85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਅਧੂਰਾ ਮਹਿਲਾ ਸਸ਼ਕਤੀਕਰਨ

Posted On October - 28 - 2018

ਬੀਤੇ ਦੋ ਦਹਾਕਿਆਂ ਤੋਂ ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਮਹਿਲਾ ਸਸ਼ਕਤੀਕਰਨ ਦੇ ਨਾਂ ’ਤੇ ਕਈ ਮੰਚ ਤਿਆਰ ਕੀਤੇ ਗਏ। ਕੇਂਦਰੀ ਅਤੇ ਸੂਬਾਈ ਸਰਕਾਰਾਂ ਨੇ ਔਰਤਾਂ ਲਈ ਅਨੇਕਾਂ ਅਜਿਹੀਆਂ ਯੋਜਨਾਵਾਂ ਦਾ ਆਗਾਜ਼ ਕੀਤਾ ਜਿਸ ਨਾਲ ਔਰਤਾਂ ਖ਼ੁਦਮੁਖ਼ਤਾਰ ਬਣਨ ਅਤੇ ਆਰਥਿਕ ਤੌਰ ’ਤੇ ਵੀ ਮਜ਼ਬੂਤ ਹੋਣ। ਇਸ ਲਈ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਵੀ ਔਰਤਾਂ ਨੂੰ ਮੌਕੇ ਦਿੱਤੇ ਗਏ। ਇਸ ਦਾ ਵੱਡੀ ਗਿਣਤੀ ਔਰਤਾਂ ਨੇ ਪੂਰਾ ਲਾਹਾ ਲਿਆ। ਦੇਸ਼ ਦੀ ਨਿਆਂਪਾਲਿਕਾ ਵੱਲੋਂ ਵੀ ਅਜਿਹੇ ਕਈ ਫ਼ੈਸਲੇ ਸੁਣਾਏ ਗਏ ਜਿਸ ਨਾਲ ਪੱਖਪਾਤ ਦਾ ਸ਼ਿਕਾਰ ਔਰਤਾਂ ਨੂੰ ਵੀ ਸਮਾਨਤਾ ਦੇ ਮੌਕੇ ਮਿਲੇ। ਸੁਪਰੀਕ ਕੋਰਟ ਨੇ ਕੇਰਲ ਦੇ ਸ਼ਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ’ਤੋਂ ਰੋਕ ਹਟਾਉਣ ਦਾ ਫ਼ੈਸਲਾ ਸੁਣਾਇਆ। ਜੱਜਾਂ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜਿਸ ਮੁਲਕ ਵਿਚ ਔਰਤਾਂ ਦੀ ਪੂਜਾ ਹੁੰਦੀ ਹੈ, ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉੱਥੇ ਔਰਤਾਂ ਨੂੰ ਕਿਸੇ ਮੰਦਰ ਵਿਚ ਇਸ ਆਧਾਰ ’ਤੇ ਦਾਖ਼ਲੇ ਤੋਂ ਰੋਕਿਆ ਨਹੀਂ ਜਾ ਸਕਦਾ ਕਿ ਉੱਥੇ ਪੁਰਸ਼ ਹੀ ਜਾ ਸਕਦੇ ਹਨ ਅਤੇ ਵਿਸ਼ੇਸ਼ ਉੁਮਰ ਵਰਗ ਦੀਆਂ ਔਰਤਾਂ ਨਹੀਂ ਜਾ ਸਕਦੀਆਂ। ਇਸ ਤੋਂ ਪਹਿਲਾਂ ਸ਼ਨੀ ਸ਼ਿਗਨਾਪੁਰ ਮੰਦਰ ਅਤੇ ਮੁੰਬਈ ਵਿਚ ਮੁਸਲਿਮ ਫ਼ਿਰਕੇ ਦੇ ਧਰਮ ਅਸਥਾਨ ਬਾਰੇ ਵੀ ਫ਼ੈਸਲਾ ਦਿੰਦਿਆਂ ਔਰਤਾਂ ਦੇ ਦਾਖ਼ਲੇ ’ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਚੰਗਾ ਹੁੰਦਾ ਵੱਖ ਵੱਖ ਮੰਦਰਾਂ ਅਤੇ ਪੂਜਾ ਸਥਾਨਾਂ ਲਈ ਸਿਰਫ਼ ਇਕ ਹੀ ਫ਼ੈਸਲਾ ਦਿੱਤਾ ਜਾਂਦਾ ਕਿ ਪੂਰੇ ਮੁਲਕ ਵਿਚ ਔਰਤਾਂ ਨੂੰ ਸਿਰਫ਼ ਮਹਿਲਾ ਹੋਣ ਕਾਰਨ ਪੂਜਾ ਕਰਨ ਤੋਂ ਨਾ ਰੋਕਿਆ ਜਾਵੇ। ਮੁਲਕ ਦੀਆਂ ਧੀਆਂ ਦਾ ਦਰਦ ਸਮਝਦਿਆਂ ਤੀਹਰੇ ਤਲਾਕ ਵਰਗੀ ਰਵਾਇਤ ਨੂੰ ਖ਼ਤਮ ਕਰਨ ਦੇ ਨਾਲ ਨਾਲ ਹੀ ਅਜਿਹਾ ਜੁਰਮ ਕਰਨ ਵਾਲਿਆਂ ਲਈ ਵੀ ਸਜ਼ਾ ਤੈਅ ਕੀਤੀ ਗਈ। ਇਸ ਦੇ ਬਾਵਜੂਦ ਅੱਜ ਵੀ ਮਹਿਲਾ ਸਸ਼ਕਤੀਕਰਨ ਅਧੂਰਾ ਹੈ। ਦਰਅਸਲ, ਮੈਨੂੰ ਜਾਪਦਾ ਹੈ ਕਿ ਸਮਾਜ ਵਿਚ ਔਰਤਾਂ ਦੀ ਹਾਲਤ ਅਤੇ ਉਨ੍ਹਾਂ ਦੇ ਗੁਲਾਮੀ ਭਰੇ ਜੀਵਨ ਲਈ ਔੌਰਤਾਂ ਖ਼ੁਦ ਜ਼ਿੰਮੇਵਾਰ ਹਨ। ਔਰਤਾਂ ਨੂੰ ਸਮਾਨਤਾ ਦੇ ਅਧਿਕਾਰ ਤੋਂ ਵਾਂਝਾ ਰੱਖਣ ਲਈ ਸਮਾਜ ਵਿਚ ਪ੍ਰਚੱਲਿਤ ਪਰੰਪਰਾਵਾਂ ਅਤੇ ਅੰਧਵਿਸ਼ਵਾਸਾਂ ਦੀ ਹਮਾਇਤ ਵੀ ਔਰਤਾਂ ਹੀ ਕਰਦੀਆਂ ਹਨ।
ਸ਼ਬਰੀਮਾਲਾ ਮੰਦਰ ਵਿਚ ਅਦਾਲਤ ਦੀ ਮਨਜ਼ੂਰੀ ਅਤੇ ਹੁਕਮਾਂ ਦੇ ਬਾਵਜੂਦ ਕੇਰਲ ਵਿਚ ਵੱਡੀ ਗਿਣਤੀ ਔਰਤਾਂ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਵੱਖ ਵੱਖ ਸੂਬਿਆਂ ਵਿਚ ਰਾਜਸੀ ਪਾਰਟੀਆਂ ਔਰਤਾਂ ਨੂੰ ਨਿਰਦੇਸ਼ ਦੇ ਕੇ ਅਜਿਹੇ ਜਲੂਸ ਅਤੇ ਧਰਨੇ ਕਰਵਾ ਰਹੀਆਂ ਹਨ। ਕਿਧਰੇ ਫ਼ਿਰਕੂ ਸੰਗਠਨਾਂ ਦੇ ਨਾਂ ’ਤੇ ਅਤੇ ਕਿਧਰੇ ਨੇਤਾਵਾਂ ਦੇ ਹੁਕਮਾਂ ’ਤੇ ਆਪੋ ਆਪਣੇ ਪੱਖ ਵਿਚ ਵੋਟਰਾਂ ਦੀ ਹਮਾਇਤ ਹਾਸਲ ਕਰਨ ਲਈ ਇਹ ਸਭ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਤੀਹਰੇ ਤਲਾਕ ਸਬੰਧੀ ਫ਼ੈਸਲਾ ਆਉਣ ਮਗਰੋਂ ਮੁਸਲਿਮ ਸਮਾਜ ਵਿਚ ਵੀ ਅਜਿਹੀਆਂ ਕਈ ਔਰਤਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਧਰਮ ਅਤੇ ਰਵਾਇਤ ਦੇ ਨਾਂ ’ਤੇ ਤੀਹਰੇ ਤਲਾਕ ਦਾ ਸਮਰਥਨ ਕੀਤਾ। ਹੈਰਾਨੀ ਦੀ ਗੱਲ ਹੈ ਕਿ ਹਲਾਲਾ ਦੇ ਨਾਂ ’ਤੇ ਜਿਨ੍ਹਾਂ ਮੁਸਲਿਮ ਔਰਤਾਂ ਨਾਲ ਇਹ ਗ਼ੈਰਮਨੁੱਖੀ ਵਿਹਾਰ ਹੁੰਦਾ ਹੈ, ਉਨ੍ਹਾਂ ਦਾ ਸਮਰਥਨ ਕਰਨ ਲਈ ਵੀ ਕੁਝ ਔਰਤਾਂ ਖੁੱਲ੍ਹ ਕੇ ਸਾਹਮਣੇ ਆਈਆਂ। ਕੀ ਇਸ ਦਾ ਅਰਥ ਇਹ ਹੈ ਕਿ ਔਰਤਾਂ ਨੂੰ ਆਪਣੇ ਲਈ ਸਹੀ ਜਾਂ ਗ਼ਲਤ ਬਾਰੇ ਫ਼ੈਸਲਾ ਕਰਨ ਦੀ ਸਮਝ ਨਹੀਂ? ਦਰਅਸਲ, ਉਨ੍ਹਾਂ ’ਤੇ ਸਿੱਧੇ ਅਸਿੱਧੇ ਤੌਰ ’ਤੇ ਪੁਰਸ਼ ਸਮਾਜ, ਕੁਝ ਸਿਆਸਤਦਾਨ ਅਤੇ ਕੁਝ ਧਰਮ ਗੁਰੂ ਦਬਾਅ ਬਣਾਉਂਦੇ ਹਨ ਅਤੇ ਉਹ ਅੱਗੇ ਤੁਰ ਪੈਂਦੀਆਂ ਹਨ। ਇਨ੍ਹਾਂ ਔਰਤਾਂ ਦੀ ਹਾਲਤ ਉਸ ਪੰਛੀ ਵਰਗੀ ਹੈ ਜੋ ਲੰਮੇ ਸਮੇਂ ਤੋਂ ਪਿੰਜਰੇ ਵਿਚ ਬੰਦ ਹੋਣ ਕਾਰਨ ਉੱਡਣਾ ਭੁੱਲ ਜਾਂਦਾ ਹੈ। ਜਦੋਂ ਪਿੰਜਰੇ ਦਾ ਦਰਵਾਜ਼ਾ ਖੁੱਲ੍ਹੇ, ਉਦੋਂ ਵੀ ਉਹ ਪਰਵਾਜ਼ ਭਰਨ ਨੂੰ ਤਿਆਰ ਨਹੀਂ ਹੁੰਦਾ। ਨਿਸ਼ਚਿਤ ਹੀ ਉਸ ਨੂੰ ਉਸ ਕੈਦ ਵਿਚ ਹੀ ਸੁਖ ਦਿਖਾਈ ਦਿੰਦਾ ਹੈ। ਸ਼ਬਰੀਮਾਲਾ

ਲਕਸ਼ਮੀ ਕਾਂਤਾ ਚਾਵਲਾ*

ਮੰਦਰ ਵਿਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰਨ ਵਾਲੀਆਂ ਕੇਰਲ ਦੀਆਂ ਔਰਤਾਂ ਅਤੇ ਧਾਰਮਿਕ ਆਗ ਚਿੰਤਨ ਕਰਨ ਅਤੇ ਇਹ ਦੱਸਣ ਕਿ ਉਨ੍ਹਾਂ ਦਾ ਸਰੀਰ ਕਿਸ ਤਰ੍ਹਾਂ ਬਣਿਆ ਹੈ।
ਬਦਕਿਸਮਤੀ ਨਾਲ ਮੁਲਕ ਵਿਚ ਖ਼ਾਸਕਰ ਪੰਜਾਬ ਵਿਚ ਇਹ ਆਵਾਜ਼ ਬੁਲੰਦ ਕੀਤੀ ਗਈ ਕਿ ਸਿੱਖ ਧਰਮ ਦੀਆਂ ਔਰਤਾਂ ਦੁਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਨਹੀਂ ਪਹਿਨਣਗੀਆਂ। ਉਨ੍ਹਾਂ ਨੂੰ ਹੈਲਮਟ ਨਾ ਪਹਿਨਣ ਦੀ ਛੋਟ ਦਿੱਤੀ ਜਾਵੇ। ਇਹ ਕਿਸੇ ਨਹੀਂ ਆਖਿਆ ਕਿ ਇਨ੍ਹਾਂ ਦਾ ਸਿਰ ਕਿਸ ਮਿੱਟੀ ਦਾ ਬਣਿਆ ਹੈ ਜੋ ਇਨ੍ਹਾਂ ਨੂੰ ਸੱਟ ਨਹੀਂ ਲੱਗੇਗੀ ਜਾਂ ਸੱਟ ਲੱਗਣ ਵੇਲੇ ਕੋਈ ਦਰਦ ਨਹੀਂ ਹੋਵੇਗਾ? ਮੈਨੂੰ ਸ਼ਿਕਾਇਤ ਨੇਤਾਵਾਂ ਤੋਂ ਨਹੀਂ, ਔਰਤਾਂ ਤੋਂ ਹੈ ਜੋ ਉੱਚ ਸਿੱਖਿਆ ਹਾਸਲ ਕਰ ਕੇ ਉੱਚ ਅਹੁਦਿਆਂ ’ਤੇ ਹੋਣ ਦੇ ਬਾਵਜੂਦ ਆਪਣੇ ਲਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ। ਜਾਪਦਾ ਹੈ ਕਿ ਆਧੁਨਿਕ ਪਹਿਰਾਵਾ ਪਹਿਨਣ ਨਾਲ ਕਿਸੇ ਧਰਮ ਦਾ ਨੁਕਸਾਨ ਨਹੀਂ ਹੁੰਦਾ। ਆਧੁਨਿਕ ਯੁੱਗ ਵਿਚ ਸਾਰੀਆਂ ਸੁੱਖ ਸਹੂਲਤਾਂ, ਵਿਗਿਆਨ ਦੀਆਂ ਨਵੀਆਂ ਕਾਢਾਂ ਅਤੇ ਸੰਦਾਂ ਦਾ ਇਸਤੇਮਾਲ ਕਰਨ ਵਾਲੇ ਸਮਾਜ ਦੀਆਂ ਔਰਤਾਂ ਵੀ ਮਹਿਲਾ ਵਿਰੋਧੀ ਤਰਕ ਦਾ ਸਮਰਥਨ ਕਰਦੀਆਂ ਹਨ। ਪੜ੍ਹੀਆਂ ਲਿਖੀਆਂ ਔਰਤਾਂ ਚੁੱਪ ਕਿਉਂ ਹਨ? ਜੇ ਉਹ ਆਪਣੇ ਲਈ ਫ਼ੈਸਲਾ ਨਹੀਂ ਲੈ ਸਕਦੀਆਂ ਤਾਂ ਮਹਿਲਾ ਸਸ਼ਕਤੀਕਰਨ ਦੇ ਨਾਂ ’ਤੇ ਵੱਡੇ ਵੱਡੇ ਸੈਮੀਨਾਰਾਂ ਵਿਚ ਭਾਸ਼ਣ ਦੇਣ ਕਿਉਂ ਜਾਂਦੀਆਂ ਹਨ?
ਕੀ ਮੁਲਕ ਵਿਚ ਅਜਿਹਾ ਕੋਈ ਮੰਦਰ ਜਾਂ ਕਿਸੇ ਵੀ ਫ਼ਿਰਕੇ ਦਾ ਅਜਿਹਾ ਧਰਮ ਅਸਥਾਨ ਹੈ ਜਿੱਥੇ ਪੁਰਸ਼ਾਂ ਨੂੰ ਜਾਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ? ਸੰਵਿਧਾਨ ਵਿਚ ਅਜਿਹੀ ਰੋਕ ਕਿਸੇ ਲਈ ਵੀ ਨਹੀਂ ਹੈ। ਫਿਰ ਅਸੀਂ ਸਦੀਆਂ ਤੋਂ ਅੰਧਵਿਸ਼ਵਾਸਾਂ ਅਤੇ ਸਮਾਜਿਕ ਅਲਾਮਤਾਂ ਤੋਂ ਮੁਕਤ ਕਿਉਂ ਨਹੀਂ ਹੋ ਰਹੇ?
ਮੈਨੂੰ ਤਾਂ ਸਸ਼ਕਤ ਮਹਿਲਾਵਾਂ ਤ੍ਰਿਪਤੀ ਦੇਸਾਈ ਅਤੇ ਉਨ੍ਹਾਂ ਦੀਆਂ ਸਹਿਯੋਗੀ ਜਾਪਦੀਆਂ ਹਨ ਜਿਨ੍ਹਾਂ ਦੀ ਅਗਵਾਈ ਵਿਚ ਸ਼ਨੀ ਸ਼ਿਗਨਾਪੁਰ ਮੰਦਰ ਵਿਚ ਅੱਜ ਸਭਨਾਂ ਲਈ ਦਾਖਲਾ ਖੁੱਲ੍ਹਾ ਹੈ। ਸਸ਼ਕਤ ਔਰਤਾਂ ਤਾਂ ਉਹ ਮੁਸਲਿਮ ਔਰਤਾਂ ਹਨ ਜਿਨ੍ਹਾਂ ਨੇ ਪੂਰੇ ਮੁਲਕ ਵਿਚ ਤੀਹਰੇ ਤਲਾਕ ਅਤੇ ਹਲਾਲਾ ਦਾ ਵਿਰੋਧ ਕੀਤਾ। ਇਨ੍ਹਾਂ ਔਰਤਾਂ ਨੇ ਲੋਕਾਂ ਨੂੰ ਜਾਗਰੂਕ ਕਰ ਕੇ ਨਿਆਂਪਾਲਿਕਾ ਤੋਂ ਨਿਆਂ ਹਾਸਲ ਕੀਤਾ। ਮੇਰਾ ਵਿਸ਼ਵਾਸ ਹੈ ਕਿ ਜੋ ਖ਼ੁਦ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਨਹੀਂ ਕਰਦਾ, ਉਸ ਨੂੰ ਕਦੇ ਵੀ ਨਿਆਂ ਨਹੀਂ ਮਿਲਦਾ। ਇਹ ਹੁਣ ਔਰਤਾਂ ਨੇ ਹੀ ਤੈਅ ਕਰਨਾ ਹੈ ਕਿ ਉਨ੍ਹਾਂ ਨੇ ਕਿਹੋ ਜਿਹੇ ਸਮਾਜ ਵਿਚ ਰਹਿਣਾ ਹੈ। ਬੰਦ ਘਰ ਵਿਚ ਜਾਂ ਖੁੱਲ੍ਹੇ ਆਸਮਾਨ ਹੇਠ?
* ਸਾਬਕਾ ਮੰਤਰੀ, ਪੰਜਾਬ।


Comments Off on ਅਧੂਰਾ ਮਹਿਲਾ ਸਸ਼ਕਤੀਕਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.