ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਸ਼ਹੀਦ ਏ ਆਜ਼ਮ ਭਗਤ ਸਿੰਘ

Posted On September - 27 - 2018

ਸਾਢੇ ਤੇਈ ਸਾਲਾਂ ਦੀ ਉਮਰ ਵਿਚ ਭਗਤ ਸਿੰਘ ਪੂਰੇ ਦੇਸ਼ ਲਈ ਸੁਫ਼ਨਾ ਤੇ ਹਕੀਕਤ ਦੋਵੇਂ ਬਣ ਗਿਆ। ਸੁਫ਼ਨਾ ਜੀਹਨੂੰ ਹਰ ਕੋਈ ਪਾਉਣਾ ਚਾਹੁੰਦਾ ਸੀ ਤੇ ਹਕੀਕਤ, ਜਿਸ ਤੋਂ ਮੂੰਹ ਨਹੀਂ ਸੀ ਮੋੜਿਆ ਜਾ ਸਕਦਾ। ਉਹ ਉਸ ਲਹਿਰ ਦਾ ਅੰਗ ਵੀ ਬਣਿਆ ਜਿਸ ਨੂੰ ਦਹਿਸ਼ਤਪਸੰਦ ਤਹਿਰੀਕ ਕਿਹਾ ਜਾਂਦਾ ਹੈ। ਪਰ ਉਸ ਨੇ ਦਹਿਸ਼ਤਪਸੰਦੀ ਦੇ ਨਿਰਾਰਥਕ ਹੋਣ ਨੂੰ ਪਛਾਣਿਆ ਤੇ ਲਿਖਿਆ – ‘‘ਮੈਂ ਆਪਣੀ ਪੂਰੀ ਤਾਕਤ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਨਾ ਮੈਂ ਦਹਿਸ਼ਤਪਸੰਦ ਹਾਂ ਅਤੇ ਨਾ ਹੀ ਸਾਂ, ਸਿਰਫ਼ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਦੇ ਸਵਾਏ।

ਚਿੱਤਰ ਡੇਨੀਅਲ ਕੋਨਲ (ਆਸਟਰੇਲੀਆ), ਅਮਰਜੀਤ ਚੰਦਨ ਦੀ ਿਖੱਚੀ ਤਸਵੀਰ

ਭਗਤ ਸਿੰਘ ਦੀ ਬਹੁਮੁੱਲੀ ਜ਼ਿੰਦਗੀ ਹਰੀ-ਕਚੂਰ ਉਮਰੇ ਹੀ ਸਾਮਰਾਜ ਦੀ ਸੂਲੀ ਚੜ੍ਹ ਗਈ। ਉਸ ਦੀ ਮੌਤ ਨੇ ਹਿੰਦੋਸਤਾਨ ਨੂੰ ਸ਼ਖ਼ਸੀਅਤ-ਵਿਸ਼ੇਸ਼ ਤੋਂ ਹੀ ਵਾਂਝਿਆ ਨਹੀਂ ਕੀਤਾ, ਸਗੋਂ ਆਜ਼ਾਦ ਮੁਲਕ ਦੀ ਸੱਤਾ ਦੇ ਬਦਲਵੇਂ ਢਾਂਚੇ ਤੋਂ ਵੀ ਵਿਹੂਣਾ ਕਰ ਦਿੱਤਾ। ਭਗਤ ਸਿੰਘ ਨੇ ਆਪਣੇ ਇਨਕਲਾਬੀ ਅਮਲ ਰਾਹੀਂ ਸਾਮਰਾਜੀਆਂ ਨੂੰ ਦੱਸਿਆ ਕਿ ਪੰਜਾਬ ਕੇਵਲ ਜਿਸਮਾਨੀ ਤੌਰ ‘ਤੇ ਹੀ ਨਹੀਂ, ਸਗੋਂ ਜ਼ਿਹਨੀ ਤੌਰ ‘ਤੇ ਵੀ ਨਾਬਰ ਹੈ। ਉਸ ਨੇ ਆਪਣੀਆਂ ਤਕਰੀਰਾਂ ਨਾਲ ਸਿੱਧ ਕਰ ਦਿੱਤਾ ਕਿ ਇਨਕਲਾਬ ਦੀ ਤਲਵਾਰ ਅਕਲ ਦੀ ਸਾਣ ‘ਤੇ ਤਿੱਖੀ ਹੁੰਦੀ ਹੈ। ਉਸ ਨੂੰ ਇਲਮ ਸੀ ਕਿ ਸਮੇਂ ਦੀਆਂ ਹਕੂਮਤਾਂ ਜਾਨ ਲੈਣ ਵਾਲਿਆਂ ਤੋਂ ਨਹੀਂ, ਬਲਕਿ ਕੁਰਬਾਨੀ ਦੇਣ ਵਾਲਿਆਂ ਤੋਂ ਖ਼ੌਫ਼ ਖਾਂਦੀਆਂ ਹਨ। ਜਿਸ ਅੰਦਾਜ਼ ਨਾਲ ਭਗਤ ਸਿੰਘ ਫਾਂਸੀ ‘ਤੇ ਚੜ੍ਹਿਆ ਅਤੇ ਜਿਸ ਕਦਰ ਪੰਜਾਬ ਦੀ ਲੋਕਾਈ ਨੇ ਉਸ ਨੂੰ ਸ਼ਹੀਦ-ਲਾੜੇ ਵਜੋਂ ਤਸੱਵੁਰ ਕੀਤਾ ਅਤੇ ਉਸ ਦੀ ਫਾਂਸੀ ਨੂੰ ਸ਼ਾਦੀ ਨੁਮਾ ਸੁਹਾਗ ਦੀਆਂ ‘ਘੋੜੀਆਂ’ ਗਾ ਗਾ ਕੇ ਸਲਾਹਿਆ, ਉਸ ਤੋਂ ਭਗਤ ਸਿੰਘ ਦੇ ਇਨਕਲਾਬੀ ਫ਼ਲਸਫ਼ੇ ਅਤੇ ਇਸ ਦੀ ਮਕਬੂਲੀਅਤ ਦੇ ਮਿਜ਼ਾਜ ਦਾ ਇਲਮ ਸਹਿਜੇ ਹੀ ਜੋ ਜਾਂਦਾ ਹੈ। ਸ਼ਹਾਦਤ ਦੇ ਆਸ਼ਕ ਹੀ ਗ਼ੁਲਾਮੀ ਨੂੰ ਵੰਗਾਰ ਸਕਦੇ ਨੇ: “ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ, ਇਸ਼ਕ ਬਾਝ ਨਜਾਤ ਨਾ ਮੂਲ ਮੀਆਂ।” ਭਗਤ ਸਿੰਘ ਹੁਰਾਂ ਦੇ ਇਨਕਲਾਬੀ ਫ਼ਲਸਫ਼ੇ ਦੀ ਤਬ੍ਹਾ ਨੂੰ ਅਸੀਂ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਕਿਨ ਐਸੋਸੀਏਸ਼ਨ’ ਦੇ ਮੈਨੀਫੈਸਟੋਂ ‘ਚੋਂ ਪੜ੍ਹ ਸਕਦੇ ਹਾਂ:
ਇਨਕਲਾਬ ਅਜਿਹਾ ਕਰਿਸ਼ਮਾ ਹੈ ਜਿਸ ਨੂੰ ਕੁਦਰਤ ਪਿਆਰ ਕਰਦੀ ਹੈ ਅਤੇ ਇਸ ਦੇ ਬਗ਼ੈਰ ਕੋਈ ਉੱਨਤੀ ਨਹੀਂ ਹੋ ਸਕਦੀ, ਨਾ ਕੁਦਰਤ ਵਿਚ ਤੇ ਨਾ ਹੀ ਇਨਸਾਨੀ ਕਾਰੋਬਾਰ ਵਿਚ। ਇਨਕਲਾਬ ਅਣ-ਸੋਚੀ ਸਮਝੀ, ਕਤਲਾਂ ਅਤੇ ਸਾੜ ਫੂਕ ਦੀ ਦਰਿੰਦਾ ਮੁਹਿੰਮ ਨਹੀਂ, ਤੇ ਨਾ ਹੀ ਚੰਦ ਬੰਬ ਸੁੱਟਣ ਅਤੇ ਗੋਲੀਆਂ ਚਲਾਉਣ ਹੈ; ਅਤੇ ਨਾ ਹੀ ਸਭਿਆਚਾਰ ਦੇ ਤਮਾਮ ਨਿਸ਼ਾਨ ਮਿਟਾਉਣਾ ਤੇ ਸਮੇਂ ਦੇ ਮੰਨੇ-ਪ੍ਰਮੰਨੇ ਇਨਸਾਫ਼ ਤੇ ਬਰਾਬਰੀ ਦੇ ਅਸੂਲ ਤਬਾਹ ਕਰਨਾ ਹੈ। ਇਨਕਲਾਬ ਕੋਈ ਮਾਯੂਸੀ ‘ਚੋਂ ਪੈਦਾ ਹੋਇਆ ਫ਼ਲਸਫ਼ਾ ਨਹੀਂ, ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਮਨੁੱਖ ਵਿਰੋਧੀ ਨਹੀਂ। ਇਹ ਪੁਖਤਾ ਤੇ ਜਿੰਦਾ ਤਾਕਤ ਹੈ… ਇਨਕਲਾਬ ਨਿਯਮ ਹੈ। ਇਨਕਲਾਬ ਆਦੇਸ਼ ਹੈ ਤੇ ਇਨਕਲਾਬ ਸੱਚ ਹੈ।
ਭਗਤ ਸਿੰਘ ਦੇ ਸਰਗ਼ਰਮ, ਨਿਡਰ ਤੇ ਬੌਧਿਕ ਇਨਕਲਾਬੀ ਪ੍ਰਵਚਨ ਦਾ ਤੋੜ ਕੇਵਲ ਤੇ ਕੇਵਲ ਉਸ ਨੂੰ ਸਜ਼ਾ-ਏ-ਮੌਤ ਹੀ ਹੋ ਸਕਦਾ ਸੀ। ਗ਼ਾਲਬ ਇੰਤਜ਼ਾਮ ਦੇ ਕਹਿਰ ਦਾ ਸਿਖਰ ਵਿਦਰੋਹੀ ਦੀ ਦੇਹ ਤੱਕ ਹੀ ਸੀਮਿਤ ਹੁੰਦਾ ਹੈ। ਨਾਬਰ ਦੀ ਬੌਧਿਕ ਸ਼ਕਤੀ ਨੂੰ ਪਸਮਾਇਆ ਨਹੀਂ ਜਾ ਸਕਦਾ। ਉਹ ਪ੍ਰਤਿਰੋਧਕ ਵਿਚਾਰਧਾਰਾ ਦਾ ਸਿਰਜਕ ਹੁੰਦਾ ਹੈ। ਗ਼ਾਲਬ ਜਮਾਤਾਂ ਲਈ ਵੰਗਾਰ ਹੁੰਦਾ ਹੈ। ਮਨਸੂਰ, ਸਰਮਦ, ਸਿਆਲਾਂ ਦੇ ਕੁਨਬੇ ਦੀ ਹੀਰ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਬੰਦਾ ਬਹਾਦਰ, ਦੁੱਲਾ ਭੱਟੀ ਅਤੇ ਹੋਰ ਅਜਿਹੀਆਂ ਸ਼ਖ਼ਸੀਅਤਾਂ ਇਸੇ ਪ੍ਰਤਿਰੋਧਕ ਵਿਚਾਰਧਾਰਾ ਦੀ ਸਿਰਜਣਾ ਦੀਆਂ ਤਾਰੀਖ਼ੀ ਮਿਸਾਲਾਂ ਹਨ। ‘ਸੀਸ ਦੀਆ ਪਰ ਸਿਰਰ ਨ ਦੀਆ’ ਹੀ ਮੌਤ ਅਤੇ ਸ਼ਹਾਦਤ ਦੇ ਫ਼ਰਕ ਨੂੰ ਸਮਝਾਉਂਦਾ ਹੈ। ਫ਼ਰੰਗੀ ਅਫ਼ਸਰ ਸਾਂਡਰਸ ਦਾ ਕਤਲ ਤਾਂ ਐਵੇਂ ਬਹਾਨਾ ਸੀ। ਕਤਲ ਤਾਂ ਫ਼ਰੰਗੀ ਦੀ ਕਿਸੇ ਹੋਰ ਸ਼ੈਅ, ਭਾਵ ਗ਼ਲਬੇ (hegemony) ਦਾ ਹੋ ਰਿਹਾ ਸੀ। ਤਰਕਸ਼ ਜੇ ਜੰਡ ‘ਤੇ ਨਾ ਵੀ ਟੰਗਿਆ ਹੁੰਦਾ, ਮਿਰਜ਼ੇ ‘ਆਸ਼ਕ’ ਨੇ ਤਾਂ ਕਤਲ ਹੋ ਹੀ ਜਾਣਾ ਸੀ। ਸਾਹਿਬਾਂ ਦਾ ਕੀ ਦੋਸ਼! ਪੰਜ ਪੀਰਾਂ, ਬਾਲਨਾਥ ਜੋਗੀ ਤੇ ਅਦਲੀ ਰਾਜੇ ਤਾਂ ਹੀਰ ਰਾਂਝੇ ਨੂੰ ਬਖ਼ਸ਼ ਹੀ ਦਿੱਤੀ ਸੀ, ਪਰ ਮੁਹੱਬਤ ਦੀ ਰਾਜਨੀਤੀ ਦੀਆਂ ਮੁਹਾਰਾਂ ਤਾਂ ਕਿਸੇ ਹੋਰ ਗ਼ਾਲਬ ਹੱਥਾਂ ‘ਚ ਸਨ: “ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗ਼ੈਰਤਾਂ ਪਾਲਦੇ ਨੀ, ਪੱਤ ਰਹੇਗੀ ਨਹੀਂ ਜੇ ਟੋਰ ਦਿੱਤੀ, ਨੱਢੀ ਨਾਲ ਮੁੰਡੇ ਮਹੀਵਾਲ ਦੇ ਨੀ।”
ਭਗਤ ਸਿੰਘ ਨੂੰ ਹਕੂਮਤ ਦੀ ਹਰ ਰਮਜ਼ ਦਾ ਇਲਮ ਸੀ। ਇਲਮ ਹੀ ਉਸ ਦਾ ਜੁਰਮ ਸੀ। ਅਸਲ ਵਿਚ ਮੁੱਦਾ ਤਾਂ ਸੱਤਾ ਦੇ ਕਾਇਦੇ-ਕਾਨੂੰਨ ਅਤੇ ਨਾਬਰ ਦੇ ਕਲਾਮ ਦੀ ਆਪਸੀ ਬੁਨਿਆਦੀ ਟੱਕਰ ਦਾ ਸੀ। ਦਿਲ, ਦਿਮਾਗ਼ ਅਤੇ ਜਜ਼ਬਾਤ ਦੇ ਸੰਗਮ ‘ਚੋਂ ਪੁੰਗਰਿਆ ਵਿਦਰੋਹੀ-ਨਾਦ ਹਕੂਮਤਾਂ ਲਈ ਸਦਾ ਹੀ ਖ਼ਤਰਾ ਤੇ ਵੰਗਾਰ ਹੁੰਦਾ ਹੈ। ਆਪਣੇ ਲਿਖਤੀ ਬਿਆਨ ‘ਚ ਭਗਤ ਸਿੰਘ ਨੇ ਅਦਾਲਤੀ ਕਾਰਵਾਈ ਨੂੰ ‘ਮਜ਼ਾਕੀਆ ਢਕੌਂਸਲਾ’ ਗਰਦਾਨਿਆ। ਸਾਮਰਾਜੀ ਅਦਾਲਤ ਭਗਤ ਸਿੰਘ ਨੂੰ ਅਮਨ-ਕਾਨੂੰਨ ਦੀ ਵਿਵਸਥਾ ਭੰਗ ਕਰਨ ਦੇ ਦੋਸ਼ ‘ਚ ਗ਼ੈਰ-ਸਮਾਜੀ ਅੰਸ਼ ਵਜੋਂ ਮੁਜਰਮ ਸਾਬਤ ਕਰਨਾ ਲੋਚਦੀ ਹੈ ਪਰ ਭਗਤ ਸਿੰਘ ਇਸ ‘ਫ਼ਰੰਗੀ ਸਾਮਰਾਜੀ’ ਦਾਗ਼ ਨੂੰ ਆਪਣੇ ‘ਬਸੰਤੀ ਰੰਗੇ’ ਚੋਲੇ ‘ਤੇ ਨਾ ਲਗਵਾਉਣ ਲਈ ਬਜਿੱਦ ਹੈ। ਉਹ ਇਨਕਲਾਬੀ ਖਾੜਕੂਵਾਦ ਅਤੇ ਆਤੰਕਵਾਦ ਦੇ ਫ਼ਰਕ ਨੂੰ ਸਮਝਦਾ ਹੈ, ਤੇ ਸਮਝਾਉਣਾ ਵੀ ਚਾਹੁੰਦਾ ਹੈ। ਸਾਮਰਾਜ ਉਸ ਦੀ ਇਸ ਤੀਖਣ ਬੁੱਧੀ ਤੋਂ ਖ਼ੌਫ਼ ਖਾਂਦਾ ਹੈ। ਫਾਂਸੀ ਦੇ ਤਖ਼ਤੇ ‘ਤੇ ਝੂਲਣ ਤੋਂ ਪਹਿਲਾਂ ਉਹ ਲੈਨਿਨ ਬਾਰੇ ਜਾਂ ਲੈਨਿਨ ਨੂੰ ਪੜ੍ਹ ਰਿਹਾ ਸੀ। ਆਖ਼ਰੀ ਸਾਹਾਂ ਤੀਕ ਉਸ ਨੇ ਆਪਣੀ ਸ਼ਨਾਖ਼ਤ ਨੂੰ ਬੇ-ਨਕਾਬ ਤੇ ਬਰਕਰਾਰ ਰੱਖਿਆ ਹੋਇਆ ਸੀ। ਭਗਤ ਸਿੰਘ ਦੇ ਕਿੰਨੇ ਕੁ ਸਮਕਾਲੀਆਂ ਨੂੰ ਇਸ ਤੱਥ ਦਾ ਇਲਮ ਸੀ ਕਿ ਜੇ ਭਗਤ ਸਿੰਘ ਜਿਹੀ ਸਿਆਸੀ ਸ਼ਖ਼ਸੀਅਤ ਜਿਉਂਦਾ ਰਹਿੰਦੀ ਤਾਂ ਹਿੰਦੋਸਤਾਨ ਦੀ ਸਿਆਸਤ ਦਾ ਰੁਖ਼ ਕੀ ਹੋਣਾ ਸੀ!
ਇਨਕਲਾਬੀ ਦਾਰਸ਼ਨਿਕ, ਚਾਹੇ ਸਿਆਸੀ ਹੋਣ ਜਾਂ ਆਸ਼ਕ ਜਾਂ ਸੰਤ-ਸੂਫ਼ੀ-ਭਗਤ, ਤੋਂ ਸੱਤਾ ਨੂੰ ਹਮੇਸ਼ਾ ਖ਼ੌਫ਼ ਹੀ ਰਹਿੰਦਾ ਹੈ। ਇਟਲੀ ਦੇ ਦਾਰਸ਼ਨਿਕ ਐਂਤੋਨੀਉ ਗ੍ਰਾਮਸ਼ੀ (1891-1937) ਉਪਰ ਫਾਸ਼ੀਵਾਦ ਸਟੇਟ ਦਾ ਤਖ਼ਤਾ ਪਲਟਾਉਣ ਦਾ ਦੋਸ਼ ਸੀ। ਸਜ਼ਾ ਸੁਣਾਉਣ ਤੋਂ ਪਹਿਲਾਂ ਪਬਲਿਕ ਪਰੋਸੀਕਿਊਟਰ ਖੜ੍ਹਾ ਹੋਇਆ ਅਤੇ ਗ੍ਰਾਮਸ਼ੀ ਵੱਲ ਇਸ਼ਾਰਾ ਕਰ ਕੇ ਬੋਲਿਆ, ‘ਆਉਂਦੇ ਵੀਹ ਸਾਲਾਂ ਤੱਕ ਸਾਨੂੰ ਇਸ ਦੀ ਸੋਚਣ ਸ਼ਕਤੀ ਦੇ ਵਹਿਣ ਨੂੰ ਹਰ ਹੀਲੇ ਮੁੰਦਣਾ ਪਵੇਗਾ।’
ਭਗਤ ਸਿੰਘ ਨੇ ਆਪਣੇ ਤੇਈ ਸਾਲਾਂ ਜੀਵਨ ‘ਚ ਆਤੰਕਵਾਦੀ ਅਤੇ ਇਨਕਲਾਬੀ ਦਰਮਿਆਨ ਫ਼ਰਕ ਨੂੰ ਕਈ ਤਕਰੀਰਾਂ ਵਿਚ ਬਿਆਨ ਕੀਤਾ। ਭਗਤ ਸਿੰਘ ਨੇ ਦੱਸਿਆ ਕਿ ਇਨਕਲਾਬ ਮਹਿਜ਼ ਬੰਬਾਂ-ਪਸਤੌਲਾਂ ਨਾਲ ਹੀ ਤਅੱਲੁਕ ਨਹੀਂ ਰੱਖਦਾ। ਇਸ ਸੰਬੰਧ ਵਿਚ ਦੂਸਰੀ ਪੰਜਾਬ ਸਟੂਡੈਂਟ ਯੂਨੀਅਨ ਦੀ 19-20 ਅਕਤੂਬਰ 1929 ਨੂੰ ਲਹੌਰ ਵਿਖੇ ਹੋਈ ਕਾਨਫਰੰਸ ਵਿਚ ਭਗਤ ਸਿੰਘ ਹੁਰਾਂ ਦਾ ਭੇਜਿਆ ਸੰਦੇਸ਼ ਕਾਬਲੇ-ਗ਼ੌਰ ਹੈ। ਇਹ ਸੰਦੇਸ਼ ਬਾਅਦ ਵਿਚ 22 ਅਕਤੂਬਰ, 1929 ਨੂੰ ‘ਦਿ ਟ੍ਰਿਬਿਊਨ’ ਅਖ਼ਬਾਰ ਵਿਚ ਲਹੌਰ ਤੋਂ ਪ੍ਰਕਾਸ਼ਿਤ ਹੋਇਆ। ਸੰਦੇਸ਼ ਇੰਝ ਸੀ: “ਅਸੀਂ ਨੌਜਵਾਨਾਂ ਨੂੰ ਬੰਬ ਤੇ ਪਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ।” ਸ਼ਹਾਦਤ ਤੋਂ ਮਹੀਨਾ ਕੁ ਪਹਿਲਾਂ ਫਰਵਰੀ 1931 ਵਿਚ ਭਗਤ ਸਿੰਘ ਨੇ ਆਤੰਕਵਾਦ ਨੂੰ ਸ਼ੈਤਾਨ, ਪਟਾਕੇਬਾਜ਼ੀ, ਬੇਮਾਇਨਾ, ਵਿਅਕਤੀਗਤ ਆਤਮ ਬਲੀਦਾਨ ਅਤੇ ਦੂਸ਼ਿਤ ਚੱਕਰ ਦੇ ਵਰਤਾਰੇ ਵਜੋਂ ਬਿਆਨ ਕੀਤਾ। ਉਸ ਨੇ ਅਪੀਲ ਕੀਤੀ ਕਿ ਆਤੰਕਵਾਦ ਨੂੰ ਕੋਈ ਦਾਦ ਦੇਣ ਦੀ ਲੋੜ ਨਹੀਂ ਹੈ।
ਭਗਤ ਸਿੰਘ ਲਈ ‘ਪਿਆਰ-ਮੁਹੱਬਤ’ ਮਿੱਠਾ ਇਨਸਾਨੀ ਜਜ਼ਬਾ ਸੀ। ਮਨੁੱਖੀ ਕਿਰਦਾਰ ਨੂੰ ਬੁਲੰਦ ਕਰਨ ਦੀ ਊਰਜਾ ਇਸ ਵਿਚ ਸਮੋਈ ਹੋਈ ਸੀ। ਇਸ ‘ਚੋਂ ਹਿੰਸਾ ਮਨਫ਼ੀ ਸੀ। ਸਰਬ ਸਾਂਝ ਮੌਜੂਦ ਸੀ। ਸਾਂਡਰਸ ਦਾ ਕਤਲ ਇਨਕਲਾਬੀਆਂ ਹੱਥੋਂ ਸਿਆਸੀ ਕਤਲ ਸੀ। ਭਗਤ ਸਿੰਘ ਦੇ ਸਾਥੀ ਸੁਖਦੇਵ ਖ਼ਤ ਰਾਹੀਂ ਇਸ ਫ਼ਰਕ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ: ‘ਸਾਂਡਰਸ ਨੂੰ ਮਾਰ ਕੇ ਨੱਠ ਆਉਣਾ ਸਾਡਾ ਉਦੇਸ਼ ਨਹੀਂ ਸੀ। ਅਸੀਂ ਤਾਂ ਚਾਹੁੰਦੇ ਸਾਂ ਕਿ ਦੇਸ਼ ਜਾਗ ਪਏ ਕਿ ਇਹ ਸਿਆਸੀ ਕਤਲ ਹੈ ਅਤੇ ਇਸ ਨੂੰ ਕਰਨ ਵਾਲੇ ਇਨਕਲਾਬੀ ਹਨ, ਨਾ ਕਿ ਮਲੰਗੀ (ਲੁਟੇਰੇ ਦਾ ਨਾਂ) ਦੇ ਸਾਥੀ… ਚੰਗਾ ਹੋਇਆ ਅਸੀਂ ਫੜੇ ਗਏ ਅਤੇ ਦੇਸ਼ ਦੇ ਸਾਹਮਣੇ ਸਭ ਕੁਝ ਜ਼ਾਹਰ ਹੋ ਗਿਆ।’

ਈਸ਼ਵਰ ਦਿਆਲ ਗੌੜ

ਸਾਮਰਾਜੀ ਸਰਕਾਰ ਨੇ ਤਾਂ ਭਗਤ ਸਿੰਘ ਹੁਰਾਂ ਦੇ ਇਨਕਲਾਬੀ ਕਿਰਦਾਰ ਨੂੰ ਨਜ਼ਰ ਅੰਦਾਜ਼ ਕਰਨਾ ਹੀ ਸੀ, ਉਨ੍ਹਾਂ ਨੂੰ ਆਤੰਕਵਾਦੀ ਗਰਦਾਨਣਾ ਹੀ ਸੀ, ਇਹ ਸਾਮਰਾਜ ਦਾ ਪੈਂਤੜਾ ਸੀ; ਐਪਰ ਅਜੋਕੇ ਦਾਰਸ਼ਨਿਕਾਂ ਦੇ ਪੈਂਤੜੇ ਦੀ ਸਮਝ ਨਹੀਂ ਆਉਂਦੀ। ਆਜ਼ਾਦ ਭਾਰਤ ‘ਚ ਬਸਤੀਵਾਦੀ ਪ੍ਰਵਚਨ ਜਾਂ ਇੰਝ ਕਹਿ ਲਵੋ ਕਿ ਸਾਮਰਾਜੀ ‘ਸਿਆਣਪ’ ਦਾ ਗ਼ਲਬਾ ਅਜੇ ਵੀ ਪੁਖ਼ਤਾ ਸ਼ਕਲ ‘ਚ ਮੌਜੂਦ ਹੈ। ਕੋਈ ਭਗਤ ਸਿੰਘ ਨੂੰ ਸਿੱਖ/ਜੱਟ, ਕੋਈ ਹਿੰਦੂ/ਆਰੀਆ ਸਮਾਜੀ ਆਖਦਾ ਹੈ ਅਤੇ ਕੋਈ ਦਹਿਸ਼ਤਪਸੰਦ।
ਭਗਤ ਸਿੰਘ ਦੇ ਲਿਖੇ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਉਹ ਪੰਜਾਬ ਦੀਆਂ ਨਾਬਰ ਰਵਾਇਤਾਂ ਤੋਂ 17-18 ਸਾਲ ਦੀ ਉਮਰ ‘ਚ ਹੀ ਵਾਕਿਫ਼ ਹੋ ਗਿਆ ਸੀ। ਜੇ ਉਸ ਦੀਆਂ ਲਿਖਤਾਂ ਵਿਚ ਦਿੱਤੇ ਗਏ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਭਗਤ ਕਬੀਰ, ਰਾਮ ਚੰਦਰ, ਭਿਲਨੀ, ਭਗਵਾਨ ਕ੍ਰਿਸ਼ਨ, ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ, ਬੱਬਰ ਅਕਾਲੀ ਸ਼ਹੀਦਾਂ ਆਦਿ ਦੇ ਹਵਾਲਿਆਂ ਨੂੰ ਧਿਆਨ ਨਾਲ ਪੜ੍ਹੀਏ, ਤਦ ਮਾਲੂਮ ਹੁੰਦਾ ਹੈ ਕਿ ਭਗਤ ਸਿੰਘ ਸਾਮਰਾਜ ਦੇ ਖ਼ਿਲਾਫ਼ ਵਿੱਢੀ ‘ਇਨਕਲਾਬੀ ਜੰਗ’ ਵਿਚ ਕਿਸ ਕਿਸਮ ਦਾ ਸਭਿਆਚਾਰਕ ਪੈਂਤੜਾ ਅਪਣਾ ਰਿਹਾ ਸੀ। ਦਿਲਚਸਪ ਤੱਥ ਇਹ ਹੈ ਕਿ ਭਗਤ ਸਿੰਘ ਦਾ ਸਮਕਾਲੀ ਐਂਤੋਨੀਉ ਗ੍ਰਾਮਸ਼ੀ ਇਟਲੀ ਵਿਚ ਬੈਠਾ ਅਜਿਹੇ ਹੀ ਪੈਂਤੜੇ ਨੂੰ ‘ਅਮਲ ਦੇ ਫ਼ਲਸਫ਼ੇ’ (philosophy of praxis) ਅਧੀਨ ਵਿਚਾਰ ਰਿਹਾ ਸੀ। ਭਗਤ ਸਿੰਘ ਨੂੰ ਇਲਮ ਸੀ, ਜਿਵੇਂ ਉਸ ਦੇ ਲੇਖਾਂ ਦੀ ਪੜ੍ਹਤ ਦਸਦੀ ਹੈ, ਕਿ ਪੰਜਾਬ ਦੇ ਪੁਰਖੇ ਆਪੋ-ਆਪਣੇ ਸਮਿਆਂ ਦੇ ਮਜ਼੍ਹਬੀ, ਸਮਾਜਿਕ ਤੇ ਸਿਆਸੀ ਜਬਰ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਹਨ। ਕਵੀ ਸਾਧੂ ਬਿਨਿੰਗ ਭਗਤ ਸਿੰਘ ਨੂੰ ਇਸ ਨਜ਼ਰੀਏ ਤੋਂ ਵਿਚਾਰਦਾ ਹੈ:
ਸ਼ਹੀਦ ਭਗਤ ਸਿੰਘ
ਸਮੁੱਚੀ ਪੰਜਾਬੀ ਕਵਿਤਾ ਦਾ ਨਾਂ ਹੈ
ਇਹ ਫ਼ਰੀਦ ਦਾ ਸਲੋਕ
ਨਾਨਕ ਦੀ ਬਾਣੀ
ਬੁੱਲ੍ਹੇ ਦੀ ਕਾਫ਼ੀ
ਤੇ ਵਾਰਿਸ ਦੀ ਕਹਾਣੀ
ਇਸ ਮਿੱਠੀ ਕਵਿਤਾ ਨੂੰ ਜਿੰਨਾ ਪੜ੍ਹੋ
ਜਿੰਨੀ ਵਾਰ ਪੜ੍ਹੋ
ਇਹ ਮਨ ਦੇ ਅੰਦਰ ਬਾਹਰ ਫੈਲੇ
ਹੋ ਕੇ ਹੋਰ ਡੂੰਘੀ ਤੇ ਮਿਆਰੀ
ਹੋਰ ਪਿਆਰੀ ਤੇ ਹੋਰ ਨਿਆਰੀ
ਕੁਝ ਹੀ ਲੋਕ ਹੁੰਦੇ ਨੇ
ਇੰਝ ਕਵਿਤਾ ਵਰਗੇ।
ਭਗਤ ਸਿੰਘ ਅਜਿਹਾ ਲੇਖਕ ਤੇ ਬੁੱਧੀਜੀਵੀ ਸੀ ਜੋ ਲੋਕ-ਭਾਸ਼ਾ ਤੇ ਲੋਕ-ਨਾਇਕਾਂ ਨੂੰ ਆਪਣੀਆਂ ਇਨਕਲਾਬੀ ਲਿਖਤਾਂ ਵਿਚ ਮਾਨਤਾ ਦਿੰਦਾ ਹੋਇਆ ਲੋਕਾਂ ਨਾਲ ਇਤਿਹਾਸਕ ਤੇ ਅਟੁੱਟ ਰਿਸ਼ਤੇ ਜੋੜ ਰਿਹਾ ਸੀ। ਉਸ ਦੀ ਲਾਸਾਨੀ ਬਹਾਦਰੀ, ਦਲੇਰੀ ਤੇ ਸਿਆਣਪ ਦੇ ਕਾਰਨਾਮਿਆਂ ਦੀ ਪਿੰਡਾਂ, ਅਗਵਾੜਾਂ, ਗਲੀਆਂ ਤੇ ਘਰਾਂ ‘ਚ ਚਰਚਾ ਹੋਣ ਲੱਗ ਪਈ ਸੀ। ਸ਼ਹਿਰਾਂ ਤੇ ਕਸਬਿਆਂ ਦੇ ਬਾਜ਼ਾਰਾਂ ‘ਚ ਉਸ ਦੀਆਂ ਤਸਵੀਰਾਂ ਆਮ ਮਿਲਣ ਲੱਗ ਪਈਆਂ ਸਨ। ਉਸ ਦੀ ਸ਼ਹਾਦਤ ਸਦਕਾ ਜਿਸ ਵੰਨਗੀ ਦੀ ਇਨਕਲਾਬੀ ਚਿੱਤਰਕਾਰੀ, ਪੱਥਰ-ਛਾਪੇ ਦੀ ਰੰਗੀਨ ਤਸਵੀਰਸਾਜ਼ੀ ਅਤੇ ਪੋਸਟਰਸਾਜ਼ੀ ਵਜੂਦ ਵਿਚ ਆਈ, ਤੇ ਜਿਸ ਨਮੂਨੇ ਦਾ ਇਨਕਲਾਬੀ ਰੰਗ-ਢੰਗ ਸੁਹਜ-ਸ਼ਾਸਤਰ ਵਿਚ ਪੈਦਾ ਹੋਇਆ, ਉਹ ਸਭ ਕੁਝ ਮਿਲ ਕੇ ਹਿੰਦੋਸਤਾਨ ਦੀ ਜੰਗ-ਏ-ਆਜ਼ਾਦੀ ਦੇ ਦੌਰ ਦੀ ਕਲਾ ਦੀ ਲਾਸਾਨੀ ਮਿਸਾਲ ਹੈ ਜੋ ਪੰਜਾਬ ਦੀ ਇਤਿਹਾਸਕਾਰੀ ਦੀ ਤਵੱਜੋ ਦੀ ਮੰਗ ਕਰਦੀ ਹੈ।
ਅਜੋਕੇ ਸਮੇਂ ਭਗਤ ਸਿੰਘ ਦੀ ਇਨਕਲਾਬੀ ਸੋਚ ਤੇ ਪ੍ਰਵਚਨ ਨੂੰ ਜਿਸ ਢੰਗ ਨਾਲ ਇਤਿਹਾਸਕਾਰੀ, ਸਿਨੇਮੇ ਤੇ ਪੋਸਟਰਾਂ ਰਾਹੀਂ ਆਤੰਕਵਾਦ ਤੇ ਮਜ਼੍ਹਬ ਮੂਲਕ ਗਲੈਮਰ ਵਿਚ ਰੰਗ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਵਿਚਾਰਨ ਦੀ ਲੋੜ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਗਤ ਸਿੰਘ ਹਿੰਦੋਸਤਾਨ ਦੇ ਮੁਢਲੇ ਮਾਰਕਸਵਾਦੀਆਂ ਵਿਚੋਂ ਇਕ ਸੀ। ਉਸ ਨੇ ਜਮਹੂਰੀਅਤ, ਸਮਾਜਵਾਦ, ਅਤੇ ਧਰਮ-ਨਿਰਪੱਖਤਾ ਦੀ ਜੋ ਪ੍ਰੋੜਤਾ ਕੀਤੀ, ਉਸ ਦੀ ਅਜੋਕੇ ਸਮੇਂ ‘ਚ ਚੋਖੀ ਸਾਰਥਕਤਾ ਹੈ। ਪੰਜਾਬੀ ਲੋਕਾਈ ਵਲੋਂ ਭਗਤ ਸਿੰਘ ਨੂੰ ਮਿਲ ਰਿਹਾ ਲਗਾਤਾਰ ਹੁੰਗਾਰਾ ਇਸ ਤੱਥ ਦਾ ਸਬੂਤ ਹੈ ਕਿ ਪੰਜਾਬੀ ਕਿਸ ਸੁਭਾਅ ਵਾਲੀ ਸਿਆਸਤ ਤੇ ਸਭਿਆਚਾਰ ਦੇ ਹਮਾਇਤੀ ਹਨ। ਜਿਉਂਦੇ ਭਗਤ ਸਿੰਘ ਨਾਲੋਂ ਸ਼ਹੀਦ ਭਗਤ ਸਿੰਘ ਜ਼ਿਆਦਾ ਬਲਵਾਨ ਰੂਪ ‘ਚ ਮਕਬੂਲ ਸੀ/ਹੈ, ਇਸ ਦਾ ਸਬੂਤ ਉਸ ਬਾਰੇ ਰਚੇ ਪੰਜਾਬੀ ਸਾਹਿਤ ਨੂੰ ਪੜ੍ਹ ਕੇ ਹੀ ਹੋ ਸਕਦਾ ਹੈ। ਇਤਿਹਾਸਕਾਰਾਂ ਨੇ ਅਜੇ ਤੱਕ ਇਸ ਸਾਹਿਤਕ ਸੋਮੇ ਨੂੰ ਅਣਗੌਲਿਆ ਹੀ ਕੀਤਾ ਹੋਇਆ ਹੈ। ਰਹਿਤਲ ਦੇ ਸਾਹਿਤ ਵਿਚ ਚਿਤਰਿਆਂ ਭਗਤ ਸਿੰਘ ਲੋਕਾਈ ਨੂੰ ਸਾਮਰਾਜ ਤੇ ਫ਼ਿਰਕੇਦਾਰਾਨਾ ਤਾਕਤਾਂ ਖ਼ਿਲਾਫ਼ ਲੜਨ ਦਾ ਬਲ ਬਖ਼ਸ਼ਦਾ ਹੈ।
ਸੰਪਰਕ: 98783-69932

ਜਦ ਭਗਤ ਸਿੰਘ ਤੇ ਸੋਹਨ ਸਿੰਘ ਜੋਸ਼ ਪਹਿਲੀ ਵਾਰ ਮਿਲੇ
ਕਾਨਫਰੰਸ (ਸੰਨ 1928 ਵਿਚ ਕਿਰਤੀ ਅਖਬਾਰ ਵੱਲੋਂ ਨੌਜਵਾਨ ਜਥੇਬੰਦੀ ਬਣਾਉਣ ਲਈ ਬੁਲਾਈ ਗਈ) ਤੋਂ ਕੁਝ ਦਿਨ ਪਹਿਲਾਂ, 6 ਜਾਂ 7 ਅਪਰੈਲ ਨੂੰ, ਇਕ ਨੌਜਵਾਨ ਜੋ ਮੇਰੇ ਨਾਲੋਂ ਛੋਟੀ ਉਮਰ ਦਾ ਸੀ, ਅੰਮ੍ਰਿਤਸਰ ਵਿਚ ਰੇਲਵੇ ਲਾਈਨ ਉਤਲੇ ਲੱਕੜ ਦੇ ਪੁਲ ਦੇ ਨੇੜੇ ਕਿਰਤੀ ਦੇ ਦਫਤਰ ਵਿਚ ਮੈਨੂੰ ਮਿਲਣ ਲਈ ਆਇਆ। ਉਹ ਇਕ ਸੁਨੱਖਾ ਨੌਜਵਾਨ ਸੀ। ਉਹਦੇ ਨਕਸ਼ ਤਿੱਖੇ ਸਨ ਅਤੇ ਚਿਹਰੇ ਤੋਂ ਸਿਆਣਪ ਦਾ ਪਰਭਾਵ ਪੈਂਦਾ ਸੀ। ਉਹਦਾ ਕੱਦ ਮੇਰੇ ਨਾਲੋਂ ਇਕ-ਦੋ ਇੰਚ ਛੋਟਾ ਸੀ। ਅੰਮ੍ਰਿਤਸਰ ਆਉਣ ਦਾ ਉਹਦਾ ਮੰਤਵ ਇਹ ਸੀ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਨੌਜਵਾਨ ਕਾਨਫਰੰਸ ਦੇ ਰਾਜਨੀਤਕ ਲੱਛਣ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਉਹਨੇ ਮੈਨੂੰ ਦੱਸਿਆ ਕਿ ਉਹਦਾ ਨਾਂ ਭਗਤ ਸਿੰਘ ਹੈ ਅਤੇ ਉਹ
ਲਾਹੌਰ ਵਿਚ ਵਿਦਿਆਰਥੀਆਂ
ਨੂੰ ਜਥੇਬੰਦ ਕਰ ਰਿਹਾ ਹੈ।
(ਸੋਹਨ ਸਿੰਘ ਜੋਸ਼: ‘ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ’ ’ਚੋਂ)

ਭਗਤ  ਸਿੰਘ ਦੇ ਵੇਲੇ ਫ਼ਿਰਕੂ ਹਾਲਾਤ
ਫ਼ਿਰਕੂ ਫ਼ਸਾਦ ਅਤੇ ਉਨ੍ਹਾਂ ਦਾ ਇਲਾਜ
ਭਾਰਤਵਰਸ਼ ਦੀ ਇਸ ਵੇਲੇ ਬੜੀ ਤਰਸਯੋਗ ਹਾਲਤ ਹੈ। ਇਕ ਧਰਮ ਦੇ ਪਿੱਛ-ਲੱਗ ਦੂਜੇ ਧਰਮ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਇਕ ਧਰਮ
ਦੇ ਹੋਣਾ ਹੀ ਦੂਜੇ ਧਰਮ ਦੇ ਕੱਟੜ ਵੈਰੀ ਹੋਣਾ ਹੈ।
ਇਸ ਹਾਲਤ ਵਿੱਚ ਹਿੰਦੁਸਤਾਨ ਦਾ ਭਵਿੱਖ ਬੜਾ ਕਾਲਾ ਨਜ਼ਰ ਆਉਂਦਾ ਹੈ।… ਇਨ੍ਹਾਂ ਫਸਾਦਾਂ ਨੇ ਸੰਸਾਰ ਦੀਆਂ ਅੱਖਾਂ ਵਿੱਚ ਹਿੰਦੋਸਤਾਨ ਨੂੰ
ਬਦਨਾਮ ਕਰ ਛੱਡਿਆ ਹੈ।… ਕੋਈ ਵਿਰਲਾ ਹੀ ਹਿੰਦੂ, ਮੁਸਲਮਾਨ ਜਾਂ ਸਿੱਖ ਹੁੰਦਾ ਹੈ ਜਿਹੜਾ ਆਪਣਾ ਦਿਮਾਗ ਠੰਢਾ ਰੱਖਦਾ ਹੈ, ਬਾਕੀ ਸਭ ਦੇ ਸਭ
ਇਹ ਨਾਮਧਰੀਕ ਧਰਮੀ ਆਪਣੇ ਨਾਮਧਰੀਕ ਧਰਮ ਦਾ ਰੋਹਬ ਕਾਇਮ ਰੱਖਣ ਲਈ ਡੰਡੇ ਸੋਟੇ, ਤਲਵਾਰਾਂ, ਛੁਰੀਆਂ ਹੱਥ ਫੜ ਲੈਂਦੇ ਹਨ ਅਤੇ ਆਪਸ ਵਿੱਚ ਸਿਰ ਪਾੜ-ਪਾੜ ਕੇ ਮਰ ਜਾਂਦੇ ਹਨ।
ਜਿੱਥੋਂ ਤੱਕ ਵੇਖਿਆ ਗਿਆ ਹੈ, ਇਨ੍ਹਾਂ ਫਸਾਦਾਂ ਦੇ ਪਿੱਛੇ ਫਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੁੰਦਾ ਹੈ। ਇਸ ਵੇਲੇ ਹਿੰਦੋਸਤਾਨ ਦੇ ਲੀਡਰਾਂ ਨੇ ਉਹ ਗਹੋ-ਹਾਲ ਛੱਡੀ ਹੈ, ਕਿ ਚੁੱਪ ਹੀ ਭਲੀ!
ਅਖ਼ਬਾਰ-ਨਵੀਸੀ ਦਾ ਪੇਸ਼ਾ, ਜਿਹੜਾ ਕਦੇ ਬੜਾ ਉੱਚਾ ਸਮਝਿਆ ਜਾਂਦਾ ਸੀ, ਅੱਜ ਬਹੁਤ ਹੀ ਗੰਦਾ ਹੋ ਗਿਆ ਹੈ। ਇਹ ਲੋਕ ਇਕ-ਦੂਜੇ ਦੇ ਬਰਖ਼ਿਲਾਫ਼ ਬੜੇ ਮੋਟੇ-ਮੋਟੇ ਸਿਰਲੇਖ ਦੇ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹਨ ਤੇ ਆਪਸ ਵਿੱਚ ਡਾਂਗੋ-ਸੋਟੀ ਕਰਾਉਂਦੇ ਹਨ।
ਅਖ਼ਬਾਰਾਂ ਦਾ ਅਸਲੀ ਫਰਜ਼ ਤਾਂ ਵਿਦਿਆ ਦੇਣੀ, ਤੰਗਦਿਲੀ ਵਿਚੋਂ
ਲੋਕਾਂ ਨੂੰ ਕੱਢਣਾ, ਤੁਅੱਸਥ ਦੂਰ ਕਰਨਾ, ਆਪਸ ਵਿੱਚ ਪ੍ਰੇਮ ਮਿਲਾਪ ਪੈਦਾ ਕਰਨਾ ਤੇ ਹਿੰਦੋਸਤਾਨ ਦੀ ਸਾਂਝੀ ਕੌਮੀਅਤ ਬਣਾਉਣਾ ਸੀ, ਪਰ ਇਨ੍ਹਾਂ
ਨੇ ਆਪਣਾ ਫਰਜ਼ ਇਨ੍ਹਾਂ ਸਾਰੇ ਹੀ ਅਸੂਲਾਂ ਦੇ ਉਲਟ ਬਣਾ ਲਿਆ ਹੈ।
ਬੱਸ ਸਾਰੇ ਫਸਾਦਾਂ ਦਾ ਇਲਾਜ ਜੇ ਕੋਈ ਹੋ ਸਕਦਾ ਹੈ ਤਾਂ ਉਹ ਹਿੰਦੋਸਤਾਨ ਦੀ ਆਰਥਿਕ ਦਸ਼ਾ ਦੇ ਸੁਧਾਰ ਨਾਲ ਹੀ ਹੋ ਸਕਦਾ
ਹੈ। ਕਿਉਂਕਿ ਭਾਰਤਵਰਸ਼ ਦੇ ਆਮ ਲੋਕਾਂ ਦੀ ਆਰਥਿਕ ਹਾਲਤ ਇੰਨੀ ਭੈੜੀ ਹੈ ਕਿ ਇਕ ਪੁਰਸ਼ ਨੂੰ ਚਾਰ ਆਨੇ ਦੇ ਕੇ ਦੂਜੇ ਨੂੰ ਬੇ-ਇੱਜ਼ਤ ਕਰਵਾਇਆ ਜਾ ਸਕਦਾ ਹੈ।
ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਸ਼੍ਰੇਣੀ ਜਾਗ੍ਰਿਤੀ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਤੇ ਕਿਰਸਾਣਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਤੇ ਇਨ੍ਹਾਂ ਦੇ ਹੱਥ ‘ਤੇ ਚੜ੍ਹ ਕੇ ਕੁਛ ਨਹੀਂ ਕਰਨਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ, ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇਕੋ ਹੀ ਹਨ।
ਭਗਤ ਸਿੰਘ

 


Comments Off on ਸ਼ਹੀਦ ਏ ਆਜ਼ਮ ਭਗਤ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.