ਸ੍ਰੀ ਸ੍ਰੀ ਰਵੀਸ਼ੰਕਰ ਦੀ ਫ਼ਰੀਦਕੋਟ ਫੇਰੀ ਵਿਵਾਦਾਂ ’ਚ ਘਿਰੀ !    ਸਿੱਖਿਆ ਮੰਤਰੀ ਅਤੇ ਅਧਿਆਪਕ ਯੂਨੀਅਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ !    ਕੈਨੇਡਾ ਵਿਚ ਅੱਜ ਬਣੇਗੀ ਜਸਟਿਨ ਟਰੂਡੋ ਦੀ ਸਰਕਾਰ !    ਗੁੰਡਾ ਟੈਕਸ: ਮੁਬਾਰਿਕਪੁਰ ਚੌਕੀ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ !    ਬਾਲਾ ਸਾਹਿਬ ਮਾਮਲਾ: ਡੀਸੀਪੀ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਂਚ !    ਮਹਾਰਾਸ਼ਟਰ ’ਚ ਅਗਲੇ ਹਫ਼ਤੇ ਸਰਕਾਰ ਬਣਨ ਦੇ ਅਸਾਰ !    ਕੋਲਾ ਖਾਣ ਧਮਾਕੇ ’ਚ 15 ਹਲਾਕ !    ਗ਼ਦਰੀ ਸੱਜਣ ਸਿੰਘ ਨਾਰੰਗਵਾਲ !    ਔਖੇ ਵੇਲਿਆਂ ਦਾ ਆਗੂ ਮਾਸਟਰ ਤਾਰਾ ਸਿੰਘ !    ਵਿਰਾਸਤ ਦੀ ਸੰਭਾਲ ਲਈ ਪ੍ਰੋ. ਪ੍ਰੀਤਮ ਸਿੰਘ ਦਾ ਯੋਗਦਾਨ !    

ਛਾਤੀ ਦਾ ਕੈਂਸਰ: ਅਲਾਮਤਾਂ ਤੇ ਜਾਗਰੂਕਤਾ

Posted On October - 4 - 2018

ਕੈਂਸਰ ਬਾਰੇ ਸਵਾਲ ਜਵਾਬ

ਸਵਾਲ: ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਮਹੀਨੇ ਦਾ ਕੀ ਮਹੱਤਵ ਹੈ?
ਜਵਾਬ: ਅਕਤੂਬਰ ਮਹੀਨਾ ਦੁਨੀਆਂ ਭਰ ਵਿਚ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ, ਖੋਜ ਲਈ ਧਨ ਇਕੱਠਾ ਕਰਨ, ਇਸ ਰੋਗ ਦਾ ਜਲਦੀ ਪਤਾ ਲਗਾਉਣ ਅਤੇ ਸਫਲ ਇਲਾਜ ਦੇ ਉਪਰਾਲਿਆਂ ਲਈ ਕੈਂਪ ਲਗਾ ਕੇ ਮਨਾਇਆ ਜਾਂਦਾ ਹੈ। ਕੌਮੀ ਅਤੇ ਕੌਮਾਂਤਰੀ ਗੋਸ਼ਟੀਆਂ ਕਰਾਈਆਂ ਜਾਂਦੀਆਂ ਹਨ ਤਾਂ ਜੋ ਸੰਸਾਰ ਪੱਧਰ ‘ਤੇ ਛਾਤੀ ਕੈਂਸਰਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਠੱਲ੍ਹ ਪਾਉਣ ਦੇ ਮਨੋਰਥ ਨੂੰ ਵਿਉਂਤਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਸਵਾਲ: ਛਾਤੀ ਦੇ ਕੈਂਸਰ ਦੇ ਕੀ ਕਾਰਨ ਹਨ?
ਜਵਾਬ: ਉਂਝ ਤਾਂ ਛਾਤੀ ਦਾ ਕੈਂਸਰ ਕਿਸੇ ਵੀ ਔਰਤ ਨੂੰ ਹੋ ਸਕਦਾ ਹੈ ਅਤੇ ਉਮਰ ਦੇ ਨਾਲ ਨਾਲ ਇਸ ਦੀ ਸੰਭਾਵਨਾ ਵਧਦੀ ਰਹਿੰਦੀ ਹੈ ਪਰ ਕੁਝ ਕਾਰਕਾਂ ਦੀ ਹੋਂਦ ਇਸ ਖ਼ਤਰੇ ਨੂੰ ਵਧਾ ਕੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰਦੀ ਹੈ। ਇਨ੍ਹਾਂ ਵਿਚ ‘ਬਰਾਕਾ ਜੀਨ’ ਦੀ ਹੋਂਦ, ਭੈਣ ਜਾਂ ਮਾਂ ਦਾ ਛਾਤੀ ਜਾਂ ਅੰਡਕੋਸ਼ ਦੇ ਕੈਂਸਰ ਨਾਲ ਗ੍ਰਸਤ ਹੋਣਾ, ਵਧੇਰੇ ਸ਼ਰਾਬ ਦੀ ਵਰਤੋਂ ਅਤੇ ਛਾਤੀ ਵਿਚ ਗੰਢਾਂ ਦਾ ਹੋਣਾ ਮੁੱਖ ਕਾਰਕ ਹਨ। ਇਸ ਤੋਂ ਇਲਾਵਾ ਅਣਵਿਆਹੀਆਂ, ਨਿਸੰਤਾਨ ਜਾਂ ਕਿਸੇ ਬਿਮਾਰੀ ਲਈ ਰੇਡੀਓਥੈਰੇਪੀ ਲੈਣ ਵਾਲੀਆਂ ਔਰਤਾਂ ਵਿਚ ਇਸ ਦੀ ਸੰਭਾਵਨਾ ਵਧ ਜਾਂਦੀ ਹੈ।
ਸਵਾਲ: ਇਸ ਕੈਂਸਰ ਨੂੰ ਜਲਦੀ ਕਿਵੇਂ ਪਛਾਣਿਆ ਜਾਵੇ?
ਜਵਾਬ: ਕੋਈ ਵੀ ਕੈਂਸਰ ਜਿੰਨੀ ਜਲਦੀ ਪਕੜ ‘ਚ ਆ ਜਾਵੇ, ਓਨਾ ਹੀ ਚੰਗਾ ਇਲਾਜ ਸੰਭਵ ਹੈ। ਹਰ ਕੈਂਸਰ ਨੂੰ ਜਲਦੀ ਪਕੜਨਾ ਆਸਾਨ ਨਹੀਂ ਹੈ। ਛਾਤੀ ਸਰੀਰ ਦਾ ਬਾਹਰੀ ਅੰਗ ਹੈ, ਇਸ ਲਈ ਇਸ ਰੋਗ ਦੀ ਸ਼ਨਾਖਤ ਜਲਦੀ ਹੋ ਸਕਦਾ ਹੈ। ਮੈਮੋਗਰਾਫੀ ਜੋ ਘੱਟ ਸ਼ਕਤੀ ਵਾਲਾ ਐਕਸ-ਰੇ ਹੈ, ਦੀ ਮਦਦ ਨਾਲ ਬਹੁਤ ਅਗੇਤੇ ਪੜਾਅ ‘ਤੇ ਛਾਤੀ ਦਾ ਕੈਂਸਰ ਲੱਭਿਆ ਜਾ ਸਕਦਾ ਹੈ। ਸੰਸਾਰ ਪੱਧਰੀ ਸਿਫਾਰਿਸ਼ ਮੁਤਾਬਿਕ 50 ਸਾਲ ਤੋਂ ਉਪਰ ਦੀ ਹਰ ਔਰਤ ਨੂੰ ਘੱਟੋ-ਘੱਟ ਹਰ 2 ਸਾਲ ਵਿਚ ਇਕ ਵਾਰੀ ਮੈਮੋਗ਼ਰਾਫ਼ੀ ਕਰਵਾਉਣੀ ਚਾਹੀਦੀ ਹੈ।
ਸਵਾਲ: ਦੁਨੀਆਂ ਭਰ ਵਿਚ ਕਿੰਨੀਆਂ ਕੁ ਔਰਤਾਂ ਨੂੰ ਇਹ ਕੈਂਸਰ ਹੁੰਦਾ ਹੈ?
ਜਵਾਬ: ਉਮਰ ਭਰ ਵਿਚ ਔਰਤ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਔਸਤਨ 12 ਫ਼ੀਸਦੀ ਹੈ। ਹਰ ਸਾਲ ਸੰਸਾਰ ਵਿਚ 21 ਲੱਖ ਔਰਤਾਂ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਸਵਾ ਛੇ ਲੱਖ ਦੀ ਮੌਤ ਹੋ ਜਾਂਦੀ ਹੈ। ਇਕ ਸਰਵੇਖਣ ਮੁਤਾਬਕ ਛਾਤੀ ਦਾ ਕੈਂਸਰ ਭਾਰਤੀ ਔਰਤਾਂ ਵਿਚ ਪਹਿਲੇ ਦਰਜੇ ਦਾ ਕੈਂਸਰ ਹੈ। ਹਰ ਇਕ ਲੱਖ ਪਿੱਛੇ 26 ਔਰਤਾਂ ਨੂੰ ਇਹ ਕੈਂਸਰ ਹੁੰਦਾ ਹੈ, ਜਿਨ੍ਹਾਂ ਵਿਚੋਂ 13 ਦੀ ਮੌਤ ਹੋ ਜਾਂਦੀ ਹੈ।
ਸਵਾਲ: ਇਸ ਕੈਂਸਰ ਦੇ ਲੱਛਣ ਕੀ ਹਨ?
ਜਵਾਬ: ਛਾਤੀ ਦਾ ਕੈਂਸਰ ਅਕਸਰ ਛਾਤੀ ਵਿਚ ਜਾਂ ਕੱਛ ਦੇ ਵਿਚ ਗੰਢ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਫੈਲਦੇ ਹੋਏ ਇਹ ਹੱਡੀਆਂ, ਫੇਫੜਿਆਂ, ਦਿਮਾਗ, ਜਿਗਰ ਜਾਂ ਹੋਰ ਅੰਗਾਂ ਵਿਚ ਜਾ ਸਕਦਾ ਹੈ। ਕੈਂਸਰ ਵਾਲੀ ਗੰਢ ਸਖਤ ਅਤੇ ਦਰਦਹੀਣ ਹੁੰਦੀ ਹੈ, ਇਹ ਆਕਾਰ ਵਿਚ ਲਗਾਤਾਰ ਵਧਦੀ ਰਹਿੰਦੀ ਹੈ ਅਤੇ ਬਾਹਰੀ ਚਮੜੀ ‘ਤੇ ਦਾਣੇਦਾਰ ਨਿਸ਼ਾਨ ਆ ਸਕਦੇ ਹਨ, ਨਾ ਭਰਨ ਵਾਲੇ ਜਖ਼ਮ ਵੀ ਹੋ ਸਕਦੇ ਹਨ ਅਤੇ ਨਿੱਪਲ ਵਿਚੋਂ ਰੇਸ਼ਾ ਜਾਂ ਤਰਲ ਪਦਾਰਥ ਵਗ ਸਕਦਾ ਹੈ।
ਸਵਾਲ: ਛਾਤੀ ਦੇ ਕੈਂਸਰ ਲਈ ਲੋੜੀਂਦੇ ਟੈਸਟ ਕੀ ਹਨ?
ਜਵਾਬ: ਸਭ ਤੋਂ ਜ਼ਰੂਰੀ ਹੈ ਬਾਇਉਪਸੀ। ਮੋਟੀ ਖੋਖਲੀ ਸੂਈ ਨਾਲ ਗੰਢ ਦਾ ਟੁਕੜਾ ਲੈ ਕੇ ਜਾਂਚ ਕੀਤੀ ਜਾਂਦੀ ਹੈ। ਫਿਰ ਕੈਂਸਰ ਦੀ ਕਿਸਮ ਪਤਾ ਕਰਕੇ ਅਗਲੇਰੇ ਟੈਸਟ ਕੀਤੇ ਜਾਂਦੇ ਹਨ ਜਿਨ੍ਹਾਂ ਤੋਂ ਕੈਂਸਰ ਦੀ ਗੰਭੀਰਤਾ ਅਤੇ ਇਲਾਜ ਸਬੰਧੀ ਫੈਸਲੇ ਕੀਤੇ ਹਨ। ਪੂਰੇ ਸਰੀਰ ਦੀ ਸਕੈਨਿੰਗ ਕਰਕੇ ਕੈਂਸਰ ਦੇ ਫੈਲਾਅ ਅਤੇ ਪੜਾਅ ਦਾ ਪਤਾ ਲਗਾਇਆ ਜਾਂਦਾ ਹੈ।
ਸਵਾਲ: ਇਸ ਕੈਂਸਰ ਦੇ ਕਿੰਨੇ ਪੜਾਅ ਹੁੰਦੇ ਹਨ?
ਜਵਾਬ: ਛਾਤੀ ਦੇ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿਚ ਬਿਮਾਰੀ ਸਿਰਫ ਛਾਤੀ ਤੱਕ ਸੀਮਤ ਹੁੰਦੀ ਹੈ ਅਤੇ ਗੰਢ ਬਹੁਤ ਛੋਟੀ ਹੁੰਦੀ ਹੈ। ਦੂਜੇ ਤੇ ਤੀਜੇ ਪੜਾਅ ਵਿਚ ਗੰਢ ਵੱਡੀ ਹੋ ਜਾਂਦੀ ਹੈ ਅਤੇ ਬਿਮਾਰੀ ਕੱਛਾਂ ਦੀਆਂ ਗ੍ਰੰਥੀਆਂ ਤੱਕ ਫੈਲ ਜਾਂਦੀ ਹੈ। ਚੌਥੇ ਪੜਾਅ ਵਿਚ ਬਿਮਾਰੀ ਛਾਤੀ ਤੋਂ ਦੂਰ ਦੇ ਅੰਗਾਂ ਵਿਚ ਪਹੁੰਚ ਜਾਂਦੀ ਹੈ।
ਸਵਾਲ: ਕੀ ਇਸ ਦਾ ਇਲਾਜ ਸੰਭਵ ਹੈ?
ਜਵਾਬ: ਪਹਿਲੇ ਤਿੰਨ ਪੜਾਵਾਂ ਤੱਕ ਇਲਾਜ ਨਾਲ ਬਿਮਾਰੀ ਜੜ੍ਹੋਂ ਮੁਕਾਈ ਜਾ ਸਕਦੀ ਹੈ ਪਰ ਚੌਥੇ ਪੜਾਅ ਵਾਲੀ ਬਿਮਾਰੀ ਵਿਚ ਸਿਰਫ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਲਾਜ ਦੇ ਵੱਖ ਵੱਖ ਤਰੀਕਿਆਂ ਵਿਚ ਚੀਰਫਾੜ, ਸੇਕਾਈ, ਕੀਮੋਥੈਰੇਪੀ, ਹਾਰਮੋਨਲ ਥੈਰੇਪੀ ਅਤੇ ਨਿਸ਼ਾਨੇਦਾਇਕ (ਟਾਰਗੈਟਡ ਥੈਰੇਪੀ) ਇਲਾਜ ਮੁੱਖ ਹਨ।
ਸਵਾਲ: ਕੀ ਇਹ ਕੈਂਸਰ ਜੜ੍ਹੋਂ ਖ਼ਤਮ ਹੋ ਸਕਦਾ ਹੈ?
ਜਵਾਬ: ਜੀ ਹਾਂ, ਤੀਜੇ ਪੜਾਅ ਤੱਕ ਦੇ ਕੈਂਸਰ ਚੰਗੇ ਅਤੇ ਸਮਾਂਬੱਧ ਇਲਾਜ ਨਾਲ ਜੜ੍ਹੋਂ ਖ਼ਤਮ ਹੋ ਸਕਦੇ ਹਨ। ਬਿਮਾਰੀ ਵਾਪਸ ਆਉਣ ਤੋਂ ਰੋਕਣ ਲਈ ਕਈ ਵਾਰ ਲੰਮਾ ਪਰ ਸਾਦਾ ਇਲਾਜ ਵੀ ਦਿੱਤਾ ਜਾਂਦਾ ਹੈ। ਜਾਂਚ, ਇਲਾਜ ਅਤੇ ਡਾਕਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਅਣਗਹਿਲੀ ਮਹਿੰਗੀ ਪੈ ਸਕਦੀ ਹੈ।
ਸਵਾਲ: ਕੀ ਸਫਲ ਇਲਾਜ ਤੋਂ ਬਾਅਦ ਇਹ ਕੈਂਸਰ ਦੁਬਾਰਾ ਹੋ ਸਕਦਾ ਹੈ?
ਜਵਾਬ: ਇਲਾਜ ਤੋਂ ਬਾਅਦ ਪਹਿਲੇ ਕੁਝ ਸਾਲ ਤੱਕ ਕੈਂਸਰ ਦੇ ਮੁੜ ਵਾਪਸ ਆਉਣ ਦੇ ਆਸਾਰ ਜ਼ਿਆਦਾ ਰਹਿੰਦੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਇਹ ਆਸਾਰ ਘਟਦੇ ਜਾਂਦੇ ਹਨ। ਜੇ ਕੈਂਸਰ ਦੁਬਾਰਾ ਆ ਵੀ ਜਾਵੇ ਤਾਂ ਵੀ ਫੈਲਿਆ ਨਾ ਹੋਣ ‘ਤੇ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਲਈ ਲਗਾਤਾਰ ਜਾਂਚ ਕਰਵਾਉਂਦੇ ਰਹਿਣਾ ਜ਼ਰੂਰੀ ਹੈ।

ਕੈਂਸਰ ਰੋਗ-ਮਾਹਿਰ ਡਾ. ਐੱਚਐੱਸ ਡਾਰਲਿੰਗ ਵੱਲੋਂ ਹਰ ਦੋ ਹਫ਼ਤੇ ਬਾਅਦ ਪਾਠਕਾਂ ਦੇ ਕੈਂਸਰ ਜਾਂ ਹੋਰ ਰੋਗਾਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਪਾਠਕ ਆਪਣੇ ਸਵਾਲ ਡਾ. ਡਾਰਲਿੰਗ ਨੂੰ ਉਨ੍ਹਾਂ ਦੇ ਵਟਸਐਪ ਰਾਹੀਂ 88263-88099 ‘ਤੇ ਜਾਂ ਪੰਜਾਬੀ ਟ੍ਰਿਬਿਊਨ ਨੂੰ ਈ ਮੇਲ/ਪੱਤਰ ਰਾਹੀਂ ਭੇਜ ਸਕਦੇ ਹਨ।


Comments Off on ਛਾਤੀ ਦਾ ਕੈਂਸਰ: ਅਲਾਮਤਾਂ ਤੇ ਜਾਗਰੂਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.