85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਉਡਦੀ ਖ਼ਬਰ

Posted On October - 21 - 2018

ਖਾਣੇ ’ਤੇ ਸਿਆਸਤ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੁੂ ਦੁਆਰਾ ਪਿਛਲੇ ਦਿਨੀਂ ਖਾਣੇ ਨੂੰ ਲੈ ਕੇ ਦਿੱਤਾ ਬਿਆਨ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਰਿਹਾ। ਉਨ੍ਹਾਂ ਨੇ ਇਕ ਸਮਾਗਮ ਵਿਚ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਸੂਬਿਆਂ ਨਾਲੋਂ ਲਹਿੰਦੇ ਪੰਜਾਬ ਦਾ ਖਾਣਾ ਵੱਧ ਪਸੰਦ ਹੈ ਕਿਉਂਕਿ ਉੱਥੋਂ ਦਾ ਖਾਣਾ ਸਾਡੇ ਚੜ੍ਹਦੇ ਪੰਜਾਬ ਵਰਗਾ ਹੀ ਹੈ। ਹੱਦ ਤੋਂ ਉਦੋਂ ਹੋ ਗਈ, ਜਦੋਂ ਗੁਆਂਢੀ ਸੂਬੇ ਹਰਿਆਣਾ ਦੇ ਇਕ ਮੰਤਰੀ ਨੇ ਇਸ ਮਾਮਲੇ ਕਾਰਨ ਇਹ ਸਲਾਹ ਦੇ ਦਿੱਤੀ ਕਿ ਸ੍ਰੀ ਸਿੱਧੂ ਨੂੰ ਪਾਕਿਸਤਾਨ ਹੀ ਚਲੇ ਜਾਣਾ ਚਾਹੀਦਾ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਖਣ ਦਾ ਵੜਾ, ਡੋਸਾ ਅਤੇ ਇਡਲੀ ਚੰਗੇ ਲੱਗਦੇ ਹਨ। ਮੁੱਖ ਮੰਤਰੀ ਹੋਰ ਕੁਝ ਕਹਿਣ ਤੋਂ ਟਾਲਾ ਵੱਟ ਗਏ।

ਖ਼ਤਰੇ ਦੀ ਘੰਟੀ
ਪੰਜਾਬ ਦਾ ਟਰਾਂਸਪੋਰਟ ਵਿਭਾਗ ਇਸ ਸਮੇਂ ਆਈਏਐੱਸ ਅਫ਼ਸਰਾਂ ਲਈ ਸਭ ਤੋਂ ਵੱਧ ਦਹਿਸ਼ਤਜ਼ਦਾ ਵਿਭਾਗ ਬਣਦਾ ਜਾ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਪਿਛਲੇ ਡੇਢ ਕੁ ਸਾਲ ਦੇ ਕਾਰਜਕਾਲ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਅਹੁਦੇ ’ਤੇ ਕੰਮ ਕਰਨ ਵਾਲੇ ਪੰਜ ਅਧਿਕਾਰੀਆਂ ਨੂੰ ਤਬਦੀਲ ਕੀਤਾ ਜਾ ਚੁੱਕਾ ਹੈ ਤੇ ਹੁਣ ਛੇਵੇਂ ਅਧਿਕਾਰੀ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਇਹ ਵਿਭਾਗ ਚਾਰ ਕੁ ਟਰਾਂਸਪੋਰਟ ਸਕੱਤਰ ਵੀ ਦੇਖ ਚੁੱਕਾ ਹੈ। ਇਸ ਵਿਭਾਗ ਵਿਚ ਕੰਮ ਕਰ ਚੁੱਕੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਵਿਚ ਕੰਮ ਕਰਨਾ ‘ਅੱਗ ਨਾਲ ਖੇਡਣ’ ਦੇ ਬਰਾਬਰ ਹੈ ਕਿਉਂਕਿ ਨੌਕਰੀ ਹਰ ਦਮ ਖ਼ਤਰੇ ਵਿਚ ਹੀ ਪਈ ਮਹਿਸੂਸ ਹੁੰਦੀ ਹੈ। ਇਸ ਵਿਭਾਗ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਦੀ ਹੀ ਦਿਲਚਸਪੀ ਨਹੀਂ ਰਹਿੰਦੀ ਸਗੋਂ ਮੌਜੂਦਾ ਸਰਕਾਰ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਵੀ ਇਸ ਵਿਭਾਗ ਦੇ ਅਧਿਕਾਰੀਆਂ ਨੂੰ ਉਂਗਲਾਂ ’ਤੇ ਨਚਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਅਧਿਕਾਰੀ ਦਾ ਤਾਂ ਇਹ ਵੀ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਵਿਚ ਪਿਛਲੀ ਸਰਕਾਰ ਦੌਰਾਨ ਏਨੀਆਂ ਜ਼ਿਆਦਾ ਬੇਨਿਯਮੀਆਂ ਹੋ ਚੁੱਕੀਆਂ ਹਨ ਕਿ ਇਸ ਵਿਭਾਗ ਵਿਚ ਕੰਮ ਕਰਨ ਵਾਲਾ ਅਫ਼ਸਰ ਅਕਸਰ ਆਪਣੀ ਨੌਕਰੀ ਨੂੰ ਖ਼ਤਰਾ ਸਮਝਣ ਲੱਗ ਜਾਂਦਾ ਹੈ। ਇਸ ਵਿਭਾਗ ਦਾ ਤਾਂ ਰੱਬ ਹੀ ਰਾਖਾ ਹੈ।

…ਹੁਣ ਚੋਣ ਪਿੜ ਯੁਵਰਾਜ ਹਵਾਲੇ?
ਅਗਲੇ ਮਹੀਨੇ ਕੁਝ ਰਾਜਾਂ ’ਚ ਵਿਧਾਨ ਸਭਾ ਚੋਣਾਂ ਮਗਰੋਂ ਲੋਕ ਸਭਾ ਦਾ ਪਿੜ ਭਖ ਜਾਵੇਗਾ। ਇਸ ਲਈ ਸਾਰੀਆਂ ਰਾਜਸੀ ਧਿਰਾਂ ਹੁਣ ਤੋਂ ਹੀ ਆਪਣੇ ਉਮੀਦਵਾਰਾਂ ਬਾਰੇ ਵਿਚਾਰਨ ਲੱਗੀਆਂ ਹਨ। ਪੰਜਾਬ ’ਚ ਸੱਤਾਧਾਰੀ ਕਾਂਗਰਸ ਵੀ ਅਜਿਹੀਆਂ ਰਾਜਸੀ ਵਿਚਾਰਾਂ ’ਚ ਮਸਰੂਫ਼ ਦੱਸੀ ਜਾਂਦੀ ਹੈ। ਇਸ ਸਿਆਸੀ ਮਾਹੌਲ ਤੋਂ ਸ਼ਾਹੀ ਜ਼ਿਲ੍ਹੇ ਅੰਦਰ ਇਕ ਖ਼ਬਰ ਉੱਡੀ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਐਤਕੀਂ ਯੁਵਰਾਜ ਰਣਇੰਦਰ ਸਿੰਘ ਉਮੀਦਵਾਰ ਹੋ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਰਣਇੰਦਰ ਸਿੰਘ ਇਸ ਸਿਲਸਿਲੇ ’ਚ ਅੰਦਰਖ਼ਾਤੇ ਪਟਿਆਲਵੀਆਂ ਨਾਲ ਰਾਬਤਾ ਵੀ ਵਧਾਉਣ ਲੱਗੇ ਹਨ। ਪਿਛਲੀ ਵਾਰ ਇਸ ਸੀਟ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਚੋਣ ਹਾਰ ਗਏ ਸਨ। ਸੂਤਰਾਂ ਦੇ ਦੱਸਣ ਮੁਤਾਬਿਕ ਸ਼ਾਹੀ ਪਰਿਵਾਰ ਚਾਹੁੰਦਾ ਹੈ ਕਿ ਪਟਿਆਲੇ ਤੋਂ ਚੋਣ ਪਿੜ ਹੁਣ ਯੁਵਰਾਜ ਦੇ ਹਵਾਲੇ ਕਰ ਦਿੱਤਾ ਜਾਵੇ।

ਟਰੈਫਿਕ ਪੁਲੀਸ ’ਤੇ ਭਾਰੀ ਪਈ ਤਾੜੀ
ਟਰੈਫਿਕ ਪੁਲੀਸ ਨਾਲ ਮੁਹਾਲੀ ਵਿਚ ਉਸ ਵਕਤ ਜੱਗੋਂ ਤੇਰ੍ਹਵੀਂ ਹੋ ਗਈ ਜਦੋਂ ਨਾਕਾ ਲਾਈ ਖੜ੍ਹੇ ਨੌਜਵਾਨ ਪੁਲੀਸ ਮੁਲਾਜ਼ਮਾਂ ਨੇ ਦੂਰੋਂ ਬਿਨਾਂ ਹੈਲਮਟ ਮੋਟਰਸਾਈਕਲ ਸਵਾਰ (ਜਿਸ ਦੇ ਪਿੱਛੇ ਦੋ ਹੋਰ ਬੈਠੇ ਸਨ) ਨੂੰ ਦੇਖ ਕੇ ਸੜਕ ਦੇ ਵਿਚਕਾਰ ਆ ਕੇ ਰੁਕਣ ਦਾ ਇਸ਼ਾਰਾ ਕੀਤਾ। ਮੋਟਰਸਾਈਕਲ ਸਵਾਰ ਰੁਕਿਆ ਤਾਂ ਅੱਗੋਂ ਪੁਲੀਸ ਵਾਲੇ ਨੇ ਕਿਹਾ, ‘‘ਹੈਲਮਟ ਕਿੱਥੇ ਐ? ਦਿਖਾਓ ਲਾਈਸੈਂਸ।’’ ਏਨਾ ਸੁਣਦੇ ਹੀ ਪਿੱਛੇ ਬੈਠੇ ਇਕ ਨੇ ਤਾੜੀ ਮਾਰ ਕੇ ਕਿਹਾ, ‘‘ਹੈਂ ਦੱਸ ਕੀ ਚਾਹੀਦੈ?’’ ਇਹ ਸੁਣਦਿਆਂ ਸਾਰ ਪੁਲੀਸ ਕਰਮਚਾਰੀ ਇਉਂ ਪਿੱਛੇ ਹਟਿਆ ਜਿਵੇਂ 440 ਵੋਲਟ ਦਾ ਕਰੰਟ ਲੱਗਿਆ ਹੋਵੇ। ਪਿੱਛੇ ਖੜ੍ਹੇ ਮੁਲਾਜ਼ਮ ਮੁਸ਼ਕੜੀਏਂ ਹੱਸਦੇ ਰਹੇ। ਮੌਕੇ ’ਤੇ ਮੌਜੂਦ ਲੋਕਾਂ ਨੇ ਵੀ ਝੱਟ ਕਹਿ ਦਿੱਤਾ ਕਿ ਕੱਟੋ ਚਲਾਨ। ਪਰ ਮੋਟਰਸਾਈਕਲ ਸਵਾਰ ਝੱਟ ਉੱਥੋਂ ਲੰਘ ਗਏ ਤੇ ਪੁਲੀਸ ਦੇਖਦੀ ਹੀ ਰਹਿ ਗਈ।
– ਬਲਵਿੰਦਰ ਜੰਮੂ, ਦਵਿੰਦਰ ਪਾਲ, ਰਵੇਲ ਸਿੰਘ ਭਿੰਡਰ, ਰਾਜਿੰਦਰ ਵਰਮਾ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.