ਕੀਤਾ। ਇਕ ਗੱਡੀ ਖ਼ਰੀਦ ਲਈ ਤੇ ਵੇਰਕਾ ਡੇਅਰੀ ਵਾਲਿਆਂ ਦਾ ਕੰਮ ਕਰਨ ਲੱਗ ਗਿਆ ਸੀ। ਵੱਖ-ਵੱਖ ਡੇਅਰੀ ਸੈਂਟਰਾਂ ਤੋਂ ਦੁੱਧ ਇਕੱਠਾ ਕਰਕੇ ਵੇਰਕਾ ’ਤੇ ਪਹੁੰਚਾਉਂਦਾ ਸੀ। 1999 ਵਿਚ ਤਰਲੋਚਨ ਸਿੰਘ ਦਾ ਵਿਆਹ ਹੋ ਗਿਆ। ਤਿੰਨ ਸਾਲ ਚੰਗੀ ਮਿਹਨਤ ਨਾਲ ਕੰਮ ਕੀਤਾ। ਕੰਮ ਕਰਨ ਨੂੰ ਤੋਚੀ ਤਕੜਾ ਸੀ, ਅੱਜ ਦੇ ਮੁੰਡਿਆਂ ਵਾਂਗ ਕੰਮਚੋਰ ਤੇ ਆਲਸੀ ਨਹੀਂ ਸੀ। ਤਰਲੋਚਨ ਨੂੰ ਜ਼ਿਆਦਾ ਕਮਾਈ ਕਰਨ ਦੀ ਲਾਲਸਾ ਨੇ ਬਾਹਰ ਜਾਣ ਦੀ ਕਾਹਲੀ ਪਾਈ ਹੋਈ ਸੀ। ਉਸ ਨੂੰ ਸਾਰੇ ਪਰਿਵਾਰ ਨੇ ਆਖਿਆ ਸੀ, ਤੇਰੀ ਏਥੇ ਚੰਗੀ ਕਮਾਈ ਏ, ਬਾਹਰ ਜਾਣ ਦੀ ਲੋੜ ਨਹੀਂ, ਪਰ ਤੋਚੀ ਡਰਾਈਵਰ ਸੀ। ਉਸ ਨੂੰ ਬਾਹਰ ਡਰਾਈਵਰ ਦੀ ਚੰਗੀ ਨੌਕਰੀ ਮਿਲਦੀ ਸੀ। ਪੈਸੇ ਵੀ ਚੰਗੇ ਮਿਲਦੇ ਸੀ, ਇਸ ਲਾਲਚ ’ਚ ਆ ਕੇ ਤੋਚੀ 2002 ਵਿਚ ਕੁਵੈਤ ਚਲਾ ਗਿਆ। ਉੱਥੇ ਉਸ ਨੂੰ ਤੇਲ ਵਾਲਾ ਟੈਂਕਰ ਚਲਾਉਣ ਦੀ ਨੌਕਰੀ ਮਿਲ ਗਈ ਸੀ। ਸਾਰੇ ਤੇਲ ਢੋਣ ਵਾਲੇ ਟੈਂਕਰ ਅਮਰੀਕਾ ਵਾਲਿਆਂ ਦੇ ਸਨ। ਕੁਵੈਤ ਤੇ ਇਰਾਕ ਦੀ ਆਪਸ ਵਿਚ ਲੜਾਈ ਲੱਗੀ ਹੋਈ ਸੀ। ਤੋਚੀ ਤੇਲ ਵਾਲਾ ਟੈਂਕਰ ਲੈ ਕੇ ਜਾ ਰਿਹਾ ਸੀ ਤਾਂ ਇਰਾਕ ਦੇ ਅਤਿਵਾਦੀਆਂ ਨੇ ਚੱਲਦੇ ਟੈਂਕਰ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਰਾਕ ਦੇ ਅਤਿਵਾਦੀ ਸਮਝਦੇ ਸਨ ਕਿ ਅਮਰੀਕੀ ਲੋਕ ਕੁਵੈਤ ਦੀ ਸਹਾਇਤਾ ਕਰਦੇ ਹਨ। ਤੋਚੀ ਦਾ ਰੰਗ ਗੋਰਾ ਚਿੱਟਾ ਸੀ। ਉਸ ਨੂੰ ਇਰਾਕ ਦੇ ਅਤਿਵਾਦੀਆਂ ਨੇ ਅਮਰੀਕੀ ਸਮਝ ਕੇ ਗੋਲੀਆਂ ਮਾਰ ਦਿੱਤੀਆਂ।

ਤਰਲੋਚਨ ਸਿੰਘ ਦੀ ਪੁਰਾਣੀ ਤਸਵੀਰ।

ਜਦੋਂ ਉਸ ਦੀ ਮੌਤ ਦੀ ਖ਼ਬਰ ਪ੍ਰੀਤ ਨਗਰ ਪੁੱਜੀ ਤਾਂ ਸਾਰੇ ਪ੍ਰੀਤਨਗਰ ਵਿਚ ਸੋਗ ਛਾ ਗਿਆ ਸੀ। ਉਸ ਵਕਤ ਤੋਚੀ ਦੀ ਮਾਂ ਨੇ ਆਖਿਆ ਸੀ, ‘‘ਪੁੱਤਰਾਂ ਤੈਨੂੰ ਮੌਤ ਕਿੱਥੇ ਲੈ ਗਈ।’’ ਉਸ ਵਕਤ ਤਰਲੋਚਨ ਸਿੰਘ ਦੀ ਬੇਟੀ ਤਿੰਨ ਸਾਲ ਦੀ ਸੀ। ਅੱਜ ਉਸ ਦੀ ਬੇਟੀ ਮੁਟਿਆਰ ਹੋ ਗਈ ਏ, ਪਰ ਉਹ ਆਪਣੇ ਪਿਓ ਦੀ ਪਛਾਣ ਤਸਵੀਰਾਂ ਤੋਂ ਹੀ ਕਰਦੀ ਏ ਜਾਂ ਫੇਰ ਆਪਣੀ ਮਾਂ ਕੋਲੋਂ ਗੱਲਾਂ ਸੁਣਦੀ ਜਾਂ ਫੇਰ ਕੋਈ ਤੋਚੀ ਦਾ ਜਾਣੂ ਜਾਂ ਮਿੱਤਰ ਕਦੇ ਪ੍ਰੀਤ ਨਗਰ ਜਾਂਦਾ ਏ, ਉਸ ਕੋਲੋਂ ਆਪਣੇ ਪਿਤਾ ਬਾਰੇ ਪੁੱਛਦੀ ਤੇ ਸੁਣਦੀ ਏ। ਅੱਜ-ਕੱਲ੍ਹ ਤੋਚੀ ਦੀ ਪਤਨੀ ਤੇ ਉਸ ਦੀ ਲੜਕੀ ਦੋਵੇਂ ਪ੍ਰੀਤ ਨਗਰ ਰਹਿੰਦੀਆਂ ਹਨ। ਤੋਚੀ ਦੇ ਮਾਂ-ਪਿਓ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਤੋਚੀ ਵਰਗੇ ਸੋਹਣੇ ਤੇ ਮਿਹਨਤੀ ਨੌਜਵਾਨ ਨੂੰ ਬਾਹਰ ਦੀ ਦੌੜ ਨੇ ਮਾਰਿਆ ਜਾਂ ਫੇਰ ਬਹੁਤੀ ਕਮਾਈ ਦੇ ਲਾਲਚ ਨੇ। ਅੱਜ ਵੀ ਨੌਜਵਾਨ ਪੀੜ੍ਹੀ ’ਚ ਵੀ ਬਾਹਰ ਜਾਣ ਦੀ ਦੌੜ ਲੱਗੀ ਹੋਈ ਏ, ਭਾਵੇਂ ਉੱਥੇ ਜਾ ਕੇ ਔਖੇ ਹੀ ਹੋਣ। ਂ


Comments Off on ਨਹੀਓਂ ਲੱਭਣੇ ਲਾਲ ਗੁਆਚੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.