85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਦੁਰਾਨੀ ਦੇ ਸੱਚ ਅਤੇ ਦੁਸ਼ਵਾਰੀਆਂ…

Posted On October - 14 - 2018

ਵਾਹਗਿਓਂ ਪਾਰਵਾਹਗਿਓਂ ਪਾਰ

ਥੀਏਟਰ ਗਰੁੱਪ ‘ਅਜੋਕਾ’ ਦੇ ਨਾਟਕ ‘ਕਾਲਾ ਮੈਂਡਾ ਭੇਸ’ ਦਾ ਦ੍ਰਿਸ਼।

ਪਾਕਿਸਤਾਨੀ ਖੁਫ਼ੀਆ ਏਜੰਸੀ ‘ਆਈ.ਐੱਸ.ਆਈ.’ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਅਸਦ ਦੁਰਾਨੀ ਦੀਆਂ ਮੁਸ਼ਕਲਾਂ ਅਜੇ ਆਸਾਨ ਨਹੀਂ ਹੋਈਆਂ। ਉਨ੍ਹਾਂ ਦੇ ਵਿਦੇਸ਼ ਜਾਣ ਉੱਤੇ ਪਾਬੰਦੀ ਅਜੇ ਵੀ ਆਇਦ ਹੈ। ਉਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਆਰਮੀ ਹੈੱਡਕੁਆਰਟਰਜ਼ ਤੋਂ ਛੋਟ ਲਏ ਬਿਨਾਂ ਪਹਿਲਾਂ ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁਲੱਟ ਨਾਲ ਮਿਲ ਕੇ ਕਿਤਾਬ (ਦਿ ਸਪਾਈ ਕ੍ਰੌਨੀਕਲਜ਼) ਛਪਵਾਈ ਅਤੇ ਫਿਰ ਆਪਣੀ ਅਗਲੀ ਕਿਤਾਬ ‘ਪਾਕਿਸਤਾਨ ਐਡਰਿਫਟ: ਨੇਵੀਗੇਟਿੰਗ ਟਰੱਬਲਡ ਵਾਟਰਜ਼’ ਦੇ ਪ੍ਰਕਾਸ਼ਨ ਲਈ ਵੀ ਇਜਾਜ਼ਤ ਨਹੀਂ ਲਈ। ਇਸ ਕਿਤਾਬ ਦਾ ਮੁੱਖ ਬੰਦ ਵੀ ਸ੍ਰੀ ਦੁਲੱਟ ਦਾ ਲਿਖਿਆ ਹੋਇਆ ਹੈ। ਇਹ ਆਈ.ਐੱਸ.ਆਈ. ਦੇ ਮੁਖੀ ਵਜੋਂ ਜਨਰਲ ਦੁਰਾਨੀ ਦੀਆਂ ਯਾਦਾਂ ’ਤੇ ਆਧਾਰਿਤ ਹੈ।
ਪਾਕਿਸਤਾਨੀ ਹਫ਼ਤਾਵਾਰੀ ‘ਫਰਾਈਡੇਅ ਟਾਈਮਜ਼’ ਵਿਚ ਛਪੇ ਇਸ ਕਿਤਾਬ ਦੇ ਰੀਵਿਊ ਵਿਚ ਸੀਨੀਅਰ ਪੱਤਰਕਾਰ, ਕਾਲਮਨਵੀਸ ਤੇ ਲੇਖਕ ਐਜ਼ਾਜ਼ ਸੱਯਦ ਨੇ ਲਿਖਿਆ ਹੈ ਕਿ ਕਿਸੇ ਵੀ ਪਾਕਿਸਤਾਨੀ ਜਰਨੈਲ ਨੇ 1980ਵਿਆਂ ਦੇ ਦੂਜੇ ਅੱਧ ਤੋਂ 1990ਵਿਆਂ ਦੇ ਪਹਿਲੇ ਅੱਧ ਤਕ ਦੇ ਦਹਾਕੇ ਦੌਰਾਨ ਪਾਕਿਸਤਾਨ ਦੇ ਅੰਦਰਲੀ ਅਤੇ ਇਸ ਦੇ ਗੁਆਂਢ ਵਿਚਲੀ ਦਿਸ਼ਾਵਲੀ ਵਿਚ ਪਾਕਿਸਤਾਨੀ ਫ਼ੌਜ ਤੇ ਆਈ.ਐੱਸ.ਆਈ. ਦੀ ਭੂਮਿਕਾ ਦਾ ਜ਼ਿਕਰ ਏਨੀ ਬੇਬਾਕੀ ਨਾਲ ਨਹੀਂ ਕੀਤਾ ਜਿੰਨਾ ਜਨਰਲ ਦੁਰਾਨੀ ਨੇ ਕੀਤਾ ਹੈ। ਉਨ੍ਹਾਂ ਨੇ ਆਈ.ਐੱਸ.ਆਈ. ਦੀਆਂ ਕਾਮਯਾਬੀਆਂ ਦਾ ਖੁਲਾਸਾ ਵੀ ਕੀਤਾ ਹੈ ਅਤੇ ਇਸ ਵੱਲੋਂ ਪੈਦਾ ਕੀਤੀਆਂ ਪਰੇਸ਼ਾਨੀਆਂ ਦਾ ਬਿਰਤਾਂਤ ਵੀ ਸਾਡੇ ਸਾਹਮਣੇ ਲਿਆਂਦਾ ਹੈ। ਦੁਰਾਨੀ ਨੇ ਉਸ ਘਟਨਾਕ੍ਰਮ ਉੱਤੇ ਉਂਗਲ ਵੀ ਧਰੀ ਹੈ ਜਿਸ ਕਾਰਨ ਅੱਜ ਪਾਕਿਸਤਾਨ ਨੂੰ ਆਲਮੀ ਪੱਧਰ ’ਤੇ ਅਲੱਗ ਥਲੱਗ ਹੋਣਾ ਪਿਆ ਅਤੇ ਆਪਣੀ ਪ੍ਰਭੂਸੱਤਾ ਚੀਨ ਕੋਲ ‘ਗਿਰਵੀ’ ਰੱਖਣੀ ਪਈ ਹੈ।

ਅਸਦ ਦੁਰਾਨੀ ਦੀ ਪੁਸਤਕ ਦਾ ਟਾਈਟਲ।

ਸੱਯਦ ਅਨੁਸਾਰ ਦੁਰਾਨੀ ਨੇ ਬਹੁਤ ਸਾਰੇ ਰਾਜ਼ ਸਾਂਝੇ ਕਰਨ ਤੋਂ ਪਰਹੇਜ਼ ਕੀਤਾ ਹੈ; ਅਤੇ ਅਜਿਹਾ ਕੁਝ ਕੌਮੀ ਹਿੱਤ ਵਿਚ ਕੀਤਾ ਹੈ, ਪਰ ਨਾਲ ਹੀ ਬਹੁਤ ਸਾਰੇ ਅਜਿਹੇ ਤੱਥ ਸਾਹਮਣੇ ਲਿਆਂਦੇ ਹਨ ਜਿਹੜੇ ਇਹ ਦਰਸਾਉਂਦੇ ਹਨ ਕਿ ਅੱਸੀਵਿਆਂ ਵਿਚ ਅਫ਼ਗਾਨਿਸਤਾਨ ’ਚ ਅਮਨ ਦੀ ਵਾਪਸੀ ਵਾਲੇ ਦ੍ਰਿਸ਼ ਨੂੰ ਪਾਕਿਸਤਾਨ ਨੇ ਸਾਬੋਤਾਜ ਕੀਤਾ ਅਤੇ ਅਜਿਹਾ ਕਰਕੇ ਜਿੱਥੇ ਆਪਣੇ ਗੁਆਂਢ ਵਿਚ ਸਥਿਰਤਾ ਦੀ ਸੰਭਾਵਨਾ ਖ਼ਤਮ ਕੀਤੀ, ਉੱਥੇ ਅਮਰੀਕੀ ਸਥਾਪਤੀ ਦੇ ਮਨਾਂ ਵਿਚ ਵੀ ਹਮੇਸ਼ਾਂ ਲਈ ਪਾਕਿਸਤਾਨ ਪ੍ਰਤੀ ਸ਼ੱਕ ਦਾ ਬੀਅ ਬੀਜ ਦਿੱਤਾ। ਇਸ ਦਾ ਖਮਿਆਜ਼ਾ ਹੁਣ ਪਾਕਿਸਤਾਨ ਨੂੰ ਭੋਗਣਾ ਪੈ ਰਿਹਾ ਹੈ।
ਦੁਰਾਨੀ ਅਨੁਸਾਰ 1989 ਵਿਚ ਸੋਵੀਅਤ ਫ਼ੌਜਾਂ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਤੋਂ ਪਹਿਲਾਂ ਪਾਕਿਸਤਾਨ ਵਿਚਲੇ ਰੂਸੀ ਰਾਜਦੂਤ ਵਿਕਤੋਰ ਯਾਕੂਨਿਨ ਨੇ ਪਾਕਿਸਤਾਨੀ ਆਰਮੀ ਚੀਫ ਮਿਰਜ਼ਾ ਅਸਲਮ ਬੇਗ਼ ਨੂੰ ਚਿਤਾਵਨੀ ਦਿੱਤੀ ਸੀ ਕਿ ਅਫ਼ਗਾਨ ਹੁਕਮਰਾਨ ਨਜੀਬਉੱਲਾ ਹੁਣ ਤਾਂ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ, ਪਰ ਜੇਕਰ ਤੁਸੀਂ ਇਸ ਕਾਰਵਾਈ ਨੂੰ ਸਹੀ ਹੁੰਗਾਰਾ ਨਾ ਦਿੱਤਾ ਤਾਂ ਇਹੋ ਹੱਥ ਘਸੁੰਨ ’ਚ ਬਦਲ ਦਿੱਤਾ ਜਾਵੇਗਾ। ਬੇਗ਼ ਨੇ ਯਾਕੂਨਿਨ ਨੂੰ ਯਕੀਨ ਦਿਵਾਇਆ ਸੀ ਕਿ ਅਫ਼ਗਾਨਿਸਤਾਨ ’ਚੋਂ ਸੋਵੀਅਤ ਵਾਪਸੀ ਵਿਚ ਕੋਈ ਖ਼ਲਲ ਨਹੀਂ ਪਾਇਆ ਜਾਵੇਗਾ। ਇਹ ਵਾਅਦਾ ਕੁਝ ਹੱਦ ਤਕ ਹੀ ਨਿਭਾਇਆ ਗਿਆ। ਜਦੋਂ ਯਾਕੂਨਿਨ ਨੇ ਅਜਿਹੇ ਦੋਗਲੇਪਣ ਉੱਤੇ ਰੋਸ ਪ੍ਰਗਟਾਇਆ ਤਾਂ ਜਨਰਲ ਬੇਗ਼ ਨੇ ਦੋਸ਼ ਮੁਜਾਹਿਦੀਨ (ਤਾਲਿਬਾਨ) ਉੱਤੇ ਮੜ੍ਹ ਦਿੱਤਾ। ਅਜਿਹੀ ਹੀ ਵਾਅਦਾਖ਼ਿਲਾਫ਼ੀ ਅਮਰੀਕੀ ਰਾਜਦੂਤ ਰੌਬਰਟ ਓਕਲੀ ਨਾਲ ਵੀ ਕੀਤੀ ਗਈ। ਓਕਲੀ ਨੇ ਵੀ ਅਮਰੀਕੀ ਪ੍ਰਸ਼ਾਸਨ ਦੀ ਤਰਫ਼ੋਂ ਪਾਕਿਸਤਾਨ ਤੋਂ ਇਹ ਕੌਲ ਮੰਗਿਆ ਸੀ ਕਿ ਸੋਵੀਅਤ ਫ਼ੌਜਾਂ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ’ਚ ਅਸਥਿਰਤਾ ਤੇ ਅਰਾਜਕਤਾ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਰਾਸ਼ਟਰੀ ਸੁਲ੍ਹਾ-ਸਹਿਮਤੀ

ਅਸਦ ਦੁਰਾਨੀ

ਵਾਲੀ ਸਰਕਾਰ ਦੀ ਸਥਾਪਨਾ ਸੰਭਵ ਹੋਣ ਦਿੱਤੀ ਜਾਵੇਗੀ। ਇਹ ਕੌਲ ਵੀ ਪੂਰਾ ਨਹੀਂ ਕੀਤਾ ਗਿਆ ਅਤੇ ਆਈ.ਐੱਸ.ਆਈ. ਦੀ ਮਦਦ ਨਾਲ ਗੁਲਬੂਦੀਨ ਹਿਕਮਤਯਾਰ ਦੀ ਅਗਵਾਈ ਹੇਠ ‘ਮੁਜਾਹਿਦੀਨ’ ਨੂੰ ਨਜੀਬੁੱਲਾ ਹਕੂਮਤ ਦਾ ਤਖ਼ਤਾ ਉਲਟਾਉਣ ਦਿੱਤਾ ਪਿਆ। ਇਨ੍ਹਾਂ ‘ਮੁਜਾਹਿਦੀਨ’ ਵਿਚ ਪਾਕਿਸਤਾਨੀ ਕਮਾਂਡੋ ਦਸਤੇ ਵੀ ਸ਼ਾਮਲ ਸਨ। ਅਜਿਹੀ ਵਾਅਦਾਖਿਲਾਫ਼ੀ ਵਾਸਤੇ ਆਈ.ਐੱਸ.ਆਈ. ਅੰਦਰਲੇ ‘ਅੱਥਰੇ’ ਤੱਤਾਂ ਨੂੰ ਦੋਸ਼ੀ ਦੱਸਿਆ ਗਿਆ। ਪਰ ਇਸ ਮਾਮਲੇ ਤੋਂ ਅਮਰੀਕੀ ਪ੍ਰਸ਼ਾਸਨਿਕ ਹਲਕਿਆਂ ਵਿਚ ਪਾਕਿਸਤਾਨ ਪ੍ਰਤੀ ਜੋ ਬੇਵਿਸਾਹੀ ਪੈਦਾ ਹੋਈ, ਉਹ ਹੁਣ ਤਕ ਬਰਕਰਾਰ ਹੈ।
* * *
ਅਫ਼ਸਰਸ਼ਾਹੀ ਨਾਰਾਜ਼ ਕਿਉਂ?
ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਅਫ਼ਸਰਸ਼ਾਹੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਪਰ ਅਜਿਹਾ ਕਰਕੇ ਉਸ ਨੇ ਆਪਣੀ ਹੀ ਸਰਕਾਰ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਰੋਜ਼ਨਾਮਾ ‘ਡਾਅਨ’ ਵਿਚ ਛਪੀ ਇਕ ਰਿਪੋਰਟ ਮੁਤਾਬਿਕ ਚੌਧਰੀ ਨੇ ਪਾਰਲੀਮੈਂਟ ਹਾਊਸ ਵਿਚ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਫ਼ਸਰਸ਼ਾਹੀ ਦਾ ਕੰਮ ਸਰਕਾਰ ਦੀਆਂ ਨੀਤੀਆਂ ਉੱਤੇ ਅਮਲ ਸੰਭਵ ਬਣਾਉਣਾ ਹੈ, ਨੀਤੀਆਂ ਘੜਨਾ ਨਹੀਂ। ਜੇਕਰ ਅਫ਼ਸਰ ਇਹ ਕੰਮ ਨਹੀਂ ਕਰ ਸਕਦੇ ਤਾਂ ਹਟਾਏ ਜਾਣ ਲਈ ਤਿਆਰ ਰਹਿਣ। ਚੌਧਰੀ ਨੇ ਇਹ ਟਿੱਪਣੀ ਸੂਬਾ ਪੰਜਾਬ ਦੇ ਪੁਲੀਸ ਮੁਖੀ ਮੁਹੰਮਦ ਤਾਹਿਰ ਨੂੰ ਹਟਾਏ ਜਾਣ ਦੇ ਪ੍ਰਸੰਗ ਵਿਚ ਕੀਤੀ। ਇਹ ਵੱਖਰੀ ਗੱਲ ਹੈ ਕਿ ਤਾਹਿਰ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਉੱਤੇ ਅਮਲ ਪਾਕਿਸਤਾਨੀ ਚੋਣ ਕਮਿਸ਼ਨ ਨੇ ਰੋਕ ਦਿੱਤਾ ਹੈ। ‘ਡਾਅਨ’ ਵਿਚ ਹੀ ਛਪੇ ਇਕ ਵੱਖਰੇ ਲੇਖ ਮੁਤਾਬਿਕ ਇਮਰਾਨ ਖ਼ਾਨ ਸਰਕਾਰ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਹੁਣ ਸਪਸ਼ਟ ਨਜ਼ਰ ਆਉਣ ਲੱਗਾ ਹੈ। ਮੁਹੰਮਦ ਤਾਹਿਰ ਨੂੰ ਦੋ ਮਹੀਨੇ ਪਹਿਲਾਂ ਪੰਜਾਬ ਪੁਲੀਸ ਦਾ ਆਈ.ਜੀ. ਨਿਯੁਕਤ ਕੀਤਾ ਗਿਆ ਸੀ ਤਾਂ ਜੋ ਸਭ ਤੋਂ ਵੱਧ ਵਸੋਂ ਵਾਲੇ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਸੁਧਾਰੀ ਜਾ ਸਕੇ। ਪਰ ਹੁਣ ਜਦੋਂ ਤਾਹਿਰ ਨੇ ਹੁਕਮਰਾਨ ਧਿਰ ਦੇ ਇਸ਼ਾਰਿਆਂ ’ਤੇ ਨੱਚਣਾ ਬੰਦ ਕਰ ਦਿੱਤਾ ਤਾਂ ਉਸ ਨੂੰ ਬਦਲੇ ਜਾਣ ਦੇ ਹੁਕਮ ਜਾਰੀ ਦਿੱਤੇ ਗਏ। ਤਾਹਿਰ ਖ਼ਿਲਾਫ਼ ਕਾਰਵਾਈ ਤੋਂ ਨਾਖ਼ੁਸ਼ ਸਾਬਕਾ ਆਈ.ਜੀ. ਨਾਸਿਰ ਦੁਰਾਨੀ ਨੇ ਆਪਣਾ ਅਹੁਦਾ ਤਿਆਗ ਦਿੱਤਾ ਹੈ। ਉਹ ਇਮਰਾਨ ਖ਼ਾਨ ਸਰਕਾਰ ਵੱਲੋਂ ਥਾਪੀ ਪੁਲੀਸ ਸੁਧਾਰ ਕਮੇਟੀ ਦੇ ਮੁਖੀ ਸਨ।
* * *
‘ਕਾਲਾ ਮੈਂਡਾ ਭੇਸ’ ਨੇ ਦਿਲ ਮੋਹੇ
ਲਾਹੌਰ ਵਿਚ ਥੀਏਟਰ ਗਰੁੱਪ ‘ਅਜੋਕਾ’ ਵੱਲੋਂ ਪੇਸ਼ ਕੀਤਾ ਗਿਆ ਨਾਟਕ ‘ਕਾਲਾ ਮੈਂਡਾ ਭੇਸ’ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ। ਮਲੀਹਾ ਲੋਧੀ ਵੱਲੋਂ ਸਥਾਪਿਤ ਇਹ ਥੀਏਟਰ ਗਰੁੱਪ ਦੋਵਾਂ ਪੰਜਾਬਾਂ ਦਰਮਿਆਨ ਸਹਿਯੋਗ ਦੀ ਵਾਪਸੀ ਦਾ ਹਮਾਇਤੀ ਹੋਣ ਤੋਂ ਇਲਾਵਾ ਪਾਕਿਸਤਾਨੀ ਸਮਾਜ ਅੰਦਰਲੀਆਂ ਕੁਰੀਤੀਆਂ ਖ਼ਿਲਾਫ਼ ਡਟ ਕੇ ਭੁਗਤਦਾ ਆਇਆ ਹੈ। ‘ਕਾਲਾ ਮੈਂਡ ਭੇਸ’ ਚੋਲਿਸਤਾਨ (ਧੁਰ ਦੱਖਣੀ ਪੰਜਾਬ) ਦੇ ਇਕ ਪਿੰਡ ਦੀ ਕਹਾਣੀ ਹੈ। ਇਸ ਪਿੰਡ ਵਿਚ ਪੀਣ ਦੇ ਪਾਣੀ ਦੀ ਭਾਰੀ ਘਾਟ ਹੈ। ਮਿੱਠੇ ਪਾਣੀ ਵਾਲੀ ਇਕੋ ਇਕ ਖੂਹੀ ਦੀ ਮਲਕੀਅਤ ਇਕ ਪੀਰ ਦੀ ਹੈ ਜੋ ਕਿ ਪਿੰਡ ਦਾ ਜਗੀਰਦਾਰ ਵੀ ਹੈ। ਨਾਟਕ ਦੀ ਨਾਇਕਾ ਦਾ ਨਾਮ ਭੀਰੀ ਹੈ। ਉਹ ਬੇਔਲਾਦ ਤੇ ਬਾਂਝ ਹੈ। ਉਸ ਦਾ ਪਤੀ ਅੱਲ੍ਹਾ ਵਸਾਇਆ ਔਲਾਦ ਦੀ ਖ਼ਾਤਿਰ ਦੂਜਾ ਵਿਆਹ ਕਰਵਾ ਲੈਂਦਾ ਹੈ। ਔਲਾਦ ਦਾ ਸੁਪਨਾ ਪੂਰਾ ਹੋਣ ਦੀ ਥਾਂ ਉਸ ਦਾ ਇਕੋਇਕ ਬੈਲ ਮਰ ਜਾਂਦਾ ਹੈ। ਬੈਲ ਤੋਂ ਬਿਨਾਂ ਉਹ ਖੇਤੀ ਨਹੀਂ ਕਰ ਸਕਦਾ। ਉਹ ਨਵੇਂ ਬੈਲ ਦੇ ਵੱਟੇ ਆਪਣੀ ਪਹਿਲੀ ਬੀਵੀ ਭੀਰੀ ਇਕ ਅਜਿਹੇ ਵਿਅਕਤੀ ਦੇ ਹਵਾਲੇ ਕਰ ਦਿੰਦਾ ਹੈ ਜਿਸ ਦੇ ਤਿੰਨ ਬੱਚੇ ਹਨ ਪਰ ਬੀਵੀ ਮਰੀ ਹੋਈ ਹੈ। ਨਾਟਕ ਦਾ ਅਹਿਮ ਪਾਤਰ ਹੈ ਓਪਰਾ ਜੋ ਕਿ ਸੂਤਰਧਾਰ ਦਾ ਕੰਮ ਵੀ ਕਰਦਾ ਹੈ। ਨਾਟਕ ਸੂਬਾ ਸਿੰਧ ਦੇ ਮਾਰੂਥਲੀ ਖਿੱਤੇ ਵਿਚ ਵਾਪਰੀ ਸੱਚੀ ਘਟਨਾ ’ਤੇ ਆਧਾਰਿਤ ਸੀ। ਨਾਟਕ ਦਾ ਮਨੋਰਥ ਪਾਕਿਸਤਾਨੀ ਸਮਾਜ ਵਿਚ ਔਰਤਾਂ ਦੀ ਦੁਰਦਸ਼ਾ ਬਿਆਨ ਕਰਨਾ ਹੈ। ਇਸ ਪੱਖੋਂ ਇਹ ਨਾਟਕ ਪੂਰਾ ਕਾਮਯਾਬ ਰਿਹਾ। ਰੋਜ਼ਨਾਮਾ ‘ਡੇਲੀ ਟਾਈਮਜ਼’ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਨਾਟਕ ਦੇ ਸ਼ੋਅ ਲਗਾਤਾਰ ਪੰਜ ਦਿਨ ‘ਹਾਊਸ ਫੁੱਲ’ ਰਹੇ। ਅਜਿਹਾ ਹੁੰਗਾਰਾ ਦਰਸਾਉਂਦਾ ਹੈ ਕਿ ਦਰਮਿਆਨਾ ਤਬਕਾ ਮੁਲਕ ਦੇ ਸਮਾਜਿਕ-ਆਰਥਿਕ ਪ੍ਰਬੰਧ ਵਿਚ ਤਬਦੀਲੀ ਦਾ ਕਿਸ ਹੱਦ ਤਕ ਚਾਹਵਾਨ ਹੈ।
* * *
ਮਰੀਅਮ ਨਵਾਜ਼ ਬਾਰੇ ਜਾਅਲੀ ਖ਼ਬਰ
ਮਰੀਅਮ ਨਵਾਜ਼ ਬਾਰੇ ਇਕ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੈ ਪਰ ਅੰਗਰੇਜ਼ੀ ਰੋਜ਼ਾਨਾ ‘ਡਾਅਨ’ ਨੇ ਪਾਠਕਾਂ ਨੂੰ ਸੂਚਿਤ ਕੀਤਾ ਹੈ ਕਿ ਇਹ ਖ਼ਬਰ ਜਾਅਲੀ ਹੈ। ‘ਖ਼ਬਰ’ ਵਿਚ ਦੱਸਿਆ ਗਿਆ ਹੈ ਕਿ ਨਵਾਜ਼ ਸ਼ਰੀਫ਼ ਦੀ ਬੇਟੀ ਹਾਮਲਾ ਹੈ। ਖ਼ਬਰ ਦਾ ਫਾਰਮੇਟ ਇਸ ਨੂੰ ‘ਡਾਅਨ.ਕੌਮ’ ਉੱਤੇ ਨਸ਼ਰ ਖ਼ਬਰ ਵਾਂਗ ਦਰਸਾਉਂਦਾ ਹੈ, ਪਰ ‘ਡਾਅਨ’ ਅਨੁਸਾਰ ‘ਖ਼ਬਰ’ ਦੀ ਇਬਾਰਤ ਵਿਚ ਸਿਰਫ਼ ਵਿਆਕਰਨ ਦੀਆਂ ਦਰਜਨ ਤੋਂ ਵੱਧ ਗ਼ਲਤੀਆਂ ਹਨ ਅਤੇ ਇਸ ਦੀ ਸ਼ੈਲੀ ਵੀ ‘ਡਾਅਨ’ ਵਾਲੀ ਨਹੀਂ। ਅਖ਼ਬਾਰ ਅਨੁਸਾਰ ਇਹ ਪਹਿਲੀ ਵਾਰ ਨਹੀਂ ਜਦੋਂ ਜਾਅਲੀ ਖ਼ਬਰ ਫੈਲਾਉਣ ਲਈ ਅਖ਼ਬਾਰ ਦੇ ਨਾਮ ਤੇ ਵੈੱਬਸਾਈਟ ਦੀ ਦੁਰਵਰਤੋਂ ਕੀਤੀ ਗਈ ਹੈ।
– ਪੰਜਾਬੀ ਟ੍ਰਿਬਿਊਨ ਫੀਚਰ


Comments Off on ਦੁਰਾਨੀ ਦੇ ਸੱਚ ਅਤੇ ਦੁਸ਼ਵਾਰੀਆਂ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.