85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਉਡਦੀ ਖ਼ਬਰ

Posted On October - 14 - 2018

ਜੇ ਪੁਲੀਸ ਆਪਣੀ ਆਈ ’ਤੇ ਆ’ਜੇ…
ਪੰਜਾਬ ਸਰਕਾਰ ਦੇ ਇਕ ਛੋਟੇ ਪਰ ਪ੍ਰਭਾਵਸ਼ਾਲੀ ਸਾਹਿਬ ਦੀ ਪਤਨੀ ਦੇ ਚੋਰੀ ਹੋਏ ਗਹਿਣੇ ਅਤੇ ਨਕਦੀ ਨੂੰ ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਕੁਝ ਘੰਟਿਆਂ ਵਿਚ ਹੀ ਲੱਭ ਕੇ ਮਿਸਾਲ ਕਾਇਮ ਕੀਤੀ ਹੈ। ਹੋਇਆ ਇੰਜ ਕਿ ਅਕਾਲੀ ਸਰਕਾਰ ਸਮੇਂ ‘ਸ਼ਕਤੀਮਾਨ’ ਦੇ ਤੌਰ ’ਤੇ ਜਾਣੇ ਜਾਂਦੇ ਇਸ ਸਾਹਿਬ ਦੀ ਪਤਨੀ ਪਿਛਲੇ ਦਿਨੀਂ ਆਪਣੀਆਂ ਕਰੀਬੀ ਰਿਸ਼ਤੇਦਾਰ ਮਹਿਲਾਵਾਂ ਨਾਲ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਈ ਤਾਂ ਉੱਥੇ ਕੁਝ ਜੇਬਕਤਰੀਆਂ ਨੇ ਇਸ ਮਹਿਲਾ ਦਾ ਪਰਸ ਚੋਰੀ ਕਰ ਲਿਆ। ਮਹਿਲਾ ਇਕ ਪ੍ਰਭਾਵਸ਼ਾਲੀ ਅਫ਼ਸਰ ਦੀ ਪਤਨੀ ਸੀ। ਇਸ ਲਈ ਚਾਰੇ ਪਾਸੇ ‘ਖ਼ਤਰੇ ਦਾ ਘੁੱਗੂ’ ਵਜਾ ਦਿੱਤਾ ਗਿਆ ਤੇ ਜੇਬਕਤਰੀਆਂ ਨੂੰ ਫੜ੍ਹਨ ਲਈ ਪੁਲੀਸ ਨੇ ਚੌਕਸੀ ਵਧਾ ਦਿੱਤੀ। ਪੰਜਾਬ ਪੁਲੀਸ ਮੁਤਾਬਿਕ ਸੂਬੇ ਵਿਚ ਚਰਚਿਤ ਜੇਬਕਤਰੀਆਂ ਦਾ ਟਿਕਾਣਾ ਨਾਭਾ ਦੇ ਨਜ਼ਦੀਕੀ ਪਿੰਡਾਂ ਵਿਚ ਮੰਨਿਆ ਜਾਂਦਾ ਹੈ। ਇਸ ਲਈ ਪੰਜਾਬ ਪੁਲੀਸ ਦੇ ਕੁਝ ‘ਕਾਬਲ’ ਅਫ਼ਸਰਾਂ (ਜਿਨ੍ਹਾਂ ਨੂੰ ਅਜਿਹੇ ਚੋਰਾਂ ਤੇ ਜੇਬਕਤਰਿਆਂ ਬਾਰੇ ਅਕਸਰ ਪਤਾ ਹੁੰਦਾ ਹੈ) ਨੇ ਝੱਟ ਨਤੀਜਾ ਕੱਢ ਦਿੱਤਾ ਕਿ ਇਹ ਕਾਰਨਾਮਾ ਸੰਗਰੂਰ ਜ਼ਿਲ੍ਹੇ ਦੇ ਫਲਾਣੇ ਪਿੰਡ ਨਾਲ ਸਬੰਧਿਤ ਜੇਬਕਤਰੀਆਂ ਦਾ ਹੈ। ਏਨੀ ਸ਼ਨਾਖ਼ਤ ਹੋਣ ਦੀ ਦੇਰ ਸੀ ਕਿ ਜੇਬਕਤਰੀਆਂ ਨੂੰ ਕਾਬੂ ਕਰਕੇ ਝੱਟ ਸਾਰੇ ਗਹਿਣੇ ਅਤੇ ਨਕਦੀ ਬਰਾਮਦ ਕਰ ਕੇ ਸਾਹਿਬ ਦੀ ਪਤਨੀ ਦੇ ਹਵਾਲੇ ਕੀਤੀ। ਇਸ ਤਰ੍ਹਾਂ ਪੁਲੀਸ ਨੇ ਆਪਣੀ ਕਾਮਯਾਬੀ ਵੀ ਦਿਖਾ ਦਿੱਤੀ ਤੇ ਗੁਆਚੀ ਮਾਇਆ ਹੱਥ ਲੱਗਣ ਤੋਂ ਬਾਅਦ ਸਾਹਿਬ ਤੇ ਉਨ੍ਹਾਂ ਦੀ ਬੀਵੀ ਵੀ ਖ਼ੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ। ਪੁਲੀਸ ਦੀ ਇਸ ਕਾਮਯਾਬੀ ਨਾਲ ਫ਼ਿਲਮੀ ਡਾਇਲਾਗ ਵੀ ਸੱਚ ਸਾਬਤ ਹੋ ਗਿਆ ਕਿ ਜੇਕਰ ਪੁਲੀਸ ਆਪਣੀ ਆਈ ’ਤੇ ਆ ਜਾਵੇ ਤਾਂ ਗੁਰਦੁਆਰੇ ਮੂਹਰਿਓਂ ਕੋਈ ਚੱਪਲ ਵੀ ਚੋਰੀ ਨਹੀਂ ਕਰ ਸਕਦਾ। ਕਾਸ਼! ਪੁਲੀਸ ਹੋਰਨਾਂ ਕੇਸਾਂ ਵਿਚ ਵੀ ਅਜਿਹੀ ਫੁਰਤੀ ਦਿਖਾਇਆ ਕਰੇ।

ਉਹ ਦਿਨ ਤੇ ਆਹ ਦਿਨ
ਤਕਰੀਬਨ ਪੰਜ ਸਾਲ ਪਹਿਲਾਂ ਏਸ ਵੇਲੇ ਦੇ ਭਾਜਪਾ ਦੇ ਪ੍ਰਮੁੱਖ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਦੌਰੇ ਕਰਦੇ ਸਨ ਤਾਂ ਉਸ ਸਮੇਂ ਹੁੰਦੇ ਇਕੱਠਾਂ ਵਿਚ ਉੱਚੀ ਲੈਅਬੱਧ ਆਵਾਜ਼ ਉੱਠਦੀ ਸੀ ‘ਮੋਦੀ ਮੋਦੀ ਮੋਦੀ…’। ਪਰ ਪਿਛਲੇ ਦਿਨੀਂ ਹਰਿਆਣਾ ਦੇ ਕਸਬਾ ਨੁਮਾ ਪਿੰਡ ਗੜੀ ਸਾਂਪਲਾ ਵਿਚ ਮਰਹੂਮ ਆਗੂ ਸਰ ਛੋਟੂ ਰਾਮ ਦੇ 64 ਫੁੱਟ ਉੱਚੇ ਬੁੱਤੇ ਨੂੰ ਸਥਾਪਤ ਕਰਨ ਦੇ ਮੌਕੇ ਇਕੱਠ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਪ੍ਰਧਾਨ ਮੰਤਰੀ ਸਨ। ਕ੍ਰਿਸ਼ਮਈ ਆਗੂ ਦੀ ਆਮਦ ਦੇ ਬਾਵਜੂਦ ਇਸ ਵਾਰ ਦੇ ਇਕੱਠ ਵਿਚ ਪੰਜ ਸਾਲ ਪਹਿਲਾਂ ਵਾਲਾ ਜਲਵਾ ਗਾਇਬ ਦਿਸਿਆ। ਲੋਕ ਦਸ ਮਿੰਟ ਤਕ ਭਾਸ਼ਣ ਸੁਣਦੇ ਰਹੇ ਤੇ ਉਸ ਮਗਰੋਂ ਕੁਝ ਨੌਜਵਾਨ ਤਾੜੀਆਂ ਮਾਰਨ ਲੱਗੇ। ਲੋਕ ਪ੍ਰਧਾਨ ਮੰਤਰੀ ਨੂੰ ਸੁਣਨ ਦੀ ਬਜਾਏ ਇਨ੍ਹਾਂ ਨੌਜਵਾਨਾਂ ਵੱਲ ਰੁਚਿਤ ਹੋ ਗਏ। ਇਸ ਨੂੰ ਦੇਖਦਿਆਂ ਪ੍ਰਬੰਧਕਾਂ ਅਤੇ ਪੁਲੀਸ ਦੇ ਪਸੀਨੇ ਛੁੱਟ ਗਏ। ਉਨ੍ਹਾਂ ਨੇ ਬੇਵਜ੍ਹਾ ਤਾੜੀਆਂ ਮਾਰਨ ਵਾਲਿਆਂ ਨੂੰ ਸ਼ਾਂਤ ਕਰਵਾਉਣ ਦੇ ਬਥੇਰੇ ਯਤਨ ਕੀਤੇ, ਪਰ ਗੱਲ ਨਹੀਂ ਬਣੀ। ਪ੍ਰਧਾਨ ਮੰਤਰੀ ਜੀ ਨੇ ਇਸ ਅਹਿਮਕੀ ਕਾਰੇ ਨੂੰ ਅਣਗੌਲਿਆਂ ਕਰਦਿਆਂ ਆਪਣਾ ਭਾਸ਼ਣ ਜਾਰੀ ਰੱਖਿਆ।

ਤੇਲ ਦੇਖੋ ਤੇਲ ਦੀ ਧਾਰ ਦੇਖੋ
ਪੰਜਾਬ ’ਚ ਅਕਾਲੀ ਦਲ ਤੇ ਆਪ ਅੱਜਕੱਲ੍ਹ ਦੋਵੇਂ ਅੰਦਰੂਨੀ ਕਲੇਸ਼ ਦੀ ਗ੍ਰਿਫ਼ਤ ’ਚ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੇ ਸਿਰਕੱਢ ਆਗੂ ਵੀ ਇਨ੍ਹੀਂ ਦਿਨੀਂ ਬਗਾਵਤ ਦੇ ਝੰਡੇ ਚੁੱਕ ਰਹੇ ਹਨ। ਅਜਿਹੇ ਸਿਆਸੀ ਮਾਹੌਲ ’ਚ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਪੂਰੀ ਤਰ੍ਹਾਂ ਸ਼ਾਂਤ ਤੇ ਚੁੱਪ ਹੈ। ਭਾਵੇਂ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਸਮੇਤ ਪਰਿਵਾਰ ਦੇ ਸਾਰੇ ਜੀਅ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹਿੰਦਿਆਂ ਆਪ ’ਚ ਸ਼ਾਮਲ ਹੋ ਗਏ ਸਨ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪਰਿਵਾਰ ਨੂੰ ਸਿਆਸੀ ਤੌਰ ’ਤੇ ਇਕ ਹੋਰ ਅਜ਼ਮਾਇਸ਼ ’ਚੋਂ ਲੰਘਣਾ ਪੈ ਸਕਦਾ ਹੈ। ਉੱਡਦੀ ਖ਼ਬਰ ਹੈ ਕਿ ਸਰਗਰਮ ਸਿਆਸਤ ’ਚ ਮੁੜ ਕੁੱਦਣ ਲਈ ਟੌਹੜਾ ਪਰਿਵਾਰ ਫਿਲਹਾਲ ‘ਤੇਲ ਨਹੀਂ ਤੇਲ ਦੀ ਧਾਰ’ ਵੱਲ ਵੇਖ ਰਿਹਾ ਹੈ।
– ਦਵਿੰਦਰ ਪਾਲ, ਬਲਵਿੰਦਰ ਜੰਮੂ, ਰਵੇਲ ਸਿੰਘ ਭਿੰਡਰ


Comments Off on ਉਡਦੀ ਖ਼ਬਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.