85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਅੰਮ੍ਰਿਤਸਰ ਦੁਖਾਂਤ: ਕੁਝ ਹੋਰ ਸਵਾਲ

Posted On October - 21 - 2018

ਐੱਸ.ਪੀ. ਸਿੰਘ*

ਦੁਸਹਿਰੇ ਵਾਲੀ ਉਸ ਚੰਦਰੀ ਸ਼ਾਮ ਤੋਂ ਬਾਅਦ ਬਹੁਤ ਸਾਰੇ ਸਵਾਲ ਤਾਂ ਪੁੱਛੇ ਹੀ ਜਾ ਚੁੱਕੇ ਨੇ। ਇਸ ਛਿਓਡੰਭੇ ਜਿੱਡੀ ਜਗ੍ਹਾ ਵਿੱਚ ਤਾਂ ਥੋੜ੍ਹੇ ਜਿਹੇ ਬਚੇ-ਖੁਚੇ ਉਨ੍ਹਾਂ ਸਵਾਲਾਂ ਦਾ ਹੀ ਜ਼ਿਕਰ ਕਰਨਾ ਏ ਜਿਹੜੇ ਸਾਹੋਸਾਹੀ ਹੋਏ, ਕਿਸੇ ਅਧਿਕਾਰੀ, ਮੁੱਖ ਮੰਤਰੀ, ਮੰਤਰੀ ਦੇ ਪਿੱਛੇ, ਕੈਮਰਾ-ਮਾਈਕ-ਨੋਟਬੁੱਕ ਹੱਥ ਵਿੱਚ ਲਈ ਸਵਾਲਕਰਤਾ ਸਮੇਂ ਦੀ ਘਾਟ ਕਾਰਨ ਨਹੀਂ ਪੁੱਛ ਸਕੇ ਹੋਣਗੇ। ਇਹ ਸਵਾਲ ਜੇ ਅਸੀਂ ਆਪਣੇ ਆਪ ਨੂੰ ਕਰ ਲਈਏ ਤਾਂ ਸ਼ਾਇਦ ਆਪਣੇ ਹੀ ਧੁਰ ਅੰਦਰੋਂ ਕਦੀ ਸੁੱਤੇ-ਸਿੱਧ ਕੋਈ ਜਵਾਬ ਆਉਣ ਦੀ ਆਸ ਰਹੇ।
ਤੁਹਾਨੂੰ ਟੀਵੀ ’ਤੇ ਜਾਂ ਅਖ਼ਬਾਰੀ ਬਿਆਨਬਾਜ਼ੀ ਵਿੱਚ ਕਿਹੜਾ ਨੇਤਾ ਸੋਗਵਾਰ ਦਿਖਾਈ ਦਿੱਤਾ? ਅੰਮ੍ਰਿਤਸਰ ਦੇ ਜੌੜੇ ਫਾਟਕਾਂ ਨਜ਼ਦੀਕ ਰੇਲਵੇ ਦੀਆਂ ਪਟੜੀਆਂ ’ਤੇ ਅਜੇ ਮਨੁੱਖੀ ਅੰਗਾਂ ਵਿੱਚੋਂ ਖ਼ੂਨ ਰਿਸ ਰਿਹਾ ਸੀ ਜਦੋਂ ‘ਤੋਹਮਤ ਬਨਾਮ ਬਚਾਅ’ ਵਾਲੀ ਰਾਜਨੀਤੀ, ਤੇ ਇਸ ਦੇ ਨਾਲ ਹੀ ‘ਇਸ ’ਤੇ ਰਾਜਨੀਤੀ ਨਾ ਕਰੋ’ ਦੀ ਦੁਹਾਈ ਵਾਲੀਆਂ ਦੋਵੇਂ ਧਾਰਾਵਾਂ ਵਹਿ ਤੁਰੀਆਂ ਸਨ, ਪਰ ਪਰਦੇ ’ਤੇ ਵਾਰ-ਵਾਰ ਵਿਖਾਏ ਜਾ ਰਹੇ ਮਾਰਮਿਕ ਦ੍ਰਿਸ਼ਾਂ ਪਿੱਛੇ ਵੱਜਦੀ ਸੋਗਵਾਰ ਧੁਨ ਤੋਂ ਬਿਨਾਂ ਤੁਹਾਨੂੰ ਸੋਗ ਕਿੱਥੇ ਵਿਖਾਈ ਦਿੱਤਾ?
ਗੁੱਸਾ ਸੀ, ਬਿਲਕੁਲ ਸੀ- ਭੀੜ ਦਾ ਗੁੱਸਾ, ਵਿਰੋਧੀ ਧਿਰ ਦੇ ਨੇਤਾਵਾਂ ਦਾ ਗੁੱਸਾ, ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦਾ ਗੁੱਸਾ, ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਬਿਆਨ ਵਿਚਲਾ ਗੁੱਸਾ। ਪਰ ਸੋਗ ਕਿੱਥੇ ਸੀ?
ਸਾਹੋ-ਸਾਹੀ ਹੋਏ, ਤੱਥ ਇਕੱਠੇ ਕਰਦੇ, ਹੋਰਾਂ ਤੋਂ ਪਹਿਲਾਂ ਤੁਹਾਨੂੰ ਨਵੇਂ ਤੱਥ, ਤਸਵੀਰਾਂ ਪਹੁੰਚਾਉਂਦੇ ਤੇ ਦੇਰ ਰਾਤ ਤੱਕ ਆਪਣੀਆਂ ਰਿਪੋਰਟਾਂ ਫਾਈਲ ਕਰਕੇ, ਸਵੇਰੇ ਫ਼ਿਰ ਹਸਪਤਾਲਾਂ ਵਿੱਚ ਜ਼ਖ਼ਮੀਆਂ ਦੀ ਸਾਰ ਲੈਂਦੇ ਤੇ ਨਵੇਂ ਸਵਾਲ ਦਾਗ਼ਦੇ ਪੱਤਰਕਾਰ ਸੋਗਵਾਰ ਨਹੀਂ ਹੋ ਸਕਦੇ। ਉਨ੍ਹਾਂ ਦੇ ਸਵਾਲਾਂ ਦੀ ਬੁਛਾੜ ਦਾ ਸਾਹਮਣਾ ਕਰਦੇ ਨੇਤਾ/ਅਧਿਕਾਰੀ ਜੇ ਗ਼ਮਜ਼ਦਾ ਹੋ ਗਏ ਤਾਂ ਜਵਾਬ ਕਿਵੇਂ ਦੇਣਗੇ? ਇਸ ਲਈ ਉਹ ਦੁੱਖ ਦਾ ਪ੍ਰਗਟਾਵਾ ਤਾਂ ਕਰ ਸਕਦੇ ਨੇ, ਸੋਗਵਾਰ ਨਹੀਂ ਹੋ ਸਕਦੇ। ਪਰ ਉਹ, ਜਿਨ੍ਹਾਂ ਦੇ ਘਰ ਦੇ ਜੀਅ ਚਲੇ ਗਏ, ਜਿੱਥੇ ਵੈਣ ਪੈ ਰਹੇ ਨੇ, ਵਿਰਲਾਪ ਹੈ, ਕੀ ਅਸੀਂ ਓਥੇ ਸੋਗ ਲਈ ਜਗ੍ਹਾ ਛੱਡੀ ਏ?
ਧੋਬੀਘਾਟ ਕਿਨਾਰੇ ਮੌਤ ਦੀ ਖ਼ੂਨੀ ਲਕੀਰ ਵਾਹੁੰਦੀ ਰੇਲਗੱਡੀ ਸਾਡੇ ਸਮਿਆਂ ਦੇ ਸੱਚ ਦੀ ਇਹ ਤਹਿਰੀਰ ਵੀ ਲਿਖ ਗਈ ਏ ਕਿ ਜਿਨ੍ਹਾਂ ਗਲੀਆਂ ਵਿੱਚ ਦੋ ਵਕਤ ਦੀ ਰੋਟੀ ਦੀ ਫ਼ਿਕਰ ਤੱਕ ਮਹਿਦੂਦ ਕਰ ਦਿੱਤੇ ਗਏ ਬਾਸ਼ਿੰਦੇ ਰਹਿੰਦੇ ਹੋਣ, ਉੱਥੇ ਸੋਗ ਇੱਕ ਲਗਜ਼ਰੀ ਹੁੰਦਾ ਏ।
‘‘ਮੇਰਾ ਘਰ ਵਾਲਾ ਚਲਾ ਗਿਆ, ਦਿਉਰ ਚਲਾ ਗਿਆ, ਬੱਚੇ ਪੜ੍ਹਦੇ ਨੇ। ਹੁਣ ਮੇਰਾ ਘਰ ਕੌਣ ਚਲਾਏਗਾ?’’ ਦਰਵਾਜ਼ੇ ਵਿੱਚ ਖੜ੍ਹੀ, ਕੈਮਰਿਆਂ ਸਾਹਮਣੇ ਦੁਖੜਾ ਰੋਂਦੀ, ਆਪਣੀਆਂ ਲੱਤਾਂ ਨਾਲ ਚਿੰਬੜ ਰਹੀ, ਵਿਲਕਦੀ ਬੱਚੀ ਨੂੰ ਸੰਭਾਲਦੀ ਉਸ ਔਰਤ ਲਈ ਅਸੀਂ ਸੋਗ ਦੀ ਕੀ ਸੰਭਾਵਨਾ ਛੱਡੀ ਏ?
ਉਸ ਸਾਹਵੇਂ ਤਾਂ ਅਗਲੇ ਮਹੀਨੇ ਦੇ ਰਾਸ਼ਨ ਤੇ ਬੱਚਿਆਂ ਦੀ ਫ਼ੀਸ ਦੇ ਸਵਾਲ ਖੜ੍ਹੇ ਹੋਣਗੇ ਤੇ ਉਦੋਂ ਤੱਕ ਸਵਾਲ ਪੁੱਛਦੀ ਭੀੜ ਵੀ ਜਾ ਚੁੱਕੀ ਹੋਣੀ ਏ ਕਿਉਂ ਜੋ ਇੱਥੇ ਭਖ਼ਦੇ ਮੁੱਦੇ ਹੋਰ ਬਥੇਰੇ।
ਪੁੱਛਣੋਂ ਰਹਿ ਗਏ ਸਵਾਲਾਂ ਵਿੱਚ ਇੱਕ ਇਹ ਵੀ ਹੈ ਕਿ ਉਨ੍ਹਾਂ ਮੁਹੱਲਿਆਂ ਵਿੱਚ ਹੀ ਕਿਉਂ ਰਾਵਣ ਨੂੰ ਪਟੜੀਆਂ ਕਿਨਾਰੇ ਜਗ੍ਹਾ ਨਸੀਬ ਹੁੰਦੀ ਏ? ਅਜਿਹਾ ਨਹੀਂ ਕਿ ਮਿਹਨਤਕਸ਼ਾਂ ਨੂੰ ਖੁੱਲ੍ਹੇ ਪਾਰਕਾਂ ਵਿੱਚ ਰਾਵਣ ਦੇ ਪੁਤਲੇ ਸਾੜਨ ਨਾਲੋਂ ਰੇਲਪਟੜੀਆਂ ਨੇੜੇ ਮੇਲਾ-ਨੁਮਾ ਤਿਉਹਾਰ ਮਨਾਉਣ ਦਾ ਸ਼ੌਕ ਹੈ।
ਨਵੀਂ ਦੌਲਤ ਦੇ ਬਲਬੂਤੇ ਪਸਰਦਾ, ਲਿਸ਼ਕਦਾ ਸ਼ਹਿਰ ਸਵਾਲਾਂ ਦੀ ਕਿਸੇ ਬੁਛਾੜ ਦਾ ਸਾਹਮਣਾ ਕੀਤੇ ਬਗੈਰ ਕੁਝ ਇੰਜ ਤਾਮੀਰ ਹੋ ਜਾਂਦਾ ਏ ਕਿ ਸਾਰੇ ਹਰੇ-ਭਰੇ ਬਾਗ਼, ਰੋਜ਼ ਗਾਰਡਨ, ਫੁਹਾਰੇ ਤੇ ਖੁੱਲ੍ਹੀਆਂ ਜਨਤਕ ਥਾਵਾਂ ਇਹਦੀਆਂ ਉਨ੍ਹਾਂ ਕਾਲੋਨੀਆਂ ਵਿੱਚ ਆ ਡਿੱਗਦੀਆਂ ਨੇ ਜਿੱਥੇ ਉਨ੍ਹਾਂ ਸ਼ੈਆਂ ਦੇ ਖ਼ਪਤਕਾਰ ਰਹਿੰਦੇ ਨੇ ਜਿਨ੍ਹਾਂ ਦੇ ਇਸ਼ਤਿਹਾਰ ਉਨ੍ਹਾਂ ਸਫ਼ਿਆਂ ’ਤੇ ਛਪਦੇ ਨੇ ਜਿਨ੍ਹਾਂ ਦੀ ਬੁੱਕਲ ਮਾਰ ਕੇ ਅਖ਼ਬਾਰਾਂ ਤਿਉਹਾਰੀ ਦਿਨਾਂ ਵਿੱਚ ਤੁਹਾਡੇ ਦਰਵਾਜ਼ੇ ਹੇਠਲੀ ਝੀਥ ਵਿੱਚੋਂ ਸਵੇਰੇ ਝਾਅ ਕਹਿੰਦੀਆਂ ਨੇ। ਜਿਹੜੇ ਮੁਹੱਲਿਆਂ ਵਿੱਚ ਇਨ੍ਹਾਂ ਪਦਾਰਥਾਂ ਦੇ ਖ਼ਪਤਕਾਰ ਨਾ ਰਹਿੰਦੇ ਹੋਣ, ਉਨ੍ਹਾਂ ਵਿੱਚ ਭਾਂਡੇ ਧੋਣ ਵਾਲਾ ਖੁਰਾ ਰੇਲਪਟੜੀ ਦੇ ਆਖ਼ਰੀ ਇੰਚ ਤੱਕ ਖਿਸਕ ਜਾਂਦਾ ਏ। ਗੱਡੀ ਦੇ ਮੁਸਾਫ਼ਿਰ ਖਿੜਕੀ ਵਿੱਚੋਂ ਤੁਹਾਡੇ ਵਿਹੜਿਆਂ, ਕਮਰਿਆਂ ਅੰਦਰ ਝਾਕ ਸਕਦੇ ਨੇ, ਤੇ ਤੁਹਾਡੇ ਵਿਆਹਾਂ, ਮਰਨਿਆਂ-ਪਰਨਿਆਂ, ਮੇਲਿਆਂ-ਤਿਉਹਾਰਾਂ ਅਤੇ ਲੰਕਾਪਤੀ ਰਾਵਣ ਲਈ ਪੱਟੜੀ ਕਿਨਾਰੇ ਹੀ ਜਗ੍ਹਾ ਜਾ ਬਚਦੀ ਏ ਜਿੱਥੇ ਕਿਸੇ ਕਿਆਮਤ ਦੇ ਦਿਨ, ਹੱਥਾਂ ਵਿੱਚ ਮਾਈਕ ਫੜੀ ਇੱਕ ਸਵਾਲ ਕਰਦੀ ਭੀੜ ਧਾਵਾ ਬੋਲਦੀ ਏ: ‘‘ਤੁਸੀਂ ਇਜਾਜ਼ਤ ਲਈ ਸੀ?’’
ਬਚੇ ਰਹਿ ਗਏ ਸਵਾਲਾਂ ਵਿੱਚੋਂ ਇਨ੍ਹਾਂ ਆਬਾਦ/ਬਰਬਾਦ ਮੁਹੱਲਿਆਂ ਦਾ ਵੀ ਮੋੜਵਾਂ ਸਵਾਲ ਏ: ‘‘ਲਿਸ਼ਕਦੇ ਸ਼ਹਿਰੀ ਤਾਮੀਰੀਕਰਨ ਦੇ ਵਿਸਮਾਦੀ ਗਵਾਹੋ, ਤੁਸੀਂ ਇਜਾਜ਼ਤ ਲਈ ਸੀ?’’
‘‘ਵਰਜਿਆ ਸੀ, ਪਰ ਭੀੜ ਨੇ ਅਣਸੁਣਿਆ ਕਰ ਦਿੱਤਾ’’, ‘‘ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਟੜੀਆਂ ’ਤੇ ਰੇਲਗੱਡੀ ਆ ਸਕਦੀ ਹੈ’’ ਅਤੇ ਅਜਿਹੇ ਹੋਰ ਕਿੰਨੇ ਹੀ ਵਾਜਿਬ ਜਾਪਦੇ ਤਰਕ ਇਨ੍ਹਾਂ ਅਣਸੁਖਾਵੇਂ ਸਵਾਲਾਂ ਤੋਂ ਬਚੇ ਰਹਿਣ ਲਈ ਢਾਲ ਹਨ। ‘ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ’ ਦੀ ਜ਼ਮੀਨ ’ਤੇ ਹੀ ਅਜਿਹਾ ਮਰਸੀਆ ਲਿਖਿਆ ਜਾ ਸਕਦਾ ਹੈ।
ਪ੍ਰਸ਼ਾਸਨ ਵੀ ਛੇਤੀ ਹੀ ਸਬਕ ਸਿੱਖ, ਸ਼ਾਇਦ ਉਨ੍ਹਾਂ ਸਭ ਰੇਲਪਟੜੀਆਂ ਕਿਨਾਰੇ ਜਨਤਕ ਸੂਚਨਾ ਹਿੱਤ ਬੋਰਡ ਲਵਾ ਦੇਵੇ- ‘‘ਸਾਵਧਾਨ! ਰੇਲਗੱਡੀ ਹੇਠ ਆ ਕੇ ਮੌਤ ਹੋ ਸਕਦੀ ਹੈ।’’ ਅਸੀਂ ਅਜੇ ਉਸ ਬੋਰਡ ’ਤੇ ਵੀ ਤਾਂ ਸਵਾਲ ਨਹੀਂ ਕੀਤਾ ਜਿਸ ’ਤੇ ਲਿਖਿਆ ਹੁੰਦਾ ਹੈ: ‘ਅੱਗੇ ਪੁਲ ਕਮਜ਼ੋਰ ਹੈ।’’ ਪ੍ਰਸ਼ਾਸਕੀ ਫੁਰਤੀ ਦੇ ਪ੍ਰਮਾਣ ਚਹੁੰਦਿਸ਼ਾਈਂ ਫੈਲੇ ਹੋਏ ਨੇ।
ਪੁੱਛਣੋਂ ਤਾਂ ਇਹ ਸਵਾਲ ਵੀ ਰਹਿ ਗਿਆ ਏ ਕਿ ਰਾਵਣ ਨੂੰ ਸੜਨ ਲਈ ਇਹ ਨੇਤਾ ਕਿਉਂ ਦਰਕਾਰ ਹੁੰਦੇ ਨੇ? ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਪੁਤਲਾ ਕਿਸੇ ਮਰਿਆਦਾ ਪੁਰਸ਼ੋਤਮ ਦੀ ਵੀਰਤਾ ਤੋਂ ਬਾਅਦ, ਇੱਕ ਰਾਵਣ ਤੋਂ ਦੂਜੇ ਰਾਵਣ ਵੱਲ ਨੂੰ ਭੱਜਦੇ, ਹੂਟਰ ਵਜਾਉਂਦੇ ਕਿਸੇ ਨੇਤਾ ਦੇ ਕਾਫ਼ਲੇ ਦੀ ਉਡੀਕ ਵਿੱਚ ਕਿਉਂ ਸੂਰਜ ਢਲਣ ਤੋਂ ਬਾਅਦ ਵੀ ਮਹਾਂਕਾਵਿ ਵਿੱਚ ਆਪਣੇ ਦਿੱਤੇ ਸਮੇਂ ਦੀ ਉਲੰਘਣਾ ਕਰਦਾ, ਅਗਨਭੇਂਟ ਹੋਣ ਦਾ ਇੰਤਜ਼ਾਰ ਕਰਦਾ ਏ? ਧਰਮ ਨੂੰ ਰਾਜਨੀਤੀ ਤੋਂ ਵੱਖ ਰੱਖਣ ਦੀ ਦੁਹਾਈ ਦਿੰਦੇ ਦੇਸ਼ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਜੌੜੇ ਫਾਟਕਾਂ ਤੱਕ ਰਾਵਣ ਦੇ ਕਿੰਨੇ ਪੁਤਲੇ ਕਿਸੇ ਨੇਤਾ ਦੀ ਕਿਰਪਾ ਤੋਂ ਬਿਨਾਂ ਫੂਕੇ ਗਏ, ਇਹ ਅੰਕੜਾ ਸਾਡੀ ਰਾਜਨੀਤੀ ਦੀਆਂ ਪਰਤਾਂ ਹੀ ਨਹੀਂ ਖੋਲ੍ਹੇਗਾ ਸਗੋਂ ਇਹਦੇ ਬਖ਼ੀਏ ਉਧੇੜ ਦੇਵੇਗਾ।
ਕੀ ਜੌੜੇ ਫਾਟਕਾਂ ਨੂੰ ਛੱਡ ਬਾਕੀ ਸਭ ਸਥਾਨਾਂ ’ਤੇ ਰਾਵਣ ਦਹਿਨ ਦੀ ਇਜਾਜ਼ਤ ਲਈ ਗਈ ਸੀ? ਇਨ੍ਹਾਂ ਸ਼ਹਿਰਾਂ, ਕਸਬਿਆਂ ਵਿਚ ਉਸ ਸ਼ਾਮ ਮੁਹੱਈਆ ਫਾਇਰ ਬ੍ਰਿਗੇਡ ਦੇ ਅਮਲੇ-ਫੈਲੇ ਬਾਰੇ ਜਾਣਕਾਰੀ ਜਨਤਕ ਕੀਤੀ ਗਈ ਸੀ? ਕਿੰਨੇ ਸਥਾਨਾਂ ’ਤੇ ਪ੍ਰਸ਼ਾਸਨ ਨੇ ਪ੍ਰਬੰਧਾਂ ਦੇ ਨਾਕਾਫ਼ੀ ਹੋਣ ਕਾਰਨ ਇਜਾਜ਼ਤ ਤੋਂ ਇਨਕਾਰ ਕੀਤਾ? ਸ਼ਹਿਰ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੇ ਕਿੱਥੇ-ਕਿੱਥੇ ਅਚਨਚੇਤ ਜਾਂਚ ਕਰਕੇ ਆਪਣੀ ਸੰਤੁਸ਼ਟੀ ਕੀਤੀ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਮੁਲਖੱਈਏ ਦੀ ਜਾਨ-ਮਾਲ ਸੁਰੱਖਿਅਤ ਹੈ? ਵੱਖੋ-ਵੱਖ ਹਸਪਤਾਲਾਂ ਵਿੱਚ ਬਿਖਰੀਆਂ ਲਾਸ਼ਾਂ ਉੱਤੇ ਹੁੰਦੇ ਵਿਰਲਾਪੀ ਸ਼ੋਰ, ਦਰਦਨਾਕ ਦ੍ਰਿਸ਼ਾਂ ਬਾਰੇ ਧੜਾਧੜ ਖ਼ਬਰਾਂ ਤੇ ਤਬਸਰੇ ਅਤੇ ਪਿੱਠਭੂਮੀ ਵਿਚਲੀ ਮਾਤਮੀ ਧੁਨ ਦੇ ਕੰਨਪਾੜਵੇਂ ਕੋਲਾਹਲ ਵਿੱਚ ਇਹ ਸਾਰੇ ਸਵਾਲ ਉਨ੍ਹਾਂ ਕੋਲੋਂ ਪੁੱਛਣੇ ਰਹਿ ਜਾਂਦੇ ਨੇ, ਜਿਨ੍ਹਾਂ ਕੋਲ ਸਾਰੇ ਜਵਾਬ ਹੁੰਦੇ ਨੇ।
ਜੇ ਸੱਚਮੁੱਚ ਦਿਲੋਂ ਦੁੱਖ ਹੈ ਤੇ ਸੱਚ ਤਲਾਸ਼ਦੀ ਜਾਂਚ ਲਈ ਏਨੀ ਤਤਪਰਤਾ ਹੈ ਤਾਂ ਕੋਈ ਇਹ ਤਾਂ ਦੱਸੇ ਕਿ 10-12 ਸਾਲਾਂ ਦੀ ਬੱਚੀ ਹੱਥ ਵਿੱਚ ਆਪਣੇ ਪਿਓ ਦੀ ਤਸਵੀਰ ਫੜੀ, ਵੱਡੇ ਨੇਤਾਵਾਂ ਦੀ ਫੇਰੀ ਤੋਂ ਘੰਟਿਆਂ ਬਾਅਦ ਵੀ ਇੱਕ ਤੋਂ ਦੂਜੇ ਹਸਪਤਾਲ ਕਿਉਂ ਭਟਕ ਰਹੀ ਸੀ?
ਜਦੋਂ ਮੌਤ ਦੂਰ ਦਿਸਹੱਦੇ ਦਾ ਸੱਚ ਨਾ ਹੋ ਕੇ ਪੱਟੜੀਆਂ ਲਾਗੇ ਬਿਖਰੇ ਮਨੁੱਖੀ ਅੰਗਾਂ ਵਿੱਚੋਂ ਝਾਕਦੀ ਹੋਵੇ ਤਾਂ ਬਚਿਆ ਰਹਿ ਗਿਆ ਇਹ ਸਵਾਲ ਅਟਪਟਾ ਵੀ ਲੱਗ ਸਕਦਾ ਹੈ ਕਿ ਉਸ ਮੁਸਾਫ਼ਿਰ ਦੀ ਮਾਨਸਿਕ ਅਵਸਥਾ ਦਾ ਤਕਾਜ਼ਾ ਕਰੋ ਜਿਹੜਾ ਉਸ ਡੀਐੱਮਯੂ ਗੱਡੀ ਵਿੱਚ ਸਵਾਰ, ਸਮੇਂ-ਸਿਰ ਅੰਮ੍ਰਿਤਸਰ ਪਹੁੰਚਿਆ। ਵਰਤੇ ਭਾਣੇ ਬਾਰੇ ਵਾਇਰਲ ਵੀਡੀਓ ਵੇਖ ਤੇ ਚਹੁੰਤਰਫ਼ੀ ਵਿਰਲਾਪ ਨੂੰ ਸੁਣ ਉਸ ਕਿਨ੍ਹਾਂ ਸਵਾਲਾਂ ਸੰਗ ਕਿੰਨੀ ਦੇਰ ਘੁਲਣਾ ਏ? ਇਸ ਸਵਾਲ ਲਈ ਤਾਂ ਅਜੇ ਸਾਡੇ ਜਨਤਕ ਪਿੜ ਵਿੱਚ ਵੀ ਜਗ੍ਹਾ ਨਹੀਂ।
ਅਜੇ ਤਾਂ ਅਸੀਂ ਆਪਣੀ ਸੂਝ ਦੇ ਨਿਰਮਾਣ ਵਿੱਚ ਨਵੇਂ ਅਰਥ ਢੋਂਹਦਾ ਸ਼ਬਦ ਜੜਿਆ ਏ- ਟ੍ਰੈੱਸਪਾਸਰ। ਤਿੰਨ ਦਹਾਕਿਆਂ ਤੋਂ ਵੀ ਪਹਿਲਾਂ ਜਦੋਂ ਸਰਕਾਰੀ ਸਕੂਲ ਵਿਚ ਏ.ਬੀ.ਸੀ. ਛੇਵੀਂ ਜਮਾਤ ਨੂੰ ਆ ਜੁੜਦੀ ਸੀ ਤਾਂ ਵੱਡੇ ਭੈਣਜੀ ਅੱਠਵੀਂ ਵਾਲਿਆਂ ਨੂੰ ਔਸਕਰ ਵਾਈਲਡ ਦੀ ਕਹਾਣੀ ‘ਦਿ ਸੈੱਲਫਿਸ਼ ਜੀਐਂਟ’ ਪੜ੍ਹਾਉਂਦੇ ਸਨ। ਪਹਿਲੀ ਵਾਰੀ ਉਸ ਕਹਾਣੀ ਵਿੱਚ ਇਸ ਸ਼ਬਦ ਨਾਲ ਮੇਰਾ ਟਾਕਰਾ ਹੋਇਆ ਸੀ: ‘‘ਟ੍ਰੈੱਸਪਾਸਰਜ਼ ਵਿਲ ਬੀ ਪ੍ਰੌਸੀਕਿਊਟਿਡ,’’ ਉਸ ਦੈਂਤ ਨੇ ਕਿਹਾ ਸੀ। ਹੁਣ ਪਤਾ ਲੱਗਿਆ ਕਿ ਵੇਖਣ ਨੂੰ ਇਹ ‘ਟ੍ਰੈੱਸਪਾਸਰਜ਼’ ਕਿਹੋ ਜਿਹੇ ਜਾਪਦੇ ਨੇ। ਸਰਕਾਰੇ-ਹਿੰਦ ਨੇ ਦੱਸਿਆ ਏ ਪਟੜੀਆਂ ਵਿਚਕਾਰ ਟੁਕੜੇ-ਟੁਕੜੇ ਹੋਏ ਪਏ ਇਹ ਟ੍ਰੈੱਸਪਾਸਰਜ਼ ਸਨ। ਜਿਹੜੇ ਸਵਾਲ ਇਨ੍ਹਾਂ ਪੁੱਛਣੇ ਸੀ ਉਹ ਸ਼ੋਰ ਵਿੱਚ ਗਵਾਚ ਗਏ ਨੇ। ਜਿਨ੍ਹਾਂ ਨੂੰ ਬਹੁਤੀ ਤਲਬ ਹੋਵੇ, ਉਹ ਜਾਂਚ ਅਧਿਕਾਰੀ ਸਾਹਵੇਂ ਪੇਸ਼ ਹੋ ਜਾਣ।
ਹੋਂਡੂਰਸ ਤੋਂ ਚੱਲ, ਗੁਆਟੇਮਾਲਾ ਤੇ ਫਿਰ ਮੈਕਸਿਕੋ ਥਾਣੀਂ ਅਮਰੀਕਾ ਵੱਲ ਨੂੰ ਟੁਰੇ ਕਾਫ਼ਲੇ ਤੋਂ ਲੈ ਕੇ ਸੋਗ਼ ਦੀ ਅਣਹੋਂਦ ਤਕ ਦੇ ਸਵਾਲ ਪੁੱਛਦੇ, ਅਸੀਂ ਇਸ ਦੌਰ ਦੇ ਟ੍ਰੈੱਸਪਾਸਰਜ਼ ਹਾਂ।
*(ਲੇਖ਼ਕ ਰੇਲਪਟੜੀ ਤੋਂ ਦੂਰ ਲਿਸ਼ਕਦੇ ਸ਼ਹਿਰਾਂ ਦਾ ਨਿਵਾਸੀ ਹੈ ਅਤੇ ਅਣਪੁੱਛੇ ਸਵਾਲਾਂ ਦੀ ਜ਼ਖ਼ੀਰਾਅੰਦੋਜ਼ੀ ਕਰਦਾ ਹੈ।)


Comments Off on ਅੰਮ੍ਰਿਤਸਰ ਦੁਖਾਂਤ: ਕੁਝ ਹੋਰ ਸਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.